ਇਹ ਕਿਸ ਦਾ ਕਮਾਲ ਹੈ?
ਗੂੜ੍ਹੇ ਨੀਲੇ ਰੰਗ ਦੀ ਰਸਭਰੀ
ਇਹ ਰਸਦਾਰ ਫਲ ਅਫ਼ਰੀਕਾ ਵਿਚ ਪਾਇਆ ਜਾਂਦਾ ਹੈ ਜੋ ਗੂੜ੍ਹੇ ਨੀਲੇ ਰੰਗ ਦਾ ਹੁੰਦਾ ਹੈ। ਇੱਦਾਂ ਦੇ ਗੂੜ੍ਹੇ ਰੰਗ ਦਾ ਫਲ ਹੋਰ ਕਿਸੇ ਵੀ ਪੌਦੇ ’ਤੇ ਨਹੀਂ ਪਾਇਆ ਜਾਂਦਾ। ਪਰ ਇਸ ਵਿਚ ਨੀਲੇ ਰੰਗ ਦਾ ਕੋਈ ਪਦਾਰਥ ਨਹੀਂ ਹੁੰਦਾ। ਇਸ ਨੀਲੇ ਰੰਗ ਪਿੱਛੇ ਕੀ ਰਾਜ਼ ਹੈ?
ਜ਼ਰਾ ਸੋਚੋ: ਰਸਭਰੀ ਦੇ ਸੈੱਲ ਦੀਆਂ ਕੰਧਾਂ ਵਿਚ ਛੋਟੇ-ਛੋਟੇ ਧਾਗੇ ਇਕ ਡੱਬੀ ਵਿਚ ਤੀਲਾਂ ਵਾਂਗ ਲੱਗੇ ਹੁੰਦੇ ਹਨ। ਇਨ੍ਹਾਂ ਧਾਗਿਆਂ ਦੀਆਂ ਪਰਤਾਂ ਹੁੰਦੀਆਂ ਹਨ ਅਤੇ ਇਹ ਪਰਤਾਂ ਇਕ-ਦੂਸਰੀ ਦੇ ਉੱਪਰ ਇਸ ਤਰ੍ਹਾਂ ਟਿਕੀਆਂ ਹੁੰਦੀਆਂ ਹਨ ਕਿ ਇਨ੍ਹਾਂ ਵਿਚਕਾਰ ਛੋਟੇ ਜਿਹੇ ਕੋਣ ਦਾ ਅੰਤਰ ਹੁੰਦਾ ਹੈ ਜਿਸ ਕਰਕੇ ਇਨ੍ਹਾਂ ਪਰਤਾਂ ਦਾ ਕੁੰਡਲਦਾਰ ਆਕਾਰ ਬਣਦਾ ਹੈ। ਇਨ੍ਹਾਂ ਧਾਗਿਆਂ ਦਾ ਰੰਗ ਨੀਲਾ ਨਹੀਂ ਹੁੰਦਾ। ਧਾਗਿਆਂ ਦੀਆਂ ਪਰਤਾਂ ਜਿਸ ਤਰੀਕੇ ਨਾਲ ਟਿਕੀਆਂ ਹੁੰਦੀਆਂ ਹਨ, ਉਸ ਕਰਕੇ ਇਸ ਫਲ ਦਾ ਰੰਗ ਨੀਲਾ ਦਿੱਸਦਾ ਹੈ। ਇਸ ਲਈ ਪਦਾਰਥ ਕਰਕੇ ਨਹੀਂ, ਸਗੋਂ ਆਕਾਰ ਕਰਕੇ ਰਸਭਰੀ ਦਾ ਰੰਗ ਗੂੜ੍ਹਾ ਨੀਲਾ ਹੁੰਦਾ ਹੈ। ਜ਼ਿਆਦਾਤਰ ਸੈੱਲ ਨੀਲੇ ਰੰਗ ਦੇ ਦਿੱਸਦੇ ਹਨ। ਪਰ ਜੇ ਇਨ੍ਹਾਂ ਨੂੰ ਅਲੱਗ-ਅਲੱਗ ਕੋਣਾਂ ਤੋਂ ਦੇਖਿਆ ਜਾਵੇ, ਤਾਂ ਪਰਤਾਂ ਵਿਚਕਾਰ ਅੰਤਰ ਹੋਣ ਕਰਕੇ ਕਈ ਸੈੱਲ ਹਰੇ, ਗੁਲਾਬੀ ਅਤੇ ਪੀਲੇ ਰੰਗ ਦੇ ਦਿੱਸਦੇ ਹਨ। ਇਸ ਤੋਂ ਇਲਾਵਾ, ਜਦੋਂ ਇਨ੍ਹਾਂ ਨੂੰ ਧਿਆਨ ਨਾਲ ਦੇਖਿਆ ਜਾਂਦਾ ਹੈ, ਤਾਂ ਇਸ ਦੇ ਰੰਗ ਸਾਫ਼ ਨਹੀਂ, ਸਗੋਂ ਧੁੰਦਲੇ ਦਿੱਸਦੇ ਹਨ।
ਭਾਵੇਂ ਇਸ ਫਲ ਵਿਚ ਰੰਗ ਵਾਲਾ ਕੋਈ ਪਦਾਰਥ ਨਹੀਂ ਹੁੰਦਾ, ਪਰ ਪੌਦੇ ਤੋਂ ਡਿੱਗਣ ਤੋਂ ਬਾਅਦ ਵੀ ਇਸ ਦਾ ਰੰਗ ਬਣਿਆ ਰਹਿੰਦਾ ਹੈ। ਦਰਅਸਲ ਸੌ ਤੋਂ ਜ਼ਿਆਦਾ ਸਾਲ ਪਹਿਲਾਂ ਤੋੜੀਆਂ ਰਸਭਰੀਆਂ ਵੀ ਬਿਲਕੁਲ ਤਾਜ਼ੀਆਂ ਲੱਗਦੀਆਂ ਹਨ! ਖੋਜਕਾਰਾਂ ਮੁਤਾਬਕ ਭਾਵੇਂ ਰਸਭਰੀ ਵਿਚ ਜ਼ਿਆਦਾ ਗੁੱਦਾ ਨਹੀਂ ਹੁੰਦਾ ਸਿਰਫ਼ ਬੀ ਹੁੰਦੇ ਹਨ, ਪਰ ਫਿਰ ਵੀ ਇਹ ਪੰਛੀਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ।
ਵਿਗਿਆਨੀ ਮੰਨਦੇ ਹਨ ਕਿ ਇਸ ਰਸਭਰੀ ਦੀ ਨਕਲ ਕਰਦਿਆਂ ਖ਼ਾਸ ਕਾਗਜ਼ਾਂ ’ਤੇ ਲਿਖਣ ਲਈ ਅਜਿਹੇ ਰੰਗ ਤਿਆਰ ਕੀਤੇ ਜਾ ਸਕਦੇ ਹਨ ਜੋ ਕਦੇ ਉਤਰਨ ਨਾ।
ਤੁਹਾਡਾ ਕੀ ਖ਼ਿਆਲ ਹੈ? ਕੀ ਰਸਭਰੀ ਦਾ ਗੂੜ੍ਹਾ ਨੀਲਾ ਰੰਗ ਵਿਕਾਸਵਾਦ ਦਾ ਨਤੀਜਾ ਹੈ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ?