ਖ਼ੁਸ਼ੀ ਦਾ ਰਾਹ
ਜ਼ਿੰਦਗੀ ਦਾ ਮਕਸਦ
ਇਨਸਾਨ ਕਈ ਗੱਲਾਂ ਵਿਚ ਦੂਸਰੇ ਜੀਵਾਂ ਨਾਲੋਂ ਅਲੱਗ ਹਨ—ਅਸੀਂ ਲਿਖ ਸਕਦੇ ਹਾਂ, ਪੇਂਟਿੰਗ ਬਣਾ ਸਕਦੇ ਹਾਂ, ਨਵੀਆਂ-ਨਵੀਆਂ ਚੀਜ਼ਾਂ ਬਣਾ ਸਕਦੇ ਹਾਂ ਅਤੇ ਜ਼ਿੰਦਗੀ ਦੇ ਅਹਿਮ ਸਵਾਲਾਂ ਬਾਰੇ ਸੋਚ ਸਕਦੇ ਹਾਂ: ਬ੍ਰਹਿਮੰਡ ਕਿਉਂ ਬਣਾਇਆ ਗਿਆ? ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਜ਼ਿੰਦਗੀ ਦਾ ਮਕਸਦ ਕੀ ਹੈ? ਭਵਿੱਖ ਵਿਚ ਕੀ ਹੋਵੇਗਾ?
ਕਈ ਲੋਕ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਨ੍ਹਾਂ ਦੇ ਜਵਾਬ ਜਾਣਨੇ ਬਹੁਤ ਔਖੇ ਹਨ। ਕਈ ਲੋਕ ਕਹਿੰਦੇ ਹਨ ਕਿ ਇਹ ਸਵਾਲ ਪੁੱਛਣੇ ਬੇਕਾਰ ਹਨ ਕਿਉਂਕਿ ਜ਼ਿੰਦਗੀ ਵਿਕਾਸਵਾਦ ਦਾ ਨਤੀਜਾ ਹੈ। ਇਤਿਹਾਸ ਅਤੇ ਜੀਵ-ਵਿਗਿਆਨ ਦਾ ਪ੍ਰੋਫ਼ੈਸਰ ਵਿਲਿਅਮ ਪ੍ਰੋਵੀਨ ਦਾਅਵਾ ਕਰਦਾ ਹੈ: “ਨਾ ਹੀ ਕੋਈ ਰੱਬ ਹੈ ਤੇ ਨਾ ਹੀ ਕੋਈ ਮਕਸਦ।” ਉਸ ਨੇ ਇਹ ਵੀ ਕਿਹਾ: “ਕਿਸੇ ਨੇ ਇਨਸਾਨਾਂ ਲਈ ਕਦਰਾਂ-ਕੀਮਤਾਂ ਨਹੀਂ ਠਹਿਰਾਈਆਂ ਤੇ ਨਾ ਹੀ ਜ਼ਿੰਦਗੀ ਦਾ ਕੋਈ ਮਕਸਦ ਹੈ।”
ਪਰ ਕਈ ਲੋਕ ਇਸ ਸੋਚ ਨੂੰ ਸਹੀ ਨਹੀਂ ਮੰਨਦੇ। ਉਨ੍ਹਾਂ ਮੁਤਾਬਕ ਬ੍ਰਹਿਮੰਡ ਵਿਚ ਘੜਮੱਸ ਨਹੀਂ ਮਚਿਆ ਹੋਇਆ, ਪਰ ਬ੍ਰਹਿਮੰਡ ਵਿਚ ਹਰ ਚੀਜ਼ ਬਾਰੀਕੀ ਨਾਲ ਵਿਗਿਆਨ ਦੇ ਨਿਯਮਾਂ ਮੁਤਾਬਕ ਕੰਮ ਕਰਦੀ ਹੈ। ਉਹ ਕੁਦਰਤ ਦੀਆਂ ਚੀਜ਼ਾਂ ਦੀ ਬਣਤਰ ਦੇਖ ਕੇ ਦੰਗ ਰਹਿ ਜਾਂਦੇ ਹਨ। ਇਨਸਾਨਾਂ ਨੇ ਇਨ੍ਹਾਂ ਵਿੱਚੋਂ ਕਈਆਂ ਦੀ ਨਕਲ ਕਰਕੇ ਨਵੀਆਂ ਚੀਜ਼ਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਹਰ ਰੋਜ਼ ਕੁਦਰਤੀ ਚੀਜ਼ਾਂ ਦੀ ਗੁੰਝਲਦਾਰ ਬਣਤਰ ਦੇਖਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਇਨ੍ਹਾਂ ਨੂੰ ਜ਼ਰੂਰ ਕਿਸੇ ਬੁੱਧੀਮਾਨ ਸ਼ਖ਼ਸ ਨੇ ਬਣਾਇਆ ਹੈ।
ਇਸ ਕਾਰਨ ਕਰਕੇ ਕੁਝ ਵਿਕਾਸਵਾਦੀ ਆਪਣੇ ਵਿਸ਼ਵਾਸਾਂ ’ਤੇ ਦੁਬਾਰਾ ਸੋਚ-ਵਿਚਾਰ ਕਰਨ ਲਈ ਪ੍ਰੇਰਿਤ ਹੋਏ। ਜ਼ਰਾ ਦੋ ਮਿਸਾਲਾਂ ’ਤੇ ਗੌਰ ਕਰੋ:
ਨਿਊਰੋਸਰਜਨ ਡਾਕਟਰ ਆਲਿਕਸੇ ਮਾਰਨੋਵ। ਉਹ ਦੱਸਦਾ ਹੈ: “ਮੈਂ ਉਨ੍ਹਾਂ ਸਕੂਲਾਂ ਵਿਚ ਪੜ੍ਹਿਆ ਜਿੱਥੇ ਨਾਸਤਿਕਤਾ ਅਤੇ ਵਿਕਾਸਵਾਦ ਬਾਰੇ ਸਿਖਾਇਆ ਜਾਂਦਾ ਸੀ। ਜਿਹੜਾ ਰੱਬ ’ਤੇ ਵਿਸ਼ਵਾਸ ਕਰਦਾ ਸੀ, ਉਨ੍ਹਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ।” ਪਰ 1990 ਵਿਚ ਉਸ ਦੀ ਸੋਚ ਬਦਲਣ ਲੱਗ ਪਈ।
ਉਹ ਦੱਸਦਾ ਹੈ: “ਮੈਂ ਹਮੇਸ਼ਾ ਇਹ ਜਾਣਨ ਦੀ ਕੋਸ਼ਿਸ਼ ਕਰਦਾ ਹਾਂ ਕਿ ਕੋਈ ਵੀ ਚੀਜ਼ ਕਿਉਂ ਬਣਾਈ ਗਈ ਹੈ। ਮੈਂ ਇਨਸਾਨੀ ਦਿਮਾਗ਼ ਬਾਰੇ ਵੀ ਇੱਦਾਂ ਹੀ ਸੋਚਦਾ ਸੀ। ਇਨਸਾਨੀ ਦਿਮਾਗ਼ ਨੂੰ ਪੂਰੇ ਬ੍ਰਹਿਮੰਡ ਦੀ ਸਭ ਤੋਂ ਗੁੰਝਲਦਾਰ ਬਣਤਰ ਕਹਿਣਾ ਬਿਲਕੁਲ ਸਹੀ ਹੈ। ਪਰ ਕੀ ਦਿਮਾਗ਼ ਨੂੰ ਸਿਰਫ਼ ਇਸ ਲਈ ਬਣਾਇਆ ਗਿਆ ਸੀ ਕਿ ਅਸੀਂ ਇਸ ਨਾਲ ਗਿਆਨ ਲਈਏ, ਹੁਨਰ ਸਿੱਖੀਏ ਅਤੇ ਫਿਰ ਇਕ ਦਿਨ ਮਰ ਜਾਈਏ? ਇਸ ਤਰ੍ਹਾਂ ਸੋਚਣਾ ਫ਼ਜ਼ੂਲ ਤੇ ਬੇਤੁਕਾ ਲੱਗਦਾ ਹੈ। ਇਸ ਲਈ ਮੈਂ ਸੋਚਣ ਲੱਗ ਪਿਆ: ‘ਸਾਨੂੰ ਕਿਉਂ ਬਣਾਇਆ ਗਿਆ? ਜ਼ਿੰਦਗੀ ਦਾ ਕੀ ਮਕਸਦ ਹੈ?’ ਇਨ੍ਹਾਂ ਸਵਾਲਾਂ ’ਤੇ ਗੰਭੀਰਤਾ ਨਾਲ ਸੋਚ-ਵਿਚਾਰ ਕਰਨ ਤੋਂ ਬਾਅਦ ਮੈਂ ਇਸ ਨਤੀਜੇ ’ਤੇ ਪਹੁੰਚਿਆ ਕਿ ਕੋਈ-ਨਾ-ਕੋਈ ਸਿਰਜਣਹਾਰ ਜ਼ਰੂਰ ਹੈ।”
ਜ਼ਿੰਦਗੀ ਦਾ ਮਕਸਦ ਜਾਣਨ ਦੀ ਲਾਲਸਾ ਕਰਕੇ ਆਲਿਕਸੇ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਆਲਿਕਸੇ ਦੀ ਪਤਨੀ ਉਸ ਨੂੰ ਗ਼ਲਤ ਸਾਬਤ ਕਰਨ ਲਈ ਅਧਿਐਨ ਕਰਨ ਲੱਗ ਪਈ। ਉਹ ਡਾਕਟਰ ਸੀ ਅਤੇ ਰੱਬ ’ਤੇ ਵਿਸ਼ਵਾਸ ਨਹੀਂ ਕਰਦੀ ਸੀ।
ਪਲਾਜ਼ਮਾ ’ਤੇ ਖੋਜਬੀਨ ਕਰਨ ਵਾਲੀ ਵਿਗਿਆਨੀ ਡਾਕਟਰ ਹੋਆਬੀ ਜ਼ਿਨ। ਹੋਆਬੀ ਜ਼ਿਨ ਨੇ ਭੌਤਿਕ-ਵਿਗਿਆਨ ਦਾ ਅਧਿਐਨ ਕਰਨ ਤੋਂ ਬਾਅਦ ਬਹੁਤ ਸਾਲ ਪਲਾਜ਼ਮਾ ’ਤੇ ਖੋਜਬੀਨ ਕੀਤੀ। ਪਲਾਜ਼ਮਾ (ਜਿਵੇਂ ਸੂਰਜ ਵਿਚ) ਪਦਾਰਥ ਦੀਆਂ ਮੂਲ ਅਵਸਥਾਵਾਂ ਵਿੱਚੋਂ ਚੌਥੇ ਨੰਬਰ ’ਤੇ ਹੈ। ਇਹ ਮੁੱਖ ਤੌਰ ’ਤੇ ਇਲੈਕਟ੍ਰਾਨ ਅਤੇ ਪਾਜ਼ਿਟਿਵ ਆਇਨ ਨਾਲ ਬਣਿਆ ਹੁੰਦਾ ਹੈ।
ਹੋਆਬੀ ਦੱਸਦੀ ਹੈ: “ਜਦੋਂ ਵੀ ਅਸੀਂ ਵਿਗਿਆਨੀ ਕੁਦਰਤੀ ਨਿਯਮਾਂ ਦਾ ਅਧਿਐਨ ਕਰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਕੁਦਰਤੀ ਚੀਜ਼ਾਂ ਵਿਚ ਬਹੁਤ ਮਾਅਰਕੇ ਦੀ ਤਰਤੀਬ ਹੈ ਕਿਉਂਕਿ ਇਹ ਚੀਜ਼ਾਂ ਬਾਰੀਕੀ ਨਾਲ ਦਿੱਤੇ ਕੁਦਰਤੀ ਨਿਯਮਾਂ ਮੁਤਾਬਕ ਕੰਮ ਕਰਦੀਆਂ ਹਨ। ਮੈਂ ਸੋਚਦੀ ਹੁੰਦੀ ਸੀ, ‘ਇਹ ਨਿਯਮ ਕਿਵੇਂ ਬਣੇ? ਜੇ ਖਾਣਾ ਬਣਾਉਣ ਲਈ ਥੋੜ੍ਹੀ ਜਿਹੀ ਅੱਗ ਨੂੰ ਧਿਆਨ ਨਾਲ ਕਾਬੂ ਕਰਨ ਦੀ ਲੋੜ ਹੁੰਦੀ ਹੈ, ਤਾਂ ਉਹ ਨਿਯਮ ਕਿਸ ਨੇ ਬਣਾਏ ਜਿਨ੍ਹਾਂ ਕਰਕੇ ਸੂਰਜ ਦੀ ਊਰਜਾ ਸਹੀ ਮਾਤਰਾ ਵਿਚ ਉਤਪੰਨ ਹੁੰਦੀ ਰਹਿੰਦੀ ਹੈ?’ ਸਮੇਂ ਦੇ ਬੀਤਣ ਨਾਲ, ਮੈਂ ਸਿੱਟਾ ਕੱਢਿਆ ਕਿ ਬਾਈਬਲ ਵਿਚ ਦੱਸੀ ਪਹਿਲੀ ਗੱਲ ਹੀ ਇਸ ਸਵਾਲ ਦਾ ਇਕਦਮ ਸਹੀ ਜਵਾਬ ਦਿੰਦੀ ਹੈ: ‘ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।’”—ਉਤਪਤ 1:1.
ਇਹ ਸੱਚ ਹੈ ਕਿ ਵਿਗਿਆਨ ਨੇ ਸਾਡੀ ਇਹ ਜਾਣਨ ਵਿਚ ਮਦਦ ਕੀਤੀ ਹੈ ਕਿ ਕਈ ਚੀਜ਼ਾਂ “ਕਿਵੇਂ” ਕੰਮ ਕਰਦੀਆਂ ਹਨ, ਜਿਵੇਂ: ਦਿਮਾਗ਼ ਦੇ ਸੈੱਲ ਕਿਵੇਂ ਕੰਮ ਕਰਦੇ ਹਨ? ਸੂਰਜ ਵਿਚ ਊਰਜਾ ਅਤੇ ਰੌਸ਼ਨੀ ਕਿਵੇਂ ਪੈਦਾ ਹੁੰਦੀ ਹੈ? ਪਰ ਆਲਿਕਸੇ ਤੇ ਹੋਆਬੀ ਨੇ ਜਾਣਿਆ ਕਿ ਬਾਈਬਲ ਸਾਡੀ ਇਹ ਜਾਣਨ ਵਿਚ ਮਦਦ ਕਰਦੀ ਹੈ ਕਿ ਇਹ ਸਾਰੀਆਂ ਚੀਜ਼ਾਂ “ਕਿਉਂ” ਹਨ: ਬ੍ਰਹਿਮੰਡ ਕਿਉਂ ਬਣਾਇਆ ਗਿਆ? ਇਹ ਨਿਯਮਾਂ ਮੁਤਾਬਕ ਕਿਉਂ ਚੱਲਦਾ ਹੈ? ਨਾਲੇ ਸਾਨੂੰ ਕਿਉਂ ਬਣਾਇਆ ਗਿਆ ਹੈ?
ਧਰਤੀ ਦੇ ਸੰਬੰਧ ਵਿਚ ਬਾਈਬਲ ਕਹਿੰਦੀ ਹੈ: “[ਰੱਬ] ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ।” (ਯਸਾਯਾਹ 45:18) ਇਹ ਗੱਲ ਪੱਕੀ ਹੈ ਕਿ ਰੱਬ ਦਾ ਧਰਤੀ ਨੂੰ ਬਣਾਉਣ ਪਿੱਛੇ ਇਕ ਮਕਸਦ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਇਹ ਮਕਸਦ ਭਵਿੱਖ ਬਾਰੇ ਦਿੱਤੀ ਉਮੀਦ ਨਾਲ ਕਿਵੇਂ ਸੰਬੰਧ ਰੱਖਦਾ ਹੈ।