ਮੱਤੀ ਮੁਤਾਬਕ ਖ਼ੁਸ਼ ਖ਼ਬਰੀ 10:1-42
10 ਉਸ ਨੇ ਆਪਣੇ 12 ਚੇਲਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਉਨ੍ਹਾਂ ਨੂੰ ਦੁਸ਼ਟ ਦੂਤਾਂ* ਉੱਤੇ ਅਧਿਕਾਰ ਦਿੱਤਾ+ ਤਾਂਕਿ ਉਹ ਇਨ੍ਹਾਂ ਨੂੰ ਲੋਕਾਂ ਵਿੱਚੋਂ ਕੱਢਣ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਬੀਮਾਰੀ ਤੇ ਸਰੀਰ ਦੀ ਕਮਜ਼ੋਰੀ ਠੀਕ ਕਰਨ ਦੀ ਸ਼ਕਤੀ ਵੀ ਦਿੱਤੀ।
2 ਇਨ੍ਹਾਂ 12 ਰਸੂਲਾਂ ਦੇ ਨਾਂ ਹਨ:+ ਸ਼ਮਊਨ ਉਰਫ਼ ਪਤਰਸ,*+ ਅਤੇ ਉਸ ਦਾ ਭਰਾ ਅੰਦ੍ਰਿਆਸ,+ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ,+
3 ਫ਼ਿਲਿੱਪੁਸ, ਬਰਥੁਲਮਈ,*+ ਥੋਮਾ,+ ਟੈਕਸ ਵਸੂਲਣ ਵਾਲਾ ਮੱਤੀ,*+ ਹਲਫ਼ਈ ਦਾ ਪੁੱਤਰ ਯਾਕੂਬ, ਥੱਦਈ,*
4 ਜੋਸ਼ੀਲਾ ਸ਼ਮਊਨ ਅਤੇ ਯਹੂਦਾ ਇਸਕਰਿਓਤੀ ਜਿਸ ਨੇ ਬਾਅਦ ਵਿਚ ਯਿਸੂ ਨਾਲ ਦਗ਼ਾ ਕੀਤਾ ਸੀ।+
5 ਯਿਸੂ ਨੇ ਇਨ੍ਹਾਂ 12 ਨੂੰ ਇਹ ਹਿਦਾਇਤਾਂ ਦੇ ਕੇ ਭੇਜਿਆ:+ “ਤੁਸੀਂ ਗ਼ੈਰ-ਯਹੂਦੀ ਲੋਕਾਂ ਕੋਲ ਨਾ ਜਾਣਾ ਅਤੇ ਨਾ ਹੀ ਕਿਸੇ ਸਾਮਰੀ ਸ਼ਹਿਰ ਵਿਚ ਜਾਣਾ,+
6 ਪਰ ਤੁਸੀਂ ਸਿਰਫ਼ ਇਜ਼ਰਾਈਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਣਾ।+
7 ਤੁਸੀਂ ਜਾਂਦੇ-ਜਾਂਦੇ ਇਹ ਪ੍ਰਚਾਰ ਕਰਿਓ: ‘ਸਵਰਗ ਦਾ ਰਾਜ ਨੇੜੇ ਆ ਗਿਆ ਹੈ।’+
8 ਬੀਮਾਰਾਂ ਨੂੰ ਠੀਕ ਕਰੋ,+ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ ਅਤੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢੋ। ਤੁਹਾਨੂੰ ਮੁਫ਼ਤ ਮਿਲਿਆ ਹੈ, ਤੁਸੀਂ ਵੀ ਮੁਫ਼ਤ ਦਿਓ।
9 ਤੁਸੀਂ ਆਪਣੇ ਕਮਰਬੰਦ ਵਿਚ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕੇ ਨਾ ਲੈ ਕੇ ਜਾਓ,+
10 ਨਾ ਸਫ਼ਰ ਵਾਸਤੇ ਖਾਣੇ ਵਾਲਾ ਝੋਲ਼ਾ, ਨਾ ਦੋ-ਦੋ ਕੁੜਤੇ,* ਨਾ ਜੁੱਤੀਆਂ ਦਾ ਜੋੜਾ ਅਤੇ ਨਾ ਹੀ ਡੰਡਾ ਲੈ ਕੇ ਜਾਓ+ ਕਿਉਂਕਿ ਕਾਮਾ ਆਪਣੇ ਖਾਣੇ ਦਾ ਹੱਕਦਾਰ ਹੈ।+
11 “ਤੁਸੀਂ ਜਿਸ ਕਿਸੇ ਸ਼ਹਿਰ ਜਾਂ ਪਿੰਡ ਵਿਚ ਜਾਓ, ਉੱਥੇ ਉਸ ਇਨਸਾਨ ਨੂੰ ਲੱਭੋ ਜੋ ਲਾਇਕ ਹੋਵੇ। ਉੱਥੇ ਉਸ ਨਾਲ ਉੱਨਾ ਚਿਰ ਰਹੋ ਜਿੰਨਾ ਚਿਰ ਤੁਸੀਂ ਉਸ ਇਲਾਕੇ ਵਿਚ ਰਹਿੰਦੇ ਹੋ।+
12 ਜਦ ਤੁਸੀਂ ਕਿਸੇ ਦੇ ਘਰ ਜਾਓ, ਤਾਂ ਘਰ ਦੇ ਜੀਆਂ ਨੂੰ ਨਮਸਕਾਰ ਕਰੋ।
13 ਜੇ ਉਹ ਤੁਹਾਡਾ ਸੁਆਗਤ ਕਰਨ, ਤਾਂ ਉਨ੍ਹਾਂ ਨੂੰ ਅਸੀਸ* ਮਿਲੇਗੀ।+ ਪਰ ਜੇ ਉਹ ਤੁਹਾਡਾ ਸੁਆਗਤ ਨਾ ਕਰਨ, ਤਾਂ ਤੁਹਾਡੀ ਅਸੀਸ ਤੁਹਾਡੇ ਕੋਲ ਹੀ ਰਹੇਗੀ।
14 ਜਿੱਥੇ ਕੋਈ ਤੁਹਾਡਾ ਸੁਆਗਤ ਨਹੀਂ ਕਰਦਾ ਜਾਂ ਤੁਹਾਡੀ ਗੱਲ ਨਹੀਂ ਸੁਣਦਾ, ਉਸ ਘਰੋਂ ਜਾਂ ਸ਼ਹਿਰੋਂ ਨਿਕਲਣ ਵੇਲੇ ਆਪਣੇ ਪੈਰਾਂ ਦੀ ਧੂੜ ਝਾੜ ਦਿਓ।+
15 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਉਸ ਸ਼ਹਿਰ ਨਾਲੋਂ ਸਦੂਮ ਤੇ ਗਮੋਰਾ*+ ਲਈ ਨਿਆਂ ਦਾ ਦਿਨ ਜ਼ਿਆਦਾ ਸਹਿਣ ਯੋਗ ਹੋਵੇਗਾ।
16 “ਦੇਖੋ! ਮੈਂ ਤੁਹਾਨੂੰ ਭੇਡਾਂ ਵਾਂਗ ਬਘਿਆੜਾਂ ਵਿਚ ਘੱਲ ਰਿਹਾ ਹਾਂ; ਇਸ ਲਈ ਤੁਸੀਂ ਸੱਪਾਂ ਵਾਂਗ ਸਾਵਧਾਨ ਰਹੋ ਅਤੇ ਕਬੂਤਰਾਂ ਵਾਂਗ ਮਾਸੂਮ ਬਣੋ।+
17 ਲੋਕਾਂ ਤੋਂ ਖ਼ਬਰਦਾਰ ਰਹੋ ਕਿਉਂਕਿ ਉਹ ਤੁਹਾਨੂੰ ਅਦਾਲਤਾਂ ਵਿਚ ਘੜੀਸਣਗੇ+ ਅਤੇ ਸਭਾ ਘਰਾਂ ਵਿਚ ਕੁੱਟਣਗੇ।+
18 ਉਹ ਤੁਹਾਨੂੰ ਮੇਰੇ ਚੇਲੇ ਹੋਣ ਕਰਕੇ ਸਰਕਾਰੀ ਅਧਿਕਾਰੀਆਂ ਅਤੇ ਰਾਜਿਆਂ ਸਾਮ੍ਹਣੇ ਪੇਸ਼ ਕਰਨਗੇ+ ਜਿੱਥੇ ਤੁਹਾਨੂੰ ਉਨ੍ਹਾਂ ਨੂੰ ਅਤੇ ਕੌਮਾਂ ਨੂੰ ਗਵਾਹੀ ਦੇਣ ਦਾ ਮੌਕਾ ਮਿਲੇਗਾ।+
19 ਪਰ ਜਦ ਉਹ ਤੁਹਾਨੂੰ ਫੜਵਾਉਣ, ਤਾਂ ਚਿੰਤਾ ਨਾ ਕਰਿਓ ਕਿ ਤੁਸੀਂ ਕਿਵੇਂ ਗੱਲ ਕਰਨੀ ਹੈ ਜਾਂ ਕੀ ਕਹਿਣਾ ਹੈ ਕਿਉਂਕਿ ਤੁਸੀਂ ਜੋ ਕਹਿਣਾ ਹੈ ਉਹ ਤੁਹਾਨੂੰ ਉਸੇ ਵੇਲੇ ਦੱਸਿਆ ਜਾਵੇਗਾ।+
20 ਕਿਉਂਕਿ ਬੋਲਣ ਵਾਲੇ ਸਿਰਫ਼ ਤੁਸੀਂ ਨਹੀਂ, ਸਗੋਂ ਤੁਹਾਡੇ ਸਵਰਗੀ ਪਿਤਾ ਦੀ ਸ਼ਕਤੀ ਤੁਹਾਡੇ ਰਾਹੀਂ ਬੋਲੇਗੀ।+
21 ਨਾਲੇ ਭਰਾ ਭਰਾ ਨੂੰ ਤੇ ਪਿਉ ਪੁੱਤਰ ਨੂੰ ਮਰਵਾਉਣ ਲਈ ਫੜਵਾਏਗਾ ਅਤੇ ਬੱਚੇ ਆਪਣੇ ਮਾਪਿਆਂ ਦੇ ਖ਼ਿਲਾਫ਼ ਹੋ ਜਾਣਗੇ ਅਤੇ ਉਨ੍ਹਾਂ ਨੂੰ ਮਰਵਾਉਣਗੇ।+
22 ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਲੋਕਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ,+ ਪਰ ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ, ਉਹੀ ਬਚਾਇਆ ਜਾਵੇਗਾ।+
23 ਜਦ ਉਹ ਇਕ ਸ਼ਹਿਰ ਵਿਚ ਤੁਹਾਡੇ ’ਤੇ ਅਤਿਆਚਾਰ ਕਰਨ, ਤਾਂ ਤੁਸੀਂ ਦੂਸਰੇ ਸ਼ਹਿਰ ਨੂੰ ਭੱਜ ਜਾਇਓ;+ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਇਜ਼ਰਾਈਲ ਦੇ ਸਾਰੇ ਸ਼ਹਿਰਾਂ ਤੇ ਪਿੰਡਾਂ ਵਿਚ ਪ੍ਰਚਾਰ ਦਾ ਕੰਮ ਪੂਰਾ ਹੋਣ ਤੋਂ ਪਹਿਲਾਂ ਹੀ ਮਨੁੱਖ ਦਾ ਪੁੱਤਰ ਆ ਜਾਵੇਗਾ।
24 “ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਹੁੰਦਾ, ਨਾ ਹੀ ਗ਼ੁਲਾਮ ਆਪਣੇ ਮਾਲਕ ਨਾਲੋਂ ਵੱਡਾ ਹੁੰਦਾ ਹੈ।+
25 ਇੰਨਾ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਵਰਗਾ ਅਤੇ ਗ਼ੁਲਾਮ ਆਪਣੇ ਮਾਲਕ ਵਰਗਾ ਬਣੇ।+ ਜੇ ਲੋਕਾਂ ਨੇ ਘਰ ਦੇ ਮਾਲਕ ਨੂੰ ਬਆਲਜ਼ਬੂਲ*+ ਕਿਹਾ ਹੈ, ਤਾਂ ਉਹ ਘਰ ਦੇ ਜੀਆਂ ਨੂੰ ਵੀ ਇਹੋ ਕਹਿਣਗੇ।
26 ਇਸ ਲਈ ਉਨ੍ਹਾਂ ਤੋਂ ਨਾ ਡਰੋ ਕਿਉਂਕਿ ਅਜਿਹੀ ਕੋਈ ਵੀ ਗੁਪਤ ਗੱਲ ਨਹੀਂ ਹੈ ਜੋ ਜ਼ਾਹਰ ਨਹੀਂ ਕੀਤੀ ਜਾਵੇਗੀ ਅਤੇ ਅਜਿਹਾ ਕੋਈ ਭੇਤ ਨਹੀਂ ਹੈ ਜੋ ਖੋਲ੍ਹਿਆ ਨਹੀਂ ਜਾਵੇਗਾ।+
27 ਜੋ ਮੈਂ ਤੁਹਾਨੂੰ ਹਨੇਰੇ ਵਿਚ ਦੱਸਦਾ ਹਾਂ, ਤੁਸੀਂ ਚਾਨਣ ਵਿਚ ਜਾ ਕੇ ਦੱਸੋ ਅਤੇ ਜੋ ਮੈਂ ਤੁਹਾਡੇ ਕੰਨ ਵਿਚ ਕਹਿੰਦਾ ਹਾਂ, ਤੁਸੀਂ ਉਸ ਦਾ ਕੋਠੇ ਚੜ੍ਹ ਕੇ ਐਲਾਨ ਕਰੋ।+
28 ਤੁਸੀਂ ਉਨ੍ਹਾਂ ਤੋਂ ਨਾ ਡਰੋ ਜੋ ਤੁਹਾਨੂੰ ਜਾਨੋਂ ਤਾਂ ਮਾਰ ਸਕਦੇ ਹਨ, ਪਰ ਤੁਹਾਡੇ ਤੋਂ ਭਵਿੱਖ ਵਿਚ ਮਿਲਣ ਵਾਲੀ ਜ਼ਿੰਦਗੀ ਨਹੀਂ ਖੋਹ ਸਕਦੇ;+ ਸਗੋਂ ਪਰਮੇਸ਼ੁਰ ਤੋਂ ਡਰੋ ਜੋ ਤੁਹਾਨੂੰ ‘ਗ਼ਹੈਨਾ’* ਵਿਚ ਨਾਸ਼ ਕਰ ਸਕਦਾ ਹੈ।+
29 ਕੀ ਇਕ ਪੈਸੇ* ਦੀਆਂ ਦੋ ਚਿੜੀਆਂ ਨਹੀਂ ਵਿਕਦੀਆਂ? ਪਰ ਫਿਰ ਵੀ ਇਹ ਨਹੀਂ ਹੋ ਸਕਦਾ ਕਿ ਇਨ੍ਹਾਂ ਵਿੱਚੋਂ ਇਕ ਵੀ ਚਿੜੀ ਜ਼ਮੀਨ ’ਤੇ ਡਿਗੇ ਤੇ ਤੁਹਾਡੇ ਸਵਰਗੀ ਪਿਤਾ ਨੂੰ ਪਤਾ ਨਾ ਲੱਗੇ।+
30 ਤੁਹਾਡੇ ਤਾਂ ਸਗੋਂ ਸਿਰ ਦੇ ਸਾਰੇ ਵਾਲ਼ ਵੀ ਗਿਣੇ ਹੋਏ ਹਨ।
31 ਇਸ ਲਈ ਡਰੋ ਨਾ; ਤੁਸੀਂ ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੋ।+
32 “ਤਾਂ ਫਿਰ, ਹਰ ਕੋਈ ਜੋ ਮੈਨੂੰ ਇਨਸਾਨਾਂ ਸਾਮ੍ਹਣੇ ਕਬੂਲ ਕਰਦਾ ਹੈ,+ ਮੈਂ ਵੀ ਉਸ ਨੂੰ ਆਪਣੇ ਸਵਰਗੀ ਪਿਤਾ ਦੇ ਸਾਮ੍ਹਣੇ ਕਬੂਲ ਕਰਾਂਗਾ।+
33 ਪਰ ਜੋ ਮੈਨੂੰ ਇਨਸਾਨਾਂ ਸਾਮ੍ਹਣੇ ਕਬੂਲ ਨਹੀਂ ਕਰਦਾ, ਮੈਂ ਵੀ ਉਸ ਨੂੰ ਆਪਣੇ ਸਵਰਗੀ ਪਿਤਾ ਦੇ ਸਾਮ੍ਹਣੇ ਕਬੂਲ ਨਹੀਂ ਕਰਾਂਗਾ।+
34 ਇਹ ਨਾ ਸੋਚੋ ਕਿ ਮੈਂ ਧਰਤੀ ’ਤੇ ਸ਼ਾਂਤੀ ਕਾਇਮ ਕਰਨ ਆਇਆ ਹਾਂ; ਮੈਂ ਸ਼ਾਂਤੀ ਕਾਇਮ ਕਰਨ ਨਹੀਂ, ਸਗੋਂ ਤਲਵਾਰ ਚਲਾਉਣ ਆਇਆ ਹਾਂ।+
35 ਮੈਂ ਪਿਉ-ਪੁੱਤਰ ਵਿਚ, ਮਾਂ-ਧੀ ਵਿਚ ਅਤੇ ਨੂੰਹ-ਸੱਸ ਵਿਚ ਫੁੱਟ ਪਾਉਣ ਆਇਆ ਹਾਂ।+
36 ਵਾਕਈ, ਇਨਸਾਨ ਦੇ ਦੁਸ਼ਮਣ ਉਸ ਦੇ ਘਰ ਦੇ ਹੀ ਹੋਣਗੇ।
37 ਜੋ ਕੋਈ ਆਪਣੀ ਮਾਤਾ ਜਾਂ ਪਿਤਾ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰਾ ਚੇਲਾ ਬਣਨ ਦੇ ਲਾਇਕ ਨਹੀਂ ਅਤੇ ਜੋ ਕੋਈ ਆਪਣੀ ਧੀ ਜਾਂ ਪੁੱਤ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰਾ ਚੇਲਾ ਬਣਨ ਦੇ ਲਾਇਕ ਨਹੀਂ।+
38 ਜੋ ਆਪਣੀ ਤਸੀਹੇ ਦੀ ਸੂਲ਼ੀ* ਚੁੱਕ ਕੇ ਮੇਰੇ ਪਿੱਛੇ-ਪਿੱਛੇ ਚੱਲਣ ਤੋਂ ਇਨਕਾਰ ਕਰਦਾ ਹੈ, ਉਹ ਮੇਰਾ ਚੇਲਾ ਬਣਨ ਦੇ ਲਾਇਕ ਨਹੀਂ।+
39 ਜਿਹੜਾ ਇਨਸਾਨ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਆਪਣੀ ਜਾਨ ਗੁਆ ਬੈਠੇਗਾ, ਪਰ ਜਿਹੜਾ ਇਨਸਾਨ ਮੇਰੀ ਖ਼ਾਤਰ ਆਪਣੀ ਜਾਨ ਗੁਆਉਂਦਾ ਹੈ, ਉਹ ਆਪਣੀ ਜਾਨ ਬਚਾ ਲਵੇਗਾ।+
40 “ਜਿਹੜਾ ਤੁਹਾਨੂੰ ਕਬੂਲ ਕਰਦਾ ਹੈ, ਉਹ ਮੈਨੂੰ ਵੀ ਕਬੂਲ ਕਰਦਾ ਹੈ ਅਤੇ ਜਿਹੜਾ ਮੈਨੂੰ ਕਬੂਲ ਕਰਦਾ ਹੈ, ਉਹ ਮੇਰੇ ਘੱਲਣ ਵਾਲੇ ਨੂੰ ਵੀ ਕਬੂਲ ਕਰਦਾ ਹੈ।+
41 ਜਿਹੜਾ ਕਿਸੇ ਨਬੀ ਨੂੰ ਇਸ ਲਈ ਕਬੂਲ ਕਰਦਾ ਹੈ ਕਿਉਂਕਿ ਉਹ ਨਬੀ ਹੈ, ਤਾਂ ਉਸ ਨੂੰ ਉਹੀ ਇਨਾਮ ਮਿਲੇਗਾ ਜੋ ਇਕ ਨਬੀ ਨੂੰ ਮਿਲਦਾ ਹੈ+ ਅਤੇ ਜਿਹੜਾ ਕਿਸੇ ਨੇਕ ਇਨਸਾਨ ਨੂੰ ਇਸ ਲਈ ਕਬੂਲ ਕਰਦਾ ਹੈ ਕਿਉਂਕਿ ਉਹ ਨੇਕ ਹੈ, ਤਾਂ ਉਸ ਨੂੰ ਉਹੀ ਇਨਾਮ ਮਿਲੇਗਾ ਜੋ ਇਕ ਨੇਕ ਇਨਸਾਨ ਨੂੰ ਮਿਲਦਾ ਹੈ।
42 ਜੇ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਇਕ ਨੂੰ ਠੰਢੇ ਪਾਣੀ ਦਾ ਇਕ ਗਲਾਸ ਪਿਲਾਉਂਦਾ ਹੈ ਕਿਉਂਕਿ ਉਹ ਮੇਰਾ ਚੇਲਾ ਹੈ, ਤਾਂ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਸ ਨੂੰ ਆਪਣਾ ਫਲ ਜ਼ਰੂਰ ਮਿਲੇਗਾ।”+
ਫੁਟਨੋਟ
^ “ਪਤਰਸ” ਦੇ ਪੰਜ ਵੱਖੋ-ਵੱਖਰੇ ਨਾਂ ਹਨ: ਇੱਥੇ “ਸ਼ਮਊਨ ਉਰਫ਼ ਪਤਰਸ”; ਮੱਤੀ 16:16: “ਸ਼ਮਊਨ ਪਤਰਸ”; ਰਸੂ 15:14: “ਸ਼ਿਮਓਨ”; ਯੂਹੰ 1:42: ਕੇਫ਼ਾਸ; ਅਤੇ ਆਮ ਤੌਰ ਤੇ “ਪਤਰਸ,” ਜਿਵੇਂ ਕਿ ਮੱਤੀ 14:28 ਵਿਚ।
^ ਥੱਦਈ ਨੂੰ “ਯਹੂਦਾ ਜੋ ਯਾਕੂਬ ਦਾ ਪੁੱਤਰ ਹੈ” ਵੀ ਕਿਹਾ ਜਾਂਦਾ ਹੈ। ਲੂਕਾ 6:16; ਯੂਹੰ 14:22; ਰਸੂ 1:13 ਦੇਖੋ।
^ ਜਾਂ, “ਵਾਧੂ ਕੁੜਤਾ।”
^ ਜਾਂ, “ਸ਼ਾਂਤੀ।”
^ ਜਾਂ, “ਅਮੂਰਾਹ।”
^ ਦੁਸ਼ਟ ਦੂਤਾਂ ਦੇ ਸਰਦਾਰ ਸ਼ੈਤਾਨ ਦਾ ਇਕ ਹੋਰ ਨਾਂ।
^ ਯੂਨਾ, “ਇਕ ਅਸੈਰੀਅਨ।” ਵਧੇਰੇ ਜਾਣਕਾਰੀ 2.14 ਦੇਖੋ।