ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼ 11:1-19

  • ਦੋ ਗਵਾਹ (1-13)

    • ਤੱਪੜ ਪਾ ਕੇ 1,260 ਦਿਨ ਭਵਿੱਖਬਾਣੀ ਕੀਤੀ (3)

    • ਜਾਨੋਂ ਮਾਰ ਦਿੱਤਾ ਗਿਆ, ਪਰ ਦਫ਼ਨਾਇਆ ਨਹੀਂ ਗਿਆ (7-10)

    • ਸਾਢੇ ਤਿੰਨ ਦਿਨਾਂ ਬਾਅਦ ਜੀਉਂਦੇ ਕੀਤੇ ਗਏ (11, 12)

  • ਦੂਸਰੀ ਆਫ਼ਤ ਲੰਘ ਚੁੱਕੀ ਹੈ, ਤੀਸਰੀ ਆ ਰਹੀ ਹੈ (14)

  • ਸੱਤਵੀਂ ਤੁਰ੍ਹੀ (15-19)

    • ਸਾਡੇ ਪਰਮੇਸ਼ੁਰ ਅਤੇ ਉਸ ਦੇ ਮਸੀਹ ਦਾ ਰਾਜ (15)

    • ਧਰਤੀ ਨੂੰ ਤਬਾਹ ਕਰਨ ਵਾਲਿਆਂ ਦਾ ਨਾਸ਼ (18)

11  ਫਿਰ ਉਸ ਨੇ ਮੈਨੂੰ ਮਿਣਤੀ ਕਰਨ ਲਈ ਇਕ ਲੰਬਾ ਕਾਨਾ+ ਦੇ ਕੇ ਕਿਹਾ: “ਉੱਠ ਅਤੇ ਇਸ ਨਾਲ ਪਰਮੇਸ਼ੁਰ ਦੇ ਮੰਦਰ* ਨੂੰ ਅਤੇ ਧੂਪ ਧੁਖਾਉਣ ਵਾਲੀ ਵੇਦੀ ਅਤੇ ਇਸ ਵਿਚ ਭਗਤੀ ਕਰਨ ਵਾਲਿਆਂ ਨੂੰ ਮਿਣ।  ਪਰ ਮੰਦਰ ਤੋਂ ਬਾਹਰ ਵਿਹੜੇ ਨੂੰ ਛੱਡ ਦੇਈਂ ਅਤੇ ਇਸ ਨੂੰ ਨਾ ਮਿਣੀਂ ਕਿਉਂਕਿ ਵਿਹੜਾ ਕੌਮਾਂ ਨੂੰ ਦੇ ਦਿੱਤਾ ਗਿਆ ਹੈ ਅਤੇ ਉਹ 42 ਮਹੀਨੇ ਪਵਿੱਤਰ ਸ਼ਹਿਰ+ ਨੂੰ ਆਪਣੇ ਪੈਰਾਂ ਹੇਠ ਮਿੱਧਣਗੀਆਂ।+  ਮੈਂ ਆਪਣੇ ਦੋ ਗਵਾਹਾਂ ਨੂੰ ਤੱਪੜ ਪਾ ਕੇ 1,260 ਦਿਨ ਭਵਿੱਖਬਾਣੀ ਕਰਨ ਲਈ ਘੱਲਾਂਗਾ।”  ਇਹ ਗਵਾਹ ਦੋ ਜ਼ੈਤੂਨ ਦੇ ਦਰਖ਼ਤ+ ਅਤੇ ਦੋ ਸ਼ਮਾਦਾਨ ਹਨ+ ਜਿਹੜੇ ਦੁਨੀਆਂ ਦੇ ਮਾਲਕ ਦੇ ਸਾਮ੍ਹਣੇ ਖੜ੍ਹੇ ਹਨ।+  ਜੇ ਕੋਈ ਗਵਾਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ, ਤਾਂ ਗਵਾਹਾਂ ਦੇ ਮੂੰਹੋਂ ਅੱਗ ਨਿਕਲ ਕੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਭਸਮ ਕਰ ਦਿੰਦੀ ਹੈ। ਜੇ ਕੋਈ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੇਗਾ, ਤਾਂ ਉਸ ਨੂੰ ਇਸੇ ਤਰ੍ਹਾਂ ਮਾਰ ਦਿੱਤਾ ਜਾਵੇਗਾ।  ਉਨ੍ਹਾਂ ਕੋਲ ਆਕਾਸ਼ ਨੂੰ ਬੰਦ ਕਰਨ ਦਾ ਅਧਿਕਾਰ ਹੈ+ ਤਾਂਕਿ ਉਨ੍ਹਾਂ ਦੇ ਭਵਿੱਖਬਾਣੀ ਕਰਨ ਦੇ ਦਿਨਾਂ ਦੌਰਾਨ ਮੀਂਹ ਨਾ ਪਵੇ+ ਅਤੇ ਉਨ੍ਹਾਂ ਕੋਲ ਇਹ ਵੀ ਅਧਿਕਾਰ ਹੈ ਕਿ ਉਹ ਪਾਣੀ ਨੂੰ ਖ਼ੂਨ ਵਿਚ ਬਦਲ ਦੇਣ+ ਅਤੇ ਉਹ ਜਿੰਨੀ ਵਾਰ ਚਾਹੁਣ, ਧਰਤੀ ਉੱਤੇ ਹਰ ਤਰ੍ਹਾਂ ਦੀ ਬਿਪਤਾ ਲਿਆਉਣ।  ਜਦੋਂ ਉਹ ਗਵਾਹੀ ਦੇ ਹਟਣਗੇ, ਤਾਂ ਅਥਾਹ ਕੁੰਡ ਵਿੱਚੋਂ ਨਿਕਲਿਆ ਵਹਿਸ਼ੀ ਦਰਿੰਦਾ ਉਨ੍ਹਾਂ ਨਾਲ ਲੜੇਗਾ ਅਤੇ ਉਨ੍ਹਾਂ ਨੂੰ ਹਰਾ ਕੇ ਜਾਨੋਂ ਮਾਰ ਸੁੱਟੇਗਾ।+  ਉਨ੍ਹਾਂ ਦੀਆਂ ਲਾਸ਼ਾਂ ਉਸ ਵੱਡੇ ਸ਼ਹਿਰ ਦੇ ਚੌਂਕ ਵਿਚ ਪਈਆਂ ਰਹਿਣਗੀਆਂ ਜਿੱਥੇ ਉਨ੍ਹਾਂ ਦੇ ਪ੍ਰਭੂ ਨੂੰ ਵੀ ਸੂਲ਼ੀ ’ਤੇ ਟੰਗਿਆ ਗਿਆ ਸੀ। ਸਦੂਮ ਅਤੇ ਮਿਸਰ ਇਸ ਸ਼ਹਿਰ ਨੂੰ ਦਰਸਾਉਂਦੇ ਹਨ।  ਦੇਸ਼-ਦੇਸ਼ ਦੇ ਲੋਕਾਂ, ਕਬੀਲਿਆਂ, ਭਾਸ਼ਾਵਾਂ* ਅਤੇ ਕੌਮਾਂ ਦੇ ਲੋਕ ਸਾਢੇ ਤਿੰਨ ਦਿਨ ਉਨ੍ਹਾਂ ਦੀਆਂ ਲਾਸ਼ਾਂ ਨੂੰ ਦੇਖਣਗੇ+ ਅਤੇ ਉਹ ਕਿਸੇ ਨੂੰ ਵੀ ਇਹ ਲਾਸ਼ਾਂ ਕਬਰ ਵਿਚ ਦਫ਼ਨਾਉਣ ਨਹੀਂ ਦੇਣਗੇ। 10  ਧਰਤੀ ਦੇ ਵਾਸੀ ਉਨ੍ਹਾਂ ਦੀ ਮੌਤ ’ਤੇ ਖ਼ੁਸ਼ੀਆਂ ਅਤੇ ਜਸ਼ਨ ਮਨਾਉਣਗੇ ਅਤੇ ਇਕ-ਦੂਜੇ ਨੂੰ ਤੋਹਫ਼ੇ ਘੱਲਣਗੇ ਕਿਉਂਕਿ ਉਨ੍ਹਾਂ ਦੋਵਾਂ ਨਬੀਆਂ ਦੇ ਸੰਦੇਸ਼ ਨੇ ਧਰਤੀ ਦੇ ਵਾਸੀਆਂ ਨੂੰ ਤੜਫਾਇਆ ਸੀ। 11  ਸਾਢੇ ਤਿੰਨ ਦਿਨਾਂ ਬਾਅਦ ਪਰਮੇਸ਼ੁਰ ਨੇ ਉਨ੍ਹਾਂ ਗਵਾਹਾਂ ਵਿਚ ਜਾਨ ਪਾ ਦਿੱਤੀ+ ਅਤੇ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਗਏ ਅਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਦੇਖਿਆ, ਉਹ ਬਹੁਤ ਹੀ ਡਰ ਗਏ। 12  ਗਵਾਹਾਂ ਨੇ ਆਕਾਸ਼ੋਂ ਇਕ ਉੱਚੀ ਆਵਾਜ਼ ਸੁਣੀ ਜਿਸ ਨੇ ਉਨ੍ਹਾਂ ਨੂੰ ਕਿਹਾ: “ਇੱਥੇ ਉੱਪਰ ਆ ਜਾਓ।” ਉਹ ਬੱਦਲ ਵਿਚ ਉੱਪਰ ਆਕਾਸ਼ ਵਿਚ ਚਲੇ ਗਏ ਅਤੇ ਉਨ੍ਹਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਦੇਖਿਆ।* 13  ਉਸ ਵੇਲੇ ਜ਼ਬਰਦਸਤ ਭੁਚਾਲ਼ ਆਇਆ ਅਤੇ ਉਸ ਸ਼ਹਿਰ ਦਾ ਦਸਵਾਂ ਹਿੱਸਾ ਢਹਿ-ਢੇਰੀ ਹੋ ਗਿਆ; 7,000 ਲੋਕ ਉਸ ਭੁਚਾਲ਼ ਕਾਰਨ ਮਾਰੇ ਗਏ ਅਤੇ ਬਾਕੀ ਦੇ ਲੋਕ ਡਰ ਗਏ ਅਤੇ ਉਨ੍ਹਾਂ ਨੇ ਸਵਰਗ ਦੇ ਪਰਮੇਸ਼ੁਰ ਦੀ ਮਹਿਮਾ ਕੀਤੀ। 14  ਦੂਸਰੀ ਆਫ਼ਤ+ ਲੰਘ ਚੁੱਕੀ ਹੈ। ਦੇਖ! ਤੀਸਰੀ ਆਫ਼ਤ ਜਲਦੀ ਆ ਰਹੀ ਹੈ। 15  ਫਿਰ ਸੱਤਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ।+ ਸਵਰਗ ਵਿਚ ਉੱਚੀਆਂ ਆਵਾਜ਼ਾਂ ਨੇ ਕਿਹਾ: “ਦੁਨੀਆਂ ਦਾ ਰਾਜ ਸਾਡੇ ਪਰਮੇਸ਼ੁਰ+ ਅਤੇ ਉਸ ਦੇ ਮਸੀਹ ਦਾ ਹੋ ਗਿਆ ਹੈ+ ਅਤੇ ਪਰਮੇਸ਼ੁਰ ਰਾਜੇ ਵਜੋਂ ਹਮੇਸ਼ਾ-ਹਮੇਸ਼ਾ ਰਾਜ ਕਰੇਗਾ।”+ 16  ਪਰਮੇਸ਼ੁਰ ਦੇ ਸਾਮ੍ਹਣੇ ਆਪਣੇ ਸਿੰਘਾਸਣਾਂ ਉੱਤੇ ਬੈਠੇ 24 ਬਜ਼ੁਰਗਾਂ+ ਨੇ ਗੋਡਿਆਂ ਭਾਰ ਬੈਠ ਕੇ ਪਰਮੇਸ਼ੁਰ ਨੂੰ ਮੱਥਾ ਟੇਕਿਆ 17  ਅਤੇ ਕਿਹਾ: “ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,* ਤੂੰ ਜੋ ਸੀ ਅਤੇ ਜੋ ਹੈ,+ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਆਪਣੀ ਵੱਡੀ ਤਾਕਤ ਵਰਤ ਕੇ ਰਾਜ ਕਰਨਾ ਸ਼ੁਰੂ ਕੀਤਾ ਹੈ।+ 18  ਪਰ ਕੌਮਾਂ ਕ੍ਰੋਧਵਾਨ ਹੋ ਗਈਆਂ ਅਤੇ ਤੇਰਾ ਕ੍ਰੋਧ ਭੜਕ ਉੱਠਿਆ। ਉਹ ਮਿਥਿਆ ਸਮਾਂ ਆ ਗਿਆ ਜਦੋਂ ਤੂੰ ਮਰੇ ਹੋਏ ਲੋਕਾਂ ਦਾ ਨਿਆਂ ਕਰੇਂਗਾ ਅਤੇ ਸਾਰੇ ਛੋਟੇ ਅਤੇ ਵੱਡੇ ਲੋਕਾਂ ਨੂੰ ਯਾਨੀ ਆਪਣੇ ਦਾਸਾਂ, ਹਾਂ, ਨਬੀਆਂ,+ ਪਵਿੱਤਰ ਸੇਵਕਾਂ ਅਤੇ ਤੇਰੇ ਨਾਂ ਤੋਂ ਡਰਨ ਵਾਲਿਆਂ ਨੂੰ ਇਨਾਮ ਦੇਵੇਂਗਾ+ ਅਤੇ ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼ ਕਰੇਂਗਾ।”+ 19  ਸਵਰਗ ਵਿਚ ਪਰਮੇਸ਼ੁਰ ਦਾ ਮੰਦਰ* ਖੁੱਲ੍ਹਾ ਹੋਇਆ ਸੀ ਅਤੇ ਇਸ ਵਿਚ ਉਸ ਦੇ ਇਕਰਾਰ ਦਾ ਸੰਦੂਕ ਦਿਖਾਈ ਦਿੱਤਾ।+ ਬਿਜਲੀ ਚਮਕੀ, ਆਵਾਜ਼ਾਂ ਆਈਆਂ, ਗਰਜਾਂ ਸੁਣਾਈ ਦਿੱਤੀਆਂ, ਭੁਚਾਲ਼ ਆਇਆ ਅਤੇ ਵੱਡੇ-ਵੱਡੇ ਗੜੇ ਪਏ।

ਫੁਟਨੋਟ

ਯਾਨੀ, ਮੰਦਰ ਦਾ ਪਵਿੱਤਰ ਅਤੇ ਅੱਤ ਪਵਿੱਤਰ ਕਮਰਾ।
ਜਾਂ, “ਬੋਲੀਆਂ।”
ਜਾਂ, “ਦੇਖਦੇ ਰਹੇ।”
ਯਾਨੀ, ਮੰਦਰ ਦਾ ਅੱਤ ਪਵਿੱਤਰ ਕਮਰਾ।