ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼ 1:1-20
1 ਇਹ ਉਹ ਗੱਲਾਂ ਹਨ ਜਿਹੜੀਆਂ ਯਿਸੂ ਮਸੀਹ ਰਾਹੀਂ ਪ੍ਰਗਟ* ਕੀਤੀਆਂ ਗਈਆਂ ਹਨ। ਪਰਮੇਸ਼ੁਰ ਨੇ ਉਸ ਨੂੰ ਇਹ ਗੱਲਾਂ ਦੱਸੀਆਂ ਸਨ+ ਤਾਂਕਿ ਉਹ ਪਰਮੇਸ਼ੁਰ ਦੇ ਸੇਵਕਾਂ ਨੂੰ ਦਿਖਾ ਸਕੇ+ ਕਿ ਬਹੁਤ ਜਲਦੀ ਕੀ-ਕੀ ਹੋਣ ਵਾਲਾ ਹੈ। ਫਿਰ ਯਿਸੂ ਨੇ ਆਪਣਾ ਦੂਤ ਘੱਲ ਕੇ ਨਿਸ਼ਾਨੀਆਂ ਰਾਹੀਂ ਇਹ ਗੱਲਾਂ ਆਪਣੇ ਸੇਵਕ ਯੂਹੰਨਾ ਨੂੰ ਦੱਸੀਆਂ।+
2 ਯੂਹੰਨਾ ਨੇ ਪਰਮੇਸ਼ੁਰ ਦਾ ਬਚਨ ਸੁਣਾਇਆ ਅਤੇ ਯਿਸੂ ਮਸੀਹ ਦੀ ਗਵਾਹੀ ਬਾਰੇ ਦੱਸਿਆ ਯਾਨੀ ਉਹ ਸਾਰੀਆਂ ਗੱਲਾਂ ਦੱਸੀਆਂ ਜੋ ਉਸ ਨੇ ਦੇਖੀਆਂ ਸਨ।
3 ਖ਼ੁਸ਼ ਹੈ ਉਹ ਇਨਸਾਨ ਜਿਹੜਾ ਇਸ ਭਵਿੱਖਬਾਣੀ ਨੂੰ ਉੱਚੀ ਆਵਾਜ਼ ਵਿਚ ਪੜ੍ਹਦਾ ਹੈ ਅਤੇ ਜਿਹੜਾ ਇਸ ਨੂੰ ਸੁਣਦਾ ਹੈ ਅਤੇ ਇਸ ਵਿਚ ਲਿਖੀਆਂ ਗੱਲਾਂ ਦੀ ਪਾਲਣਾ ਕਰਦਾ ਹੈ+ ਕਿਉਂਕਿ ਮਿਥਿਆ ਸਮਾਂ ਨੇੜੇ ਆ ਗਿਆ ਹੈ।
4 ਮੈਂ ਯੂਹੰਨਾ, ਏਸ਼ੀਆ ਜ਼ਿਲ੍ਹੇ ਦੀਆਂ ਸੱਤ ਮੰਡਲੀਆਂ ਨੂੰ ਲਿਖ ਰਿਹਾ ਹਾਂ:+
ਮੇਰੀ ਦੁਆ ਹੈ ਕਿ “ਪਰਮੇਸ਼ੁਰ, ਜੋ ਸੀ ਅਤੇ ਜੋ ਹੈ ਅਤੇ ਜੋ ਆ ਰਿਹਾ ਹੈ,”+ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ੇ, ਨਾਲੇ ਸੱਤ ਪਵਿੱਤਰ ਸ਼ਕਤੀਆਂ*+ ਵੀ ਜਿਹੜੀਆਂ ਉਸ ਦੇ ਸਿੰਘਾਸਣ ਦੇ ਸਾਮ੍ਹਣੇ ਹਨ।
5 ਯਿਸੂ ਮਸੀਹ ਵੀ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ੇ ਜਿਹੜਾ “ਵਫ਼ਾਦਾਰ ਗਵਾਹ,”+ “ਮਰੇ ਹੋਇਆਂ ਵਿੱਚੋਂ ਜੀਉਂਦਾ ਹੋਇਆ ਜੇਠਾ”+ ਅਤੇ “ਧਰਤੀ ਦੇ ਰਾਜਿਆਂ ਦਾ ਰਾਜਾ”+ ਹੈ।
ਯਿਸੂ ਸਾਡੇ ਨਾਲ ਪਿਆਰ ਕਰਦਾ ਹੈ+ ਅਤੇ ਉਸ ਨੇ ਆਪਣੇ ਖ਼ੂਨ ਦੇ ਰਾਹੀਂ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕਰਾਇਆ ਹੈ+
6 ਅਤੇ ਉਸ ਨੇ ਸਾਨੂੰ ਰਾਜੇ*+ ਅਤੇ ਪੁਜਾਰੀ ਬਣਾਇਆ ਹੈ+ ਤਾਂਕਿ ਅਸੀਂ ਉਸ ਦੇ ਪਿਤਾ ਪਰਮੇਸ਼ੁਰ ਦੀ ਸੇਵਾ ਕਰੀਏ। ਯਿਸੂ ਦੀ ਮਹਿਮਾ ਯੁਗੋ-ਯੁਗ ਹੋਵੇ ਅਤੇ ਤਾਕਤ ਹਮੇਸ਼ਾ ਉਸੇ ਦੀ ਰਹੇ। ਆਮੀਨ।
7 ਦੇਖੋ! ਉਹ ਬੱਦਲਾਂ ਨਾਲ ਆ ਰਿਹਾ ਹੈ+ ਅਤੇ ਹਰ ਕੋਈ ਉਸ ਨੂੰ ਦੇਖੇਗਾ। ਜਿਨ੍ਹਾਂ ਨੇ ਉਸ ਨੂੰ ਵਿੰਨ੍ਹਿਆ ਸੀ, ਉਹ ਵੀ ਉਸ ਨੂੰ ਦੇਖਣਗੇ। ਉਸ ਕਰਕੇ ਧਰਤੀ ਦੀਆਂ ਸਾਰੀਆਂ ਕੌਮਾਂ ਦੁੱਖ ਦੇ ਮਾਰੇ ਛਾਤੀ ਪਿੱਟਣਗੀਆਂ।+ ਹਾਂ, ਇਹ ਜ਼ਰੂਰ ਹੋਵੇਗਾ। ਆਮੀਨ।
8 “ਮੈਂ ਹੀ ‘ਸ਼ੁਰੂਆਤ ਅਤੇ ਅੰਤ’* ਹਾਂ,”+ ਯਹੋਵਾਹ* ਪਰਮੇਸ਼ੁਰ ਕਹਿੰਦਾ ਹੈ, “ਜੋ ਸੀ ਅਤੇ ਜੋ ਹੈ ਅਤੇ ਜੋ ਆ ਰਿਹਾ ਹੈ ਅਤੇ ਜੋ ਸਰਬਸ਼ਕਤੀਮਾਨ ਹੈ।”+
9 ਮੈਂ ਯੂਹੰਨਾ, ਤੁਹਾਡਾ ਭਰਾ ਹਾਂ ਅਤੇ ਯਿਸੂ ਦਾ ਚੇਲਾ ਹੋਣ ਕਰਕੇ+ ਮੈਂ ਤੁਹਾਡੇ ਵਾਂਗ ਦੁੱਖ ਝੱਲੇ ਹਨ,+ ਤੁਹਾਡੇ ਵਾਂਗ ਧੀਰਜ ਰੱਖਿਆ ਹੈ+ ਅਤੇ ਤੁਹਾਡੇ ਨਾਲ ਰਾਜ ਵਿਚ ਹਿੱਸੇਦਾਰ ਹਾਂ।+ ਪਰਮੇਸ਼ੁਰ ਬਾਰੇ ਦੱਸਣ ਅਤੇ ਯਿਸੂ ਬਾਰੇ ਗਵਾਹੀ ਦੇਣ ਕਰਕੇ ਮੈਂ ਪਾਤਮੁਸ ਟਾਪੂ ਉੱਤੇ ਹਾਂ।
10 ਪਵਿੱਤਰ ਸ਼ਕਤੀ ਮੈਨੂੰ ਪ੍ਰਭੂ ਦੇ ਦਿਨ ਵਿਚ ਲੈ ਕੇ ਆਈ ਅਤੇ ਮੈਂ ਆਪਣੇ ਪਿੱਛਿਓਂ ਤੁਰ੍ਹੀ ਵਰਗੀ ਇਕ ਜ਼ੋਰਦਾਰ ਆਵਾਜ਼ ਸੁਣੀ।
11 ਉਸ ਆਵਾਜ਼ ਨੇ ਕਿਹਾ: “ਤੂੰ ਜੋ ਵੀ ਦੇਖਦਾ ਹੈਂ, ਉਹ ਸਾਰਾ ਕੁਝ ਇਕ ਕਿਤਾਬ* ਵਿਚ ਲਿਖ ਕੇ ਇਨ੍ਹਾਂ ਸੱਤਾਂ ਮੰਡਲੀਆਂ ਨੂੰ ਘੱਲ ਦੇ: ਅਫ਼ਸੁਸ,+ ਸਮੁਰਨੇ,+ ਪਰਗਮੁਮ,+ ਥੂਆਤੀਰਾ,+ ਸਾਰਦੀਸ,+ ਫ਼ਿਲਦਲਫ਼ੀਆ+ ਅਤੇ ਲਾਉਦਿਕੀਆ।”+
12 ਮੈਂ ਇਹ ਦੇਖਣ ਲਈ ਪਿੱਛੇ ਮੁੜਿਆ ਕਿ ਕੌਣ ਮੇਰੇ ਨਾਲ ਗੱਲ ਕਰ ਰਿਹਾ ਸੀ ਅਤੇ ਜਦੋਂ ਮੈਂ ਮੁੜਿਆ, ਤਾਂ ਮੈਂ ਸੋਨੇ ਦੇ ਸੱਤ ਸ਼ਮਾਦਾਨ ਦੇਖੇ+
13 ਅਤੇ ਉਨ੍ਹਾਂ ਸ਼ਮਾਦਾਨਾਂ ਦੇ ਵਿਚਕਾਰ ਕੋਈ ਖੜ੍ਹਾ ਸੀ ਜਿਹੜਾ ਮਨੁੱਖ ਦੇ ਪੁੱਤਰ ਵਰਗਾ ਸੀ।+ ਉਸ ਨੇ ਪੈਰਾਂ ਤਕ ਇਕ ਲੰਬਾ ਚੋਗਾ ਪਾਇਆ ਹੋਇਆ ਸੀ ਅਤੇ ਸੋਨੇ ਦਾ ਸੀਨਾਬੰਦ ਬੰਨ੍ਹਿਆ ਹੋਇਆ ਸੀ।
14 ਇਸ ਤੋਂ ਇਲਾਵਾ, ਉਸ ਦੇ ਸਿਰ ਦੇ ਵਾਲ਼ ਚਿੱਟੀ ਉੱਨ ਅਤੇ ਬਰਫ਼ ਵਾਂਗ ਚਿੱਟੇ ਸਨ ਅਤੇ ਉਸ ਦੀਆਂ ਅੱਖਾਂ ਅੱਗ ਦੀਆਂ ਲਾਟਾਂ ਵਰਗੀਆਂ ਸਨ।+
15 ਉਸ ਦੇ ਪੈਰ ਭੱਠੀ ਵਿਚ ਲਿਸ਼ਕਦੇ ਖਾਲਸ ਤਾਂਬੇ ਵਰਗੇ ਸਨ+ ਅਤੇ ਉਸ ਦੀ ਆਵਾਜ਼ ਤੇਜ਼ ਵਹਿੰਦੇ ਪਾਣੀਆਂ ਵਰਗੀ ਸੀ।
16 ਉਸ ਦੇ ਸੱਜੇ ਹੱਥ ਵਿਚ ਸੱਤ ਤਾਰੇ ਸਨ+ ਅਤੇ ਉਸ ਦੇ ਮੂੰਹ ਵਿੱਚੋਂ ਇਕ ਤਿੱਖੀ, ਲੰਬੀ ਅਤੇ ਦੋ-ਧਾਰੀ ਤਲਵਾਰ+ ਨਿਕਲ ਰਹੀ ਸੀ ਅਤੇ ਉਸ ਦਾ ਚਿਹਰਾ ਇੰਨਾ ਚਮਕ ਰਿਹਾ ਸੀ ਜਿਵੇਂ ਸੂਰਜ ਤੇਜ਼ ਚਮਕ ਰਿਹਾ ਹੋਵੇ।+
17 ਜਦੋਂ ਮੈਂ ਉਸ ਨੂੰ ਦੇਖਿਆ, ਤਾਂ ਮੈਂ ਉਸ ਦੇ ਪੈਰਾਂ ਵਿਚ ਮਰਿਆਂ ਵਾਂਗ ਡਿਗ ਪਿਆ।
ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖ ਕੇ ਕਿਹਾ: “ਨਾ ਡਰ। ਮੈਂ ਹੀ ‘ਪਹਿਲਾ+ ਅਤੇ ਆਖ਼ਰੀ’ ਹਾਂ+
18 ਅਤੇ ਮੈਂ ਜੀਉਂਦਾ ਹਾਂ।+ ਮੈਂ ਮਰ ਗਿਆ ਸੀ,+ ਪਰ ਦੇਖ! ਹੁਣ ਮੈਂ ਜੀਉਂਦਾ ਹਾਂ ਅਤੇ ਮੈਂ ਹਮੇਸ਼ਾ-ਹਮੇਸ਼ਾ ਜੀਉਂਦਾ ਰਹਾਂਗਾ+ ਅਤੇ ਮੇਰੇ ਕੋਲ ਮੌਤ ਅਤੇ ਕਬਰ* ਦੀਆਂ ਚਾਬੀਆਂ ਹਨ।+
19 ਇਸ ਲਈ ਉਹ ਸਭ ਕੁਝ ਲਿਖ ਜੋ ਤੂੰ ਦੇਖਿਆ ਹੈ ਅਤੇ ਜੋ ਹੋ ਰਿਹਾ ਹੈ ਅਤੇ ਜੋ ਇਸ ਤੋਂ ਬਾਅਦ ਹੋਵੇਗਾ।
20 ਤੂੰ ਮੇਰੇ ਸੱਜੇ ਹੱਥ ਵਿਚ ਜਿਹੜੇ ਸੱਤ ਤਾਰੇ ਅਤੇ ਸੋਨੇ ਦੇ ਸੱਤ ਸ਼ਮਾਦਾਨ ਦੇਖੇ ਸਨ, ਉਨ੍ਹਾਂ ਦਾ ਪਵਿੱਤਰ ਭੇਤ ਇਹ ਹੈ: ਇਹ ਸੱਤ ਤਾਰੇ ਸੱਤ ਮੰਡਲੀਆਂ ਦੇ ਦੂਤ* ਹਨ ਅਤੇ ਸੱਤ ਸ਼ਮਾਦਾਨ ਸੱਤ ਮੰਡਲੀਆਂ ਹਨ।+
ਫੁਟਨੋਟ
^ ਜਾਂ, “ਜ਼ਾਹਰ।”
^ ਜਾਂ, “ਪਵਿੱਤਰ ਸ਼ਕਤੀ ਜੋ ਸੱਤ ਗੁਣਾ ਕੰਮ ਕਰਦੀ ਹੈ।”
^ ਯੂਨਾ, “ਰਾਜ।”
^ ਯੂਨਾ, “ਐਲਫਾ ਅਤੇ ਓਮੇਗਾ।” “ਐਲਫਾ” ਯੂਨਾਨੀ ਵਰਣਮਾਲਾ ਦਾ ਪਹਿਲਾ ਅਤੇ “ਓਮੇਗਾ” ਆਖ਼ਰੀ ਅੱਖਰ ਹੈ।
^ ਵਧੇਰੇ ਜਾਣਕਾਰੀ 1.5 ਦੇਖੋ।
^ ਜਾਂ, “ਸੰਦੇਸ਼ ਦੇਣ ਵਾਲੇ।”