ਕੂਚ 32:1-35
32 ਇਸ ਦੌਰਾਨ ਲੋਕਾਂ ਨੇ ਦੇਖਿਆ ਕਿ ਮੂਸਾ ਨੂੰ ਪਹਾੜ ’ਤੇ ਗਏ ਲੰਬਾ ਸਮਾਂ ਹੋ ਗਿਆ ਸੀ ਅਤੇ ਉਹ ਅਜੇ ਤਕ ਥੱਲੇ ਨਹੀਂ ਆਇਆ ਸੀ।+ ਇਸ ਲਈ ਉਨ੍ਹਾਂ ਨੇ ਹਾਰੂਨ ਦੇ ਆਲੇ-ਦੁਆਲੇ ਇਕੱਠੇ ਹੋ ਕੇ ਕਿਹਾ: “ਉੱਠ ਅਤੇ ਸਾਡੇ ਲਈ ਇਕ ਦੇਵਤਾ ਬਣਾ ਜੋ ਸਾਡੀ ਅਗਵਾਈ ਕਰੇਗਾ+ ਕਿਉਂਕਿ ਸਾਨੂੰ ਨਹੀਂ ਪਤਾ ਮੂਸਾ ਨੂੰ ਕੀ ਹੋ ਗਿਆ ਹੈ ਜੋ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।”
2 ਇਹ ਸੁਣ ਕੇ ਹਾਰੂਨ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੀਆਂ ਪਤਨੀਆਂ, ਪੁੱਤਰਾਂ ਅਤੇ ਧੀਆਂ ਦੇ ਕੰਨਾਂ ਤੋਂ ਸੋਨੇ ਦੀਆਂ ਵਾਲ਼ੀਆਂ+ ਲਾਹ ਕੇ ਮੈਨੂੰ ਦਿਓ।”
3 ਇਸ ਲਈ ਸਾਰੇ ਲੋਕਾਂ ਨੇ ਆਪਣੇ ਕੰਨਾਂ ਤੋਂ ਸੋਨੇ ਦੀਆਂ ਵਾਲ਼ੀਆਂ ਲਾਹ ਕੇ ਹਾਰੂਨ ਨੂੰ ਦਿੱਤੀਆਂ।
4 ਫਿਰ ਉਸ ਨੇ ਉਨ੍ਹਾਂ ਤੋਂ ਸਾਰਾ ਸੋਨਾ ਲਿਆ ਅਤੇ ਉਕਰਾਈ ਕਰਨ ਵਾਲੇ ਔਜ਼ਾਰ ਨਾਲ ਵੱਛੇ ਦੀ ਮੂਰਤ* ਬਣਾਈ।+ ਉਹ ਕਹਿਣ ਲੱਗੇ: “ਹੇ ਇਜ਼ਰਾਈਲ, ਇਹ ਤੇਰਾ ਪਰਮੇਸ਼ੁਰ ਹੈ ਜੋ ਤੈਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।”+
5 ਜਦੋਂ ਹਾਰੂਨ ਨੇ ਇਹ ਦੇਖਿਆ, ਤਾਂ ਉਸ ਨੇ ਵੱਛੇ ਅੱਗੇ ਇਕ ਵੇਦੀ ਬਣਾਈ। ਫਿਰ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਕੱਲ੍ਹ ਨੂੰ ਯਹੋਵਾਹ ਦੀ ਮਹਿਮਾ ਕਰਨ ਲਈ ਤਿਉਹਾਰ ਮਨਾਇਆ ਜਾਵੇਗਾ।”
6 ਇਸ ਲਈ ਉਹ ਅਗਲੇ ਦਿਨ ਸਵੇਰੇ ਜਲਦੀ ਉੱਠੇ ਅਤੇ ਉਨ੍ਹਾਂ ਨੇ ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਚੜ੍ਹਾਉਣੀਆਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ ਲੋਕਾਂ ਨੇ ਬੈਠ ਕੇ ਖਾਧਾ-ਪੀਤਾ ਅਤੇ ਫਿਰ ਉੱਠ ਕੇ ਮੌਜ-ਮਸਤੀ ਕਰਨ ਲੱਗੇ।+
7 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਥੱਲੇ ਜਾਹ ਕਿਉਂਕਿ ਤੇਰੇ ਲੋਕਾਂ ਨੇ ਆਪਣੇ ਆਪ ਨੂੰ ਭ੍ਰਿਸ਼ਟ ਕਰ ਲਿਆ ਹੈ ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+
8 ਉਹ ਉਸ ਰਾਹ ਤੋਂ ਕਿੰਨੀ ਛੇਤੀ ਭਟਕ ਗਏ ਹਨ ਜਿਸ ਰਾਹ ’ਤੇ ਮੈਂ ਉਨ੍ਹਾਂ ਨੂੰ ਚੱਲਣ ਦਾ ਹੁਕਮ ਦਿੱਤਾ ਸੀ।+ ਉਨ੍ਹਾਂ ਨੇ ਆਪਣੇ ਲਈ ਵੱਛੇ ਦੀ ਮੂਰਤ* ਬਣਾਈ ਹੈ ਅਤੇ ਉਹ ਉਸ ਅੱਗੇ ਮੱਥਾ ਟੇਕ ਰਹੇ ਹਨ ਅਤੇ ਬਲ਼ੀਆਂ ਚੜ੍ਹਾ ਰਹੇ ਹਨ ਅਤੇ ਕਹਿ ਰਹੇ ਹਨ, ‘ਹੇ ਇਜ਼ਰਾਈਲ, ਇਹ ਤੇਰਾ ਪਰਮੇਸ਼ੁਰ ਹੈ ਜੋ ਤੈਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।’”
9 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: “ਮੈਂ ਦੇਖਿਆ ਹੈ ਕਿ ਇਹ ਲੋਕ ਕਿੰਨੇ ਢੀਠ ਹਨ।+
10 ਇਸ ਕਰਕੇ ਮੈਨੂੰ ਨਾ ਰੋਕ। ਮੈਂ ਆਪਣੇ ਗੁੱਸੇ ਦੀ ਅੱਗ ਨਾਲ ਉਨ੍ਹਾਂ ਨੂੰ ਭਸਮ ਕਰ ਦਿਆਂਗਾ ਅਤੇ ਮੈਂ ਤੇਰੇ ਤੋਂ ਇਕ ਵੱਡੀ ਕੌਮ ਬਣਾਵਾਂਗਾ।”+
11 ਫਿਰ ਮੂਸਾ ਨੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮਿੰਨਤਾਂ ਕਰਦੇ ਹੋਏ ਕਿਹਾ:+ “ਹੇ ਯਹੋਵਾਹ, ਤੂੰ ਆਪਣੇ ਲੋਕਾਂ ਨੂੰ ਵੱਡੀ ਤਾਕਤ ਅਤੇ ਬਲਵੰਤ ਹੱਥ ਨਾਲ ਮਿਸਰ ਵਿੱਚੋਂ ਕੱਢ ਲਿਆਇਆ ਸੀ। ਹੁਣ ਤੂੰ ਕਿਉਂ ਉਨ੍ਹਾਂ ਨੂੰ ਆਪਣੇ ਗੁੱਸੇ ਦੀ ਅੱਗ ਨਾਲ ਭਸਮ ਕਰਨਾ ਚਾਹੁੰਦਾ ਹੈਂ?+
12 ਮਿਸਰੀ ਕਿਉਂ ਕਹਿਣ, ‘ਜਦੋਂ ਉਨ੍ਹਾਂ ਦਾ ਪਰਮੇਸ਼ੁਰ ਉਨ੍ਹਾਂ ਨੂੰ ਕੱਢ ਕੇ ਲੈ ਗਿਆ ਸੀ, ਤਾਂ ਉਸ ਵੇਲੇ ਉਸ ਦਾ ਇਰਾਦਾ ਬੁਰਾ ਸੀ। ਉਹ ਉਨ੍ਹਾਂ ਨੂੰ ਪਹਾੜਾਂ ਵਿਚ ਲਿਜਾ ਕੇ ਮਾਰਨਾ ਚਾਹੁੰਦਾ ਸੀ ਅਤੇ ਧਰਤੀ ਉੱਤੋਂ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਉਣਾ ਚਾਹੁੰਦਾ ਸੀ’?+ ਤੂੰ ਆਪਣੇ ਗੁੱਸੇ ਨੂੰ ਸ਼ਾਂਤ ਕਰ ਅਤੇ ਆਪਣੇ ਲੋਕਾਂ ਉੱਤੇ ਇਹ ਆਫ਼ਤ ਲਿਆਉਣ ਦੇ ਫ਼ੈਸਲੇ ’ਤੇ ਦੁਬਾਰਾ ਸੋਚ-ਵਿਚਾਰ* ਕਰ।
13 ਆਪਣੇ ਸੇਵਕਾਂ ਅਬਰਾਹਾਮ, ਇਸਹਾਕ ਅਤੇ ਇਜ਼ਰਾਈਲ ਨੂੰ ਯਾਦ ਕਰ ਜਿਨ੍ਹਾਂ ਨਾਲ ਤੂੰ ਆਪਣੀ ਸਹੁੰ ਖਾ ਕੇ ਕਿਹਾ ਸੀ: ‘ਮੈਂ ਤੇਰੀ ਸੰਤਾਨ* ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਵਧਾਵਾਂਗਾ+ ਅਤੇ ਤੇਰੀ ਸੰਤਾਨ* ਨੂੰ ਇਹ ਸਾਰਾ ਦੇਸ਼ ਦਿਆਂਗਾ ਜੋ ਮੈਂ ਉਸ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ ਤਾਂਕਿ ਉਹ ਹਮੇਸ਼ਾ ਲਈ ਇਸ ਦੇਸ਼ ਦੀ ਮਾਲਕ ਬਣੇ।’”+
14 ਇਸ ਲਈ ਯਹੋਵਾਹ ਆਪਣੇ ਲੋਕਾਂ ’ਤੇ ਆਫ਼ਤ ਲਿਆਉਣ ਦੇ ਫ਼ੈਸਲੇ ’ਤੇ ਦੁਬਾਰਾ ਸੋਚ-ਵਿਚਾਰ* ਕਰਨ ਲੱਗਾ।+
15 ਫਿਰ ਮੂਸਾ ਮੁੜਿਆ ਅਤੇ ਪਹਾੜ ਤੋਂ ਥੱਲੇ ਉੱਤਰ ਆਇਆ। ਉਸ ਦੇ ਹੱਥਾਂ ਵਿਚ+ ਗਵਾਹੀ ਦੀਆਂ ਦੋ ਫੱਟੀਆਂ+ ਸਨ। ਫੱਟੀਆਂ ਦੇ ਦੋਵੇਂ ਪਾਸਿਆਂ ’ਤੇ ਸ਼ਬਦ ਉੱਕਰੇ ਹੋਏ ਸਨ; ਉਨ੍ਹਾਂ ਦੇ ਅਗਲੇ ਤੇ ਪਿਛਲੇ ਪਾਸੇ ਲਿਖਿਆ ਹੋਇਆ ਸੀ।
16 ਉਹ ਫੱਟੀਆਂ ਪਰਮੇਸ਼ੁਰ ਨੇ ਬਣਾਈਆਂ ਸਨ ਅਤੇ ਉਸ ਨੇ ਹੀ ਉਨ੍ਹਾਂ ਉੱਤੇ ਉਕਰਾਈ ਕਰ ਕੇ ਲਿਖਿਆ ਸੀ।+
17 ਜਦੋਂ ਯਹੋਸ਼ੁਆ ਨੇ ਲੋਕਾਂ ਦੇ ਰੌਲ਼ੇ ਦੀ ਆਵਾਜ਼ ਸੁਣੀ, ਤਾਂ ਉਸ ਨੇ ਮੂਸਾ ਨੂੰ ਕਿਹਾ: “ਛਾਉਣੀ ਤੋਂ ਲੜਾਈ ਦੀ ਆਵਾਜ਼ ਆ ਰਹੀ ਹੈ।”
18 ਪਰ ਮੂਸਾ ਨੇ ਕਿਹਾ:
“ਇਹ ਜਿੱਤ ਦੇ* ਗੀਤ ਦੀ ਆਵਾਜ਼ ਨਹੀਂ ਹੈਅਤੇ ਨਾ ਹੀ ਇਹ ਹਾਰਨ ਵਾਲਿਆਂ ਦੇ ਰੋਣ-ਕੁਰਲਾਉਣ ਦੀ ਆਵਾਜ਼ ਹੈ;ਮੈਨੂੰ ਇਹ ਵੱਖਰੀ ਕਿਸਮ ਦੇ ਗੀਤ ਦੀ ਆਵਾਜ਼ ਲੱਗਦੀ ਹੈ।”
19 ਜਿਉਂ ਹੀ ਮੂਸਾ ਨੇ ਛਾਉਣੀ ਦੇ ਨੇੜੇ ਆ ਕੇ ਵੱਛੇ ਦੀ ਮੂਰਤ ਦੇਖੀ+ ਅਤੇ ਲੋਕਾਂ ਨੂੰ ਨੱਚਦੇ ਦੇਖਿਆ, ਤਾਂ ਉਸ ਦਾ ਗੁੱਸਾ ਭੜਕ ਉੱਠਿਆ। ਉਸ ਨੇ ਹੱਥਾਂ ਵਿਚ ਫੜੀਆਂ ਫੱਟੀਆਂ ਪਹਾੜ ਕੋਲ ਜ਼ੋਰ ਨਾਲ ਸੁੱਟ ਦਿੱਤੀਆਂ ਜੋ ਟੋਟੇ-ਟੋਟੇ ਹੋ ਗਈਆਂ।+
20 ਉਸ ਨੇ ਉਹ ਵੱਛਾ ਅੱਗ ਵਿਚ ਸਾੜ ਦਿੱਤਾ ਜੋ ਉਨ੍ਹਾਂ ਨੇ ਬਣਾਇਆ ਸੀ ਅਤੇ ਫਿਰ ਕੁੱਟ-ਕੁੱਟ ਕੇ ਉਸ ਦਾ ਚੂਰਾ ਬਣਾ ਦਿੱਤਾ+ ਅਤੇ ਉਸ ਨੂੰ ਪਾਣੀ ਉੱਤੇ ਖਿਲਾਰ ਕੇ ਇਜ਼ਰਾਈਲੀਆਂ ਨੂੰ ਉਹ ਪਾਣੀ ਪਿਲਾਇਆ।+
21 ਅਤੇ ਮੂਸਾ ਨੇ ਹਾਰੂਨ ਨੂੰ ਕਿਹਾ: “ਇਨ੍ਹਾਂ ਲੋਕਾਂ ਨੇ ਤੇਰੇ ਨਾਲ ਕੀ ਕੀਤਾ ਕਿ ਤੂੰ ਇਨ੍ਹਾਂ ਤੋਂ ਇਹ ਘੋਰ ਪਾਪ ਕਰਾਇਆ?”
22 ਹਾਰੂਨ ਨੇ ਜਵਾਬ ਦਿੱਤਾ: “ਮੇਰੇ ਪ੍ਰਭੂ, ਤੂੰ ਗੁੱਸੇ ਵਿਚ ਨਾ ਭੜਕ। ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਇਨ੍ਹਾਂ ਲੋਕਾਂ ਦਾ ਧਿਆਨ ਬੁਰਾਈ ਕਰਨ ਵੱਲ ਹੀ ਲੱਗਾ ਰਹਿੰਦਾ ਹੈ।+
23 ਇਸ ਲਈ ਉਨ੍ਹਾਂ ਨੇ ਮੈਨੂੰ ਕਿਹਾ, ‘ਸਾਡੇ ਲਈ ਇਕ ਦੇਵਤਾ ਬਣਾ ਜੋ ਸਾਡੀ ਅਗਵਾਈ ਕਰੇਗਾ ਕਿਉਂਕਿ ਸਾਨੂੰ ਨਹੀਂ ਪਤਾ ਮੂਸਾ ਨੂੰ ਕੀ ਹੋ ਗਿਆ ਹੈ ਜੋ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।’+
24 ਇਸ ਲਈ ਮੈਂ ਉਨ੍ਹਾਂ ਨੂੰ ਕਿਹਾ, ‘ਜਿਸ ਕੋਲ ਵੀ ਸੋਨਾ ਹੈ, ਉਹ ਲਾਹ ਕੇ ਮੈਨੂੰ ਦੇਵੇ।’ ਫਿਰ ਮੈਂ ਸੋਨਾ ਅੱਗ ਵਿਚ ਸੁੱਟਿਆ ਅਤੇ ਇਹ ਵੱਛਾ ਨਿਕਲ ਆਇਆ।”
25 ਮੂਸਾ ਨੇ ਦੇਖਿਆ ਕਿ ਹਾਰੂਨ ਨੇ ਲੋਕਾਂ ਨੂੰ ਢਿੱਲ ਦਿੱਤੀ ਸੀ, ਇਸ ਕਰਕੇ ਉਹ ਬੇਕਾਬੂ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਵਿਰੋਧੀਆਂ ਸਾਮ੍ਹਣੇ ਆਪਣੇ ਆਪ ਨੂੰ ਬੇਇੱਜ਼ਤ ਕੀਤਾ।
26 ਫਿਰ ਮੂਸਾ ਛਾਉਣੀ ਦੇ ਦਰਵਾਜ਼ੇ ਕੋਲ ਜਾ ਕੇ ਖੜ੍ਹਾ ਹੋ ਗਿਆ ਅਤੇ ਕਿਹਾ: “ਤੁਹਾਡੇ ਵਿੱਚੋਂ ਕੌਣ ਯਹੋਵਾਹ ਵੱਲ ਹੈ? ਉਹ ਮੇਰੇ ਕੋਲ ਆਵੇ!”+ ਸਾਰੇ ਲੇਵੀ ਉਸ ਦੇ ਆਲੇ-ਦੁਆਲੇ ਇਕੱਠੇ ਹੋ ਗਏ।
27 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਇਹ ਕਿਹਾ ਹੈ, ‘ਤੁਹਾਡੇ ਵਿੱਚੋਂ ਹਰੇਕ ਜਣਾ ਆਪੋ-ਆਪਣੀ ਤਲਵਾਰ ਲੱਕ ਨਾਲ ਬੰਨ੍ਹੇ ਅਤੇ ਇਕ ਦਰਵਾਜ਼ੇ ਤੋਂ ਲੈ ਕੇ ਦੂਜੇ ਦਰਵਾਜ਼ੇ ਤਕ ਸਾਰੀ ਛਾਉਣੀ ਵਿੱਚੋਂ ਦੀ ਲੰਘ ਕੇ ਆਪਣੇ ਭਰਾ, ਗੁਆਂਢੀ ਤੇ ਆਪਣੇ ਸਾਥੀ ਨੂੰ ਵੱਢ ਸੁੱਟੇ।’”+
28 ਲੇਵੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਮੂਸਾ ਨੇ ਕਿਹਾ ਸੀ। ਇਸ ਲਈ ਉਸ ਦਿਨ ਲਗਭਗ 3,000 ਆਦਮੀ ਮਾਰੇ ਗਏ।
29 ਫਿਰ ਮੂਸਾ ਨੇ ਕਿਹਾ: “ਤੁਸੀਂ ਅੱਜ ਆਪਣੇ ਆਪ ਨੂੰ ਯਹੋਵਾਹ ਦੀ ਸੇਵਾ ਲਈ ਵੱਖ ਕਰੋ* ਕਿਉਂਕਿ ਤੁਸੀਂ ਆਪਣੇ ਹੀ ਪੁੱਤਰਾਂ ਅਤੇ ਆਪਣੇ ਹੀ ਭਰਾਵਾਂ ਦੇ ਵਿਰੁੱਧ ਹੱਥ ਚੁੱਕਿਆ।+ ਇਸ ਲਈ ਅੱਜ ਉਹ ਤੁਹਾਨੂੰ ਬਰਕਤ ਦੇਵੇਗਾ।”+
30 ਫਿਰ ਅਗਲੇ ਦਿਨ ਮੂਸਾ ਨੇ ਲੋਕਾਂ ਨੂੰ ਕਿਹਾ: “ਤੁਸੀਂ ਘੋਰ ਪਾਪ ਕੀਤਾ ਹੈ ਅਤੇ ਹੁਣ ਮੈਂ ਪਹਾੜ ’ਤੇ ਯਹੋਵਾਹ ਕੋਲ ਜਾਵਾਂਗਾ ਅਤੇ ਉਸ ਦੀਆਂ ਮਿੰਨਤਾਂ ਕਰਾਂਗਾ ਅਤੇ ਸ਼ਾਇਦ ਉਹ ਤੁਹਾਡਾ ਪਾਪ ਮਾਫ਼ ਕਰ ਦੇਵੇ।”+
31 ਇਸ ਲਈ ਮੂਸਾ ਯਹੋਵਾਹ ਕੋਲ ਵਾਪਸ ਗਿਆ ਅਤੇ ਉਸ ਨੂੰ ਕਿਹਾ: “ਲੋਕਾਂ ਨੇ ਆਪਣੇ ਲਈ ਸੋਨੇ ਦਾ ਦੇਵਤਾ ਬਣਾ ਕੇ ਕਿੰਨਾ ਵੱਡਾ ਪਾਪ ਕੀਤਾ ਹੈ!+
32 ਪਰ ਹੁਣ ਜੇ ਤੂੰ ਚਾਹੁੰਦਾ ਹੈਂ, ਤਾਂ ਉਨ੍ਹਾਂ ਦਾ ਪਾਪ ਮਾਫ਼ ਕਰ ਦੇ;+ ਜੇ ਨਹੀਂ, ਤਾਂ ਕਿਰਪਾ ਕਰ ਕੇ ਮੇਰਾ ਨਾਂ ਆਪਣੀ ਕਿਤਾਬ ਵਿੱਚੋਂ ਮਿਟਾ ਦੇ ਜੋ ਤੂੰ ਲਿਖੀ ਹੈ।”+
33 ਪਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਜਿਸ ਨੇ ਮੇਰੇ ਖ਼ਿਲਾਫ਼ ਪਾਪ ਕੀਤਾ ਹੈ, ਮੈਂ ਉਸੇ ਦਾ ਨਾਂ ਆਪਣੀ ਕਿਤਾਬ ਵਿੱਚੋਂ ਮਿਟਾਵਾਂਗਾ।
34 ਹੁਣ ਤੂੰ ਜਾਹ ਅਤੇ ਲੋਕਾਂ ਨੂੰ ਉਸ ਜਗ੍ਹਾ ਲੈ ਜਾਹ ਜਿਸ ਬਾਰੇ ਮੈਂ ਤੇਰੇ ਨਾਲ ਗੱਲ ਕੀਤੀ ਸੀ। ਦੇਖ, ਮੇਰਾ ਦੂਤ ਤੇਰੇ ਅੱਗੇ-ਅੱਗੇ ਜਾਵੇਗਾ+ ਅਤੇ ਜਿਸ ਦਿਨ ਮੈਂ ਉਨ੍ਹਾਂ ਤੋਂ ਲੇਖਾ ਲਵਾਂਗਾ, ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਪਾਪ ਦੀ ਸਜ਼ਾ ਦਿਆਂਗਾ।”
35 ਫਿਰ ਯਹੋਵਾਹ ਲੋਕਾਂ ਉੱਤੇ ਆਫ਼ਤਾਂ ਲਿਆਉਣ ਲੱਗਾ ਕਿਉਂਕਿ ਉਨ੍ਹਾਂ ਨੇ ਵੱਛਾ ਬਣਾਇਆ ਸੀ, ਹਾਂ, ਉਹੀ ਵੱਛਾ ਜੋ ਹਾਰੂਨ ਨੇ ਉਨ੍ਹਾਂ ਲਈ ਬਣਾਇਆ ਸੀ।
ਫੁਟਨੋਟ
^ ਜਾਂ, “ਢਾਲ਼ੀ ਹੋਈ ਮੂਰਤ।”
^ ਜਾਂ, “ਢਾਲ਼ੀ ਹੋਈ ਮੂਰਤ।”
^ ਜਾਂ, “ਪਛਤਾਵਾ।”
^ ਇਬ, “ਬੀ।”
^ ਇਬ, “ਬੀ।”
^ ਜਾਂ, “ਪਛਤਾਵਾ।”
^ ਜਾਂ, “ਸ਼ਕਤੀਸ਼ਾਲੀ ਕੰਮ ਬਾਰੇ।”
^ ਇਬ, “ਆਪਣਾ ਹੱਥ ਭਰੋ।”