ਅਸਤਰ 3:1-15
3 ਇਸ ਤੋਂ ਬਾਅਦ ਰਾਜਾ ਅਹਸ਼ਵੇਰੋਸ਼ ਨੇ ਅਗਾਗੀ+ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਹੋਰ ਵੀ ਉੱਚਾ ਰੁਤਬਾ ਦਿੱਤਾ+ ਅਤੇ ਉਸ ਦਾ ਸਿੰਘਾਸਣ ਉਸ ਦੇ ਨਾਲ ਦੇ ਬਾਕੀ ਸਾਰੇ ਮੰਤਰੀਆਂ ਨਾਲੋਂ ਉੱਚਾ ਕੀਤਾ।+
2 ਰਾਜੇ ਦੇ ਮਹਿਲ ਦੇ ਦਰਵਾਜ਼ੇ ’ਤੇ ਬੈਠਣ ਵਾਲੇ ਸਾਰੇ ਅਧਿਕਾਰੀ ਉਸ ਅੱਗੇ ਝੁਕਦੇ ਸਨ ਅਤੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਉਂਦੇ ਸਨ ਕਿਉਂਕਿ ਰਾਜੇ ਨੇ ਇਸ ਤਰ੍ਹਾਂ ਕਰਨ ਦਾ ਹੁਕਮ ਦਿੱਤਾ ਸੀ। ਪਰ ਮਾਰਦਕਈ ਨੇ ਉਸ ਅੱਗੇ ਝੁਕਣ ਜਾਂ ਸਿਰ ਨਿਵਾਉਣ ਤੋਂ ਇਨਕਾਰ ਕਰ ਦਿੱਤਾ।
3 ਫਿਰ ਜਿਹੜੇ ਰਾਜੇ ਦੇ ਅਧਿਕਾਰੀ ਮਹਿਲ ਦੇ ਦਰਵਾਜ਼ੇ ਕੋਲ ਹੁੰਦੇ ਸਨ, ਉਨ੍ਹਾਂ ਨੇ ਮਾਰਦਕਈ ਨੂੰ ਪੁੱਛਿਆ: “ਤੂੰ ਰਾਜੇ ਦਾ ਹੁਕਮ ਕਿਉਂ ਨਹੀਂ ਮੰਨਦਾ?”
4 ਉਹ ਹਰ ਰੋਜ਼ ਉਸ ਨੂੰ ਇਸ ਬਾਰੇ ਪੁੱਛਦੇ ਸਨ, ਪਰ ਉਹ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਸੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਇਕ ਯਹੂਦੀ ਸੀ।+ ਫਿਰ ਉਨ੍ਹਾਂ ਨੇ ਹਾਮਾਨ ਨੂੰ ਇਹ ਗੱਲ ਦੱਸੀ ਕਿਉਂਕਿ ਉਹ ਦੇਖਣਾ ਚਾਹੁੰਦੇ ਸਨ ਕਿ ਮਾਰਦਕਈ ਦਾ ਰਵੱਈਆ ਬਰਦਾਸ਼ਤ ਕੀਤਾ ਜਾਵੇਗਾ ਜਾਂ ਨਹੀਂ।+
5 ਫਿਰ ਜਦ ਹਾਮਾਨ ਨੇ ਦੇਖਿਆ ਕਿ ਮਾਰਦਕਈ ਉਸ ਅੱਗੇ ਝੁਕਣ ਅਤੇ ਸਿਰ ਨਿਵਾਉਣ ਤੋਂ ਇਨਕਾਰ ਕਰਦਾ ਸੀ, ਤਾਂ ਹਾਮਾਨ ਦਾ ਗੁੱਸਾ ਭੜਕ ਉੱਠਿਆ।+
6 ਪਰ ਇਕੱਲੇ ਮਾਰਦਕਈ ਨੂੰ ਮਾਰ ਕੇ* ਉਸ ਨੂੰ ਚੈਨ ਨਹੀਂ ਮਿਲਣਾ ਸੀ ਕਿਉਂਕਿ ਉਨ੍ਹਾਂ ਨੇ ਉਸ ਨੂੰ ਦੱਸਿਆ ਸੀ ਕਿ ਮਾਰਦਕਈ ਇਕ ਯਹੂਦੀ ਸੀ। ਇਸ ਲਈ ਉਹ ਅਹਸ਼ਵੇਰੋਸ਼ ਦੇ ਰਾਜ ਦੇ ਸਾਰੇ ਯਹੂਦੀਆਂ, ਹਾਂ, ਮਾਰਦਕਈ ਦੀ ਕੌਮ ਦੇ ਸਾਰੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਸਾਜ਼ਸ਼ ਘੜਨ ਲੱਗਾ।
7 ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ 12ਵੇਂ ਸਾਲ ਦੇ ਪਹਿਲੇ ਮਹੀਨੇ ਯਾਨੀ ਨੀਸਾਨ* ਮਹੀਨੇ+ ਹਾਮਾਨ ਦੇ ਸਾਮ੍ਹਣੇ ਪੁਰ (ਯਾਨੀ ਗੁਣੇ) ਪਾਏ ਗਏ+ ਤਾਂਕਿ ਇਸ ਸਾਜ਼ਸ਼ ਨੂੰ ਅੰਜਾਮ ਦੇਣ ਦਾ ਦਿਨ ਅਤੇ ਮਹੀਨਾ ਤੈਅ ਕੀਤਾ ਜਾ ਸਕੇ। ਇਹ ਗੁਣਾ 12ਵੇਂ ਮਹੀਨੇ ਯਾਨੀ ਅਦਾਰ* ਮਹੀਨੇ ’ਤੇ ਨਿਕਲਿਆ।+
8 ਫਿਰ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਨੂੰ ਕਿਹਾ: “ਤੇਰੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਇਕ ਕੌਮ ਫੈਲੀ ਹੋਈ ਹੈ+ ਜਿਸ ਦੇ ਕਾਨੂੰਨ ਬਾਕੀ ਸਾਰੀਆਂ ਕੌਮਾਂ ਨਾਲੋਂ ਵੱਖਰੇ ਹਨ ਅਤੇ ਇਸ ਦੇ ਲੋਕ ਰਾਜੇ ਦੇ ਕਾਨੂੰਨਾਂ ਨੂੰ ਨਹੀਂ ਮੰਨਦੇ। ਇਸ ਲਈ ਉਨ੍ਹਾਂ ਨੂੰ ਇਸ ਰਾਜ ਵਿਚ ਰਹਿਣ ਦੇਣਾ ਰਾਜੇ ਦੇ ਭਲੇ ਲਈ ਨਹੀਂ ਹੋਵੇਗਾ।
9 ਜੇ ਰਾਜੇ ਨੂੰ ਠੀਕ ਲੱਗੇ, ਤਾਂ ਉਨ੍ਹਾਂ ਨੂੰ ਨਾਸ਼ ਕਰਨ ਦਾ ਫ਼ਰਮਾਨ ਜਾਰੀ ਕੀਤਾ ਜਾਵੇ। ਮੈਂ ਤੁਹਾਡੇ ਅਧਿਕਾਰੀਆਂ ਨੂੰ ਸ਼ਾਹੀ ਖ਼ਜ਼ਾਨੇ ਲਈ 10,000 ਕਿੱਕਾਰ* ਚਾਂਦੀ ਦਿਆਂਗਾ।”*
10 ਫਿਰ ਰਾਜੇ ਨੇ ਆਪਣੀ ਉਂਗਲ ਤੋਂ ਮੁਹਰ ਵਾਲੀ ਅੰਗੂਠੀ ਲਾਹ ਕੇ+ ਯਹੂਦੀਆਂ ਦੇ ਦੁਸ਼ਮਣ ਹਾਮਾਨ ਨੂੰ ਦੇ ਦਿੱਤੀ+ ਜੋ ਅਗਾਗੀ+ ਹਮਦਾਥਾ ਦਾ ਪੁੱਤਰ ਸੀ।
11 ਰਾਜੇ ਨੇ ਹਾਮਾਨ ਨੂੰ ਕਿਹਾ: “ਮੈਂ ਉਹ ਲੋਕ ਅਤੇ ਚਾਂਦੀ ਤੇਰੇ ਹਵਾਲੇ ਕਰਦਾ ਹਾਂ। ਤੈਨੂੰ ਜੋ ਠੀਕ ਲੱਗੇ ਉਨ੍ਹਾਂ ਨਾਲ ਕਰ।”
12 ਪਹਿਲੇ ਮਹੀਨੇ ਦੀ 13 ਤਾਰੀਖ਼ ਨੂੰ ਰਾਜੇ ਦੇ ਲਿਖਾਰੀਆਂ+ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਰਾਜੇ ਦੇ ਸੂਬੇਦਾਰਾਂ, ਜ਼ਿਲ੍ਹਿਆਂ ਦੇ ਰਾਜਪਾਲਾਂ ਅਤੇ ਵੱਖੋ-ਵੱਖਰੇ ਲੋਕਾਂ ਦੇ ਮੰਤਰੀਆਂ ਲਈ ਹਾਮਾਨ ਦੇ ਸਾਰੇ ਹੁਕਮ ਲਿਖੇ।+ ਇਹ ਹੁਕਮ ਹਰ ਜ਼ਿਲ੍ਹੇ ਦੇ ਲੋਕਾਂ ਦੀ ਭਾਸ਼ਾ ਅਤੇ ਲਿਪੀ* ਵਿਚ ਲਿਖੇ ਗਏ। ਇਹ ਰਾਜੇ ਦੇ ਨਾਂ ’ਤੇ ਲਿਖੇ ਗਏ ਅਤੇ ਉਨ੍ਹਾਂ ’ਤੇ ਰਾਜੇ ਦੀ ਮੁਹਰ ਵਾਲੀ ਅੰਗੂਠੀ ਨਾਲ ਮੁਹਰ ਲਾਈ ਗਈ।+
13 ਡਾਕੀਏ ਇਹ ਚਿੱਠੀਆਂ ਲੈ ਕੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਚਲੇ ਗਏ। ਇਨ੍ਹਾਂ ਵਿਚ ਇਹ ਹੁਕਮ ਦਿੱਤਾ ਗਿਆ ਸੀ ਕਿ 12ਵੇਂ ਮਹੀਨੇ ਯਾਨੀ ਅਦਾਰ ਮਹੀਨੇ ਦੀ 13 ਤਾਰੀਖ਼ ਨੂੰ+ ਇੱਕੋ ਦਿਨ ਸਾਰੇ ਯਹੂਦੀਆਂ, ਜਵਾਨ ਅਤੇ ਬੁੱਢਿਆਂ, ਬੱਚਿਆਂ ਅਤੇ ਔਰਤਾਂ ਨੂੰ ਮਾਰ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਸਭ ਕੁਝ ਲੁੱਟ ਲਿਆ ਜਾਵੇ।+
14 ਇਸ ਚਿੱਠੀ ਵਿਚ ਲਿਖੀਆਂ ਗੱਲਾਂ ਨੂੰ ਹਰ ਜ਼ਿਲ੍ਹੇ ਵਿਚ ਕਾਨੂੰਨ ਦੇ ਤੌਰ ਤੇ ਲਾਗੂ ਕੀਤਾ ਜਾਣਾ ਸੀ ਅਤੇ ਸਾਰੇ ਲੋਕਾਂ ਵਿਚ ਇਸ ਦਾ ਐਲਾਨ ਕੀਤਾ ਜਾਣਾ ਸੀ ਤਾਂਕਿ ਉਹ ਉਸ ਦਿਨ ਤਿਆਰ ਰਹਿਣ।
15 ਰਾਜੇ ਦੇ ਹੁਕਮ ’ਤੇ ਡਾਕੀਏ ਫਟਾਫਟ ਤੁਰ ਪਏ।+ ਇਹ ਕਾਨੂੰਨ ਸ਼ੂਸ਼ਨ* ਦੇ ਕਿਲੇ* ਤੋਂ ਜਾਰੀ ਕੀਤਾ ਗਿਆ ਸੀ।+ ਫਿਰ ਰਾਜਾ ਅਤੇ ਹਾਮਾਨ ਬੈਠ ਕੇ ਦਾਖਰਸ ਪੀਣ ਲੱਗੇ, ਜਦ ਕਿ ਸ਼ੂਸ਼ਨ* ਸ਼ਹਿਰ ਵਿਚ ਹਾਹਾਕਾਰ ਮਚੀ ਹੋਈ ਸੀ।
ਫੁਟਨੋਟ
^ ਇਬ, “ਹੱਥ ਪਾ ਕੇ।”
^ ਵਧੇਰੇ ਜਾਣਕਾਰੀ 2.15 ਦੇਖੋ।
^ ਵਧੇਰੇ ਜਾਣਕਾਰੀ 2.15 ਦੇਖੋ।
^ ਜਾਂ ਸੰਭਵ ਹੈ, “ਜਿਹੜੇ ਲੋਕ ਇਹ ਕੰਮ ਕਰਨਗੇ, ਮੈਂ ਉਨ੍ਹਾਂ ਲਈ ਸ਼ਾਹੀ ਖ਼ਜ਼ਾਨੇ ਵਾਸਤੇ 10,000 ਕਿੱਕਾਰ ਚਾਂਦੀ ਦਿਆਂਗਾ।”
^ ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
^ ਜਾਂ, “ਲਿਖਣ ਦੇ ਤਰੀਕੇ।”
^ ਜਾਂ, “ਸੂਸਾ।”
^ ਜਾਂ, “ਮਹਿਲ।”
^ ਜਾਂ, “ਸੂਸਾ।”