ਅਸਤਰ 1:1-22
1 ਇਹ ਰਾਜਾ ਅਹਸ਼ਵੇਰੋਸ਼* ਦੇ ਦਿਨਾਂ ਦੀ ਗੱਲ ਹੈ ਜੋ ਭਾਰਤ ਤੋਂ ਲੈ ਕੇ ਇਥੋਪੀਆ* ਤਕ 127 ਜ਼ਿਲ੍ਹਿਆਂ ’ਤੇ ਰਾਜ ਕਰਦਾ ਸੀ।+
2 ਉਨ੍ਹਾਂ ਦਿਨਾਂ ਵਿਚ ਰਾਜਾ ਅਹਸ਼ਵੇਰੋਸ਼ ਸ਼ੂਸ਼ਨ*+ ਦੇ ਕਿਲੇ* ਤੋਂ ਰਾਜ ਕਰਦਾ ਸੀ।
3 ਉਸ ਨੇ ਆਪਣੇ ਰਾਜ ਦੇ ਤੀਸਰੇ ਸਾਲ ਵਿਚ ਆਪਣੇ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ਲਈ ਦਾਅਵਤ ਰੱਖੀ। ਉਸ ਦੀ ਦਾਅਵਤ ਵਿਚ ਫਾਰਸੀ+ ਅਤੇ ਮਾਦੀ+ ਫ਼ੌਜ ਦੇ ਸੈਨਾਪਤੀ, ਉੱਚ ਅਧਿਕਾਰੀ ਅਤੇ ਜ਼ਿਲ੍ਹਿਆਂ ਦੇ ਰਾਜਪਾਲ ਆਏ।
4 ਉਸ ਨੇ ਉਨ੍ਹਾਂ ਨੂੰ ਬਹੁਤ ਦਿਨਾਂ ਤਕ, ਹਾਂ, 180 ਦਿਨਾਂ ਤਕ ਆਪਣੇ ਸ਼ਾਨਦਾਰ ਰਾਜ ਦੀ ਸਾਰੀ ਧਨ-ਦੌਲਤ ਦਿਖਾਈ ਜੋ ਖ਼ਜ਼ਾਨੇ ਵਿਚ ਇਕੱਠੀ ਹੁੰਦੀ ਸੀ। ਨਾਲੇ ਉਸ ਨੇ ਉਨ੍ਹਾਂ ਨੂੰ ਆਪਣੇ ਰਾਜ ਦੀ ਸ਼ਾਨੋ-ਸ਼ੌਕਤ ਅਤੇ ਠਾਠ-ਬਾਠ ਦਿਖਾਈ।
5 ਇਹ ਦਿਨ ਪੂਰੇ ਹੋਣ ਤੋਂ ਬਾਅਦ ਰਾਜੇ ਨੇ ਸ਼ੂਸ਼ਨ* ਦੇ ਕਿਲੇ* ਵਿਚ ਹਾਜ਼ਰ, ਛੋਟੇ ਤੋਂ ਲੈ ਕੇ ਵੱਡੇ ਤਕ, ਸਾਰੇ ਲੋਕਾਂ ਲਈ ਸੱਤ ਦਿਨ ਦਾਅਵਤ ਰੱਖੀ। ਇਹ ਦਾਅਵਤ ਰਾਜੇ ਦੇ ਮਹਿਲ ਦੇ ਬਾਗ਼ ਦੇ ਵਿਹੜੇ ਵਿਚ ਰੱਖੀ ਗਈ ਸੀ।
6 ਵਿਹੜੇ ਨੂੰ ਮਲਮਲ ਤੇ ਵਧੀਆ ਸੂਤੀ ਕੱਪੜੇ ਦੇ ਚਿੱਟੇ ਅਤੇ ਨੀਲੇ ਪਰਦਿਆਂ ਨਾਲ ਸਜਾਇਆ ਗਿਆ ਸੀ। ਇਹ ਪਰਦੇ ਵਧੀਆ ਕੱਪੜੇ ਅਤੇ ਬੈਂਗਣੀ ਉੱਨ ਦੀਆਂ ਡੋਰੀਆਂ ਨਾਲ ਸੰਗਮਰਮਰ ਦੇ ਥੰਮ੍ਹਾਂ ’ਤੇ ਲੱਗੇ ਚਾਂਦੀ ਦੇ ਛੱਲਿਆਂ ਨਾਲ ਬੰਨ੍ਹੇ ਹੋਏ ਸਨ। ਵਿਹੜੇ ਦਾ ਫ਼ਰਸ਼ ਲਾਲ, ਚਿੱਟੇ ਅਤੇ ਕਾਲ਼ੇ ਰੰਗ ਦੇ ਸੰਗਮਰਮਰ ਦਾ ਸੀ ਅਤੇ ਇਹ ਮੋਤੀਆਂ ਨਾਲ ਜੜਿਆ ਹੋਇਆ ਸੀ ਅਤੇ ਇਸ ’ਤੇ ਸੋਨੇ ਅਤੇ ਚਾਂਦੀ ਦੇ ਦੀਵਾਨ ਰੱਖੇ ਗਏ ਸਨ।
7 ਸੋਨੇ ਦੇ ਪਿਆਲਿਆਂ* ਵਿਚ ਦਾਖਰਸ ਵਰਤਾਇਆ ਜਾ ਰਿਹਾ ਸੀ; ਹਰ ਪਿਆਲਾ ਦੂਜੇ ਨਾਲੋਂ ਵੱਖਰਾ ਸੀ। ਰਾਜੇ ਨੇ ਇੰਨੇ ਦਾਖਰਸ ਦਾ ਪ੍ਰਬੰਧ ਕੀਤਾ ਸੀ ਕਿ ਇਹ ਪਾਣੀ ਵਾਂਗ ਵਹਾਇਆ ਜਾ ਰਿਹਾ ਸੀ।
8 ਉਸ ਮੌਕੇ ’ਤੇ ਹੁਕਮ ਅਨੁਸਾਰ ਕਿਸੇ ਨੂੰ ਵੀ ਪੀਣ ਲਈ ਮਜਬੂਰ ਨਹੀਂ ਕੀਤਾ ਗਿਆ।* ਰਾਜੇ ਨੇ ਆਪਣੇ ਮਹਿਲ ਦੇ ਅਧਿਕਾਰੀਆਂ ਰਾਹੀਂ ਇਹ ਇੰਤਜ਼ਾਮ ਕੀਤਾ ਸੀ ਕਿ ਹਰ ਕੋਈ ਜਿੰਨੀ ਚਾਹੇ ਪੀ ਸਕਦਾ ਸੀ।
9 ਰਾਜਾ ਅਹਸ਼ਵੇਰੋਸ਼ ਦੇ ਮਹਿਲ ਵਿਚ ਰਾਣੀ ਵਸ਼ਤੀ+ ਨੇ ਵੀ ਔਰਤਾਂ ਲਈ ਇਕ ਦਾਅਵਤ ਰੱਖੀ।
10 ਸੱਤਵੇਂ ਦਿਨ ਜਦ ਦਾਖਰਸ ਪੀਣ ਕਰਕੇ ਰਾਜਾ ਅਹਸ਼ਵੇਰੋਸ਼ ਦਾ ਦਿਲ ਬਹੁਤ ਖ਼ੁਸ਼ ਸੀ, ਤਾਂ ਉਸ ਨੇ ਆਪਣੇ ਸੱਤ ਦਰਬਾਰੀਆਂ ਅਤੇ ਖ਼ਾਸ ਸੇਵਾਦਾਰਾਂ ਮਹੂਮਾਨ, ਬਿਜ਼ਥਾ, ਹਰਬੋਨਾ,+ ਬਿਗਥਾ, ਅਬਗਥਾ, ਜ਼ੇਥਰ ਅਤੇ ਕਰਕਸ ਨੂੰ ਕਿਹਾ
11 ਕਿ ਰਾਣੀ ਵਸ਼ਤੀ ਨੂੰ ਸ਼ਾਹੀ ਤਾਜ* ਪਹਿਨਾ ਕੇ ਰਾਜੇ ਸਾਮ੍ਹਣੇ ਪੇਸ਼ ਕੀਤਾ ਜਾਵੇ ਤਾਂਕਿ ਉਹ ਲੋਕਾਂ ਅਤੇ ਮੰਤਰੀਆਂ ਨੂੰ ਉਸ ਦੀ ਖ਼ੂਬਸੂਰਤੀ ਦਿਖਾ ਸਕੇ ਕਿਉਂਕਿ ਉਹ ਬਹੁਤ ਸੋਹਣੀ ਸੀ।
12 ਦਰਬਾਰੀਆਂ ਰਾਹੀਂ ਰਾਣੀ ਵਸ਼ਤੀ ਨੂੰ ਰਾਜੇ ਦਾ ਇਹ ਹੁਕਮ ਦੱਸਿਆ ਗਿਆ, ਪਰ ਉਸ ਨੇ ਇਹ ਹੁਕਮ ਨਹੀਂ ਮੰਨਿਆ ਅਤੇ ਉਹ ਆਉਣ ਤੋਂ ਇਨਕਾਰ ਕਰਦੀ ਰਹੀ। ਇਸ ਕਰਕੇ ਰਾਜੇ ਨੂੰ ਬਹੁਤ ਗੁੱਸਾ ਚੜ੍ਹਿਆ ਅਤੇ ਉਸ ਦਾ ਕ੍ਰੋਧ ਭੜਕ ਉੱਠਿਆ।
13 ਫਿਰ ਰਾਜੇ ਨੇ ਬੁੱਧੀਮਾਨ ਆਦਮੀਆਂ ਨਾਲ ਗੱਲ ਕੀਤੀ ਜਿਨ੍ਹਾਂ ਨੂੰ ਬੀਤੇ ਸਮੇਂ ਵਿਚ ਹੋਈਆਂ ਘਟਨਾਵਾਂ* ਦੀ ਸਮਝ ਸੀ। (ਉਹ ਹਮੇਸ਼ਾ ਉਨ੍ਹਾਂ ਨਾਲ ਸਲਾਹ ਕਰਦਾ ਸੀ ਕਿਉਂਕਿ ਉਹ ਕਾਨੂੰਨ ਅਤੇ ਕਾਨੂੰਨੀ ਮਾਮਲਿਆਂ ਦੇ ਮਾਹਰ ਸਨ।
14 ਫਾਰਸ ਅਤੇ ਮਾਦਾ ਦੇ ਇਹ ਸੱਤ ਮੰਤਰੀ+ ਰਾਜੇ ਦੇ ਸਭ ਤੋਂ ਕਰੀਬੀ ਸਨ: ਕਰਸ਼ਨਾ, ਸ਼ੇਥਾਰ, ਅਧਮਾਥਾ, ਤਰਸ਼ੀਸ਼, ਮਰਸ, ਮਰਸਨਾ ਅਤੇ ਮਮੂਕਾਨ। ਉਹ ਰਾਜੇ ਦੇ ਸਾਮ੍ਹਣੇ ਹਾਜ਼ਰ ਹੁੰਦੇ ਸਨ ਅਤੇ ਰਾਜ ਵਿਚ ਸਭ ਤੋਂ ਉੱਚੇ ਅਹੁਦਿਆਂ ’ਤੇ ਸਨ।)
15 ਰਾਜੇ ਨੇ ਪੁੱਛਿਆ: “ਰਾਣੀ ਵਸ਼ਤੀ ਨਾਲ ਕਾਨੂੰਨ ਅਨੁਸਾਰ ਕੀ ਕੀਤਾ ਜਾਵੇ ਕਿਉਂਕਿ ਉਸ ਨੇ ਮੇਰਾ, ਰਾਜਾ ਅਹਸ਼ਵੇਰੋਸ਼ ਦਾ ਹੁਕਮ ਨਹੀਂ ਮੰਨਿਆ ਜੋ ਉਸ ਨੂੰ ਦਰਬਾਰੀਆਂ ਰਾਹੀਂ ਦਿੱਤਾ ਗਿਆ ਸੀ?”
16 ਇਹ ਸੁਣ ਕੇ ਮਮੂਕਾਨ ਨੇ ਰਾਜੇ ਅਤੇ ਮੰਤਰੀਆਂ ਦੀ ਹਾਜ਼ਰੀ ਵਿਚ ਕਿਹਾ: “ਰਾਣੀ ਵਸ਼ਤੀ ਨੇ ਸਿਰਫ਼ ਰਾਜੇ ਦੇ ਖ਼ਿਲਾਫ਼ ਨਹੀਂ,+ ਸਗੋਂ ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਮੰਤਰੀਆਂ ਅਤੇ ਸਾਰੇ ਲੋਕਾਂ ਦੇ ਖ਼ਿਲਾਫ਼ ਗ਼ਲਤੀ ਕੀਤੀ ਹੈ।
17 ਰਾਣੀ ਦੀ ਇਹ ਹਰਕਤ ਸਾਰੀਆਂ ਔਰਤਾਂ ਨੂੰ ਪਤਾ ਲੱਗ ਜਾਵੇਗੀ ਅਤੇ ਉਹ ਆਪਣੇ ਪਤੀਆਂ ਦਾ ਅਪਮਾਨ ਕਰਨਗੀਆਂ ਅਤੇ ਕਹਿਣਗੀਆਂ, ‘ਰਾਜਾ ਅਹਸ਼ਵੇਰੋਸ਼ ਨੇ ਰਾਣੀ ਵਸ਼ਤੀ ਨੂੰ ਹਾਜ਼ਰ ਹੋਣ ਲਈ ਕਿਹਾ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ।’
18 ਨਾਲੇ ਅੱਜ ਜਦੋਂ ਫਾਰਸ ਅਤੇ ਮਾਦਾ ਦੇ ਮੰਤਰੀਆਂ ਦੀਆਂ ਪਤਨੀਆਂ ਨੂੰ ਪਤਾ ਲੱਗੇਗਾ ਕਿ ਰਾਣੀ ਨੇ ਕੀ ਕੀਤਾ, ਤਾਂ ਉਹ ਵੀ ਆਪਣੇ ਪਤੀਆਂ ਨਾਲ ਉਸੇ ਤਰ੍ਹਾਂ ਗੱਲ ਕਰਨਗੀਆਂ ਅਤੇ ਉਨ੍ਹਾਂ ਦਾ ਅਪਮਾਨ ਕਰਨਗੀਆਂ ਜਿਸ ਕਰਕੇ ਘਰ-ਘਰ ਕਲੇਸ਼ ਹੋਵੇਗਾ।
19 ਜੇ ਰਾਜੇ ਨੂੰ ਚੰਗਾ ਲੱਗੇ, ਤਾਂ ਇਹ ਸ਼ਾਹੀ ਫ਼ਰਮਾਨ ਜਾਰੀ ਕੀਤਾ ਜਾਵੇ ਕਿ ਵਸ਼ਤੀ ਹੁਣ ਕਦੇ ਵੀ ਰਾਜਾ ਅਹਸ਼ਵੇਰੋਸ਼ ਦੇ ਸਾਮ੍ਹਣੇ ਪੇਸ਼ ਨਹੀਂ ਹੋ ਸਕਦੀ ਅਤੇ ਰਾਜਾ ਉਸ ਦੀ ਥਾਂ ਕਿਸੇ ਹੋਰ ਨੂੰ ਰਾਣੀ ਬਣਾਵੇ ਜੋ ਉਸ ਨਾਲੋਂ ਚੰਗੀ ਹੋਵੇ। ਇਹ ਫ਼ਰਮਾਨ ਫਾਰਸੀ ਅਤੇ ਮਾਦੀ ਕਾਨੂੰਨ ਵਿਚ ਲਿਖਿਆ ਜਾਵੇ ਜਿਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ।+
20 ਜਦੋਂ ਇਹ ਫ਼ਰਮਾਨ ਸਾਰੇ ਰਾਜ ਵਿਚ ਸੁਣਾਇਆ ਜਾਵੇਗਾ, ਤਾਂ ਛੋਟੇ ਤੋਂ ਲੈ ਕੇ ਵੱਡੇ ਤਕ ਸਾਰੇ ਆਦਮੀਆਂ ਦੀਆਂ ਪਤਨੀਆਂ ਉਨ੍ਹਾਂ ਦਾ ਆਦਰ ਕਰਨਗੀਆਂ।”
21 ਰਾਜੇ ਅਤੇ ਮੰਤਰੀਆਂ ਨੂੰ ਇਹ ਸਲਾਹ ਚੰਗੀ ਲੱਗੀ ਅਤੇ ਰਾਜੇ ਨੇ ਮਮੂਕਾਨ ਦੇ ਕਹੇ ਅਨੁਸਾਰ ਕੀਤਾ।
22 ਇਸ ਲਈ ਉਸ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਉੱਥੇ ਦੇ ਲੋਕਾਂ ਦੀ ਭਾਸ਼ਾ ਅਤੇ ਲਿਖਤ* ਵਿਚ ਚਿੱਠੀਆਂ ਭੇਜੀਆਂ।+ ਚਿੱਠੀ ਵਿਚ ਕਿਹਾ ਗਿਆ ਕਿ ਹਰ ਘਰ ਵਿਚ ਪਤੀ ਮੁਖੀ* ਹੋਵੇਗਾ ਅਤੇ ਘਰ ਵਿਚ ਉਸ ਦੇ ਲੋਕਾਂ ਦੀ ਭਾਸ਼ਾ ਬੋਲੀ ਜਾਵੇਗੀ।
ਫੁਟਨੋਟ
^ ਮੰਨਿਆ ਜਾਂਦਾ ਹੈ ਕਿ ਇਹ ਜ਼ਰਕਸੀਜ਼ ਪਹਿਲਾ ਸੀ ਜੋ ਦਾਰਾ ਮਹਾਨ (ਡਰਾਇਸ ਹਿੱਸਟੈਸਪਸ) ਦਾ ਪੁੱਤਰ ਸੀ।
^ ਜਾਂ, “ਕੂਸ਼।”
^ ਜਾਂ, “ਸੂਸਾ।”
^ ਜਾਂ, “ਮਹਿਲ।”
^ ਜਾਂ, “ਸੂਸਾ।”
^ ਜਾਂ, “ਮਹਿਲ।”
^ ਜਾਂ, “ਭਾਂਡਿਆਂ; ਕਟੋਰਿਆਂ।”
^ ਯਾਨੀ, ਆਪਣੀ ਇੱਛਾ ਅਨੁਸਾਰ ਥੋੜ੍ਹੀ ਜਾਂ ਜ਼ਿਆਦਾ।
^ ਜਾਂ, “ਪਗੜੀ।”
^ ਇਬ, “ਸਮਿਆਂ।”
^ ਜਾਂ, “ਲਿਖਣ ਦੇ ਤਰੀਕੇ।”
^ ਜਾਂ, “ਪ੍ਰਧਾਨ।”