Skip to content

ਕੀ ਟੈਕਸ ਦੇਣਾ ਜ਼ਰੂਰੀ ਹੈ?

ਕੀ ਟੈਕਸ ਦੇਣਾ ਜ਼ਰੂਰੀ ਹੈ?

ਕੀ ਟੈਕਸ ਦੇਣਾ ਜ਼ਰੂਰੀ ਹੈ?

ਕੁਝ ਹੀ ਲੋਕਾਂ ਨੂੰ ਟੈਕਸ ਦੇਣਾ ਪਸੰਦ ਹੈ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਵੱਲੋਂ ਦਿੱਤੇ ਜਾਂਦੇ ਟੈਕਸ ਦੀ ਗ਼ਲਤ ਵਰਤੋਂ ਕੀਤੀ ਜਾਂਦੀ ਹੈ। ਟੈਕਸ ਨਾ ਦੇਣ ਦੇ ਆਪਣੇ ਫ਼ੈਸਲੇ ਬਾਰੇ ਮੱਧ-ਪੂਰਬੀ ਦੇਸ਼ ਦੇ ਇਕ ਸ਼ਹਿਰ ਦੇ ਲੋਕਾਂ ਨੇ ਕਿਹਾ: “ਅਸੀਂ ਬੰਦੂਕ ਦੀਆਂ ਗੋਲੀਆਂ ਖ਼ਰੀਦਣ ਲਈ ਪੈਸੇ ਨਹੀਂ ਦੇਵਾਂਗੇ ਜਿਨ੍ਹਾਂ ਨਾਲ ਸਾਡੇ ਬੱਚਿਆਂ ਦੀ ਜਾਨ ਲਈ ਜਾਵੇ।”

ਪੁਰਾਣੇ ਸਮੇਂ ਤੋਂ ਹੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਹੀ ਸੋਚਦੇ ਆਏ ਹਨ। ਹਿੰਦੂ ਨੇਤਾ ਮੋਹਨਦਾਸ ਗਾਂਧੀ ਨੇ ਦੱਸਿਆ ਕਿ ਕਿਉਂ ਉਸ ਦੀ ਜ਼ਮੀਰ ਉਸ ਨੂੰ ਟੈਕਸ ਦੇਣ ਤੋਂ ਰੋਕਦੀ ਹੈ। ਉਸ ਨੇ ਕਿਹਾ: “ਜਿਹੜਾ ਵੀ ਦੇਸ਼ ਕਿਸੇ ਫ਼ੌਜ ਦੇ ਸਹਾਰੇ ਚੱਲਦਾ ਹੈ, ਚਾਹੇ ਇਹ ਸਿੱਧੇ ਤੌਰ ਤੇ ਹੋਵੇ ਜਾਂ ਹੋਰ ਤਰੀਕੇ ਨਾਲ, ਉਸ ਦੇਸ਼ ਦਾ ਸਮਰਥਨ ਕਰਨਾ ਪਾਪ ਹੈ। ਟੈਕਸ ਦੇ ਕੇ ਸਾਰੇ ਜਣੇ, ਜਵਾਨ-ਬੁੱਢੇ, ਇਸ ਪਾਪ ਦੇ ਹਿੱਸੇਦਾਰ ਬਣਦੇ ਹਨ।”

ਇਸੇ ਤਰ੍ਹਾਂ 19ਵੀਂ ਸਦੀ ਦੇ ਫ਼ਿਲਾਸਫ਼ਰ ਹੈਨਰੀ ਡੇਵਿਡ ਥਰੋ ਨੇ ਇਸ ਲਈ ਟੈਕਸ ਦੇਣ ਤੋਂ ਇਨਕਾਰ ਕੀਤਾ ਕਿਉਂਕਿ ਇਹ ਪੈਸਾ ਯੁੱਧਾਂ ਲਈ ਵਰਤਿਆ ਜਾਂਦਾ ਸੀ। ਉਸ ਨੇ ਕਿਹਾ: “ਇਕ ਨਾਗਰਿਕ ਨੂੰ ਜੋ ਫ਼ੈਸਲਾ ਆਪਣੀ ਜ਼ਮੀਰ ਮੁਤਾਬਕ ਕਰਨਾ ਚਾਹੀਦਾ ਹੈ, ਉਹ ਫ਼ੈਸਲਾ ਕਿਸੇ ਮੰਤਰੀ ਉੱਤੇ ਕਿਉਂ ਛੱਡਿਆ ਜਾਵੇ? ਜੇ ਸਾਨੂੰ ਆਪਣੀ ਜ਼ਮੀਰ ਮੁਤਾਬਕ ਫ਼ੈਸਲਾ ਕਰਨ ਦਾ ਹੱਕ ਨਹੀਂ ਹੈ, ਤਾਂ ਫਿਰ ਹਰ ਇਨਸਾਨ ਕੋਲ ਜ਼ਮੀਰ ਕਿਉਂ ਹੈ?”

ਬਾਈਬਲ ਦੱਸਦੀ ਹੈ ਕਿ ਮਸੀਹੀਆਂ ਨੂੰ ਹਰ ਮਾਮਲੇ ਵਿਚ ਆਪਣੀ ਜ਼ਮੀਰ ਸਾਫ਼ ਰੱਖਣੀ ਚਾਹੀਦੀ ਹੈ। (2 ਤਿਮੋਥਿਉਸ 1:3) ਨਾਲੇ ਬਾਈਬਲ ਇਹ ਵੀ ਦੱਸਦੀ ਹੈ ਕਿ ਸਰਕਾਰ ਕੋਲ ਟੈਕਸ ਇਕੱਠਾ ਕਰਨ ਦਾ ਅਧਿਕਾਰ ਹੈ। ਇਹ ਦੱਸਦੀ ਹੈ: “ਹਰ ਇਨਸਾਨ ਉੱਚ ਅਧਿਕਾਰੀਆਂ [ਇਨਸਾਨੀ ਸਰਕਾਰਾਂ] ਦੇ ਅਧੀਨ ਰਹੇ ਕਿਉਂਕਿ ਅਜਿਹਾ ਕੋਈ ਅਧਿਕਾਰ ਨਹੀਂ ਹੈ ਜਿਹੜਾ ਪਰਮੇਸ਼ੁਰ ਦੀ ਇਜਾਜ਼ਤ ਤੋਂ ਬਿਨਾਂ ਹੋਵੇ; ਪਰਮੇਸ਼ੁਰ ਨੇ ਮੌਜੂਦਾ ਅਧਿਕਾਰੀਆਂ ਨੂੰ ਵੱਖੋ-ਵੱਖਰੇ ਦਰਜਿਆਂ ʼਤੇ ਰੱਖਿਆ ਹੈ। ਇਸ ਲਈ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਜ਼ਾ ਦੇ ਡਰੋਂ ਹੀ ਨਹੀਂ, ਸਗੋਂ ਆਪਣੀ ਜ਼ਮੀਰ ਦੀ ਖ਼ਾਤਰ ਵੀ ਉਨ੍ਹਾਂ ਦੇ ਅਧੀਨ ਰਹੋ। ਇਸੇ ਕਰਕੇ ਤੁਸੀਂ ਟੈਕਸ ਵੀ ਭਰਦੇ ਹੋ ਕਿਉਂਕਿ ਉਹ ਲੋਕਾਂ ਦੀ ਸੇਵਾ ਵਾਸਤੇ ਪਰਮੇਸ਼ੁਰ ਦੁਆਰਾ ਨਿਯੁਕਤ ਕੀਤੇ ਗਏ ਸੇਵਕ ਹਨ ਅਤੇ ਉਹ ਆਪਣੀ ਇਹ ਜ਼ਿੰਮੇਵਾਰੀ ਹਮੇਸ਼ਾ ਪੂਰੀ ਕਰਦੇ ਹਨ। ਉਨ੍ਹਾਂ ਦਾ ਜੋ ਵੀ ਹੱਕ ਬਣਦਾ ਹੈ, ਉਨ੍ਹਾਂ ਨੂੰ ਦਿਓ। ਜਿਹੜਾ ਟੈਕਸ ਮੰਗਦਾ ਹੈ, ਉਸ ਨੂੰ ਟੈਕਸ ਦਿਓ।”​—ਰੋਮੀਆਂ 13:1, 5-7.

ਇਸੇ ਕਰਕੇ ਪਹਿਲੀ ਸਦੀ ਦੇ ਮਸੀਹੀ ਟੈਕਸ ਦੇਣ ਲਈ ਮਸ਼ਹੂਰ ਸਨ, ਭਾਵੇਂ ਕਿ ਜ਼ਿਆਦਾਤਰ ਟੈਕਸ ਫ਼ੌਜ ʼਤੇ ਖ਼ਰਚ ਕੀਤਾ ਜਾਂਦਾ ਸੀ। ਇਹ ਗੱਲ ਅੱਜ ਯਹੋਵਾਹ ਦੇ ਗਵਾਹਾਂ ਬਾਰੇ ਵੀ ਸੱਚ ਹੈ। a ਫਿਰ ਮਸੀਹੀ ਟੈਕਸ ਕਿਉਂ ਦਿੰਦੇ ਹਨ ਜੇ ਟੈਕਸ ਦਾ ਪੈਸਾ ਉਨ੍ਹਾਂ ਕੰਮਾਂ ʼਤੇ ਖ਼ਰਚਿਆ ਜਾਂਦਾ ਹੈ ਜਿਨ੍ਹਾਂ ਦਾ ਉਹ ਸਮਰਥਨ ਨਹੀਂ ਕਰਦੇ? ਕੀ ਟੈਕਸ ਦਿੰਦਿਆਂ ਮਸੀਹੀ ਆਪਣੀ ਜ਼ਮੀਰ ਦੀ ਆਵਾਜ਼ ਨੂੰ ਦਬਾ ਲੈਂਦੇ ਹਨ?

ਟੈਕਸ ਅਤੇ ਜ਼ਮੀਰ

ਇਹ ਸੱਚ ਹੈ ਕਿ ਪਹਿਲੀ ਸਦੀ ਦੇ ਮਸੀਹੀਆਂ ਦੁਆਰਾ ਦਿੱਤੇ ਜਾਂਦੇ ਟੈਕਸ ਦਾ ਜ਼ਿਆਦਾਤਰ ਹਿੱਸਾ ਫ਼ੌਜ ʼਤੇ ਖ਼ਰਚ ਕੀਤਾ ਜਾਂਦਾ ਸੀ। ਪਰ ਉਹ ਆਪਣੀ ਜ਼ਮੀਰ ਸਾਫ਼ ਰੱਖਣ ਲਈ ਇਹ ਟੈਕਸ ਦਿੰਦੇ ਸਨ। ਦੂਜੇ ਪਾਸੇ, ਗਾਂਧੀ ਤੇ ਥਰੋ ਨੇ ਕਿਹਾ ਕਿ ਜ਼ਮੀਰ ਸਾਫ਼ ਰੱਖਣ ਲਈ ਉਹ ਫ਼ੌਜ ʼਤੇ ਖ਼ਰਚਣ ਲਈ ਟੈਕਸ ਨਹੀਂ ਦੇਣਗੇ।

ਗੌਰ ਕਰੋ ਕਿ ਰੋਮੀਆਂ ਅਧਿਆਇ 13 ਵਿਚ ਦਿੱਤੇ ਹੁਕਮ ਨੂੰ ਮਸੀਹੀ ਸਿਰਫ਼ ਇਸ ਕਰਕੇ ਨਹੀਂ ਮੰਨਦੇ ਸਨ ਕਿਉਂਕਿ ਉਹ ਸਜ਼ਾ ਤੋਂ ਬਚਣਾ ਚਾਹੁੰਦੇ ਸਨ, ਸਗੋਂ “ਆਪਣੀ ਜ਼ਮੀਰ ਦੀ ਖ਼ਾਤਰ ਵੀ” ਇਹ ਹੁਕਮ ਮੰਨਦੇ ਸਨ। (ਰੋਮੀਆਂ 13:5) ਜੀ ਹਾਂ, ਇਕ ਮਸੀਹੀ ਦੀ ਜ਼ਮੀਰ ਉਸ ਨੂੰ ਟੈਕਸ ਦੇਣ ਲਈ ਪ੍ਰੇਰਦੀ ਹੈ, ਭਾਵੇਂ ਕਿ ਉਸ ਵੱਲੋਂ ਦਿੱਤਾ ਟੈਕਸ ਉਨ੍ਹਾਂ ਕੰਮਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦਾ ਉਹ ਸਮਰਥਨ ਨਹੀਂ ਕਰਦਾ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸਾਡੀ ਜ਼ਮੀਰ ਕਿਵੇਂ ਕੰਮ ਕਰਦੀ ਹੈ। ਜ਼ਮੀਰ ਸਾਡੇ ਅੰਦਰਲੀ ਆਵਾਜ਼ ਹੈ ਜੋ ਸਾਨੂੰ ਸਹੀ ਅਤੇ ਗ਼ਲਤ ਵਿਚ ਫ਼ਰਕ ਦੱਸਦੀ ਹੈ।

ਥਰੋ ਵਾਂਗ ਸਾਡੇ ਸਾਰਿਆਂ ਕੋਲ ਜ਼ਮੀਰ ਹੈ, ਪਰ ਅਸੀਂ ਹਮੇਸ਼ਾ ਇਸ ʼਤੇ ਭਰੋਸਾ ਨਹੀਂ ਕਰ ਸਕਦੇ। ਰੱਬ ਨੂੰ ਖ਼ੁਸ਼ ਕਰਨ ਲਈ ਸਾਨੂੰ ਉਸ ਦੇ ਮਿਆਰਾਂ ਅਨੁਸਾਰ ਆਪਣੀ ਜ਼ਮੀਰ ਨੂੰ ਸਿਖਲਾਈ ਦੇਣ ਦੀ ਲੋੜ ਹੈ। ਸਾਨੂੰ ਅਕਸਰ ਆਪਣੀ ਸੋਚ ਜਾਂ ਨਜ਼ਰੀਏ ਨੂੰ ਰੱਬ ਦੀ ਸੋਚ ਜਾਂ ਨਜ਼ਰੀਏ ਅਨੁਸਾਰ ਢਾਲ਼ਣਾ ਚਾਹੀਦਾ ਹੈ ਕਿਉਂਕਿ ਉਸ ਦੇ ਵਿਚਾਰ ਸਾਡੇ ਵਿਚਾਰਾਂ ਤੋਂ ਕਿਤੇ ਉੱਤਮ ਹਨ। (ਜ਼ਬੂਰ 19:7) ਇਸ ਲਈ ਸਾਨੂੰ ਜਾਣਨ ਦੀ ਲੋੜ ਹੈ ਕਿ ਸਰਕਾਰਾਂ ਬਾਰੇ ਰੱਬ ਦਾ ਕੀ ਨਜ਼ਰੀਆ ਹੈ। ਆਓ ਜਾਣੀਏ।

ਅਸੀਂ ਦੇਖਿਆ ਕਿ ਪੌਲੁਸ ਰਸੂਲ ਨੇ ਸਰਕਾਰਾਂ ਨੂੰ “ਪਰਮੇਸ਼ੁਰ ਦੁਆਰਾ ਨਿਯੁਕਤ ਕੀਤੇ ਗਏ ਸੇਵਕ” ਕਿਹਾ। (ਰੋਮੀਆਂ 13:6) ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਉਹ ਸਮਾਜ ਵਿਚ ਸ਼ਾਂਤੀ ਬਣਾਈ ਰੱਖਦੇ ਹਨ ਅਤੇ ਹੋਰ ਜ਼ਰੂਰੀ ਕੰਮ ਕਰਦੇ ਹਨ। ਇੱਥੋਂ ਤਕ ਕਿ ਸਭ ਤੋਂ ਭ੍ਰਿਸ਼ਟ ਸਰਕਾਰਾਂ ਵੀ ਅਕਸਰ ਇਹ ਕੰਮ ਕਰਦੀਆਂ ਹਨ, ਜਿਵੇਂ ਡਾਕ ਪਹੁੰਚਾਉਣ, ਸਿੱਖਿਆ ਦੇਣ ਤੇ ਅੱਗ ਬੁਝਾਉਣ ਦਾ ਪ੍ਰਬੰਧ ਕਰਨਾ ਅਤੇ ਕਾਨੂੰਨ ਲਾਗੂ ਕਰਨੇ। ਚਾਹੇ ਰੱਬ ਨੂੰ ਪਤਾ ਹੈ ਕਿ ਇਨ੍ਹਾਂ ਇਨਸਾਨੀ ਸਰਕਾਰਾਂ ਵਿਚ ਕਿੰਨੇ ਨੁਕਸ ਹਨ, ਪਰ ਫਿਰ ਵੀ ਉਹ ਇਨ੍ਹਾਂ ਨੂੰ ਬਰਦਾਸ਼ਤ ਕਰ ਰਿਹਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਇਸ ਪ੍ਰਬੰਧ ਯਾਨੀ ਸਰਕਾਰਾਂ ਦਾ ਆਦਰ ਕਰਦੇ ਹੋਏ ਟੈਕਸ ਭਰੀਏ।

ਪਰਮੇਸ਼ੁਰ ਨੇ ਸਰਕਾਰਾਂ ਨੂੰ ਰਾਜ ਕਰਨ ਲਈ ਥੋੜ੍ਹਾ ਹੀ ਸਮਾਂ ਦਿੱਤਾ ਹੈ। ਉਸ ਨੇ ਤੈਅ ਕੀਤਾ ਹੈ ਕਿ ਉਹ ਇਨ੍ਹਾਂ ਸਾਰੀਆਂ ਸਰਕਾਰਾਂ ਦੀ ਥਾਂ ਆਪਣਾ ਸਵਰਗੀ ਰਾਜ ਕਾਇਮ ਕਰੇਗਾ ਅਤੇ ਸਦੀਆਂ ਤੋਂ ਸਰਕਾਰਾਂ ਵੱਲੋਂ ਕੀਤੇ ਹਰ ਨੁਕਸਾਨ ਦੀ ਭਰਪਾਈ ਕਰੇਗਾ। (ਦਾਨੀਏਲ 2:44; ਮੱਤੀ 6:10) ਪਰ ਉਹ ਸਮਾਂ ਆਉਣ ਤਕ ਪਰਮੇਸ਼ੁਰ ਚਾਹੁੰਦਾ ਹੈ ਕਿ ਮਸੀਹੀ ਟੈਕਸ ਦੇਣ ਤੋਂ ਇਨਕਾਰ ਨਾ ਕਰਨ ਜਾਂ ਕਿਸੇ ਹੋਰ ਤਰੀਕੇ ਨਾਲ ਸਰਕਾਰਾਂ ਦੀ ਅਣਆਗਿਆਕਾਰੀ ਨਾ ਕਰਨ।

ਪਰ ਕੀ ਤੁਹਾਨੂੰ ਅਜੇ ਵੀ ਗਾਂਧੀ ਵਾਂਗ ਲੱਗਦਾ ਹੈ ਕਿ ਟੈਕਸ ਦੇਣਾ ਪਾਪ ਹੈ ਕਿਉਂਕਿ ਇਸ ਦੀ ਵਰਤੋਂ ਯੁੱਧ ਲਈ ਕੀਤੀ ਜਾਂਦੀ ਹੈ? ਜੇ ਇੱਦਾਂ ਹੈ, ਤਾਂ ਇਸ ਉਦਾਹਰਣ ʼਤੇ ਗੌਰ ਕਰੋ: ਜੇ ਕੋਈ ਵਿਅਕਤੀ ਜ਼ਮੀਨ ʼਤੇ ਖੜ੍ਹਾ ਹੋ ਕੇ ਕਿਸੇ ਜਗ੍ਹਾ ਨੂੰ ਦੇਖਦਾ ਹੈ, ਤਾਂ ਉਹ ਇਸ ਦਾ ਇਕ ਛੋਟਾ ਜਿਹਾ ਹਿੱਸਾ ਹੀ ਦੇਖ ਪਾਉਂਦਾ ਹੈ, ਪਰ ਜੇ ਉਹ ਪਹਾੜ ʼਤੇ ਚੜ੍ਹ ਕੇ ਉਸ ਜਗ੍ਹਾ ਨੂੰ ਦੇਖੇ, ਤਾਂ ਉਹ ਹੋਰ ਵੀ ਬਹੁਤ ਕੁਝ ਦੇਖ ਸਕਦਾ ਹੈ। ਇਸੇ ਤਰ੍ਹਾਂ ਜੇ ਅਸੀਂ ਯਾਦ ਰੱਖੀਏ ਕਿ ਪਰਮੇਸ਼ੁਰ ਦੇ ਵਿਚਾਰ ਸਾਡੇ ਵਿਚਾਰਾਂ ਤੋਂ ਕਿਤੇ ਜ਼ਿਆਦਾ ਉੱਚੇ ਹਨ, ਤਾਂ ਅਸੀਂ ਆਸਾਨੀ ਨਾਲ ਆਪਣੇ ਵਿਚਾਰਾਂ ਵਿਚ ਬਦਲਾਅ ਕਰ ਸਕਦੇ ਹਾਂ। ਯਸਾਯਾਹ ਨਬੀ ਰਾਹੀਂ ਪਰਮੇਸ਼ੁਰ ਨੇ ਕਿਹਾ: “ਜਿਵੇਂ ਆਕਾਸ਼ ਧਰਤੀ ਤੋਂ ਉੱਚੇ ਹਨ, ਉਸੇ ਤਰ੍ਹਾਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ ਅਤੇ ਮੇਰੇ ਵਿਚਾਰ ਤੁਹਾਡੇ ਵਿਚਾਰਾਂ ਤੋਂ ਉੱਚੇ ਹਨ।”​—ਯਸਾਯਾਹ 55:8, 9.

ਸਾਡੇ ʼਤੇ ਪੂਰਾ ਅਧਿਕਾਰ ਕਿਸ ਦਾ ਹੈ?

ਭਾਵੇਂ ਬਾਈਬਲ ਸਿਖਾਉਂਦੀ ਹੈ ਕਿ ਸਾਨੂੰ ਟੈਕਸ ਦੇਣਾ ਚਾਹੀਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਸਰਕਾਰਾਂ ਨੂੰ ਆਪਣੇ ਲੋਕਾਂ ʼਤੇ ਪੂਰਾ ਅਧਿਕਾਰ ਹੈ। ਯਿਸੂ ਨੇ ਦੱਸਿਆ ਸੀ ਕਿ ਪਰਮੇਸ਼ੁਰ ਨੇ ਇਨ੍ਹਾਂ ਸਰਕਾਰਾਂ ਨੂੰ ਕੁਝ ਹੱਦ ਤਕ ਅਧਿਕਾਰ ਦਿੱਤਾ ਹੈ। ਜਦੋਂ ਯਿਸੂ ਨੂੰ ਪੁੱਛਿਆ ਗਿਆ ਸੀ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਸ ਸਮੇਂ ਦੀ ਰੋਮੀ ਸਰਕਾਰ ਨੂੰ ਟੈਕਸ ਦੇਣਾ ਜਾਇਜ਼ ਹੈ ਜਾਂ ਨਹੀਂ, ਤਾਂ ਉਸ ਨੇ ਕਿਹਾ: “ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।”​—ਮਰਕੁਸ 12:13-17.

“ਰਾਜੇ” ਯਾਨੀ ਸਰਕਾਰਾਂ ਸਿੱਕੇ ਜਾਰੀ ਕਰਦੀਆਂ ਤੇ ਨੋਟ ਛਾਪਦੀਆਂ ਹਨ ਅਤੇ ਇਨ੍ਹਾਂ ਦੀ ਕੀਮਤ ਤਹਿ ਕਰਦੀਆਂ ਹਨ। ਇਸ ਲਈ ਪਰਮੇਸ਼ੁਰ ਦੇ ਨਜ਼ਰੀਏ ਅਨੁਸਾਰ ਸਰਕਾਰਾਂ ਕੋਲ ਇਹ ਪੈਸਾ ਟੈਕਸ ਦੇ ਰੂਪ ਵਿਚ ਵਾਪਸ ਮੰਗਣ ਦਾ ਹੱਕ ਹੈ। ਪਰ ਯਿਸੂ ਨੇ ਕਿਹਾ ਕਿ ਕੋਈ ਵੀ ਸਰਕਾਰ “ਪਰਮੇਸ਼ੁਰ ਦੀਆਂ ਚੀਜ਼ਾਂ” ਯਾਨੀ ਸਾਡੀ ਜ਼ਿੰਦਗੀ ਅਤੇ ਭਗਤੀ ʼਤੇ ਹੱਕ ਨਹੀਂ ਜਤਾ ਸਕਦੀ। ਜਦੋਂ ਇਨਸਾਨਾਂ ਦੇ ਕਾਨੂੰਨ ਪਰਮੇਸ਼ੁਰ ਦੇ ਕਾਨੂੰਨਾਂ ਤੋਂ ਉਲਟ ਹੁੰਦੇ ਹਨ, ਤਾਂ ਮਸੀਹੀਆਂ ਨੂੰ “ਇਨਸਾਨਾਂ ਦੀ ਬਜਾਇ [ਪਰਮੇਸ਼ੁਰ] ਦਾ ਹੀ ਹੁਕਮ” ਮੰਨਣਾ ਚਾਹੀਦਾ ਹੈ।​—ਰਸੂਲਾਂ ਦੇ ਕੰਮ 5:29.

ਸ਼ਾਇਦ ਅੱਜ ਮਸੀਹੀ ਇਸ ਗੱਲੋਂ ਖ਼ੁਸ਼ ਨਾ ਹੋਣ ਕਿ ਉਨ੍ਹਾਂ ਵੱਲੋਂ ਦਿੱਤੇ ਜਾਂਦੇ ਟੈਕਸ ਦਾ ਕੁਝ ਹਿੱਸਾ ਕਿਵੇਂ ਵਰਤਿਆ ਜਾਂਦਾ ਹੈ। ਪਰ ਇਸ ਕਰਕੇ ਉਹ ਟੈਕਸ ਦੇਣ ਤੋਂ ਇਨਕਾਰ ਨਹੀਂ ਕਰਦੇ ਜਾਂ ਸਰਕਾਰ ਦੇ ਫ਼ੈਸਲਿਆਂ ʼਤੇ ਸਵਾਲ ਖੜ੍ਹੇ ਕਰ ਕੇ ਉਸ ਦਾ ਵਿਰੋਧ ਨਹੀਂ ਕਰਦੇ। ਜੇ ਉਹ ਇਸ ਤਰ੍ਹਾਂ ਕਰਨਗੇ, ਤਾਂ ਇਸ ਮਤਲਬ ਹੋਵੇਗਾ ਕਿ ਉਨ੍ਹਾਂ ਨੂੰ ਭਰੋਸਾ ਨਹੀਂ ਹੈ ਕਿ ਰੱਬ ਸਾਰੇ ਇਨਸਾਨਾਂ ਦੀਆਂ ਸਮੱਸਿਆਵਾਂ ਹੱਲ ਕਰੇਗਾ। ਇਸ ਦੀ ਬਜਾਇ, ਉਹ ਧੀਰਜ ਨਾਲ ਪਰਮੇਸ਼ੁਰ ਦੇ ਮਿੱਥੇ ਸਮੇਂ ਦਾ ਇੰਤਜ਼ਾਰ ਕਰਦੇ ਹਨ ਜਦੋਂ ਉਹ ਆਪਣੇ ਪੁੱਤਰ ਯਿਸੂ ਦੇ ਰਾਜ ਰਾਹੀਂ ਇਨਸਾਨੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰੇਗਾ ਜਿਸ ਨੇ ਕਿਹਾ ਸੀ: “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।”​—ਯੂਹੰਨਾ 18:36.

ਬਾਈਬਲ ਦੀ ਸਿੱਖਿਆ ʼਤੇ ਚੱਲਣ ਦੇ ਫ਼ਾਇਦੇ

ਟੈਕਸ ਸੰਬੰਧੀ ਬਾਈਬਲ ਦੀ ਸਿੱਖਿਆ ਮੰਨ ਕੇ ਤੁਹਾਨੂੰ ਬਹੁਤ ਸਾਰੇ ਫ਼ਾਇਦੇ ਹੋ ਸਕਦੇ ਹਨ। ਤੁਸੀਂ ਕਾਨੂੰਨ ਤੋੜਨ ਕਰਕੇ ਮਿਲਣ ਵਾਲੀ ਸਜ਼ਾ ਤੋਂ ਬਚ ਸਕਦੇ ਹੋ ਅਤੇ ਤੁਹਾਨੂੰ ਫੜੇ ਜਾਣ ਦਾ ਡਰ ਨਹੀਂ ਹੋਵੇਗਾ। (ਰੋਮੀਆਂ 13:3-5) ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਕਾਨੂੰਨਾਂ ਦੀ ਪਾਲਣਾ ਕਰਕੇ ਤੁਸੀਂ ਪਰਮੇਸ਼ੁਰ ਦੇ ਸਾਮ੍ਹਣੇ ਸਾਫ਼ ਜ਼ਮੀਰ ਬਣਾਈ ਰੱਖ ਸਕੋਗੇ ਅਤੇ ਉਸ ਦਾ ਆਦਰ ਕਰੋਗੇ। ਭਾਵੇਂ ਤੁਹਾਨੂੰ ਉਨ੍ਹਾਂ ਲੋਕਾਂ ਦੇ ਮੁਕਾਬਲੇ ਨੁਕਸਾਨ ਸਹਿਣਾ ਪਵੇ ਜਿਹੜੇ ਟੈਕਸ ਨਹੀਂ ਭਰਦੇ ਜਾਂ ਟੈਕਸ ਚੋਰੀ ਕਰਦੇ ਹਨ, ਫਿਰ ਵੀ ਤੁਸੀਂ ਪਰਮੇਸ਼ੁਰ ਦੇ ਵਾਅਦੇ ʼਤੇ ਭਰੋਸਾ ਕਰ ਸਕਦੇ ਹੋ ਕਿ ਉਹ ਆਪਣੇ ਵਫ਼ਾਦਾਰ ਸੇਵਕਾਂ ਦੀ ਦੇਖ-ਭਾਲ ਕਰੇਗਾ। ਬਾਈਬਲ ਦੇ ਇਕ ਲਿਖਾਰੀ ਦਾਊਦ ਨੇ ਇਸ ਬਾਰੇ ਕਿਹਾ: “ਮੈਂ ਪਹਿਲਾਂ ਜਵਾਨ ਸੀ, ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਤਾਂ ਕਦੇ ਧਰਮੀ ਨੂੰ ਤਿਆਗਿਆ ਹੋਇਆ ਅਤੇ ਨਾ ਹੀ ਉਸ ਦੇ ਬੱਚਿਆਂ ਨੂੰ ਰੋਟੀ ਲਈ ਹੱਥ ਫੈਲਾਉਂਦੇ ਦੇਖਿਆ ਹੈ।”​—ਜ਼ਬੂਰ 37:25.

ਜਦੋਂ ਤੁਸੀਂ ਬਾਈਬਲ ਵਿਚ ਟੈਕਸ ਦੇਣ ਬਾਰੇ ਦਿੱਤੇ ਹੁਕਮ ਨੂੰ ਸਮਝ ਜਾਓਗੇ ਅਤੇ ਉਸ ਨੂੰ ਮੰਨੋਗੇ, ਤਾਂ ਤੁਹਾਨੂੰ ਮਨ ਦੀ ਸ਼ਾਂਤੀ ਮਿਲੇਗੀ। ਜਿਵੇਂ ਸਰਕਾਰ ਤੁਹਾਨੂੰ ਇਸ ਗੱਲ ਲਈ ਜ਼ਿੰਮੇਵਾਰ ਨਹੀਂ ਠਹਿਰਾਉਂਦੀ ਕਿ ਤੁਹਾਡੇ ਵੱਲੋਂ ਦਿੱਤੇ ਕਿਰਾਏ ਨਾਲ ਮਕਾਨ-ਮਾਲਕ ਕੀ ਕਰਦਾ ਹੈ, ਉਸੇ ਤਰ੍ਹਾਂ ਪਰਮੇਸ਼ੁਰ ਵੀ ਤੁਹਾਨੂੰ ਇਸ ਗੱਲ ਲਈ ਜ਼ਿੰਮੇਵਾਰ ਨਹੀਂ ਠਹਿਰਾਉਂਦਾ ਕਿ ਸਰਕਾਰ ਤੁਹਾਡੇ ਵੱਲੋਂ ਦਿੱਤੇ ਜਾਂਦੇ ਟੈਕਸ ਨਾਲ ਕੀ ਕਰਦੀ ਹੈ। ਦੱਖਣੀ ਯੂਰਪ ਵਿਚ ਰਹਿੰਦੇ ਸਟੈਲਵਿਊ ਨੇ ਬਾਈਬਲ ਦਾ ਅਧਿਐਨ ਕਰਨ ਤੋਂ ਪਹਿਲਾਂ ਕਈ ਸਾਲਾਂ ਤਕ ਆਪਣੇ ਦੇਸ਼ ਵਿਚ ਰਾਜਨੀਤਿਕ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ। ਫਿਰ ਉਸ ਨੇ ਇੱਦਾਂ ਕਰਨਾ ਛੱਡ ਦਿੱਤਾ। ਉਸ ਨੇ ਕਿਹਾ: “ਮੈਨੂੰ ਇਹ ਗੱਲ ਮੰਨਣੀ ਪਈ ਕਿ ਇਨਸਾਨ ਦੁਨੀਆਂ ਵਿਚ ਨਿਆਂ, ਸ਼ਾਂਤੀ ਅਤੇ ਏਕਤਾ ਨਹੀਂ ਲਿਆ ਸਕਦੇ। ਸਿਰਫ਼ ਰੱਬ ਦਾ ਰਾਜ ਹੀ ਇੱਦਾਂ ਕਰ ਸਕਦਾ ਹੈ।”

ਸਟੈਲਵਿਊ ਵਾਂਗ ਜੇ ਤੁਸੀਂ ‘ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿੰਦੇ ਹੋ,’ ਤਾਂ ਤੁਸੀਂ ਵੀ ਭਰੋਸਾ ਰੱਖ ਸਕਦੇ ਹੋ ਕਿ ਪਰਮੇਸ਼ੁਰ ਨਿਆਂ ਜ਼ਰੂਰ ਕਰੇਗਾ। ਤੁਸੀਂ ਉਹ ਸਮਾਂ ਜ਼ਰੂਰ ਦੇਖੋਗੇ ਜਦੋਂ ਪਰਮੇਸ਼ੁਰ ਪੂਰੀ ਧਰਤੀ ʼਤੇ ਰਾਜ ਕਰੇਗਾ ਅਤੇ ਸਰਕਾਰਾਂ ਵੱਲੋਂ ਕੀਤੇ ਅਨਿਆਂ ਨੂੰ ਖ਼ਤਮ ਕਰੇਗਾ ਅਤੇ ਹਰ ਨੁਕਸਾਨ ਦੀ ਭਰਪਾਈ ਕਰੇਗਾ।

[ਫੁਟਨੋਟ]

a ਹੋਰ ਜਾਣਕਾਰੀ ਲੈਣ ਲਈ 1 ਨਵੰਬਰ 2002 ਦੇ ਪਹਿਰਾਬੁਰਜ ਦੇ ਸਫ਼ੇ 12 ʼਤੇ ਪੈਰਾ 15 ਅਤੇ 1 ਮਈ 1996 ਦੇ ਪਹਿਰਾਬੁਰਜ ਦੇ ਸਫ਼ੇ 16 ʼਤੇ ਪੈਰਾ 7 ਦੇਖੋ।

[ਵੱਡੇ ਅੱਖਰਾਂ ਵਿਚ ਖ਼ਾਸ ਗੱਲ]

ਸਾਨੂੰ ਆਪਣੇ ਨਜ਼ਰੀਏ ਨੂੰ ਰੱਬ ਦੇ ਨਜ਼ਰੀਏ ਅਨੁਸਾਰ ਢਾਲ਼ਣਾ ਚਾਹੀਦਾ ਹੈ ਕਿਉਂਕਿ ਉਸ ਦੇ ਵਿਚਾਰ ਸਾਡੇ ਵਿਚਾਰਾਂ ਤੋਂ ਕਿਤੇ ਉੱਤਮ ਹਨ

[ਵੱਡੇ ਅੱਖਰਾਂ ਵਿਚ ਖ਼ਾਸ ਗੱਲ]

ਮਸੀਹੀ ਟੈਕਸ ਦੇ ਕੇ ਪਰਮੇਸ਼ੁਰ ਸਾਮ੍ਹਣੇ ਸਾਫ਼ ਜ਼ਮੀਰ ਬਣਾਈ ਰੱਖਦੇ ਹਨ ਅਤੇ ਭਰੋਸਾ ਰੱਖਦੇ ਹਨ ਕਿ ਉਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੇਗਾ

[ਤਸਵੀਰ]

“ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ”

[ਕ੍ਰੈਡਿਟ ਲਾਈਨ]

Copyright British Museum