Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਸਕਾਟਲੈਂਡ ਦੇ ਇਕ ਆਦਮੀ ਨੂੰ ਵਧੀਆ ਬਿਜ਼ਨਿਸ ਤੋਂ ਜ਼ਿਆਦਾ ਖ਼ੁਸ਼ੀ ਹੋਰ ਕਿਸ ਗੱਲ ਤੋਂ ਮਿਲੀ? ਕਿਹੜੀ ਗੱਲ ਨੇ ਬ੍ਰਾਜ਼ੀਲ ਦੇ ਇਕ ਆਦਮੀ ਦੀ ਅਨੈਤਿਕ ਚਾਲ-ਚਲਣ ਅਤੇ ਨਸ਼ਾ ਛੱਡਣ ਵਿਚ ਮਦਦ ਕੀਤੀ? ਸਲੋਵੀਨੀਆ ਦਾ ਇਕ ਆਦਮੀ ਹੱਦੋਂ ਵੱਧ ਸ਼ਰਾਬ ਪੀਣ ਦੀ ਆਪਣੀ ਆਦਤ ਤੋਂ ਛੁਟਕਾਰਾ ਕਿਵੇਂ ਪਾ ਸਕਿਆ? ਆਓ ਇਨ੍ਹਾਂ ਲੋਕਾਂ ਦੀ ਜ਼ਬਾਨੀ ਸੁਣੀਏ।

“ਮੈਨੂੰ ਲੱਗਦਾ ਸੀ ਕਿ ਸਾਰਾ ਕੁਝ ਵਧੀਆ ਚੱਲ ਰਿਹਾ ਸੀ।”​—ਜੌਨ ਰਿਕੈਟਸ

ਜਨਮ: 1958

ਦੇਸ਼: ਸਕਾਟਲੈਂਡ

ਅਤੀਤ: ਇਕ ਕਾਮਯਾਬ ਬਿਜ਼ਨਿਸਮੈਨ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੇਰੀ ਪਰਵਰਿਸ਼ ਇਕ ਅਮੀਰ ਪਰਿਵਾਰ ਵਿਚ ਹੋਈ ਸੀ। ਮੇਰੇ ਪਿਤਾ ਜੀ ਬ੍ਰਿਟਿਸ਼ ਫ਼ੌਜ ਵਿਚ ਅਫ਼ਸਰ ਸਨ ਜਿਸ ਕਰਕੇ ਮੇਰੇ ਪਿਤਾ ਜੀ ਦੀ ਕਾਫ਼ੀ ਜਗ੍ਹਾ ਬਦਲੀ ਹੁੰਦੀ ਸੀ। ਸਕਾਟਲੈਂਡ ਤੋਂ ਇਲਾਵਾ ਅਸੀਂ ਇੰਗਲੈਂਡ, ਜਰਮਨੀ, ਕੀਨੀਆ, ਮਲੇਸ਼ੀਆ, ਆਇਰਲੈਂਡ ਅਤੇ ਸਾਈਪ੍ਰਸ ਵਿਚ ਰਹੇ। ਅੱਠ ਸਾਲ ਦੀ ਉਮਰ ਤੋਂ ਮੈਂ ਸਕਾਟਲੈਂਡ ਦੇ ਅਲੱਗ-ਅਲੱਗ ਬੋਰਡਿੰਗ ਸਕੂਲਾਂ ਵਿਚ ਪੜ੍ਹਿਆ। ਮੈਂ ਕੇਮਬ੍ਰਿਜ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ।

20 ਸਾਲਾਂ ਦੀ ਉਮਰ ਵਿਚ ਮੈਂ ਤੇਲ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਮੈਂ ਇਹ ਕੰਮ ਅੱਠ ਸਾਲ ਕੀਤਾ। ਸਭ ਤੋਂ ਪਹਿਲਾਂ ਮੈਂ ਇਹ ਕੰਮ ਦੱਖਣੀ ਅਮਰੀਕਾ ਵਿਚ ਸ਼ੁਰੂ ਕੀਤਾ, ਫਿਰ ਅਫ਼ਰੀਕਾ ਤੇ ਅਖ਼ੀਰ ਪੱਛਮੀ ਆਸਟ੍ਰੇਲੀਆ ਵਿਚ। ਆਸਟ੍ਰੇਲੀਆ ਜਾਣ ਤੋਂ ਬਾਅਦ ਮੈਂ ਇਕ ਹੋਰ ਕੰਪਨੀ ਖੋਲ੍ਹੀ ਜਿਸ ਨੂੰ ਮੈਂ ਬਾਅਦ ਵਿਚ ਵੇਚ ਦਿੱਤਾ।

ਇਸ ਕੰਪਨੀ ਨੂੰ ਵੇਚਣ ʼਤੇ ਮੈਨੂੰ ਬਹੁਤ ਪੈਸਾ ਮਿਲਿਆ। ਇਸ ਲਈ ਮੈਂ 40 ਸਾਲਾਂ ਦੀ ਉਮਰ ਵਿਚ ਰੀਟਾਇਰ ਹੋ ਗਿਆ। ਹੁਣ ਮੇਰੇ ਕੋਲ ਬਹੁਤ ਸਮਾਂ ਸੀ ਤੇ ਮੈਂ ਇਹ ਸਮਾਂ ਘੁੰਮਣ-ਫਿਰਨ ਵਿਚ ਲਾਉਂਦਾ ਸੀ। ਮੈਂ ਦੋ ਵਾਰ ਮੋਟਰ-ਸਾਈਕਲ ʼਤੇ ਪੂਰਾ ਆਸਟ੍ਰੇਲੀਆ ਘੁੰਮਿਆ ਅਤੇ ਮੈਂ ਪੂਰੀ ਦੁਨੀਆਂ ਦੀ ਵੀ ਸੈਰ ਕੀਤੀ। ਮੈਨੂੰ ਲੱਗਦਾ ਸੀ ਕਿ ਸਾਰਾ ਕੁਝ ਵਧੀਆ ਚੱਲ ਰਿਹਾ ਸੀ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ: ਰੀਟਾਇਰ ਹੋਣ ਤੋਂ ਪਹਿਲਾਂ ਵੀ ਮੈਂ ਇਸ ਵਧੀਆ ਜ਼ਿੰਦਗੀ ਲਈ ਰੱਬ ਦਾ ਸ਼ੁਕਰੀਆ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਐਂਗਲੀਕੀ ਚਰਚ ਜਾਣ ਲੱਗ ਪਿਆ। ਮੈਂ ਛੋਟੇ ਹੁੰਦਿਆਂ ਵੀ ਉੱਥੇ ਜਾਂਦਾ ਸੀ। ਪਰ ਉੱਥੇ ਬਾਈਬਲ ਤੋਂ ਜ਼ਿਆਦਾ ਕੁਝ ਨਹੀਂ ਸਿਖਾਇਆ ਜਾਂਦਾ ਸੀ। ਫਿਰ ਮੈਂ ਮਾਰਮਨਾਂ (ਚਰਚ ਵਾਲਿਆਂ ਦਾ ਇਕ ਪੰਥ) ਤੋਂ ਸਿੱਖਣਾ ਸ਼ੁਰੂ ਕਰ ਦਿੱਤਾ, ਪਰ ਉਹ ਵੀ ਬਾਈਬਲ ਤੋਂ ਜ਼ਿਆਦਾ ਕੁਝ ਨਹੀਂ ਸਿਖਾਉਂਦੇ ਸਨ। ਇਸ ਲਈ ਮੈਂ ਉਨ੍ਹਾਂ ਤੋਂ ਵੀ ਸਿੱਖਣਾ ਛੱਡ ਦਿੱਤਾ।

ਇਕ ਦਿਨ ਯਹੋਵਾਹ ਦੇ ਗਵਾਹ ਮੇਰੇ ਘਰ ਆਏ। ਮੈਨੂੰ ਝੱਟ ਪਤਾ ਲੱਗ ਗਿਆ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਪੂਰੀ ਤਰ੍ਹਾਂ ਬਾਈਬਲ ʼਤੇ ਆਧਾਰਿਤ ਹਨ। ਉਨ੍ਹਾਂ ਨੇ ਮੈਨੂੰ ਬਾਈਬਲ ਵਿੱਚੋਂ 1 ਤਿਮੋਥਿਉਸ 2:3, 4 ਦਾ ਹਵਾਲਾ ਦਿਖਾਇਆ। ਇਸ ਵਿਚ ਦੱਸਿਆ ਗਿਆ ਸੀ ਕਿ ਰੱਬ ਦੀ “ਇੱਛਾ ਹੈ ਕਿ ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” ਮੈਨੂੰ ਗਵਾਹਾਂ ਦੀ ਇਹ ਗੱਲ ਬਹੁਤ ਵਧੀਆ ਲੱਗੀ ਕਿ ਉਹ ਸਿਰਫ਼ ਗਿਆਨ ਇਕੱਠਾ ਕਰਨ ʼਤੇ ਨਹੀਂ, ਸਗੋਂ ਬਾਈਬਲ ਤੋਂ ਸਹੀ ਗਿਆਨ ਲੈਣ ʼਤੇ ਜ਼ੋਰ ਪਾਉਂਦੇ ਸਨ।

ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਕੇ ਮੈਨੂੰ ਸਹੀ ਗਿਆਨ ਮਿਲਿਆ। ਮਿਸਾਲ ਲਈ, ਮੈਂ ਸਿੱਖਿਆ ਕਿ ਪਰਮੇਸ਼ੁਰ ਅਤੇ ਯਿਸੂ ਤ੍ਰਿਏਕ ਦਾ ਹਿੱਸਾ ਨਹੀਂ ਹਨ, ਸਗੋਂ ਇਹ ਦੋ ਅਲੱਗ ਸ਼ਖ਼ਸ ਹਨ। (ਯੂਹੰਨਾ 14:28; 1 ਕੁਰਿੰਥੀਆਂ 11:3) ਮੈਨੂੰ ਇਹ ਜਾਣ ਕੇ ਖ਼ੁਸ਼ੀ ਤਾਂ ਹੋਈ, ਪਰ ਆਪਣੇ ਆਪ ʼਤੇ ਗੁੱਸਾ ਵੀ ਚੜ੍ਹਿਆ ਕਿ ਮੈਂ ਇੰਨਾ ਸਮਾਂ ਉਸ ਸਿੱਖਿਆ ਨੂੰ ਸਮਝਣ ਵਿਚ ਬਰਬਾਦ ਕੀਤਾ ਜੋ ਹੈ ਹੀ ਗ਼ਲਤ ਸੀ ਤੇ ਜਿਸ ਨੂੰ ਸਮਝਿਆ ਵੀ ਨਹੀਂ ਜਾ ਸਕਦਾ ਸੀ।

ਜਲਦੀ ਹੀ ਮੈਂ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ʼਤੇ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਜਾ ਕੇ ਮੈਂ ਦੇਖਿਆ ਕਿ ਸਾਰਿਆਂ ਵਿਚ ਪਿਆਰ ਸੀ, ਉਨ੍ਹਾਂ ਦੇ ਮਿਆਰ ਉੱਚੇ-ਸੁੱਚੇ ਸਨ ਤੇ ਉਹ ਰੱਬ ਤੋਂ ਡਰਦੇ ਸਨ। ਇਸ ਗੱਲ ਦਾ ਮੇਰੇ ʼਤੇ ਜ਼ਬਰਦਸਤ ਅਸਰ ਪਿਆ। ਉਨ੍ਹਾਂ ਦਾ ਪਿਆਰ ਦੇਖ ਕੇ ਮੈਨੂੰ ਯਕੀਨ ਹੋ ਗਿਆ ਕਿ ਮੈਨੂੰ ਸੱਚਾ ਧਰਮ ਮਿਲ ਗਿਆ ਹੈ।​—ਯੂਹੰਨਾ 13:35.

ਅੱਜ ਮੇਰੀ ਜ਼ਿੰਦਗੀ: ਬਪਤਿਸਮੇ ਤੋਂ ਬਾਅਦ ਮੈਂ ਡਾਇਨਾ ਨੂੰ ਮਿਲਿਆ। ਉਹ ਛੋਟੇ ਹੁੰਦਿਆਂ ਤੋਂ ਹੀ ਸੱਚਾਈ ਵਿਚ ਸੀ। ਉਸ ਵਿਚ ਬਹੁਤ ਸਾਰੇ ਚੰਗੇ ਗੁਣ ਸਨ ਜਿਸ ਕਰਕੇ ਮੈਂ ਉਸ ਵੱਲ ਖਿੱਚਿਆ ਗਿਆ। ਫਿਰ ਸਾਡਾ ਵਿਆਹ ਹੋ ਗਿਆ। ਡਾਇਨਾ ਮੇਰੀ ਇਕ ਚੰਗੀ ਦੋਸਤ ਹੈ ਤੇ ਉਹ ਹਮੇਸ਼ਾ ਮੇਰਾ ਸਾਥ ਦਿੰਦੀ ਹੈ। ਉਹ ਯਹੋਵਾਹ ਵੱਲੋਂ ਮੇਰੇ ਲਈ ਇਕ ਬਰਕਤ ਹੈ।

ਮੈਂ ਤੇ ਡਾਇਨਾ ਉਸ ਜਗ੍ਹਾ ਜਾਣਾ ਚਾਹੁੰਦੇ ਸੀ ਜਿੱਥੇ ਬਾਈਬਲ ਦੇ ਸੰਦੇਸ਼ ਦਾ ਪ੍ਰਚਾਰ ਕਰਨ ਦੀ ਜ਼ਿਆਦਾ ਲੋੜ ਸੀ। 2010 ਵਿਚ ਅਸੀਂ ਕੇਂਦਰੀ ਅਮਰੀਕਾ ਦੇ ਬੇਲੀਜ਼ ਦੇਸ਼ ਵਿਚ ਆ ਗਏ। ਇੱਥੇ ਅਸੀਂ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ ਜੋ ਰੱਬ ਨੂੰ ਪਿਆਰ ਕਰਦੇ ਹਨ ਅਤੇ ਉਸ ਬਾਰੇ ਹੋਰ ਜਾਣਨਾ ਚਾਹੁੰਦੇ ਹਨ।

ਪਰਮੇਸ਼ੁਰ ਅਤੇ ਉਸ ਦੇ ਬਚਨ ਬਾਈਬਲ ਬਾਰੇ ਸੱਚਾਈ ਜਾਣ ਕੇ ਹੀ ਮੈਨੂੰ ਮਨ ਦੀ ਸ਼ਾਂਤੀ ਮਿਲੀ ਹੈ। ਪੂਰੇ ਸਮੇਂ ਦੇ ਪ੍ਰਚਾਰਕ ਵਜੋਂ, ਮੈਨੂੰ ਬਹੁਤ ਜਣਿਆਂ ਨੂੰ ਸੱਚਾਈ ਸਿਖਾਉਣ ਦਾ ਸਨਮਾਨ ਮਿਲਿਆ ਹੈ। ਮੈਨੂੰ ਉਦੋਂ ਬਹੁਤ ਖ਼ੁਸ਼ੀ ਮਿਲਦੀ ਹੈ ਜਦੋਂ ਬਾਈਬਲ ਦੀਆਂ ਸੱਚਾਈਆਂ ਕਰਕੇ ਕਿਸੇ ਵਿਅਕਤੀ ਦੀ ਜ਼ਿੰਦਗੀ ਬਦਲਦੀ ਹੈ ਜਿੱਦਾਂ ਮੇਰੀ ਬਦਲੀ ਸੀ। ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਆਪਣੀ ਜ਼ਿੰਦਗੀ ਲਈ ਰੱਬ ਦਾ ਸ਼ੁਕਰ ਅਦਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ।

“ਉਹ ਮੇਰੇ ਨਾਲ ਬਹੁਤ ਪਿਆਰ ਨਾਲ ਪੇਸ਼ ਆਏ।”​—ਮੌਰਿਸੋ ਆਰੋਜ਼ੋ

ਜਨਮ: 1967

ਦੇਸ਼: ਬ੍ਰਾਜ਼ੀਲ

ਅਤੀਤ: ਅਨੈਤਿਕ ਜ਼ਿੰਦਗੀ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੇਰੀ ਪਰਵਰਿਸ਼ ਸਾਓ ਪੌਲੋ ਸ਼ਹਿਰ ਵਿਚ ਆਵਾਰੇ ਨਾਂ ਦੇ ਇਕ ਛੋਟੇ ਜਿਹੇ ਕਸਬੇ ਵਿਚ ਹੋਈ। ਇੱਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਨੌਕਰੀ-ਪੇਸ਼ੇ ਵਾਲੇ ਹਨ।

ਜਦੋਂ ਮੈਂ ਪੈਦਾ ਹੋਣ ਵਾਲਾ ਸੀ, ਤਾਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ। ਛੋਟੇ ਹੁੰਦਿਆਂ ਮੈਂ ਆਪਣੇ ਮੰਮੀ ਦੇ ਕੱਪੜੇ ਪਾਉਂਦਾ ਸੀ ਜਦੋਂ ਉਹ ਘਰ ਨਹੀਂ ਸੀ ਹੁੰਦੇ। ਮੈਂ ਕੁੜੀਆਂ ਵਰਗੀਆਂ ਹਰਕਤਾਂ ਕਰਨ ਲੱਗ ਪਿਆ ਤੇ ਲੋਕੀਂ ਮੈਨੂੰ ਗੇਅ ਸਮਝਣ ਲੱਗ ਪਏ। ਸਮੇਂ ਦੇ ਬੀਤਣ ਨਾਲ, ਮੈਂ ਮੁੰਡਿਆਂ ਤੇ ਆਦਮੀਆਂ ਨਾਲ ਸਰੀਰਕ ਸੰਬੰਧ ਬਣਾਉਣ ਲੱਗ ਪਿਆ।

18-19 ਸਾਲਾਂ ਦੀ ਉਮਰ ਵਿਚ ਮੈਂ ਬਾਰ, ਨਾਈਟ-ਕਲੱਬਾਂ ਅਤੇ ਇੱਥੋਂ ਤਕ ਕਿ ਚਰਚਾਂ ਵਿਚ ਇਹੀ ਦੇਖਦਾ ਰਹਿੰਦਾ ਸੀ ਕਿ ਮੈਂ ਕਿਹਦੇ ਨਾਲ ਸਰੀਰਕ ਸੰਬੰਧ (ਤੀਵੀਂ-ਆਦਮੀ ਦੋਵਾਂ ਨਾਲ) ਬਣਾਵਾਂ। ਮੇਲਿਆਂ ਦੌਰਾਨ ਮੈਂ ਔਰਤਾਂ ਵਰਗੇ ਕੱਪੜੇ ਪਾਉਂਦਾ ਸੀ ਅਤੇ ਸਾਂਬਾ ਸਕੂਲ ਵਿਚ ਨੱਚਦਾ ਸੀ। ਮੈਂ ਬਹੁਤ ਮਸ਼ਹੂਰ ਸੀ।

ਮੇਰੀ ਦੋਸਤੀ ਸਮਲਿੰਗੀ, ਵੇਸਵਾਗਿਰੀ ਕਰਨ ਵਾਲੇ ਅਤੇ ਨਸ਼ੇੜੀ ਲੋਕਾਂ ਨਾਲ ਸੀ। ਇਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਦੇਖ ਕੇ ਮੈਂ ਨਸ਼ਾ ਕਰਨ ਲੱਗ ਪਿਆ ਤੇ ਜਲਦੀ ਹੀ ਮੈਨੂੰ ਇਸ ਦੀ ਲਤ ਲੱਗ ਗਈ। ਕਦੀ-ਕਦਾਈਂ ਅਸੀਂ ਸਾਰੀ ਰਾਤ ਨਸ਼ਾ ਕਰਦੇ ਸੀ। ਕਦੀ-ਕਦੀ ਮੈਂ ਇਕੱਲਾ ਹੀ ਪੂਰਾ-ਪੂਰਾ ਦਿਨ ਨਸ਼ਾ ਕਰਦਾ ਰਹਿੰਦਾ ਸੀ। ਮੈਂ ਇੰਨਾ ਕਮਜ਼ੋਰ ਹੋ ਗਿਆ ਕਿ ਲੋਕਾਂ ਨੇ ਅਫ਼ਵਾਹ ਫੈਲਾ ਦਿੱਤੀ ਕਿ ਮੈਨੂੰ ਏਡਜ਼ ਹੋ ਗਈ ਹੈ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ: ਲਗਭਗ ਇਸ ਸਮੇਂ ਦੌਰਾਨ ਹੀ ਮੈਂ ਯਹੋਵਾਹ ਦੇ ਗਵਾਹਾਂ ਨੂੰ ਮਿਲਿਆ। ਉਹ ਮੇਰੇ ਨਾਲ ਬਹੁਤ ਪਿਆਰ ਨਾਲ ਪੇਸ਼ ਆਏ। ਉਨ੍ਹਾਂ ਨੇ ਬਾਈਬਲ ਵਿੱਚੋਂ ਮੈਨੂੰ ਰੋਮੀਆਂ 10:13 ਆਇਤ ਦਿਖਾਈ ਜਿੱਥੇ ਲਿਖਿਆ ਹੈ: “ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।” ਇਸ ਆਇਤ ਤੋਂ ਮੈਨੂੰ ਪਤਾ ਲੱਗਾ ਕਿ ਯਹੋਵਾਹ ਦਾ ਨਾਂ ਲੈਣਾ ਕਿੰਨਾ ਜ਼ਰੂਰੀ ਹੈ। ਕਈ ਵਾਰ ਸਾਰੀ-ਸਾਰੀ ਰਾਤ ਨਸ਼ਾ ਕਰਨ ਤੋਂ ਬਾਅਦ ਮੈਂ ਤਾਕੀ ਖੋਲ੍ਹ ਕੇ ਆਕਾਸ਼ ਵੱਲ ਦੇਖਦਾ ਸੀ ਅਤੇ ਰੋ-ਰੋ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਸੀ ਤੇ ਤਰਲੇ ਕਰਦਾ ਸੀ ਕਿ ਉਹ ਮੇਰੀ ਮਦਦ ਕਰੇ।

ਮੈਨੂੰ ਆਪਣੀ ਮੰਮੀ ਦੀ ਬਹੁਤ ਚਿੰਤਾ ਸੀ। ਉਹ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਨਸ਼ੇ ਕਰ ਕੇ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਸੀ। ਇਸ ਲਈ ਮੈਂ ਨਸ਼ੇ ਛੱਡਣ ਦਾ ਮਨ ਬਣਾ ਲਿਆ। ਇਸ ਤੋਂ ਜਲਦੀ ਬਾਅਦ ਮੈਂ ਗਵਾਹਾਂ ਨਾਲ ਬਾਈਬਲ ਤੋਂ ਸਿੱਖਣ ਲਈ ਤਿਆਰ ਹੋ ਗਿਆ। ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਸਟੱਡੀ ਕਰਨ ਨਾਲ ਨਸ਼ਾ ਛੱਡਣ ਦਾ ਮੇਰਾ ਇਰਾਦਾ ਹੋਰ ਵੀ ਪੱਕਾ ਹੋਵੇਗਾ ਤੇ ਇੱਦਾਂ ਹੋਇਆ ਵੀ।

ਜਿੱਦਾਂ-ਜਿੱਦਾਂ ਮੈਂ ਬਾਈਬਲ ਤੋਂ ਸਿੱਖਦਾ ਗਿਆ, ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਣੇ ਤੌਰ-ਤਰੀਕੇ ਬਦਲਣ ਦੀ ਲੋੜ ਹੈ। ਮੇਰੇ ਲਈ ਖ਼ਾਸ ਕਰਕੇ ਸਮਲਿੰਗੀ ਕੰਮ ਛੱਡਣੇ ਬਹੁਤ ਔਖੇ ਸਨ ਕਿਉਂਕਿ ਇਹ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਸਨ। ਪਰ ਜਦੋਂ ਮੈਂ ਆਪਣੇ ਪੁਰਾਣੇ ਦੋਸਤਾਂ ਨਾਲ ਨਾਤਾ ਤੋੜਿਆ ਅਤੇ ਬਾਰ ਤੇ ਨਾਈਟ-ਕਲੱਬਾਂ ਵਿਚ ਜਾਣਾ ਛੱਡਿਆ, ਤਾਂ ਮੇਰੀ ਬਹੁਤ ਮਦਦ ਹੋਈ।

ਭਾਵੇਂ ਕਿ ਇਹ ਬਦਲਾਅ ਕਰਨੇ ਸੌਖੇ ਨਹੀਂ ਸਨ, ਪਰ ਮੈਨੂੰ ਇਹ ਜਾਣ ਕੇ ਦਿਲਾਸਾ ਮਿਲਿਆ ਕਿ ਯਹੋਵਾਹ ਮੇਰੀ ਪਰਵਾਹ ਕਰਦਾ ਹੈ ਅਤੇ ਸਮਝਦਾ ਹੈ ਕਿ ਮੈਂ ਆਪਣੇ ਆਪ ਨੂੰ ਬਦਲਣ ਦੀ ਕਿੰਨੀ ਕੋਸ਼ਿਸ਼ ਕਰ ਰਿਹਾ ਹਾਂ। (1 ਯੂਹੰਨਾ 3:19, 20) ਮੈਂ 2002 ਤਕ ਸਾਰੇ ਸਮਲਿੰਗੀ ਕੰਮ ਛੱਡ ਦਿੱਤੇ ਅਤੇ ਉਸੇ ਸਾਲ ਮੈਂ ਬਪਤਿਸਮਾ ਲੈ ਲਿਆ ਤੇ ਯਹੋਵਾਹ ਦਾ ਗਵਾਹ ਬਣ ਗਿਆ।

ਅੱਜ ਮੇਰੀ ਜ਼ਿੰਦਗੀ: ਮੇਰੇ ਵਿਚ ਬਦਲਾਅ ਦੇਖ ਕੇ ਮੇਰੇ ਮੰਮੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਬਾਈਬਲ ਤੋਂ ਸਿੱਖਣਾ ਸ਼ੁਰੂ ਕਰ ਦਿੱਤਾ। ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੂੰ ਲਕਵਾ ਮਾਰ ਗਿਆ। ਪਰ ਫਿਰ ਵੀ ਉਹ ਯਹੋਵਾਹ ਲਈ ਆਪਣੇ ਪਿਆਰ ਨੂੰ ਵਧਾਉਂਦੇ ਰਹੇ ਅਤੇ ਬਾਈਬਲ ਦੀਆਂ ਸੱਚਾਈਆਂ ਸਿੱਖਦੇ ਰਹੇ।

ਪਿਛਲੇ ਅੱਠ ਸਾਲਾਂ ਤੋਂ ਮੈਂ ਆਪਣਾ ਜ਼ਿਆਦਾਤਰ ਸਮਾਂ ਲੋਕਾਂ ਨੂੰ ਬਾਈਬਲ ਵਿੱਚੋਂ ਸਿਖਾਉਣ ਵਿਚ ਲਾ ਰਿਹਾ ਹਾਂ। ਮੈਂ ਇਹ ਗੱਲ ਮੰਨਦਾ ਹਾਂ ਕਿ ਕਈ ਵਾਰ ਮੈਨੂੰ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਨਾ ਪੈਂਦਾ ਹੈ। ਜਦੋਂ ਮੈਂ ਆਪਣੀਆਂ ਗ਼ਲਤ ਇੱਛਾਵਾਂ ਨੂੰ ਆਪਣੇ ਆਪ ʼਤੇ ਹਾਵੀ ਨਹੀਂ ਹੋਣ ਦਿੰਦਾ, ਤਾਂ ਯਹੋਵਾਹ ਖ਼ੁਸ਼ ਹੁੰਦਾ ਹੈ। ਇਸ ਗੱਲ ਤੋਂ ਮੈਨੂੰ ਬਹੁਤ ਹੌਸਲਾ ਮਿਲਦਾ ਹੈ।

ਯਹੋਵਾਹ ਦੇ ਨੇੜੇ ਜਾ ਕੇ ਅਤੇ ਉਸ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀ ਕੇ ਆਪਣੀਆਂ ਨਜ਼ਰਾਂ ਵਿਚ ਮੇਰੀ ਇੱਜ਼ਤ ਵਧੀ ਹੈ। ਅੱਜ ਮੇਰੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੈ।

“ਮੇਰਾ ਢਿੱਡ ਡਰੰਮ ਆ ਜੋ ਕਦੀ ਨਹੀਂ ਭਰਦਾ।”​—ਲੂਕਾ ਸ਼ੂਟਜ਼

ਜਨਮ: 1975

ਦੇਸ਼: ਸਲੋਵੀਨੀਆ

ਅਤੀਤ: ਹੱਦੋਂ ਵੱਧ ਸ਼ਰਾਬ ਪੀਣ ਵਾਲਾ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੇਰਾ ਜਨਮ ਲੂਬੀਆਨਾ ਵਿਚ ਹੋਇਆ ਸੀ ਜੋ ਸਲੋਵੀਨੀਆ ਦੀ ਰਾਜਧਾਨੀ ਹੈ। ਚਾਰ ਸਾਲਾਂ ਦੀ ਉਮਰ ਤਕ ਮੇਰਾ ਬਚਪਨ ਬਹੁਤ ਵਧੀਆ ਸੀ। ਫਿਰ ਮੇਰੇ ਪਿਤਾ ਜੀ ਨੇ ਖ਼ੁਦਕੁਸ਼ੀ ਕਰ ਲਈ। ਇਸ ਦੁਖਦਾਈ ਘਟਨਾ ਤੋਂ ਬਾਅਦ ਮੇਰੇ ਮੰਮੀ ਨੂੰ ਬਹੁਤ ਮਿਹਨਤ ਕਰਨੀ ਪਈ ਤਾਂਕਿ ਉਹ ਮੇਰੀਆਂ ਤੇ ਮੇਰੇ ਵੱਡੇ ਭਰਾ ਦੀਆਂ ਲੋੜਾਂ ਪੂਰੀਆਂ ਕਰ ਸਕਣ।

15 ਸਾਲ ਦੀ ਉਮਰ ਵਿਚ ਮੈਂ ਆਪਣੀ ਨਾਨੀ ਦੇ ਘਰ ਰਹਿਣ ਲੱਗ ਪਿਆ। ਮੈਂ ਉੱਥੇ ਬਹੁਤ ਖ਼ੁਸ਼ ਸੀ ਕਿਉਂਕਿ ਮੇਰੇ ਜ਼ਿਆਦਾਤਰ ਦੋਸਤ ਉਨ੍ਹਾਂ ਦੇ ਘਰ ਦੇ ਨੇੜੇ ਹੀ ਰਹਿੰਦੇ ਸਨ। ਨਾਲੇ ਮੇਰੇ ਨਾਨੀ ਮੈਨੂੰ ਜ਼ਿਆਦਾ ਰੋਕਦੇ-ਟੋਕਦੇ ਵੀ ਨਹੀਂ ਸਨ। 16 ਸਾਲਾਂ ਦੀ ਉਮਰ ਵਿਚ ਮੈਂ ਉਨ੍ਹਾਂ ਮੁੰਡਿਆਂ ਨਾਲ ਦੋਸਤੀ ਕਰਨੀ ਸ਼ੁਰੂ ਕੀਤੀ ਜੋ ਸ਼ਨੀ-ਐਤਵਾਰ ਨੂੰ ਸ਼ਰਾਬ ਪੀਣ ਜਾਂਦੇ ਸਨ। ਮੈਂ ਲੰਬੇ-ਲੰਬੇ ਵਾਲ਼ ਰੱਖ ਲਏ ਤੇ ਬੇਢੰਗੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਬਾਅਦ ਵਿਚ, ਮੈਂ ਸਿਗਰਟਾਂ ਵੀ ਪੀਣ ਲੱਗ ਪਿਆ।

ਮੈਂ ਅਲੱਗ-ਅਲੱਗ ਤਰ੍ਹਾਂ ਦੇ ਨਸ਼ੇ ਕਰ ਕੇ ਦੇਖੇ, ਪਰ ਸ਼ਰਾਬ ਪੀ ਕੇ ਮੈਨੂੰ ਸਭ ਤੋਂ ਜ਼ਿਆਦਾ ਮਜ਼ਾ ਆਇਆ। ਇਸ ਲਈ ਮੈਂ ਸ਼ਰਾਬ ਪੀਣੀ ਨਹੀਂ ਛੱਡੀ। ਪਹਿਲਾਂ-ਪਹਿਲ ਤਾਂ ਮੈਂ ਕੁਝ ਗਲਾਸ ਹੀ ਪੀਂਦਾ ਸੀ, ਪਰ ਦੇਖਦਿਆਂ-ਦੇਖਦਿਆਂ ਹੀ ਮੈਂ ਇਕ ਵਾਰ ਵਿਚ ਬੋਤਲ ਤੋਂ ਜ਼ਿਆਦਾ ਪੀ ਜਾਂਦਾ ਸੀ। ਪਰ ਕਿਸੇ ਨੂੰ ਦੇਖ ਕੇ ਪਤਾ ਨਹੀਂ ਸੀ ਲੱਗਦਾ ਕਿ ਮੈਂ ਕਿੰਨੀ ਕੁ ਪੀਤੀ ਆ। ਸਿਰਫ਼ ਮੇਰੇ ਮੂੰਹ ਵਿੱਚੋਂ ਸ਼ਰਾਬ ਦੀ ਬਦਬੂ ਤੋਂ ਹੀ ਪਤਾ ਲੱਗਦਾ ਸੀ ਕਿ ਮੈਂ ਪੀਤੀ ਹੋਈ ਆ। ਕੋਈ ਅੰਦਾਜ਼ਾ ਨਹੀਂ ਸੀ ਲਗਾ ਸਕਦਾ ਕਿ ਮੈਂ ਕਿੰਨੇ ਲੀਟਰ ਵੋਡਕਾ, ਵਾਈਨ ਜਾਂ ਬੀਅਰ ਪੀਤੀ ਆ।

ਕਈ ਵਾਰ ਅਸੀਂ ਪੂਰੀ-ਪੂਰੀ ਰਾਤ ਡਿਸਕੋ ਵਿਚ ਗੁਜ਼ਾਰਦੇ ਸੀ। ਭਾਵੇਂ ਮੈਂ ਆਪਣੇ ਦੋਸਤਾਂ ਨਾਲੋਂ ਦੁਗਣੀ ਸ਼ਰਾਬ ਪੀਤੀ ਹੁੰਦੀ ਸੀ, ਪਰ ਫਿਰ ਵੀ ਮੈਂ ਹੀ ਉਨ੍ਹਾਂ ਨੂੰ ਸੰਭਾਲਦਾ ਸੀ। ਇਕ ਦਿਨ ਮੈਂ ਆਪਣੇ ਇਕ ਦੋਸਤ ਨੂੰ ਮੇਰੇ ਬਾਰੇ ਇਹ ਕਹਿੰਦੇ ਸੁਣਿਆ, “ਇਹ ਦਾ ਢਿੱਡ ਡਰੰਮ ਆ ਜੋ ਕਦੀ ਨਹੀਂ ਭਰਦਾ।” ਸਲੋਵੀਨੀਆ ਵਿਚ ਇਹ ਗੱਲ ਉਸ ਵਿਅਕਤੀ ਦੀ ਬੇਇੱਜ਼ਤੀ ਕਰਨ ਲਈ ਕਹੀ ਜਾਂਦੀ ਆ ਜੋ ਹੱਦੋਂ ਵੱਧ ਸ਼ਰਾਬ ਪੀਂਦਾ ਹੈ। ਉਸ ਦੀ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਲੱਗਾ।

ਮੈਂ ਸੋਚਣ ਲੱਗ ਪਿਆ ਕਿ ਮੈਂ ਕਰ ਕੀ ਰਿਹਾ ਹਾਂ। ਮੈਨੂੰ ਲੱਗਣ ਲੱਗਾ ਕਿ ਮੈਂ ਤਾਂ ਨਿਕੰਮਾ ਆ ਤੇ ਮੇਰੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਆ।

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ: ਲਗਭਗ ਇਸੇ ਸਮੇਂ ਦੌਰਾਨ ਮੈਂ ਦੇਖਿਆ ਕਿ ਮੇਰੇ ਨਾਲ ਪੜ੍ਹਨ ਵਾਲਾ ਮੁੰਡਾ ਬਹੁਤ ਬਦਲ ਗਿਆ ਸੀ। ਹੁਣ ਉਹ ਦੂਜਿਆਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਣ ਲੱਗ ਪਿਆ ਸੀ। ਉਸ ਵਿਚ ਹੋਏ ਬਦਲਾਅ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ ਤੇ ਮੈਂ ਇਸ ਬਾਰੇ ਜਾਣਨਾ ਚਾਹੁੰਦਾ ਸੀ। ਇਸ ਲਈ ਮੈਂ ਉਸ ਨੂੰ ਇਕ ਰੈਸਟੋਰੈਂਟ ਵਿਚ ਬੁਲਾਇਆ। ਗੱਲਬਾਤ ਦੌਰਾਨ ਉਸ ਨੇ ਮੈਨੂੰ ਦੱਸਿਆ ਕਿ ਉਹ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰ ਰਿਹਾ ਸੀ। ਉਸ ਨੇ ਮੈਨੂੰ ਬਾਈਬਲ ਵਿੱਚੋਂ ਕੁਝ ਗੱਲਾਂ ਵੀ ਦੱਸੀਆਂ। ਮੇਰੇ ਲਈ ਇਹ ਗੱਲਾਂ ਨਵੀਆਂ ਸਨ ਕਿਉਂਕਿ ਮੇਰੀ ਪਰਵਰਿਸ਼ ਕਿਸੇ ਧਾਰਮਿਕ ਪਰਿਵਾਰ ਵਿਚ ਨਹੀਂ ਹੋਈ ਸੀ। ਮੈਂ ਗਵਾਹਾਂ ਦੀਆਂ ਸਭਾਵਾਂ ਵਿਚ ਜਾਣ ਲੱਗ ਪਿਆ ਅਤੇ ਉਨ੍ਹਾਂ ਨਾਲ ਸਟੱਡੀ ਕਰਨ ਲੱਗ ਪਿਆ।

ਬਾਈਬਲ ਸਟੱਡੀ ਕਰ ਕੇ ਮੈਨੂੰ ਬਹੁਤ ਸਾਰੀਆਂ ਦਿਲਚਸਪ ਗੱਲਾਂ ਪਤਾ ਲੱਗੀਆਂ। ਮਿਸਾਲ ਲਈ, ਮੈਨੂੰ ਪਤਾ ਲੱਗਾ ਕਿ ਅਸੀਂ ਉਸ ਸਮੇਂ ਵਿਚ ਰਹਿ ਰਹੇ ਹਾਂ ਜਿਸ ਨੂੰ ਬਾਈਬਲ “ਆਖ਼ਰੀ ਦਿਨ” ਕਹਿੰਦੀ ਹੈ। (2 ਤਿਮੋਥਿਉਸ 3:1-5) ਮੈਨੂੰ ਇਹ ਵੀ ਪਤਾ ਲੱਗਾ ਕਿ ਰੱਬ ਬਹੁਤ ਜਲਦੀ ਇਸ ਧਰਤੀ ਤੋਂ ਬੁਰੇ ਲੋਕਾਂ ਨੂੰ ਖ਼ਤਮ ਕਰ ਦੇਵੇਗਾ ਅਤੇ ਉਹ ਚੰਗੇ ਲੋਕਾਂ ਨੂੰ ਬਾਗ਼ ਵਰਗੀ ਸੋਹਣੀ ਧਰਤੀ ʼਤੇ ਹਮੇਸ਼ਾ ਲਈ ਰਹਿਣ ਦਾ ਮੌਕਾ ਦੇਵੇਗਾ। (ਜ਼ਬੂਰ 37:29) ਮੈਂ ਇਨ੍ਹਾਂ ਚੰਗੇ ਲੋਕਾਂ ਵਿਚ ਹੋਣਾ ਚਾਹੁੰਦਾ ਸੀ, ਇਸ ਕਰਕੇ ਮੈਂ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਦਾ ਪੱਕਾ ਇਰਾਦਾ ਕੀਤਾ।

ਮੈਂ ਬਾਈਬਲ ਵਿੱਚੋਂ ਜੋ ਵੀ ਸਿੱਖਦਾ ਸੀ, ਉਹ ਮੈਂ ਆਪਣੇ ਦੋਸਤਾਂ ਨੂੰ ਦੱਸਣ ਲੱਗ ਪਿਆ। ਜ਼ਿਆਦਾਤਰ ਦੋਸਤ ਮੇਰਾ ਮਜ਼ਾਕ ਉਡਾਉਂਦੇ ਸਨ, ਪਰ ਉਨ੍ਹਾਂ ਦੇ ਇਸ ਰਵੱਈਏ ਤੋਂ ਮੈਂ ਦੇਖ ਸਕਿਆ ਕਿ ਉਹ ਮੇਰੇ ਸੱਚੇ ਦੋਸਤ ਨਹੀਂ ਸਨ। ਮੈਨੂੰ ਅਹਿਸਾਸ ਹੋਇਆ ਕਿ ਮੇਰੇ ਹੱਦੋਂ ਵੱਧ ਸ਼ਰਾਬ ਪੀਣ ਪਿੱਛੇ ਮੇਰੇ ਦੋਸਤਾਂ ਦਾ ਹੀ ਹੱਥ ਸੀ। ਉਹ ਸਾਰਾ ਹਫ਼ਤਾ ਸ਼ਨੀ-ਐਤਵਾਰ ਦੀ ਉਡੀਕ ਕਰਦੇ ਰਹਿੰਦੇ ਸੀ ਤਾਂਕਿ ਉਹ ਦੁਬਾਰਾ ਤੋਂ ਸ਼ਰਾਬ ਪੀ ਸਕਣ।

ਮੈਂ ਉਨ੍ਹਾਂ ਨਾਲ ਦੋਸਤੀ ਤੋੜ ਦਿੱਤੀ ਅਤੇ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਕਰਨ ਲੱਗ ਪਿਆ। ਉਨ੍ਹਾਂ ਤੋਂ ਮੈਨੂੰ ਬਹੁਤ ਹੌਸਲਾ ਮਿਲਦਾ ਸੀ। ਇਹ ਲੋਕ ਰੱਬ ਨੂੰ ਦਿਲੋਂ ਪਿਆਰ ਕਰਦੇ ਸਨ ਅਤੇ ਉਸ ਦੇ ਮਿਆਰਾਂ ਅਨੁਸਾਰ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਸਨ। ਹੌਲੀ-ਹੌਲੀ ਮੈਂ ਹੱਦੋਂ ਵੱਧ ਸ਼ਰਾਬ ਪੀਣ ਦੀ ਆਪਣੀ ਆਦਤ ʼਤੇ ਕਾਬੂ ਪਾ ਸਕਿਆ।

ਅੱਜ ਮੇਰੀ ਜ਼ਿੰਦਗੀ: ਮੈਂ ਯਹੋਵਾਹ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਖ਼ੁਸ਼ ਹੋਣ ਲਈ ਹੁਣ ਮੈਨੂੰ ਸ਼ਰਾਬ ਦਾ ਸਹਾਰਾ ਨਹੀਂ ਲੈਣਾ ਪੈਂਦਾ। ਜੇ ਮੈਂ ਪਹਿਲਾਂ ਵਾਂਗ ਹੀ ਜ਼ਿੰਦਗੀ ਜੀਉਂਦਾ ਰਹਿੰਦਾ, ਤਾਂ ਮੈਨੂੰ ਨਹੀਂ ਪਤਾ ਕਿ ਮੇਰਾ ਕੀ ਬਣਨਾ ਸੀ। ਪਰ ਅੱਜ ਮੇਰੀ ਜ਼ਿੰਦਗੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਹੈ।

ਸੱਤ ਸਾਲਾਂ ਤੋਂ ਮੈਂ ਸਲੋਵੀਨੀਆ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਿਹਾ ਹਾਂ। ਯਹੋਵਾਹ ਨੂੰ ਜਾਣਨ ਅਤੇ ਉਸ ਦੀ ਸੇਵਾ ਕਰਨ ਕਰਕੇ ਮੇਰੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੈ।