ਕਹਾਣੀ 65
ਰਾਜ ਵੰਡਿਆ ਗਿਆ
ਤੁਹਾਨੂੰ ਪਤਾ ਇਹ ਬੰਦਾ ਤਸਵੀਰ ਵਿਚ ਆਪਣੇ ਚੋਗੇ ਨੂੰ ਕਿਉਂ ਪਾੜ ਰਿਹਾ ਹੈ? ਕਿਉਂਕਿ ਯਹੋਵਾਹ ਨੇ ਉਸ ਨੂੰ ਇਹ ਕਰਨ ਲਈ ਕਿਹਾ ਸੀ। ਇਹ ਬੰਦਾ ਪਰਮੇਸ਼ੁਰ ਦਾ ਨਬੀ ਅਹੀਯਾਹ ਹੈ। ਤੁਹਾਨੂੰ ਪਤਾ ਨਬੀ ਕਿਸ ਨੂੰ ਕਹਿੰਦੇ ਹਨ? ਨਬੀ ਉਸ ਬੰਦੇ ਨੂੰ ਕਹਿੰਦੇ ਹਨ ਜਿਸ ਨੂੰ ਪਰਮੇਸ਼ੁਰ ਪਹਿਲਾਂ ਤੋਂ ਹੀ ਦੱਸ ਦਿੰਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ।
ਤਸਵੀਰ ਵਿਚ ਅਹੀਯਾਹ ਯਾਰਾਬੁਆਮ ਨਾਮ ਦੇ ਬੰਦੇ ਨਾਲ ਗੱਲ ਕਰ ਰਿਹਾ ਹੈ। ਯਾਰਾਬੁਆਮ ਸੁਲੇਮਾਨ ਲਈ ਇਮਾਰਤਾਂ ਬਣਾਉਣ ਦਾ ਕੰਮ ਕਰਦਾ ਸੀ। ਰਸਤੇ ਵਿਚ ਜਦ ਅਹੀਯਾਹ ਯਾਰਾਬੁਆਮ ਨੂੰ ਮਿਲਿਆ, ਤਾਂ ਉਸ ਨੇ ਕੁਝ ਅਜੀਬ ਕੀਤਾ। ਉਸ ਨੇ ਆਪਣਾ ਨਵਾਂ ਚੋਗਾ ਲਾਹ ਕੇ 12 ਹਿੱਸਿਆਂ ਵਿਚ ਪਾੜ ਦਿੱਤਾ। ਫਿਰ ਉਸ ਨੇ ਯਾਰਾਬੁਆਮ ਨੂੰ ਕਿਹਾ: ‘ਆਪਣੇ ਲਈ 10 ਟੁਕੜੇ ਲੈ ਲੈ।’ ਚਲੋ ਦੇਖੀਏ ਅਹੀਯਾਹ ਦਾ ਯਾਰਾਬੁਆਮ ਨੂੰ 10 ਟੁਕੜੇ ਦੇਣ ਦਾ ਕੀ ਮਤਲਬ ਸੀ।
ਅਹੀਯਾਹ ਨੇ ਯਾਰਾਬੁਆਮ ਨੂੰ ਦੱਸਿਆ ਕਿ ਯਹੋਵਾਹ ਸੁਲੇਮਾਨ ਤੋਂ ਉਸ ਦਾ ਰਾਜ ਖੋਹ ਲਵੇਗਾ। 12 ਗੋਤਾਂ ਵਿੱਚੋਂ 10 ਗੋਤ ਉਹ ਯਾਰਾਬੁਆਮ ਨੂੰ ਦੇਵੇਗਾ ਅਤੇ ਸੁਲੇਮਾਨ ਦੇ ਪੁੱਤਰ ਰਹਬੁਆਮ ਦੇ ਹਿੱਸੇ ਸਿਰਫ਼ ਦੋ ਗੋਤ ਆਉਣਗੇ।
ਸੁਲੇਮਾਨ ਨੂੰ ਜਦ ਇਸ ਗੱਲ ਦਾ ਪਤਾ ਲੱਗਾ, ਤਾਂ ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਯਾਰਾਬੁਆਮ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਯਾਰਾਬੁਆਮ ਜਾਨ ਬਚਾ ਕੇ ਮਿਸਰ ਨੂੰ ਭੱਜ ਗਿਆ। ਫਿਰ ਕੁਝ ਸਮੇਂ ਬਾਅਦ ਸੁਲੇਮਾਨ ਮਰ ਗਿਆ। ਸੁਲੇਮਾਨ ਨੇ 40 ਸਾਲ ਰਾਜ ਕੀਤਾ। ਉਸ ਤੋਂ ਬਾਅਦ ਉਸ ਦਾ ਪੁੱਤਰ ਰਹਬੁਆਮ ਰਾਜਾ ਬਣਿਆ। ਉੱਧਰ ਮਿਸਰ ਵਿਚ ਯਾਰਾਬੁਆਮ ਨੂੰ ਵੀ ਸੁਲੇਮਾਨ ਦੀ ਮੌਤ ਦੀ ਖ਼ਬਰ ਮਿਲ ਗਈ ਤੇ ਉਹ ਵਾਪਸ ਇਸਰਾਏਲ ਆ ਗਿਆ।
ਰਹਬੁਆਮ ਬਹੁਤ ਬੁਰਾ ਰਾਜਾ ਸੀ। ਉਹ ਲੋਕਾਂ ਨਾਲ ਆਪਣੇ ਪਿਤਾ ਨਾਲੋਂ ਵੀ ਭੈੜਾ ਸਲੂਕ ਕਰਦਾ ਸੀ। ਇਸ ਲਈ ਯਾਰਾਬੁਆਮ ਅਤੇ ਉਸ ਨਾਲ ਕੁਝ ਹੋਰ ਬੰਦੇ ਰਹਬੁਆਮ ਨਾਲ ਗੱਲ ਕਰਨ ਗਏ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਲੋਕਾਂ ਨਾਲ ਚੰਗਾ ਸਲੂਕ ਕਰੇ। ਪਰ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਇ ਉਹ ਲੋਕਾਂ ਨਾਲ ਹੋਰ ਵੀ ਬੁਰਾ ਸਲੂਕ ਕਰਨ ਲੱਗ ਪਿਆ। ਸੋ ਲੋਕਾਂ ਨੇ ਮਿਲ ਕੇ ਯਾਰਾਬੁਆਮ ਨੂੰ ਇਸਰਾਏਲ ਦੇ 10 ਗੋਤਾਂ ਦਾ ਰਾਜਾ ਬਣਾ ਦਿੱਤਾ। ਪਰ ਬਿਨਯਾਮੀਨ ਅਤੇ ਯਹੂਦਾਹ ਦੇ ਗੋਤਾਂ ਨੇ ਰਹਬੁਆਮ ਨੂੰ ਆਪਣਾ ਰਾਜਾ ਚੁਣਿਆ।
ਯਾਰਾਬੁਆਮ ਨਹੀਂ ਚਾਹੁੰਦਾ ਸੀ ਕਿ ਉਸ ਦੇ ਲੋਕ ਯਹੋਵਾਹ ਦੀ ਭਗਤੀ ਕਰਨ ਲਈ ਯਰੂਸ਼ਲਮ ਜਾਣ। ਇਸ ਲਈ ਉਸ ਨੇ ਲੋਕਾਂ ਲਈ ਸੋਨੇ ਦੇ ਦੋ ਵੱਛੇ ਬਣਾਏ। ਫਿਰ ਉਸ ਨੇ ਆਪਣੀ ਪਰਜਾ ਨੂੰ ਇਨ੍ਹਾਂ ਵੱਛਿਆਂ ਦੀ ਪੂਜਾ ਕਰਨ ਲਾ ਦਿੱਤਾ। ਲੋਕ ਹੁਣ ਯਹੋਵਾਹ ਤੋਂ ਦੂਰ ਹੋ ਚੁੱਕੇ ਸਨ ਅਤੇ ਸਾਰੇ ਦੇਸ਼ ਵਿਚ ਮਾਰ-ਧਾੜ ਅਤੇ ਲੜਾਈ-ਝਗੜਾ ਹੋ ਰਿਹਾ ਸੀ।
ਦੋ ਗੋਤਾਂ ਵਾਲੇ ਰਹਬੁਆਮ ਦੇ ਰਾਜ ਵਿਚ ਵੀ ਘੱਟ ਮੁਸ਼ਕਲਾਂ ਨਹੀਂ ਸਨ। ਰਹਬੁਆਮ ਨੂੰ ਰਾਜਾ ਬਣੇ ਅਜੇ ਪੰਜ ਸਾਲ ਵੀ ਨਹੀਂ ਹੋਏ ਸਨ ਕਿ ਮਿਸਰ ਦੇ ਰਾਜੇ ਨੇ ਯਰੂਸ਼ਲਮ ਤੇ ਹਮਲਾ ਕਰ ਦਿੱਤਾ ਅਤੇ ਉਸ ਨੇ ਯਹੋਵਾਹ ਦੀ ਹੈਕਲ ਵਿੱਚੋਂ ਕਈ ਚੀਜ਼ਾਂ ਲੁੱਟ ਲਈਆਂ। ਇੱਦਾਂ ਹੈਕਲ ਦੇ ਬਣਨ ਤੋਂ ਥੋੜ੍ਹੇ ਚਿਰ ਬਾਅਦ ਹੀ ਉਸ ਨੂੰ ਲੁੱਟਿਆ ਗਿਆ।