Skip to content

Skip to table of contents

ਅਧਿਆਇ ਨੌਂ

ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰ ਸਫ਼ਲ ਹੋ ਸਕਦੇ ਹਨ!

ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰ ਸਫ਼ਲ ਹੋ ਸਕਦੇ ਹਨ!

1-3. ਕਿਨ੍ਹਾਂ ਗੱਲਾਂ ਕਰਕੇ ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਅਤੇ ਸ਼ਾਮਲ ਵਿਅਕਤੀਆਂ ਉੱਤੇ ਕਿਵੇਂ ਅਸਰ ਪੈਂਦਾ ਹੈ?

ਸੰਯੁਕਤ ਰਾਜ ਅਮਰੀਕਾ ਵਿਚ ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਨੂੰ “ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪਰਿਵਾਰਕ ਸ਼ੈਲੀ” ਸੱਦਿਆ ਗਿਆ ਹੈ। ਅਨੇਕ ਦੂਜੇ ਦੇਸ਼ਾਂ ਵਿਚ ਸਥਿਤੀ ਇਸ ਦੇ ਸਮਾਨ ਹੈ। ਰਿਕਾਰਡ-ਤੋੜ ਗਿਣਤੀ ਵਿਚ ਤਲਾਕਾਂ, ਤਿਆਗਾਂ, ਅਲਹਿਦਗੀਆਂ ਅਤੇ ਨਾਜਾਇਜ਼ ਜਨਮਾਂ ਨੇ ਲੱਖਾਂ ਹੀ ਮਾਪਿਆਂ ਅਤੇ ਬੱਚਿਆਂ ਉੱਤੇ ਦੂਰਗਾਮੀ ਪ੍ਰਭਾਵ ਪਾਇਆ ਹੈ।

2 “ਮੈਂ ਦੋ ਬੱਚਿਆਂ ਵਾਲੀ ਇਕ 28-ਸਾਲਾ ਵਿਧਵਾ ਹਾਂ,” ਇਕ ਇਕੱਲੀ ਮਾਂ ਨੇ ਲਿਖਿਆ। “ਮੈਂ ਬਹੁਤ ਹੀ ਨਿਰਾਸ਼ ਹਾਂ ਕਿਉਂਕਿ ਮੈਂ ਆਪਣੇ ਬੱਚਿਆਂ ਦੀ ਇਕ ਪਿਤਾ ਤੋਂ ਬਿਨਾਂ ਪਰਵਰਿਸ਼ ਨਹੀਂ ਕਰਨੀ ਚਾਹੁੰਦੀ ਹਾਂ। ਇਸ ਤਰ੍ਹਾਂ ਜਾਪਦਾ ਹੈ ਕਿ ਕੋਈ ਮੇਰੀ ਪਰਵਾਹ ਵੀ ਨਹੀਂ ਕਰਦਾ ਹੈ। ਮੇਰੇ ਬੱਚੇ ਮੈਨੂੰ ਅਕਸਰ ਰੋਂਦੀ ਦੇਖਦੇ ਹਨ ਅਤੇ ਇਹ ਉਨ੍ਹਾਂ ਉੱਤੇ ਅਸਰ ਪਾਉਂਦਾ ਹੈ।” ਇਨ੍ਹਾਂ ਜਜ਼ਬਾਤਾਂ ਜਿਵੇਂ ਕਿ ਗੁੱਸਾ, ਦੋਸ਼-ਭਾਵਨਾ, ਅਤੇ ਇਕੱਲਤਾ ਦੇ ਨਾਲ ਸੰਘਰਸ਼ ਕਰਨ ਤੋਂ ਇਲਾਵਾ, ਅਧਿਕਤਰ ਇਕੱਲੇ ਮਾਪੇ ਘਰ ਤੋਂ ਬਾਹਰ ਨੌਕਰੀ ਕਾਇਮ ਰੱਖਣ ਅਤੇ ਨਾਲ ਹੀ ਘਰੇਲੂ ਫ਼ਰਜ਼ ਨਿਭਾਉਣ ਦੀ ਚੁਣੌਤੀ ਦਾ ਸਾਮ੍ਹਣਾ ਕਰਦੇ ਹਨ। ਇਕ ਨੇ ਕਿਹਾ: “ਇਕ ਇਕੱਲੀ ਮਾਤਾ ਜਾਂ ਪਿਤਾ ਹੋਣਾ ਇਕ ਮਦਾਰੀ ਹੋਣ ਦੇ ਸਮਾਨ ਹੈ। ਛੇ ਮਹੀਨਿਆਂ ਦੇ ਅਭਿਆਸ ਤੋਂ ਬਾਅਦ, ਤੁਸੀਂ ਆਖ਼ਰਕਾਰ ਚਾਰ ਗੇਂਦਾਂ ਦੇ ਨਾਲ ਇੱਕੋ ਵਾਰ ਹੱਥਫੇਰੀ ਕਰ ਸਕੇ ਹੋ। ਪਰੰਤੂ ਜਿਉਂ ਹੀ ਤੁਸੀਂ ਇਹ ਕਰਨ ਦੇ ਕਾਬਲ ਹੁੰਦੇ ਹੋ, ਕੋਈ ਤੁਹਾਡੀ ਤਰਫ਼ ਇਕ ਨਵੀਂ ਗੇਂਦ ਸੁੱਟ ਦਿੰਦਾ ਹੈ!”

3 ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਵਿਚ ਬੱਚਿਆਂ ਕੋਲ ਅਕਸਰ ਖ਼ੁਦ ਦੇ ਸੰਘਰਸ਼ ਹੁੰਦੇ ਹਨ। ਇਕ ਮਾਤਾ ਜਾਂ ਪਿਤਾ ਦੀ ਅਚਾਨਕ ਵਿਦਾਇਗੀ ਜਾਂ ਮੌਤ ਹੋਣ ਮਗਰੋਂ ਉਨ੍ਹਾਂ ਨੂੰ ਸ਼ਾਇਦ ਜ਼ੋਰਦਾਰ ਜਜ਼ਬਾਤਾਂ ਦਾ ਸਾਮ੍ਹਣਾ ਕਰਨਾ ਪਵੇ। ਇਕ ਮਾਤਾ ਜਾਂ ਪਿਤਾ ਦੀ ਗ਼ੈਰ-ਹਾਜ਼ਰੀ ਬਹੁਤੇਰਿਆਂ ਨੌਜਵਾਨਾਂ ਦੇ ਉੱਤੇ ਗਹਿਰੀ ਤਰ੍ਹਾਂ ਨਾਲ ਨਕਾਰਾਤਮਕ ਪ੍ਰਭਾਵ ਪਾਉਂਦੀ ਜਾਪਦੀ ਹੈ।

4. ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਦੀ ਚਿੰਤਾ ਕਰਦਾ ਹੈ?

4 ਬਾਈਬਲ ਸਮਿਆਂ ਵਿਚ ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰ ਹੁੰਦੇ ਸਨ। ਸ਼ਾਸਤਰ ਵਾਰ-ਵਾਰ “ਯਤੀਮ” ਅਤੇ “ਵਿਧਵਾ” ਦਾ ਜ਼ਿਕਰ ਕਰਦਾ ਹੈ। (ਕੂਚ 22:22; ਬਿਵਸਥਾ ਸਾਰ 24:19-21; ਅੱਯੂਬ 31:16-22) ਯਹੋਵਾਹ ਪਰਮੇਸ਼ੁਰ ਉਨ੍ਹਾਂ ਦੀ ਦੁਰਦਸ਼ਾ ਦੇ ਪ੍ਰਤੀ ਉਦਾਸੀਨ ਨਹੀਂ ਸੀ। ਜ਼ਬੂਰਾਂ ਦੇ ਲਿਖਾਰੀ ਨੇ ਪਰਮੇਸ਼ੁਰ ਨੂੰ “ਯਤੀਮਾਂ ਦਾ ਪਿਤਾ ਅਤੇ ਵਿਧਵਾਂ ਦਾ ਨਿਆਉਂ ਕਰਨ ਵਾਲਾ” ਸੱਦਿਆ। (ਜ਼ਬੂਰ 68:5) ਯਕੀਨਨ, ਯਹੋਵਾਹ ਨੂੰ ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਦੀ ਅੱਜ ਉੱਨੀ ਹੀ ਚਿੰਤਾ ਹੈ! ਅਸਲ ਵਿਚ, ਉਸ ਦਾ ਬਚਨ ਅਜਿਹੇ ਸਿਧਾਂਤ ਪੇਸ਼ ਕਰਦਾ ਹੈ ਜੋ ਉਨ੍ਹਾਂ ਨੂੰ ਸਫ਼ਲ ਹੋਣ ਵਿਚ ਮਦਦ ਕਰ ਸਕਦੇ ਹਨ।

ਘਰੇਲੂ ਨਿੱਤ-ਕਰਮ ਵਿਚ ਮਾਹਰ ਹੋਣਾ

5. ਇਕੱਲੇ ਮਾਪਿਆਂ ਨੂੰ ਆਰੰਭ ਵਿਚ ਕਿਹੜੀ ਸਮੱਸਿਆ ਦਾ ਸਾਮ੍ਹਣਾ ਕਰਨਾ ਪੈਂਦਾ ਹੈ?

5 ਇਕ ਘਰ ਨੂੰ ਚਲਾਉਣ ਦੇ ਕਾਰਜ ਉੱਤੇ ਗੌਰ ਕਰੋ। “ਅਨੇਕ ਅਵਸਰ ਹੁੰਦੇ ਹਨ ਜਦੋਂ ਤੁਸੀਂ ਸੋਚਦੇ ਹੋ ਕਿ ਕਾਸ਼ ਇਕ ਪਤੀ ਹੁੰਦਾ,” ਇਕ ਤਲਾਕ-ਸ਼ੁਦਾ ਇਸਤਰੀ ਸਵੀਕਾਰ ਕਰਦੀ ਹੈ, “ਜਿਵੇਂ ਕਿ ਉਦੋਂ ਜਦੋਂ ਤੁਹਾਡੀ ਗੱਡੀ ਘਰਰ-ਘਰਰ ਕਰਨ ਲੱਗ ਪੈਂਦੀ ਹੈ ਅਤੇ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਇਹ ਆਵਾਜ਼ਾਂ ਕਿੱਥੋਂ ਆ ਰਹੀਆਂ ਹਨ।” ਪੁਰਸ਼ ਜੋ ਹਾਲ ਹੀ ਵਿਚ ਤਲਾਕ-ਸ਼ੁਦਾ ਜਾਂ ਰੰਡੇ ਬਣੇ ਹਨ ਸ਼ਾਇਦ ਇਸ ਸਮਾਨ ਆਪਣੇ ਘਰੇਲੂ ਕੰਮਾਂ ਦੀ ਬਹੁਲਤਾ ਤੋਂ ਬੌਂਦਲਾ ਜਾਣ ਜੋ ਹੁਣ ਉਨ੍ਹਾਂ ਨੂੰ ਕਰਨੇ ਪੈਣੇ ਹਨ। ਬੱਚਿਆਂ ਲਈ, ਘਰੇਲੂ ਬੇਤਰਤੀਬੀ ਦੇ ਨਾਲ-ਨਾਲ ਅਸਥਿਰਤਾ ਅਤੇ ਅਸੁਰੱਖਿਆ ਦੀ ਭਾਵਨਾ ਹੋਰ ਵੱਧ ਜਾਂਦੀ ਹੈ।

ਬੱਚਿਓ, ਆਪਣੀ ਇਕੱਲੀ ਮਾਤਾ ਜਾਂ ਪਿਤਾ ਨੂੰ ਸਹਿਯੋਗ ਦਿਓ

6, 7. (ੳ) ਕਹਾਉਤਾਂ ਦੀ “ਪਤਵੰਤੀ ਇਸਤ੍ਰੀ” ਦੁਆਰਾ ਕੀ ਉੱਤਮ ਉਦਾਹਰਣ ਕਾਇਮ ਕੀਤਾ ਗਿਆ ਸੀ? (ਅ) ਇਕੱਲੀ ਮਾਤਾ ਜਾਂ ਪਿਤਾ ਵਾਲੇ ਘਰਾਂ ਵਿਚ ਘਰੇਲੂ ਜ਼ਿੰਮੇਵਾਰੀਆਂ ਦੇ ਪ੍ਰਤੀ ਉੱਦਮੀ ਹੋਣਾ ਕਿਵੇਂ ਮਦਦ ਕਰਦਾ ਹੈ?

6 ਕਿਹੜੀ ਚੀਜ਼ ਮਦਦ ਕਰ ਸਕਦੀ ਹੈ? ਕਹਾਉਤਾਂ 31:10-31 ਵਿਚ ਵਰਣਿਤ “ਪਤਵੰਤੀ ਇਸਤ੍ਰੀ” ਦੁਆਰਾ ਕਾਇਮ ਕੀਤੇ ਗਏ ਉਦਾਹਰਣ ਉੱਤੇ ਧਿਆਨ ਦਿਓ। ਉਸ ਦੀਆਂ ਕਾਮਯਾਬੀਆਂ ਦਾ ਵਿਸਤਾਰ ਮਾਅਰਕੇ ਦਾ ਹੈ—ਖ਼ਰੀਦਣਾ, ਵੇਚਣਾ, ਸਿਲਾਈ ਕਰਨੀ, ਭੋਜਨ ਪਕਾਉਣਾ, ਭੋਂ-ਸੰਪਤੀ ਉੱਤੇ ਪੂੰਜੀ ਲਗਾਉਣੀ, ਖੇਤੀ-ਬਾੜੀ ਕਰਨੀ, ਅਤੇ ਵਪਾਰ ਸੰਭਾਲਣਾ। ਉਸ ਦਾ ਰਾਜ਼? ਉਹ ਉੱਦਮੀ ਸੀ, ਦੇਰ ਸ਼ਾਮ ਤਕ ਕੰਮ ਕਰਦੀ ਅਤੇ ਆਪਣੀਆਂ ਸਰਗਰਮੀਆਂ ਆਰੰਭ ਕਰਨ ਲਈ ਸੁਵਖਤੇ ਉੱਠਦੀ। ਅਤੇ ਉਹ ਅੱਛੀ ਤਰ੍ਹਾਂ ਵਿਵਸਥਿਤ ਸੀ, ਕੁਝ ਧੰਦੇ ਦੂਜਿਆਂ ਨੂੰ ਸੌਂਪਦੀ ਅਤੇ ਹੋਰਨਾ ਦੀ ਸੰਭਾਲ ਵਾਸਤੇ ਆਪਣੇ ਹੱਥਾਂ ਨੂੰ ਇਸਤੇਮਾਲ ਕਰਦੀ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਸ ਨੇ ਪ੍ਰਸ਼ੰਸਾ ­ਕਮਾਈ!

7 ਜੇਕਰ ਤੁਸੀਂ ਇਕ ਇਕੱਲੀ ਮਾਤਾ ਜਾਂ ਪਿਤਾ ਹੋ, ਤਾਂ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਦੇ ਪ੍ਰਤੀ ਸਚੇਤ ਹੋਵੋ। ਅਜਿਹੇ ਕੰਮ ਵਿਚ ਸੰਤੁਸ਼ਟੀ ਪਾਓ, ਕਿਉਂਕਿ ਇਹ ਤੁਹਾਡੇ ਬੱਚਿਆਂ ਦੀ ਖ਼ੁਸ਼ੀ ਨੂੰ ਕਾਫ਼ੀ ਵਧਾਉਂਦਾ ਹੈ। ਫਿਰ ਵੀ, ਉਚਿਤ ਯੋਜਨਾਵਾਂ ਬਣਾਉਣੀਆਂ ਅਤੇ ਵਿਵਸਥਾ ਲਾਜ਼ਮੀ ਹੈ। ਬਾਈਬਲ ਕਹਿੰਦੀ ਹੈ: “ਉੱਦਮੀ ਦੀਆਂ ਜੁਗਤਾਂ ਨਿਰੀਆਂ ਵਾਫ਼ਰੀ ਵੱਲ ਹੁੰਦੀਆਂ ਹਨ।” (ਕਹਾਉਤਾਂ 21:5) ਇਕ ਇਕੱਲੇ ਪਿਤਾ ਨੇ ਸਵੀਕਾਰ ਕੀਤਾ: “ਮੈਂ ਭੋਜਨ ਬਾਰੇ ਦਰਅਸਲ ਸੋਚਦਾ ਹੀ ਨਹੀਂ ਜਦ ਤਕ ਮੈਨੂੰ ਭੁੱਖ ਨਹੀਂ ਲੱਗਦੀ ਹੈ।” ਪਰੰਤੂ ਯੋਜਨਾਬੱਧ ਭੋਜਨ ਉਨ੍ਹਾਂ ਕਾਹਲੀ ਨਾਲ ਕੰਮ ਚਲਾਉ ਭੋਜਨਾਂ ਨਾਲੋਂ ਅਕਸਰ ਜ਼ਿਆਦਾ ਪੌਸ਼ਟਿਕ ਅਤੇ ਮਨਮੋਹਕ ਹੁੰਦੇ ਹਨ। ਤੁਹਾਨੂੰ ਸ਼ਾਇਦ ਨਵੇਂ ਘਰੇਲੂ ਹੁਨਰ ਵੀ ਸਿੱਖਣੇ ਪੈਣ। ਗਿਆਨਵਾਨ ਮਿੱਤਰਾਂ, ਵਿਵਹਾਰਕ ਪੁਸਤਕਾਂ, ਅਤੇ ਸਹਾਇਕ ਪੇਸ਼ਾਵਰਾਂ ਦੀ ਰਾਇ ਪੁੱਛਦੀਆਂ, ਕੁਝ ਇਕੱਲੀਆਂ ਮਾਵਾਂ ਪੇਂਟ ਕਰਨ, ਨਲਸਾਜ਼ੀ, ਅਤੇ ਗੱਡੀਆਂ ਦੇ ਸਾਧਾਰਣ ਮੁਰੰਮਤ ਕੰਮਾਂ ਨਾਲ ਨਿਪਟ ਸਕੀਆਂ ਹਨ।

8. ਇਕੱਲੇ ਮਾਪਿਆਂ ਦੇ ਬੱਚੇ ਘਰ ਵਿਚ ਕਿਵੇਂ ਮਦਦ ਕਰ ਸਕਦੇ ਹਨ?

8 ਕੀ ਬੱਚਿਆਂ ਤੋਂ ਮਦਦ ਮੰਗਣੀ ਜਾਇਜ਼ ਹੈ? ਇਕ ਇਕੱਲੀ ਮਾਂ ਨੇ ਤਰਕ ਕੀਤਾ: “ਤੁਸੀਂ ਬੱਚਿਆਂ ਲਈ ਸੌਖਾ ਬਣਾ ਕੇ ਪਿਤਾ ਦੀ ਗ਼ੈਰ-ਹਾਜ਼ਰੀ ਦੀ ਪੂਰਤੀ ਕਰਨਾ ਚਾਹੁੰਦੇ ਹੋ।” ਇਹ ਸ਼ਾਇਦ ਸਮਝਣਯੋਗ ਹੋ ਸਕਦਾ ਹੈ ਪਰੰਤੂ ਇਹ ਹਮੇਸ਼ਾ ਬੱਚੇ ਦੀ ਭਲਾਈ ਲਈ ਨਹੀਂ ਹੁੰਦਾ ਹੈ। ਬਾਈਬਲ ਸਮਿਆਂ ਵਿਚ ਪਰਮੇਸ਼ੁਰ ਤੋਂ ਡਰਨ ਵਾਲੇ ਨੌਜਵਾਨਾਂ ਨੂੰ ਢੁਕਵੇਂ ਘਰੇਲੂ ਕੰਮ-ਕਾਜ ਸੌਂਪੇ ਜਾਂਦੇ ਸਨ। (ਉਤਪਤ 37:2; ਸਰੇਸ਼ਟ ਗੀਤ 1:6) ਸੋ, ਹਾਲਾਂਕਿ ਆਪਣਿਆਂ ਬੱਚਿਆਂ ਉੱਤੇ ਜ਼ਿਆਦਾ ਭਾਰ ਲੱਦਣ ਤੋਂ ਸਾਵਧਾਨ ਹੋਵੋਗੇ, ਤੁਸੀਂ ਉਨ੍ਹਾਂ ਨੂੰ ਅਜਿਹੇ ਕੰਮ-ਕਾਰ ਸੌਂਪਣ ਵਿਚ ਜਿਵੇਂ ਕਿ ਭਾਂਡੇ ਧੋਣੇ ਅਤੇ ਆਪਣਾ ਕਮਰਾ ਸਾਫ਼ ਰੱਖਣਾ, ਬੁੱਧੀਮਤਾ ਦਿਖਾਓਗੇ। ਕਿਉਂ ਨਾ ਕੁਝ ਘਰੇਲੂ ਕੰਮ-ਕਾਜ ਇਕੱਠੇ ਮਿਲ ਕੇ ਕਰੋ? ਇਹ ਬਹੁਤ ਆਨੰਦਮਈ ਹੋ ਸਕਦਾ ਹੈ।

ਰੋਜ਼ੀ ਕਮਾਉਣ ਦੀ ਚੁਣੌਤੀ

9. ਇਕੱਲੀਆਂ ਮਾਵਾਂ ਅਕਸਰ ਮਾਇਕ ਤੰਗੀਆਂ ਦਾ ਸਾਮ੍ਹਣਾ ਕਿਉਂ ਕਰਦੀਆਂ ਹਨ?

9 ਅਧਿਕਤਰ ਇਕੱਲੇ ਮਾਪਿਆਂ ਨੂੰ ਆਪਣੀਆਂ ਮਾਇਕ ਲੋੜਾਂ ਪੂਰੀਆਂ ਕਰਨੀਆਂ ਕਠਿਨ ਲੱਗਦੀਆਂ ਹਨ, ਅਤੇ ਆਮ ਤੌਰ ਤੇ ਮੁਟਿਆਰ ਅਣਵਿਵਾਹਿਤ ਮਾਵਾਂ ਖ਼ਾਸ ਕਰਕੇ ਔਖਿਆਈ ਅਨੁਭਵ ਕਰਦੀਆਂ ਹਨ। * ਉਨ੍ਹਾਂ ਦੇਸ਼ਾਂ ਵਿਚ ਜਿੱਥੇ ਜਨਤਕ ਸਹਾਇਤਾ ਉਪਲਬਧ ਹੈ, ਉਨ੍ਹਾਂ ਲਈ ਇਸ ਦਾ ਫ਼ਾਇਦਾ ਲੈਣਾ ਬੁੱਧੀਮਾਨੀ ਹੋਵੇਗੀ, ਘੱਟ ਤੋਂ ਘੱਟ ਉਦੋਂ ਤਕ ਜਦੋਂ ਤਾਈਂ ਉਹ ਰੁਜ਼ਗਾਰ ਨਾ ਲੱਭ ਲੈਣ। ਬਾਈਬਲ ਮਸੀਹੀਆਂ ਨੂੰ ਅਜਿਹੇ ਪ੍ਰਬੰਧਾਂ ਦਾ, ਜਦੋਂ ਜ਼ਰੂਰਤ ਹੋਵੇ, ਉਪਯੋਗ ਕਰਨ ਦੀ ਇਜਾਜ਼ਤ ਦਿੰਦੀ ਹੈ। (ਰੋਮੀਆਂ 13:1, 6) ਵਿਧਵਾਵਾਂ ਅਤੇ ਤਲਾਕ-ਸ਼ੁਦਾ ਵਿਅਕਤੀ ਅਜਿਹੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ। ਬਹੁਤੇਰਿਆਂ ਨੂੰ, ਕਈ ਸਾਲਾਂ ਤੋਂ ਘਰ ਸੰਭਾਲਣ ਬਾਅਦ ਮਜਬੂਰਨ ਨੌਕਰੀ ਮੰਡੀ ਵਿਚ ਮੁੜ ਪ੍ਰਵੇਸ਼ ਕਰਨ ਤੇ ਅਕਸਰ ਘੱਟ ਤਨਖ਼ਾਹ ਵਾਲਾ ਕੰਮ ਹੀ ਮਿਲ ਸਕਦਾ ਹੈ। ਕੁਝ ਵਿਅਕਤੀ ਰੁਜ਼ਗਾਰ-ਸਿਖਲਾਈ ਪ੍ਰੋਗ੍ਰਾਮਾਂ ਜਾਂ ਛੋਟੀ-ਮਿਆਦ ਦੇ ਸਕੂਲ ਕੋਰਸਾਂ ਵਿਚ ਭਰਤੀ ਹੋ ਕੇ, ਆਪਣੇ ਹਾਲਾਤ ਨੂੰ ਬਿਹਤਰ ਬਣਾਉਣ ਵਿਚ ਸਫ਼ਲ ਹੁੰਦੇ ਹਨ।

10. ਇਕ ਇਕੱਲੀ ਮਾਂ ਆਪਣਿਆਂ ਬੱਚਿਆਂ ਨੂੰ ਕਿਵੇਂ ਸਮਝਾ ਸਕਦੀ ਹੈ ਕਿ ਉਸ ਵਾਸਤੇ ਸੰਸਾਰਕ ਰੁਜ਼ਗਾਰ ਭਾਲਣਾ ਕਿਉਂ ਜ਼ਰੂਰੀ ਹੈ?

10 ਜਦੋਂ ਤੁਸੀਂ ਰੁਜ਼ਗਾਰ ਭਾਲਦੇ ਹੋ, ਤਾਂ ਹੈਰਾਨ ਨਾ ਹੋਣਾ ਜੇਕਰ ਤੁਹਾਡੇ ਬੱਚੇ ਨਾ-ਖ਼ੁਸ਼ ਹੁੰਦੇ ਹਨ, ਅਤੇ ਤੁਸੀਂ ਦੋਸ਼ੀ ਨਾ ਮਹਿਸੂਸ ਕਰੋ। ਇਸ ਦੀ ਬਜਾਇ, ਉਨ੍ਹਾਂ ਨੂੰ ਵਿਆਖਿਆ ਕਰੋ ਕਿ ਤੁਹਾਡੇ ਲਈ ਕੰਮ ਕਰਨਾ ਕਿਉਂ ਜ਼ਰੂਰੀ ਹੈ, ਅਤੇ ਉਨ੍ਹਾਂ ਨੂੰ ਇਹ ਸਮਝਣ ਵਿਚ ਮਦਦ ਕਰੋ ਕਿ ਯਹੋਵਾਹ ਲੋੜਦਾ ਹੈ ਕਿ ਤੁਸੀਂ ਉਨ੍ਹਾਂ ਦੇ ਲਈ ਪ੍ਰਬੰਧ ਕਰੋ। (1 ਤਿਮੋਥਿਉਸ 5:8) ਸਮਾਂ ਬੀਤਣ ਨਾਲ, ਜ਼ਿਆਦਾਤਰ ਬੱਚੇ ਸਥਿਤੀ ਅਨੁਸਾਰ ਢਲ ਜਾਂਦੇ ਹਨ। ਫਿਰ ਵੀ, ਉਨ੍ਹਾਂ ਦੇ ਨਾਲ ਉੱਨਾ ਜ਼ਿਆਦਾ ਸਮਾਂ ਬਤੀਤ ਕਰਨ ਦਾ ਜਤਨ ਕਰੋ ਜਿੰਨਾ ਤੁਹਾਡੀ ਵਿਅਸਤ ਅਨੁਸੂਚੀ ਅਨੁਮਤੀ ਦੇਵੇ। ਅਜਿਹਾ ਪ੍ਰੇਮਮਈ ਧਿਆਨ ਪਰਿਵਾਰ ਵੱਲੋਂ ਅਨੁਭਵ ਕੀਤੇ ਗਏ ਕਿਸੇ ਵੀ ਮਾਇਕ ਸੀਮਾਵਾਂ ਦੇ ਪ੍ਰਭਾਵ ਨੂੰ ਘਟਾਉਣ ਵਿਚ ਵੀ ਮਦਦ ਕਰ ਸਕਦਾ ਹੈ।—ਕਹਾਉਤਾਂ 15:16, 17.

ਕੌਣ ਕਿਸ ਦੀ ਦੇਖ-ਭਾਲ ਕਰ ਰਿਹਾ ਹੈ?

ਕਲੀਸਿਯਾ “ਵਿਧਵਾਵਾਂ” ਅਤੇ “ਯਤੀਮਾਂ” ਨੂੰ ਅਣਡਿੱਠ ਨਹੀਂ ਕਰਦੀ ਹੈ

11, 12. ਇਕੱਲੇ ਮਾਪਿਆਂ ਨੂੰ ਕਿਹੜੀਆਂ ਹੱਦਾਂ ਕਾਇਮ ਰੱਖਣੀਆਂ ਚਾਹੀਦੀਆਂ ਹਨ, ਅਤੇ ਉਹ ਇਹ ਕਿਵੇਂ ਕਰ ਸਕਦੇ ਹਨ?

11 ਇਕੱਲੇ ਮਾਪਿਆਂ ਲਈ ਆਪਣਿਆਂ ਬੱਚਿਆਂ ਦੇ ਨਾਲ ਖ਼ਾਸ ਤੌਰ ਤੇ ਨਜ਼ਦੀਕ ਹੋਣਾ ਕੁਦਰਤੀ ਹੈ, ਪਰ ਫਿਰ ਧਿਆਨ ਰੱਖਣਾ ਚਾਹੀਦਾ ਹੈ ਕਿ ਮਾਪਿਆਂ ਅਤੇ ਬੱਚਿਆਂ ਦੇ ਦਰਮਿਆਨ ਪਰਮੇਸ਼ੁਰ-ਨਿਯੁਕਤ ਹੱਦਾਂ ਭੰਗ ਨਾ ਹੋ ਜਾਣ। ­ਉਦਾਹਰਣ ਲਈ, ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਜੇਕਰ ਇਕ ਇਕੱਲੀ ਮਾਂ ਆਪਣੇ ਪੁੱਤਰ ਤੋਂ ਘਰ ਦੇ ਸਿਰ ਦੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਕੰਧਿਆਂ ਤੇ ਚੁੱਕਣ ਦੀ ਉਮੀਦ ਰੱਖਦੀ ਹੈ ਜਾਂ ਆਪਣੀ ਧੀ ਨਾਲ ਇਕ ­ਹਮਰਾਜ਼ ਦੇ ਤੌਰ ਤੇ ਵਿਹਾਰ ਕਰਦੀ ਹੋਈ, ਲੜਕੀ ਉੱਤੇ ਨਿੱਜੀ ­ਸਮੱਸਿਆਵਾਂ ਦਾ ਬੋਝ ਪਾਉਂਦੀ ਹੈ। ਇਸ ਤਰ੍ਹਾਂ ਕਰਨਾ ਇਕ ਬੱਚੇ ਦੇ ਲਈ ਅਨੁਚਿਤ, ਤਣਾਉ-ਭਰਪੂਰ, ਅਤੇ ਸ਼ਾਇਦ ਉਲਝਾਊ ਹੋਵੇਗਾ।

12 ਆਪਣੇ ਬੱਚਿਆਂ ਨੂੰ ਯਕੀਨ ਦਿਲਾਓ ਕਿ ਤੁਸੀਂ ਇਕ ਮਾਤਾ ਜਾਂ ਪਿਤਾ ਵਜੋਂ, ਉਨ੍ਹਾਂ ਦੀ ਦੇਖ-ਭਾਲ ਕਰੋਗੇ—ਨਾ ਕਿ ਇਸ ਦੇ ਉਲਟ। (ਤੁਲਨਾ ਕਰੋ 2 ਕੁਰਿੰਥੀਆਂ 12:14.) ਕਦੇ-ਕਦਾਈਂ ਤੁਹਾਨੂੰ ਸ਼ਾਇਦ ਕੁਝ ਸਲਾਹ ਜਾਂ ਸਹਾਰੇ ਦੀ ਜ਼ਰੂਰਤ ਪੈ ਸਕਦੀ ਹੈ। ਉਸ ਨੂੰ ਮਸੀਹੀ ਬਜ਼ੁਰਗਾਂ ਜਾਂ ਸ਼ਾਇਦ ਪ੍ਰੌੜ੍ਹ ਮਸੀਹੀ ਇਸਤਰੀਆਂ ਤੋਂ ਭਾਲੋ, ਨਾਬਾਲਗ ਬੱਚਿਆਂ ਤੋਂ ਨਹੀਂ।—ਤੀਤੁਸ 2:3.

ਅਨੁਸ਼ਾਸਨ ਕਾਇਮ ਰੱਖਣਾ

13. ਇਕ ਇਕੱਲੀ ਮਾਂ ਅਨੁਸ਼ਾਸਨ ਦੇ ਸੰਬੰਧ ਵਿਚ ਕਿਹੜੀ ਸਮੱਸਿਆ ਦਾ ਸਾਮ੍ਹਣਾ ਕਰ ਸਕਦੀ ਹੈ?

13 ਇਕ ਪੁਰਸ਼ ਵਾਸਤੇ ਸੰਜੀਦਗੀ ਸਹਿਤ ਇਕ ਅਨੁਸ਼ਾਸਕ ਦੇ ਤੌਰ ਤੇ ਸਤਿਕਾਰ ਹਾਸਲ ਕਰਨਾ ਇੰਨਾ ਔਖਾ ਨਹੀਂ ਹੈ, ਪਰੰਤੂ ਇਸ ਸੰਬੰਧ ਵਿਚ ਇਕ ਇਸਤਰੀ ਨੂੰ ਸ਼ਾਇਦ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਵੇ। ਇਕ ਇਕੱਲੀ ਮਾਂ ਕਹਿੰਦੀ ਹੈ: “ਮੇਰੇ ਪੁੱਤਰਾਂ ਦੇ ਮਰਦਾਵੇਂ ਸਰੀਰ ਅਤੇ ਮਰਦਾਵੀਆਂ ਆਵਾਜ਼ਾਂ ਹਨ। ਕਦੇ-ਕਦੇ ਤੁਲਨਾ ਵਿਚ ਮੈਂ ਅਨਿਸ਼ਚਿਤ ਜਾਂ ਕਮਜ਼ੋਰ ਸੁਣਾਈ ਦਿੰਦੀ ਹਾਂ।” ਇਸ ਤੋਂ ਇਲਾਵਾ, ਤੁਸੀਂ ਸ਼ਾਇਦ ਹਾਲੇ ਵੀ ਇਕ ਪਿਆਰੇ ਜੀਵਨ-ਸਾਥੀ ਦੀ ਮੌਤ ਦਾ ਸੋਗ ਕਰ ਰਹੇ ਹੋਵੋ, ਜਾਂ ਸ਼ਾਇਦ ਤੁਸੀਂ ਇਕ ਵਿਵਾਹਕ ਅਲਹਿਦਗੀ ਦੇ ਸੰਬੰਧ ਵਿਚ ਦੋਸ਼ ਜਾਂ ਗੁੱਸਾ ਮਹਿਸੂਸ ਕਰ ਰਹੇ ਹੋਵੋ। ਜੇਕਰ ਬੱਚੇ ਦੀ ਸਾਂਝੀ ਕਾਨੂੰਨੀ ਸੰਭਾਲ ਹੈ, ਤਾਂ ਤੁਸੀਂ ਸ਼ਾਇਦ ਡਰਦੇ ਹੋਵੋ ਕਿ ਤੁਹਾਡਾ ਬੱਚਾ ਤੁਹਾਡੇ ਸਾਬਕਾ ਸਾਥੀ ਨਾਲ ਹੋਣਾ ਜ਼ਿਆਦਾ ਪਸੰਦ ਕਰਦਾ ਹੈ। ਅਜਿਹੀਆਂ ਸਥਿਤੀਆਂ ਸੰਤੁਲਿਤ ਅਨੁਸ਼ਾਸਨ ਦੇਣਾ ਕਠਿਨ ਬਣਾ ਸਕਦੀਆਂ ਹਨ।

14. ਇਕੱਲੇ ਮਾਪੇ ਅਨੁਸ਼ਾਸਨ ਬਾਰੇ ਇਕ ਸੰਤੁਲਿਤ ਦ੍ਰਿਸ਼ਟੀ ਕਿਵੇਂ ਕਾਇਮ ਰੱਖ ਸਕਦੇ ਹਨ?

14 ਬਾਈਬਲ ਕਹਿੰਦੀ ਹੈ ਕਿ “ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।” (ਕਹਾਉਤਾਂ 29:15) ਤੁਹਾਡੇ ਕੋਲ ਪਰਿਵਾਰਕ ਅਸੂਲਾਂ ਨੂੰ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਯਹੋਵਾਹ ਪਰਮੇਸ਼ੁਰ ਵੱਲੋਂ ਅਧਿਕਾਰ ਹੈ, ਇਸ ਲਈ ਦੋਸ਼-ਭਾਵਨਾ, ਪਛਤਾਵਾ, ਜਾਂ ਡਰ ਨੂੰ ਹਾਵੀ ਨਾ ਹੋਣ ਦਿਓ। (ਕਹਾਉਤਾਂ 1:8) ਬਾਈਬਲ ਸਿਧਾਂਤਾਂ ਦੇ ਸੰਬੰਧ ਵਿਚ ਸਮਝੌਤਾ ਨਾ ਕਰੋ। (ਕਹਾਉਤਾਂ 13:24) ਤਰਕਸੰਗਤ, ਅਡੋਲ, ਅਤੇ ਦ੍ਰਿੜ੍ਹ ਬਣੇ ਰਹਿਣ ਦਾ ਜਤਨ ਕਰੋ। ਸਮਾਂ ਬੀਤਣ ਦੇ ਨਾਲ ਜ਼ਿਆਦਾਤਰ ਬੱਚੇ ਅਨੁਕੂਲ ਪ੍ਰਤਿਕ੍ਰਿਆ ਦਿਖਾਉਣਗੇ। ਫਿਰ ਵੀ, ਤੁਸੀਂ ਆਪਣੇ ਬੱਚਿਆਂ ਦਿਆਂ ਜਜ਼ਬਾਤਾਂ ਦਾ ਲਿਹਾਜ਼ ਰੱਖਣਾ ਚਾਹੋਗੇ। ਇਕ ਇਕੱਲਾ ਪਿਤਾ ਕਹਿੰਦਾ ਹੈ: “ਉਨ੍ਹਾਂ ਦੀ ਮਾਂ ਨੂੰ ਖੋਹ ਬੈਠਣ ਦੇ ਸਦਮੇ ਵਜੋਂ, ਮੈਨੂੰ ਆਪਣੇ ਅਨੁਸ਼ਾਸਨ ਨੂੰ ਨਰਮ ਕਰਨਾ ਪਿਆ ਸੀ। ਮੈਂ ਉਨ੍ਹਾਂ ਦੇ ਨਾਲ ਹਰ ਮੌਕੇ ਤੇ ਗੱਲਾਂ ਕਰਦਾ ਹਾਂ। ਅਸੀਂ ਭੋਜਨ ਬਣਾਉਂਦੇ ਸਮੇਂ ਆਪਸੀ ਗੱਲਬਾਤ ਕਰਦੇ ਹਾਂ। ਉਦੋਂ ਹੀ ਉਹ ਅਸਲ ਵਿਚ ਮੈਨੂੰ ਆਪਣਾ ਹਮਰਾਜ਼ ਬਣਾਉਂਦੇ ਹਨ।”

15. ਸਾਬਕਾ ਸਾਥੀ ਦੇ ਬਾਰੇ ਗੱਲਾਂ ਕਰਦੇ ਸਮੇਂ ਇਕ ਤਲਾਕ-ਸ਼ੁਦਾ ਮਾਤਾ ਜਾਂ ਪਿਤਾ ਨੂੰ ਕਿਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?

15 ਜੇਕਰ ਤੁਸੀਂ ਤਲਾਕ-ਸ਼ੁਦਾ ਹੋ, ਤਾਂ ਆਪਣੇ ਸਾਬਕਾ ਸਾਥੀ ਲਈ ਆਦਰ ਘਟਾਉਣ ਦੁਆਰਾ ਕੁਝ ਨਹੀਂ ਹਾਸਲ ਹੁੰਦਾ ਹੈ। ਮਾਪਿਆਂ ਦਾ ਝਗੜਾ ਬੱਚਿਆਂ ਲਈ ਦੁਖਦਾਇਕ ਹੁੰਦਾ ਹੈ ਅਤੇ ਆਖ਼ਰਕਾਰ ਤੁਹਾਡੇ ਦੋਹਾਂ ਲਈ ਉਨ੍ਹਾਂ ਦਾ ਆਦਰ ਘਟਾ ਦੇਵੇਗਾ। ਇਸ ਲਈ, ਅਜਿਹੀਆਂ ਦੁਖਦਾਇਕ ਟਿੱਪਣੀਆਂ ਕਰਨ ਤੋਂ ਪਰਹੇਜ਼ ਕਰੋ: “ਤੂੰ ਤਾਂ ਨਿਰਾ ਆਪਣੇ ਪਿਤਾ ਵਰਗਾ ਹੈਂ!” ਤੁਹਾਡੇ ਸਾਬਕਾ ਸਾਥੀ ਨੇ ਤੁਹਾਨੂੰ ਜੋ ਵੀ ਠੇਸ ਪਹੁੰਚਾਈ ਹੋਵੇ, ਉਹ ਫਿਰ ਵੀ ਤੁਹਾਡੇ ਬੱਚੇ ਦਾ ਪਿਤਾ ਜਾਂ ਮਾਤਾ ਹੈ, ਜਿਸ ਨੂੰ ਦੋਹਾਂ ਮਾਪਿਆਂ ਦੇ ਪ੍ਰੇਮ, ਧਿਆਨ, ਅਤੇ ਅਨੁਸ਼ਾਸਨ ਦੀ ਲੋੜ ਹੈ। *

16. ਇਕ ਇਕੱਲੀ ਮਾਤਾ ਜਾਂ ਪਿਤਾ ਵਾਲੇ ਘਰ ਵਿਚ ਕਿਹੜਿਆਂ ਅਧਿਆਤਮਿਕ ਪ੍ਰਬੰਧਾਂ ਨੂੰ ਅਨੁਸ਼ਾਸਨ ਦਾ ਇਕ ਨਿਯਮਿਤ ਹਿੱਸਾ ਹੋਣਾ ਚਾਹੀਦਾ ਹੈ?

16 ਜਿਵੇਂ ਪੂਰਬਲੇ ਅਧਿਆਵਾਂ ਵਿਚ ਚਰਚਾ ਕੀਤੀ ਗਈ ਹੈ, ਅਨੁਸ਼ਾਸਨ ਵਿਚ ਸਜ਼ਾ ਹੀ ਨਹੀਂ, ਲੇਕਨ ਸਿਖਲਾਈ ਅਤੇ ਹਿਦਾਇਤ ਸ਼ਾਮਲ ਹਨ। ਅਨੇਕ ਸਮੱਸਿਆਵਾਂ ਅਧਿਆਤਮਿਕ ਸਿਖਲਾਈ ਦੇ ਇਕ ਅੱਛੇ ਕਾਰਜਕ੍ਰਮ ਦੁਆਰਾ ਟਾਲੀਆਂ ਜਾ ਸਕਦੀਆਂ ਹਨ। (ਫ਼ਿਲਿੱਪੀਆਂ 3:16) ਮਸੀਹੀ ਸਭਾਵਾਂ ਤੇ ਨਿਯਮਿਤ ਹਾਜ਼ਰੀ ਲਾਜ਼ਮੀ ਹੈ। (ਇਬਰਾਨੀਆਂ 10:24, 25) ਨਾਲੇ ਸਪਤਾਹਕ ਪਰਿਵਾਰਕ ਬਾਈਬਲ ਅਧਿਐਨ ਵੀ ਲਾਜ਼ਮੀ ਹੈ। ਇਹ ਸੱਚ ਹੈ ਕਿ ਅਜਿਹਾ ਇਕ ­ਅਧਿਐਨ ਜਾਰੀ ਰੱਖਣਾ ਸੌਖਾ ਨਹੀਂ ਹੈ। “ਦਿਨ ਭਰ ਦੇ ਕੰਮ ਤੋਂ ਬਾਅਦ, ਅਸਲ ਵਿਚ ਤੁਸੀਂ ਆਰਾਮ ਹੀ ਕਰਨਾ ਚਾਹੁੰਦੇ ਹੋ,” ਇਕ ਨੇਕਨੀਅਤ ਮਾਂ ਕਹਿੰਦੀ ਹੈ। “ਪਰੰਤੂ ਇਹ ਜਾਣਦੇ ਹੋਏ ਕਿ ਇਹ ਅਜਿਹੀ ਚੀਜ਼ ਹੈ ਜਿਸ ਨੂੰ ਕਰਨਾ ਲਾਜ਼ਮੀ ਹੈ, ਮੈਂ ਆਪਣੀ ਧੀ ਦੇ ਨਾਲ ਅਧਿਐਨ ਕਰਨ ਲਈ ਖ਼ੁਦ ਨੂੰ ਮਾਨਸਿਕ ਤੌਰ ਤੇ ਤਿਆਰ ਕਰਦੀ ਹਾਂ। ਉਹ ਸੱਚ-ਮੁੱਚ ਹੀ ਸਾਡੇ ਪਰਿਵਾਰਕ ਅਧਿਐਨ ਦਾ ਆਨੰਦ ਮਾਣਦੀ ਹੈ!”

17. ਅਸੀਂ ਪੌਲੁਸ ਦੇ ਸਾਥੀ ਤਿਮੋਥਿਉਸ ਦੇ ਵਧੀਆ ਪਾਲਣ-ਪੋਸਣ ਤੋਂ ਕੀ ਸਿੱਖ ਸਕਦੇ ਹਾਂ?

17 ਜ਼ਾਹਰਾ ਤੌਰ ਤੇ ਰਸੂਲ ਪੌਲੁਸ ਦੇ ਸਾਥੀ ਤਿਮੋਥਿਉਸ ਨੂੰ ਬਾਈਬਲ ਸਿਧਾਂਤਾਂ ਵਿਚ ਆਪਣੀ ਸਿਖਲਾਈ ਆਪਣੀ ਮਾਂ ਅਤੇ ਆਪਣੀ ਨਾਨੀ ਦੁਆਰਾ ਮਿਲੀ—ਪਰੰਤੂ ਸਪੱਸ਼ਟ ਹੈ ਕਿ ਉਸ ਦੇ ਪਿਤਾ ਦੁਆਰਾ ਨਹੀਂ। ਫਿਰ ਵੀ, ਤਿਮੋਥਿਉਸ ਇਕ ਕਿੰਨਾ ਸਿਰਕੱਢਵਾਂ ਮਸੀਹੀ ਬਣਿਆ! (ਰਸੂਲਾਂ ਦੇ ਕਰਤੱਬ 16:1, 2; 2 ਤਿਮੋਥਿਉਸ 1:5; 3:14, 15) ਜਿਉਂ ਹੀ ਤੁਸੀਂ ਆਪਣਿਆਂ ਬੱਚਿਆਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ” ਵਿਚ ਪਾਲਣ-ਪੋਸਣ ਕਰਨ ਦਾ ਜਤਨ ਕਰਦੇ ਹੋ, ਤੁਸੀਂ ਵੀ ਇਸੇ ਤਰ੍ਹਾਂ ਸੁਖਾਵੇਂ ਨਤੀਜਿਆਂ ਦੀ ਉਮੀਦ ਰੱਖ ਸਕਦੇ ਹੋ।—ਅਫ਼ਸੀਆਂ 6:4.

ਇਕੱਲਤਾ ਵਿਰੁੱਧ ਸੰਘਰਸ਼ ਨੂੰ ਜਿੱਤਣਾ

18, 19. (ੳ) ਇਕ ਇਕੱਲੀ ਮਾਤਾ ਜਾਂ ਪਿਤਾ ਲਈ ਇਕੱਲਤਾ ਕਿਵੇਂ ਪ੍ਰਗਟ ਹੋ ਸਕਦੀ ਹੈ? (ਅ) ਸਰੀਰਕ ਕਾਮਨਾਵਾਂ ਨੂੰ ਕਾਬੂ ਕਰਨ ਵਿਚ ਮਦਦ ਲਈ ਕੀ ਸਲਾਹ ਦਿੱਤੀ ਜਾਂਦੀ ਹੈ?

18 ਇਕ ਇਕੱਲੀ ਮਾਂ ਨੇ ਹਉਕਾ ਭਰ ਕੇ ਕਿਹਾ: “ਜਦੋਂ ਮੈਂ ਘਰ ਆ ਕੇ ਉਨ੍ਹਾਂ ਚਾਰ ਦੀਵਾਰਾਂ ਨੂੰ ਦੇਖਦੀ ਹਾਂ, ਅਤੇ ਖ਼ਾਸ ਕਰਕੇ ਜਦੋਂ ਬੱਚੇ ਸੌਂ ਜਾਂਦੇ ਹਨ, ਮੈਨੂੰ ਇਕੱਲਤਾ ਘੇਰ ਲੈਂਦੀ ਹੈ।” ਜੀ ਹਾਂ, ਇਕੱਲਤਾ ਅਕਸਰ ਇਕ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਜਿਸ ਦਾ ਇਕ ਇਕੱਲੀ ਮਾਤਾ ਜਾਂ ਪਿਤਾ ਸਾਮ੍ਹਣਾ ਕਰਦੇ ਹਨ। ਨਿੱਘਾ ਸਾਥ ਅਤੇ ਵਿਆਹ ਦੇ ਨਿਕਟਵਰਤੀ ਸੰਬੰਧਾਂ ਨੂੰ ਲੋਚਣਾ ਕੁਦਰਤੀ ਹੈ। ਪਰੰਤੂ ਕੀ ਇਕ ਵਿਅਕਤੀ ਨੂੰ ਇਸ ਸਮੱਸਿਆ ਨੂੰ ਕਿਸੇ ਵੀ ਕੀਮਤ ਤੇ ਸੁਲਝਾਉਣ ਦਾ ਜਤਨ ਕਰਨਾ ਚਾਹੀਦਾ ਹੈ? ਰਸੂਲ ਪੌਲੁਸ ਦੇ ਦਿਨਾਂ ਵਿਚ, ਕੁਝ ਮੁਟਿਆਰ ਵਿਧਵਾਵਾਂ ਨੇ ‘ਆਪਣੀਆਂ ਕਾਮ ਵਾਸ਼ਨਾਵਾਂ ਨੂੰ ਉਨ੍ਹਾਂ ਅਤੇ ਮਸੀਹ ਦੇ ਵਿਚਕਾਰ ਆਉਣ’ ਦੀ ਇਜਾਜ਼ਤ ਦਿੱਤੀ। (1 ਤਿਮੋਥਿਉਸ 5:11, 12, ਨਿਵ) ਸਰੀਰਕ ਕਾਮਨਾਵਾਂ ਨੂੰ ਅਧਿਆਤਮਿਕ ਰੁਚੀਆਂ ਉੱਤੇ ਮਾਂਦ ਪਾਉਣ ਦੇਣਾ ਹਾਨੀਕਾਰਕ ਹੋਵੇਗਾ।—1 ਤਿਮੋਥਿਉਸ 5:6.

19 ਇਕ ਮਸੀਹੀ ਪੁਰਸ਼ ਨੇ ਕਿਹਾ: “ਜਿਨਸੀ ਉਕਸਾਹਟਾਂ ਬਹੁਤ ਹੀ ਜ਼ੋਰਦਾਰ ਹੁੰਦੀਆਂ ਹਨ, ਪਰੰਤੂ ਤੁਸੀਂ ਉਨ੍ਹਾਂ ਨੂੰ ਕਾਬੂ ਕਰ ਸਕਦੇ ਹੋ। ਜਦੋਂ ਇਕ ਵਿਚਾਰ ਤੁਹਾਡੇ ਮਨ ਵਿਚ ਆਉਂਦਾ ਹੈ, ਤਾਂ ਤੁਹਾਨੂੰ ਉਸ ਉੱਤੇ ਧਿਆਨ ਨਹੀਂ ਕੇਂਦ੍ਰਿਤ ਕਰਨਾ ਚਾਹੀਦਾ ਹੈ। ਤੁਹਾਨੂੰ ਉਸ ਨੂੰ ਕੱਢ ਦੇਣਾ ਚਾਹੀਦਾ ਹੈ। ਆਪਣੇ ਬੱਚੇ ਬਾਰੇ ਸੋਚਣਾ ਵੀ ਮਦਦ ਕਰਦਾ ਹੈ।” ਪਰਮੇਸ਼ੁਰ ਦਾ ਬਚਨ ਸਲਾਹ ਦਿੰਦਾ ਹੈ: ‘ਆਪਣੇ ਸਰੀਰਕ ਅੰਗਾਂ ਨੂੰ ਕਾਮ ਵਾਸਨਾ ਦੇ ਸੰਬੰਧ ਵਿਚ ਮਾਰ ਸੁੱਟੋ।’ (ਕੁਲੁੱਸੀਆਂ 3:5, ਨਿਵ) ਜੇਕਰ ਤੁਸੀਂ ਭੋਜਨ ਲਈ ਆਪਣੀ ਭੁੱਖ ਨੂੰ ਮਿਟਾਉਣ ਦਾ ਜਤਨ ਕਰ ਰਹੇ ਹੁੰਦੇ, ਤਾਂ ਕੀ ਤੁਸੀਂ ਸੁਆਦਲੇ ਭੋਜਨਾਂ ਨੂੰ ਚਿੱਤ੍ਰਿਤ ਕਰਦੀਆਂ ਤਸਵੀਰਾਂ ਵਾਲੇ ਰਸਾਲਿਆਂ ਨੂੰ ਪੜ੍ਹਦੇ, ਜਾਂ ਕੀ ਤੁਸੀਂ ਉਨ੍ਹਾਂ ਲੋਕਾਂ ਦੇ ਨਾਲ ਸਾਥ ਰੱਖਦੇ ਜੋ ਲਗਾਤਾਰ ਭੋਜਨ ਬਾਰੇ ਗੱਲਾਂ ਕਰਦੇ ਹਨ? ਨਿਸ਼ਚੇ ਹੀ ਨਹੀਂ! ਸਰੀਰਕ ਕਾਮਨਾਵਾਂ ਦੇ ਸੰਬੰਧ ਵਿਚ ਵੀ ਇਹੀ ਸੱਚ ਹੈ।

20. (ੳ) ਉਨ੍ਹਾਂ ਲਈ ਕੀ ਖ਼ਤਰੇ ਪੇਸ਼ ਹਨ ਜੋ ਅਵਿਸ਼ਵਾਸੀਆਂ ਦੇ ਨਾਲ ਆਸ਼ਨਾਈ ਕਰਦੇ ਹਨ? (ਅ) ਇਕੱਲੇ ਲੋਕਾਂ ਨੇ ਦੋਵੇਂ ਪਹਿਲੀ ਸਦੀ ਵਿਚ ਅਤੇ ਅੱਜ ਦੇ ਸਮੇਂ ਵਿਚ ਇਕੱਲਤਾ ਦੇ ਨਾਲ ਕਿਵੇਂ ਸੰਘਰਸ਼ ਕੀਤਾ ਹੈ?

20 ਕੁਝ ਮਸੀਹੀ, ਅਵਿਸ਼ਵਾਸੀ ਵਿਅਕਤੀਆਂ ਦੇ ਨਾਲ ਆਸ਼ਨਾਈ ਸੰਬੰਧਾਂ ਵਿਚ ਪ੍ਰਵੇਸ਼ ਹੋਏ ਹਨ। (1 ਕੁਰਿੰਥੀਆਂ 7:39) ਕੀ ਇਸ ਨੇ ਉਨ੍ਹਾਂ ਦੀ ਸਮੱਸਿਆ ਹੱਲ ਕਰ ਦਿੱਤੀ? ਨਹੀਂ। ਇਕ ਤਲਾਕ-ਸ਼ੁਦਾ ਮਸੀਹੀ ਇਸਤਰੀ ਨੇ ਚੇਤਾਵਨੀ ਦਿੱਤੀ: “ਇਕੱਲੇ ਹੋਣ ਨਾਲੋਂ ਇਕ ਹੋਰ ਸਥਿਤੀ ਅਤਿ ਜ਼ਿਆਦਾ ਖ਼ਰਾਬ ਹੈ। ਉਹ ਹੈ ਗ਼ਲਤ ਵਿਅਕਤੀ ਦੇ ਨਾਲ ਵਿਆਹੇ ਹੋਣਾ!” ਬਿਨਾਂ ਸ਼ੱਕ, ਪਹਿਲੀ-ਸਦੀ ਮਸੀਹੀ ਵਿਧਵਾਵਾਂ ਨੂੰ ਇਕੱਲਤਾ ਘੇਰਦੀ ਸੀ, ਪਰੰਤੂ ਬੁੱਧਵਾਨ ਵਿਧਵਾਵਾਂ ‘ਓਪਰਿਆਂ ਦੀ ਆਗਤ ਭਾਗਤ ਕਰਦੀਆਂ, ਸੰਤਾਂ ਦੇ ਚਰਨਾਂ ਨੂੰ ਧੋਂਦੀਆਂ, ਦੁਖੀਆਂ ਦੀ ਸਹਾਇਤਾ ਕਰਦੀਆਂ,’ ਰੁੱਝੀਆਂ ਰਹਿੰਦੀਆਂ ਸਨ। (1 ਤਿਮੋਥਿਉਸ 5:10) ਅੱਜ ਵਫ਼ਾਦਾਰ ਮਸੀਹੀ ਜਿਨ੍ਹਾਂ ਨੇ ਪਰਮੇਸ਼ੁਰ ਤੋਂ ਡਰਨ ਵਾਲੇ ਇਕ ਸਾਥੀ ਨੂੰ ਭਾਲਣ ਲਈ ਅਨੇਕ ਸਾਲਾਂ ਦੀ ਉਡੀਕ ਕੀਤੀ ਹੈ, ਇਸੇ ਤਰ੍ਹਾਂ ਰੁੱਝੇ ਰਹੇ ਹਨ। ਇਕ 68-ਸਾਲਾ ਮਸੀਹੀ ਵਿਧਵਾ ਨੇ ਦੂਜੀਆਂ ਵਿਧਵਾਵਾਂ ਨਾਲ ਮੁਲਾਕਾਤ ਕਰਨਾ ਆਰੰਭ ਕੀਤਾ ਜਦੋਂ ਵੀ ਉਸ ਨੇ ਇਕੱਲੀ ਮਹਿਸੂਸ ਕੀਤਾ। ਉਸ ਨੇ ਕਿਹਾ: “ਇਹ ਮੁਲਾਕਾਤਾਂ ਕਰਨ, ਆਪਣੇ ਘਰ ਦਾ ਕੰਮ-ਕਾਜ ਕਰਨ ਅਤੇ ਆਪਣੀ ਅਧਿਆਤਮਿਕਤਾ ਦੀ ਦੇਖ-ਭਾਲ ਕਰਨ ਦੇ ਨਾਲ ਮੇਰੇ ਕੋਲ ਇਕੱਲੀ ਮਹਿਸੂਸ ਕਰਨ ਲਈ ਸਮਾਂ ਹੀ ਨਹੀਂ ਹੈ।” ਪਰਮੇਸ਼ੁਰ ਦੇ ਰਾਜ ਬਾਰੇ ਦੂਜਿਆਂ ਨੂੰ ਸਿਖਾਉਣਾ ਖ਼ਾਸ ਕਰਕੇ ਇਕ ਲਾਭਦਾਇਕ ਕੰਮ ਹੈ।—ਮੱਤੀ 28:19, 20.

21. ਪ੍ਰਾਰਥਨਾ ਅਤੇ ਅੱਛੀ ਸੰਗਤ ਇਕੱਲਤਾ ਉੱਤੇ ਜੇਤੂ ਹੋਣ ਵਿਚ ਕਿਵੇਂ ਮਦਦ ਕਰ ਸਕਦੀਆਂ ਹਨ?

21 ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਇਕੱਲਤਾ ਲਈ ਕੋਈ ਚਮਤਕਾਰੀ ਇਲਾਜ ਨਹੀਂ ਹੈ। ਪਰੰਤੂ ਇਹ ਯਹੋਵਾਹ ਤੋਂ ਮਿਲੀ ਸ਼ਕਤੀ ਦੁਆਰਾ ਸਹਿਣ ਕੀਤੀ ਜਾ ਸਕਦੀ ਹੈ। ਅਜਿਹੀ ਸ਼ਕਤੀ ਹਾਸਲ ਹੁੰਦੀ ਹੈ ਜਦੋਂ ਇਕ ਮਸੀਹੀ ‘ਰਾਤ ਦਿਨ ਬੇਨਤੀਆਂ ਅਤੇ ਪ੍ਰਾਰਥਨਾਂ ਵਿੱਚ ਲੱਗਾ ਰਹਿੰਦਾ ਹੈ।’ (1 ਤਿਮੋਥਿਉਸ 5:5) ਬੇਨਤੀਆਂ ਤੀਬਰ ਅਰਜ਼ਾਂ ਹੁੰਦੀਆਂ ਹਨ, ਜੀ ਹਾਂ, ਮਦਦ ਲਈ ਗਿੜਗਿੜਾਉਣਾ, ਸ਼ਾਇਦ ਬਹੁਤ ਢਾਹਾਂ ਮਾਰ-ਮਾਰ ਕੇ ਅਤੇ ਅੰਝੂ ਕੇਰ-ਕੇਰ ਕੇ। (ਤੁਲਨਾ ਕਰੋ ਇਬਰਾਨੀਆਂ 5:7.) ਯਹੋਵਾਹ ਸਾਮ੍ਹਣੇ “ਰਾਤ ਦਿਨ” ਆਪਣਾ ਦਿਲ ਖੋਲ੍ਹਣਾ ਸੱਚ-ਮੁੱਚ ਮਦਦ ਕਰ ਸਕਦਾ ਹੈ। ਇਸ ਦੇ ਅਤਿਰਿਕਤ, ਗੁਣਕਾਰੀ ਸੰਗਤ ਇਕੱਲਤਾ ਦੇ ਦਰਾੜ ਨੂੰ ਭਰਨ ਲਈ ਕਾਫ਼ੀ ਮਦਦ ਕਰ ਸਕਦੀ ਹੈ। ਅੱਛੀ ਸੰਗਤ ਦੁਆਰਾ, ਇਕ ਵਿਅਕਤੀ ਕਹਾਉਤਾਂ 12:25 ਵਿਚ ਵਰਣਨ ਕੀਤਾ ਗਿਆ ਉਤਸ਼ਾਹਜਨਕ “ਚੰਗਾ ਬਚਨ” ਹਾਸਲ ਕਰ ਸਕਦਾ ਹੈ।

22. ਕਿਹੜੇ ਵਿਚਾਰ ਮਦਦ ਕਰਨਗੇ ਜਦੋਂ ਸਮੇਂ-ਸਮੇਂ ਤੇ ਇਕੱਲਤਾ ਦੀ ਭਾਵਨਾ ਉਭਰਦੀ ਹੈ?

22 ਜੇਕਰ ਸਮੇਂ-ਸਮੇਂ ਤੇ ਇਕੱਲਤਾ ਦੇ ਜਜ਼ਬਾਤ ਘੇਰ ਲੈਣ—ਜਿਵੇਂ ਕਿ ਸੰਭਵ ਹੈ ਕਿ ਉਹ ਘੇਰਣਗੇ—ਯਾਦ ਰੱਖੋ ਕਿ ਕਿਸੇ ਦਾ ਵੀ ਜੀਵਨ ਸਮੱਸਿਆ ਰਹਿਤ ਨਹੀਂ ਹੈ। ਅਸਲ ਵਿਚ “ਤੁਹਾਡੇ [ਸਾਰੇ] ਗੁਰਭਾਈ” ਕਿਸੇ-ਨ-ਕਿਸੇ ਤਰੀਕੇ ਤੋਂ ਦੁੱਖ ਭੋਗ ਰਹੇ ਹਨ। (1 ਪਤਰਸ 5:9) ਅਤੀਤ ਉੱਤੇ ਧਿਆਨ ਕੇਂਦ੍ਰਿਤ ਕਰਨ ਤੋਂ ਪਰਹੇਜ਼ ਕਰੋ। (ਉਪਦੇਸ਼ਕ ਦੀ ਪੋਥੀ 7:10) ਉਨ੍ਹਾਂ ਫ਼ਾਇਦਿਆਂ ਉੱਤੇ ਪੁਨਰ-ਵਿਚਾਰ ਕਰੋ ਜਿਨ੍ਹਾਂ ਦਾ ਤੁਸੀਂ ਆਨੰਦ ਮਾਣਦੇ ਹੋ। ਸਭ ਤੋਂ ਵੱਧ, ਆਪਣੀ ਖਰਿਆਈ ਨੂੰ ਕਾਇਮ ਰੱਖਣ ਅਤੇ ਯਹੋਵਾਹ ਦੇ ਜੀ ਨੂੰ ਆਨੰਦਿਤ ਕਰਨ ਲਈ ਦ੍ਰਿੜ੍ਹ ਰਹੋ।—ਕਹਾਉਤਾਂ 27:11.

ਦੂਜੇ ਵਿਅਕਤੀ ਕਿਵੇਂ ਮਦਦ ਕਰ ਸਕਦੇ ਹਨ

23. ਕਲੀਸਿਯਾ ਵਿਚ ਇਕੱਲੇ ਮਾਪਿਆਂ ਦੇ ਪ੍ਰਤੀ ਸਾਥੀ ਮਸੀਹੀਆਂ ਦੀ ਕੀ ਜ਼ਿੰਮੇਵਾਰੀ ਹੈ?

23 ਸਾਥੀ ਮਸੀਹੀਆਂ ਦਾ ਆਸਰਾ ਅਤੇ ਮਦਦ ਅਮੁੱਲ ਹਨ। ਯਾਕੂਬ 1:27 ਕਹਿੰਦਾ ਹੈ: “ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ।” ਜੀ ਹਾਂ, ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਦੀ ਮਦਦ ਕਰਨੀ ਮਸੀਹੀਆਂ ਦੀ ਜ਼ਿੰਮੇਵਾਰੀ ਹੈ। ਕੁਝ ਕਿਹੜੇ ਵਿਵਹਾਰਕ ਤਰੀਕੇ ਹਨ ਜਿਨ੍ਹਾਂ ਵਿਚ ਇਹ ਮਦਦ ਕੀਤੀ ਜਾ ਸਕਦੀ ਹੈ?

24. ਲੋੜਵੰਦ ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਦੀ ਕਿਹੜਿਆਂ ਤਰੀਕਿਆਂ ਵਿਚ ਮਦਦ ਕੀਤੀ ਜਾ ਸਕਦੀ ਹੈ?

24 ਭੌਤਿਕ ਸਹਾਇਤਾ ਦਿੱਤੀ ਜਾ ਸਕਦੀ ਹੈ। ਬਾਈਬਲ ਕਹਿੰਦੀ ਹੈ: “ਜਿਸ ਕਿਸੇ ਕੋਲ ਸੰਸਾਰ ਦੇ ਪਦਾਰਥ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਓਸ ਉੱਤੇ ਤਰਸ ਨਾ ਖਾਵੇ ਤਾਂ ਉਹ ਦੇ ਵਿੱਚ ਪਰਮੇਸ਼ੁਰ ਦਾ ਪ੍ਰੇਮ ਕਿਵੇਂ ਰਹਿੰਦਾ ਹੈ?” (1 ਯੂਹੰਨਾ 3:17) “ਵੇਖ” ਲਈ ਮੂਲ ਯੂਨਾਨੀ ਸ਼ਬਦ ਦਾ ਅਰਥ, ਇਕ ਇਤਫ਼ਾਕੀਆ ਝਾਤ ਹੀ ਨਹੀਂ, ਪਰੰਤੂ ਇਕ ਗਿਣੀ-ਮਿਥੀ ਤਾਕ ਹੈ। ਇਹ ਸੰਕੇਤ ਕਰਦਾ ਹੈ ਕਿ ਇਕ ਦਿਆਲੂ ਮਸੀਹੀ ਸ਼ਾਇਦ ਪਹਿਲਾਂ ਇਕ ਪਰਿਵਾਰ ਦੇ ਹਾਲਾਤ ਅਤੇ ਲੋੜਾਂ ਦੇ ਨਾਲ ਪਰਿਚਿਤ ਹੋਵੇ। ਸ਼ਾਇਦ ਉਨ੍ਹਾਂ ਨੂੰ ਪੈਸਿਆਂ ਦੀ ਜ਼ਰੂਰਤ ਹੋਵੇ। ਕੁਝ ਨੂੰ ਸ਼ਾਇਦ ਘਰ ਦੀਆਂ ਮੁਰੰਮਤਾਂ ਨਾਲ ਮਦਦ ਦੀ ਲੋੜ ਹੋਵੇ। ਜਾਂ ਉਹ ਸ਼ਾਇਦ ਇਕ ਭੋਜਨ ਜਾਂ ਇਕ ਸਮਾਜਕ ਇਕੱਠ ਲਈ ਕੇਵਲ ਸੱਦੇ ਜਾਣ ਵਾਸਤੇ ਹੀ ਧੰਨਵਾਦੀ ਹੋਣ।

25. ਸਾਥੀ ਮਸੀਹੀ ਇਕੱਲੇ ਮਾਪਿਆਂ ਦੇ ਪ੍ਰਤੀ ਕਿਵੇਂ ਦਇਆ ਪ੍ਰਦਰਸ਼ਿਤ ਕਰ ਸਕਦੇ ਹਨ?

25 ਇਸ ਦੇ ਅਤਿਰਿਕਤ, 1 ਪਤਰਸ 3:8 ਕਹਿੰਦਾ ਹੈ: “ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚੀਂ ਦਰਦੀ ਬਣੋ, ਭਰੱਪਣ ਦਾ ਪ੍ਰੇਮ ਰੱਖੋ, ਤਰਸਵਾਨ . . . ਹੋਵੋ।” ਛੇ ਬੱਚਿਆਂ ਵਾਲੀ ਇਕ ਇਕੱਲੀ ਮਾਂ ਨੇ ਕਿਹਾ: “ਹਾਲਾਤ ਕਾਫ਼ੀ ਕਠਿਨ ਰਹੇ ਹਨ ਅਤੇ ਕਦੇ-ਕਦਾਈਂ ਮੈਂ ਬੋਝ ਹੇਠਾਂ ਥੱਕ ਜਾਂਦੀ ਹਾਂ। ਪਰੰਤੂ, ਕਿਸੇ-ਕਿਸੇ ਸਮੇਂ ਤੇ ਭੈਣਾਂ ਜਾਂ ਭਰਾਵਾਂ ਵਿੱਚੋਂ ਇਕ ਮੈਨੂੰ ਕਹੇਗਾ: ‘ਜੋਨ, ਤੂੰ ਸਫ਼ਲ ਕੰਮ ਕਰ ਰਹੀ ਹੈਂ। ਇਸ ਦਾ ਚੰਗਾ ਨਤੀਜਾ ਹੋਵੇਗਾ।’ ਇੰਨਾ ਹੀ ਜਾਣਨਾ ਕਿ ਦੂਜੇ ਵਿਅਕਤੀ ਤੁਹਾਡੇ ਬਾਰੇ ਸੋਚ ਰਹੇ ਹਨ ਅਤੇ ਕਿ ਉਹ ਪਰਵਾਹ ਕਰਦੇ ਹਨ ਬਹੁਤ ਹੀ ਸਹਾਇਕ ਹੈ।” ਸਿਆਣੀਆਂ ਮਸੀਹੀ ਇਸਤਰੀਆਂ ਉਨ੍ਹਾਂ ਮੁਟਿਆਰ ਇਸਤਰੀਆਂ ਜੋ ਇਕੱਲੀਆਂ ਮਾਵਾਂ ਹਨ, ਦੀ ਮਦਦ ਕਰਨ ਵਿਚ ਖ਼ਾਸ ਤੌਰ ਤੇ ਪ੍ਰਭਾਵਕਾਰੀ ਹੋ ਸਕਦੀਆਂ ਹਨ, ਅਤੇ ਉਨ੍ਹਾਂ ਦੀਆਂ ਉਹ ਸਮੱਸਿਆਵਾਂ ਨੂੰ ਹਮਦਰਦੀ ਨਾਲ ਸੁਣ ਸਕਦੀਆਂ ਹਨ ਜਿਨ੍ਹਾਂ ਬਾਰੇ ਉਨ੍ਹਾਂ ਵਾਸਤੇ ਇਕ ਪੁਰਸ਼ ਦੇ ਨਾਲ ਚਰਚਾ ਕਰਨੀ ਸ਼ਾਇਦ ਔਖੀ ਹੋਵੇ।

26. ਪ੍ਰੌੜ੍ਹ ਮਸੀਹੀ ਪੁਰਸ਼ ਯਤੀਮ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?

26 ਮਸੀਹੀ ਪੁਰਸ਼ ਦੂਜਿਆਂ ਤਰੀਕਿਆਂ ਵਿਚ ਮਦਦ ਕਰ ਸਕਦੇ ਹਨ। ਧਰਮੀ ਮਨੁੱਖ ਅੱਯੂਬ ਨੇ ਕਿਹਾ: ‘ਮੈਂ ਯਤੀਮ ਨੂੰ ਛੁਡਾਉਂਦਾ ਸਾਂ ਜਦ ਉਹ ਦਾ ਕੋਈ ਸਹਾਇਕ ਨਹੀਂ ਸੀ।’ (ਅੱਯੂਬ 29:12) ਇਸੇ ਤਰ੍ਹਾਂ ਅੱਜ ਕੁਝ ਮਸੀਹੀ ਪੁਰਸ਼ ਯਤੀਮਾਂ ਵਿਚ ਗੁਣਕਾਰੀ ਦਿਲਚਸਪੀ ਰੱਖਦੇ ਹਨ ਅਤੇ ਕਿਸੇ ਲੁਕਵੇਂ ਮਨੋਰਥ ਤੋਂ ਬਿਨਾਂ ਉਹ ਖਰਾ “ਪ੍ਰੇਮ . . . ਜਿਹੜਾ ਸ਼ੁੱਧ ਮਨ . . . ਤੋਂ ਹੁੰਦਾ ਹੈ” ਪ੍ਰਦਰਸ਼ਿਤ ਕਰਦੇ ਹਨ। (1 ਤਿਮੋਥਿਉਸ 1:5) ਆਪਣੇ ਖ਼ੁਦ ਦੇ ਪਰਿਵਾਰਾਂ ਦੀ ਅਣਗਹਿਲੀ ਕੀਤੇ ਬਿਨਾਂ, ਉਹ ਅਜਿਹੇ ਨੌਜਵਾਨਾਂ ਦੇ ਨਾਲ ਕਦੀ-ਕਦਾਈਂ ਮਸੀਹੀ ਸੇਵਾ ਵਿਚ ਕੰਮ ਕਰਨ ਦਾ ਇੰਤਜ਼ਾਮ ਬਣਾ ਸਕਦੇ ਹਨ ਅਤੇ ਉਨ੍ਹਾਂ ਨੂੰ ਸ਼ਾਇਦ ਪਰਿਵਾਰਕ ਅਧਿਐਨ ਜਾਂ ਦਿਲਪਰਚਾਵੇ ਵਿਚ ਸਾਂਝੇ ਹੋਣ ਲਈ ਵੀ ਨਿਮੰਤ੍ਰਣ ਦੇ ਸਕਦੇ ਹਨ। ਅਜਿਹੀ ਦਿਆਲਗੀ ਇਕ ਯਤੀਮ ਬੱਚੇ ਨੂੰ ਸ਼ਾਇਦ ਇਕ ਹਠਧਰਮੀ ਮਾਰਗ ਤੋਂ ਬਚਾ ਸਕਦੀ ਹੈ।

27. ਇਕੱਲੇ ਮਾਪੇ ਕਿਸ ਸਮਰਥਨ ਬਾਰੇ ਨਿਸ਼ਚਿਤ ਹੋ ਸਕਦੇ ਹਨ?

27 ਨਿਰਸੰਦੇਹ, ਆਖ਼ਰਕਾਰ ਇਕੱਲੇ ਮਾਪਿਆਂ ਨੂੰ ਜ਼ਿੰਮੇਵਾਰੀ ਦਾ ‘ਆਪਣਾ ਭਾਰ ਚੁੱਕਣਾ ਪੈਂਦਾ ਹੈ।’ (ਗਲਾਤੀਆਂ 6:5) ਫਿਰ ਵੀ, ਉਹ ਮਸੀਹੀ ਭੈਣ-ਭਰਾਵਾਂ ਅਤੇ ਖ਼ੁਦ ਯਹੋਵਾਹ ਪਰਮੇਸ਼ੁਰ ਦਾ ਪ੍ਰੇਮ ਹਾਸਲ ਕਰ ਸਕਦੇ ਹਨ। ਬਾਈਬਲ ਉਸ ਦੇ ਬਾਰੇ ਕਹਿੰਦੀ ਹੈ: “ਯਤੀਮਾਂ ਤੇ ਵਿਧਵਾਂ ਨੂੰ ਉਹ ਸੰਭਾਲਦਾ ਹੈ।” (ਜ਼ਬੂਰ 146:9) ਉਸ ਦੇ ਪ੍ਰੇਮਮਈ ਸਮਰਥਨ ਦੇ ਨਾਲ, ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰ ਸਫ਼ਲ ਹੋ ਸਕਦੇ ਹਨ!

^ ਪੈਰਾ 9 ਜੇਕਰ ਇਕ ਮੁਟਿਆਰ ਮਸੀਹੀ, ਅਨੈਤਿਕ ਆਚਰਣ ਦੇ ਕਾਰਨ ਗਰਭਵਤੀ ਹੋ ਜਾਂਦੀ ਹੈ, ਤਾਂ ਮਸੀਹੀ ਕਲੀਸਿਯਾ ਉਸ ਕਾਰਜ ਨੂੰ ਨਿਸ਼ਚੇ ਹੀ ਅਣਡਿੱਠ ਨਹੀਂ ਕਰਦੀ ਹੈ ਜੋ ਉਸ ਨੇ ਕੀਤਾ ਹੈ। ਪਰੰਤੂ ਜੇਕਰ ਉਹ ਪਸ਼ਚਾਤਾਪੀ ਹੈ, ਤਾਂ ਸ਼ਾਇਦ ਕਲੀਸਿਯਾ ਦੇ ਬਜ਼ੁਰਗ ਅਤੇ ਦੂਜੇ ਵਿਅਕਤੀ ਮਦਦ ਪੇਸ਼ ਕਰਨ ਲਈ ਇੱਛੁਕ ਹੋਣ।

^ ਪੈਰਾ 15 ਅਸੀਂ ਉਨ੍ਹਾਂ ਪਰਿਸਥਿਤੀਆਂ ਵੱਲ ਸੰਕੇਤ ਨਹੀਂ ਕਰ ਰਹੇ ਹਾਂ ਜਿਨ੍ਹਾਂ ਵਿਚ ਇਕ ਬੱਚੇ ਨੂੰ ਇਕ ਅਪਮਾਨਜਨਕ ਮਾਤਾ ਜਾਂ ਪਿਤਾ ਤੋਂ ਬਚਾਉਣ ਦੀ ਜ਼ਰੂਰਤ ਹੋਵੇ। ਨਾਲੇ, ਜੇਕਰ ਅਗਲਾ ਤੁਹਾਡੇ ਅਧਿਕਾਰ ਨੂੰ ਕਮਜ਼ੋਰ ਕਰਨ ਦਾ ਜਤਨ ਕਰਦਾ ਹੈ, ਸ਼ਾਇਦ ਬੱਚੇ ਨੂੰ ਤੁਹਾਡੇ ਤੋਂ ਅੱਡ ਹੋਣ ਲਈ ਮਨਾਉਣ ਦੇ ਵਿਚਾਰ ਨਾਲ, ਤਾਂ ਉਸ ਸਥਿਤੀ ਦੇ ਨਾਲ ਨਿਪਟਣ ਵਾਸਤੇ ਸਲਾਹ ਲਈ, ਤੁਹਾਨੂੰ ਤਜਰਬੇਕਾਰ ਮਿੱਤਰਾਂ, ਜਿਵੇਂ ਕਿ ਮਸੀਹੀ ਕਲੀਸਿਯਾ ਵਿਚ ਬਜ਼ੁਰਗਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ।