ਪਾਠ 13
ਧਰਮਾਂ ਬਾਰੇ ਖ਼ੁਸ਼ ਖ਼ਬਰੀ ਕੀ ਹੈ?
1. ਕੀ ਸਾਰੇ ਧਰਮ ਚੰਗੇ ਹਨ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਰਿਆਂ ਧਰਮਾਂ ਵਿਚ ਨੇਕਦਿਲ ਲੋਕ ਹਨ। ਖ਼ੁਸ਼ੀ ਦੀ ਗੱਲ ਇਹ ਹੈ ਕਿ ਪਰਮੇਸ਼ੁਰ ਇਨ੍ਹਾਂ ਲੋਕਾਂ ਨੂੰ ਜਾਣਦਾ ਹੈ ਅਤੇ ਉਨ੍ਹਾਂ ਦੀ ਪਰਵਾਹ ਕਰਦਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਧਰਮਾਂ ਦੇ ਨਾਂ ’ਤੇ ਬੁਰੇ ਕੰਮ ਕੀਤੇ ਗਏ ਹਨ। (2 ਕੁਰਿੰਥੀਆਂ 4:3, 4; 11:13-15) ਖ਼ਬਰਾਂ ਮੁਤਾਬਕ ਕੁਝ ਧਰਮ ਅੱਤਵਾਦ, ਕਤਲਾਮ, ਲੜਾਈਆਂ ਅਤੇ ਬੱਚਿਆਂ ਨਾਲ ਬਦਫ਼ੈਲੀ ਕਰਨ ਵਿਚ ਵੀ ਹਿੱਸਾ ਲੈ ਰਹੇ ਹਨ। ਇਹ ਸਭ ਦੇਖ ਕੇ ਪਰਮੇਸ਼ੁਰ ਦੇ ਸੱਚੇ ਭਗਤਾਂ ਦਾ ਦਿਲ ਬਹੁਤ ਦੁਖੀ ਹੁੰਦਾ ਹੈ!—ਮੱਤੀ 24:3-5, 11, 12 ਪੜ੍ਹੋ।
ਸੱਚਾ ਧਰਮ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ, ਪਰ ਝੂਠੇ ਧਰਮਾਂ ਤੋਂ ਪਰਮੇਸ਼ੁਰ ਜ਼ਰਾ ਵੀ ਖ਼ੁਸ਼ ਨਹੀਂ ਹੁੰਦਾ। ਅਜਿਹੇ ਧਰਮ ਲੋਕਾਂ ਨੂੰ ਉਹ ਸਿੱਖਿਆਵਾਂ ਦਿੰਦੇ ਹਨ ਜੋ ਬਾਈਬਲ ਵਿਚ ਨਹੀਂ ਹਨ। ਮਿਸਾਲ ਲਈ, ਉਹ ਪਰਮੇਸ਼ੁਰ ਬਾਰੇ ਅਤੇ ਮੌਤ ਬਾਰੇ ਝੂਠੀਆਂ ਸਿੱਖਿਆਵਾਂ ਦਿੰਦੇ ਹਨ। ਪਰ ਯਹੋਵਾਹ ਚਾਹੁੰਦਾ ਹੈ ਕਿ ਲੋਕ ਉਸ ਬਾਰੇ ਸੱਚਾਈ ਜਾਣਨ।—ਹਿਜ਼ਕੀਏਲ 18:4; 1 ਤਿਮੋਥਿਉਸ 2:3-5 ਪੜ੍ਹੋ।
2. ਧਰਮਾਂ ਬਾਰੇ ਖ਼ੁਸ਼ ਖ਼ਬਰੀ ਕੀ ਹੈ?
ਖ਼ੁਸ਼ੀ ਦੀ ਗੱਲ ਹੈ ਕਿ ਪਰਮੇਸ਼ੁਰ ਉਨ੍ਹਾਂ ਧਰਮਾਂ ਤੋਂ ਧੋਖਾ ਨਹੀਂ ਖਾਂਦਾ ਜੋ ਉਸ ਨਾਲ ਪਿਆਰ ਕਰਨ ਦਾ ਦਾਅਵਾ ਤਾਂ ਕਰਦੇ ਹਨ ਪਰ ਅਸਲ ਵਿਚ ਸ਼ੈਤਾਨ ਦੀ ਦੁਨੀਆਂ ਨਾਲ ਪਿਆਰ ਕਰਦੇ ਹਨ। (ਯਾਕੂਬ 4:4) ਪਰਮੇਸ਼ੁਰ ਦੇ ਬਚਨ ਵਿਚ ਸਾਰੇ ਝੂਠੇ ਧਰਮਾਂ ਨੂੰ “ਮਹਾਂ ਬਾਬਲ” ਕਿਹਾ ਜਾਂਦਾ ਹੈ। ਬਾਬਲ ਉਸ ਪੁਰਾਣੇ ਸ਼ਹਿਰ ਦਾ ਨਾਂ ਸੀ ਜਿੱਥੇ ਨੂਹ ਦੇ ਦਿਨਾਂ ਵਿਚ ਜਲ-ਪਰਲੋ ਤੋਂ ਬਾਅਦ ਝੂਠੇ ਧਰਮਾਂ ਦੀ ਸ਼ੁਰੂਆਤ ਹੋਈ ਸੀ। ਬਹੁਤ ਜਲਦ ਪਰਮੇਸ਼ੁਰ ਉਨ੍ਹਾਂ ਧਰਮਾਂ ਦਾ ਖ਼ਾਤਮਾ ਕਰੇਗਾ ਜੋ ਲੋਕਾਂ ਨੂੰ ਕੁਰਾਹੇ ਪਾਉਂਦੇ ਹਨ ਅਤੇ ਉਨ੍ਹਾਂ ਉੱਤੇ ਜ਼ੁਲਮ ਢਾਉਂਦੇ ਹਨ।—ਪ੍ਰਕਾਸ਼ ਦੀ ਕਿਤਾਬ 17:1, 2, 5, 16, 17; 18:8 ਪੜ੍ਹੋ।
ਹਾਲੇ ਹੋਰ ਵੀ ਖ਼ੁਸ਼ ਖ਼ਬਰੀ ਹੈ। ਯਹੋਵਾਹ ਉਨ੍ਹਾਂ ਨੇਕਦਿਲ ਲੋਕਾਂ ਨੂੰ ਭੁੱਲਿਆ ਨਹੀਂ ਹੈ ਜੋ ਦੁਨੀਆਂ ਦੇ ਝੂਠੇ ਧਰਮਾਂ ਵਿਚ ਖਿੰਡੇ ਹੋਏ ਹਨ। ਉਹ ਅਜਿਹੇ ਲੋਕਾਂ ਨੂੰ ਸੱਚਾਈ ਸਿਖਾ ਕੇ ਏਕਤਾ ਦੇ ਬੰਧਨ ਵਿਚ ਬੰਨ੍ਹ ਰਿਹਾ ਹੈ।—ਮੀਕਾਹ 4:2, 5 ਪੜ੍ਹੋ।
3. ਨੇਕਦਿਲ ਲੋਕਾਂ ਨੂੰ ਕੀ ਕਰਨ ਦੀ ਲੋੜ ਹੈ?
ਯਹੋਵਾਹ ਉਨ੍ਹਾਂ ਲੋਕਾਂ ਦੀ ਪਰਵਾਹ ਕਰਦਾ ਹੈ ਜੋ ਸੱਚੀਆਂ ਤੇ ਚੰਗੀਆਂ ਗੱਲਾਂ ਨਾਲ ਪਿਆਰ ਕਰਦੇ ਹਨ। ਉਹ ਉਨ੍ਹਾਂ ਨੂੰ ਝੂਠੇ ਧਰਮਾਂ ਵਿੱਚੋਂ ਫਟਾਫਟ ਨਿਕਲਣ ਲਈ ਕਹਿ ਰਿਹਾ ਹੈ। ਜਿਹੜੇ ਲੋਕ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ, ਉਹ ਉਸ ਨੂੰ ਖ਼ੁਸ਼ ਕਰਨ ਲਈ ਤਬਦੀਲੀਆਂ ਕਰਨ ਲਈ ਤਿਆਰ ਹਨ।—ਪ੍ਰਕਾਸ਼ ਦੀ ਕਿਤਾਬ 18:4 ਪੜ੍ਹੋ।
ਪਹਿਲੀ ਸਦੀ ਵਿਚ ਜਦੋਂ ਨੇਕਦਿਲ ਲੋਕਾਂ ਨੇ ਰਸੂਲਾਂ ਤੋਂ ਖ਼ੁਸ਼ ਖ਼ਬਰੀ ਸੁਣੀ ਸੀ, ਤਾਂ ਉਨ੍ਹਾਂ ਨੇ ਬੜੀ ਖ਼ੁਸ਼ੀ ਨਾਲ ਉਸ ਨੂੰ ਕਬੂਲ ਕੀਤਾ। ਉਨ੍ਹਾਂ ਨੇ ਯਹੋਵਾਹ ਤੋਂ ਜੀਉਣ ਦੇ ਇਕ ਨਵੇਂ ਰਾਹ ਬਾਰੇ ਸਿੱਖਿਆ। ਇਸ ਰਾਹ ’ਤੇ ਚੱਲ ਕੇ ਉਨ੍ਹਾਂ ਨੂੰ ਖ਼ੁਸ਼ੀਆਂ ਮਿਲੀਆਂ ਕਿਉਂਕਿ ਉਨ੍ਹਾਂ ਨੂੰ ਜ਼ਿੰਦਗੀ ਵਿਚ ਮਕਸਦ ਅਤੇ ਉਮੀਦ ਮਿਲੀ। ਉਨ੍ਹਾਂ ਨੇ ਸਾਡੇ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ ਕਿਉਂਕਿ ਉਨ੍ਹਾਂ ਨੇ ਖ਼ੁਸ਼ ਖ਼ਬਰੀ ਸੁਣ ਕੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲਾ ਦਰਜਾ ਦਿੱਤਾ।—1 ਥੱਸਲੁਨੀਕੀਆਂ 1:8, 9; 2:13 ਪੜ੍ਹੋ।
ਯਹੋਵਾਹ ਉਨ੍ਹਾਂ ਲੋਕਾਂ ਦਾ ਖੁੱਲ੍ਹੀਆਂ ਬਾਹਾਂ ਨਾਲ ਸੁਆਗਤ ਕਰਦਾ ਹੈ ਜੋ ਝੂਠੇ ਧਰਮਾਂ ਨੂੰ ਛੱਡ ਕੇ ਉਸ ਕੋਲ ਆਉਂਦੇ ਹਨ। ਜੇ ਤੁਸੀਂ ਯਹੋਵਾਹ ਦਾ ਸੱਦਾ ਕਬੂਲ ਕਰਦੇ ਹੋ, ਤਾਂ ਉਹ ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾਵੇਗਾ ਅਤੇ ਤੁਹਾਨੂੰ ਆਪਣੇ ਭਗਤਾਂ ਵਿਚ ਸ਼ਾਮਲ ਕਰੇਗਾ ਜੋ ਤੁਹਾਡੇ ਨਾਲ ਬਹੁਤ ਪਿਆਰ ਕਰਨਗੇ। ਇਸ ਦੇ ਨਾਲ-ਨਾਲ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਵੀ ਮਿਲੇਗੀ।—ਮਰਕੁਸ 10:29, 30; 2 ਕੁਰਿੰਥੀਆਂ 6:17, 18 ਪੜ੍ਹੋ।
4. ਦੁਨੀਆਂ ਭਰ ਵਿਚ ਪਰਮੇਸ਼ੁਰ ਖ਼ੁਸ਼ੀਆਂ ਦੀ ਬਹਾਰ ਕਿਵੇਂ ਲਿਆਵੇਗਾ?
ਇਹ ਵਾਕਈ ਖ਼ੁਸ਼ ਖ਼ਬਰੀ ਹੈ ਕਿ ਝੂਠੇ ਧਰਮਾਂ ਦਾ ਅੰਤ ਨੇੜੇ ਹੈ। ਨਤੀਜੇ ਵਜੋਂ, ਦੁਨੀਆਂ ਭਰ ਵਿਚ ਲੋਕਾਂ ਨੂੰ ਜ਼ੁਲਮਾਂ ਤੋਂ ਰਾਹਤ ਮਿਲੇਗੀ। ਝੂਠੇ ਧਰਮ ਲੋਕਾਂ ਨੂੰ ਫਿਰ ਨਾ ਹੀ ਕਦੇ ਗੁਮਰਾਹ ਕਰ ਸਕਣਗੇ ਤੇ ਨਾ ਉਨ੍ਹਾਂ ਵਿਚ ਫੁੱਟ ਪਾ ਸਕਣਗੇ। ਧਰਤੀ ’ਤੇ ਸਾਰੇ ਇਨਸਾਨ ਏਕਤਾ ਨਾਲ ਸੱਚੇ ਪਰਮੇਸ਼ੁਰ ਦੀ ਭਗਤੀ ਕਰਨਗੇ।—ਪ੍ਰਕਾਸ਼ ਦੀ ਕਿਤਾਬ 18:20, 21; 21:3, 4 ਪੜ੍ਹੋ।