ਸਵਾਲ 10
ਬਾਈਬਲ ਮੇਰੀ ਮਦਦ ਕਿਵੇਂ ਕਰ ਸਕਦੀ ਹੈ?
ਤੁਸੀਂ ਕੀ ਕਰਦੇ?
ਕਲਪਨਾ ਕਰੋ: ਗੱਡੀ ਚਲਾਉਂਦੇ ਹੋਏ ਡੇਵਿਡ ਕਿਸੇ ਅਣਜਾਣ ਜਗ੍ਹਾ ’ਤੇ ਪਹੁੰਚ ਜਾਂਦਾ ਹੈ। ਸਾਈਨ-ਬੋਰਡ ਤੋਂ ਪਤਾ ਲੱਗਦਾ ਹੈ ਕਿ ਉਹ ਬਹੁਤ ਦੂਰ ਆ ਗਿਆ ਹੈ। ਹੁਣ ਡੇਵਿਡ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੇ ਜ਼ਰੂਰ ਕੋਈ ਗ਼ਲਤ ਮੋੜ ਲੈ ਲਿਆ ਹੋਣਾ ਜਿਸ ਕਰਕੇ ਉਹ ਰਸਤਾ ਭਟਕ ਗਿਆ ਹੈ।
ਜੇ ਤੁਸੀਂ ਡੇਵਿਡ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ?
ਰੁਕੋ ਤੇ ਸੋਚੋ!
ਤੁਹਾਡੇ ਕੋਲ ਕਈ ਤਰੀਕੇ ਹਨ:
-
ਕਿਸੇ ਤੋਂ ਰਸਤਾ ਪੁੱਛੋ।
-
ਨਕਸ਼ਾ ਦੇਖੋ।
-
ਇਹ ਸੋਚ ਕੇ ਗੱਡੀ ਚਲਾਉਂਦੇ ਰਹੋ ਕਿ ਕਦੀ-ਨਾ-ਕਦੀ ਤੁਸੀਂ ਆਪਣੀ ਮੰਜ਼ਲ ’ਤੇ ਪਹੁੰਚ ਜਾਓਗੇ।
ਤੀਜਾ ਤਰੀਕਾ ਵਰਤ ਕੇ ਆਪਣੀ ਮੰਜ਼ਲ ’ਤੇ ਪਹੁੰਚਣ ਦੀ ਘੱਟ ਹੀ ਗੁੰਜਾਇਸ਼ ਹੈ।
ਦੂਜਾ ਤਰੀਕਾ ਪਹਿਲੇ ਤਰੀਕੇ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੈ। ਕਿਉਂ? ਕਿਉਂਕਿ ਨਕਸ਼ਾ ਦੇਖ ਕੇ ਤੁਸੀਂ ਆਪਣਾ ਰਸਤਾ ਲੱਭ ਸਕੋਗੇ।
ਇਸੇ ਤਰ੍ਹਾਂ ਬਾਈਬਲ,
ਦੁਨੀਆਂ ਦੀ ਸਭ ਤੋਂ ਮਸ਼ਹੂਰ ਕਿਤਾਬ
-
ਜ਼ਿੰਦਗੀ ਦੀਆਂ ਮੁਸ਼ਕਲਾਂ ਸੁਲਝਾਉਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ
-
ਗ਼ਲਤੀਆਂ ਸੁਧਾਰਨ ਅਤੇ ਇਕ ਬਿਹਤਰ ਇਨਸਾਨ ਬਣਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ
-
ਤੁਹਾਨੂੰ ਦੱਸਦੀ ਹੈ ਕਿ ਜ਼ਿੰਦਗੀ ਜੀਉਣ ਦਾ ਸਭ ਤੋਂ ਬਿਹਤਰੀਨ ਤਰੀਕਾ ਕੀ ਹੈ
ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ
ਛੋਟੇ ਹੁੰਦਿਆਂ ਤੋਂ ਹੀ ਅਸੀਂ ਸਵਾਲ ਪੁੱਛਣੇ ਸ਼ੁਰੂ ਕਰ ਦਿੰਦੇ ਹਾਂ।
-
ਆਸਮਾਨ ਨੀਲਾ ਕਿਉਂ ਹੈ?
-
ਤਾਰੇ ਕਿਹ ਨੇ ਬਣਾਏ?
ਵਕਤ ਦੇ ਬੀਤਣ ਨਾਲ ਆਪਣੇ ਆਲੇ-ਦੁਆਲੇ ਦੀ ਦੁਨੀਆਂ ਬਾਰੇ ਸਵਾਲ ਪੁੱਛਣ ਲੱਗਦੇ ਹਾਂ।
-
ਇਨਸਾਨ ਕਿਉਂ ਮਰਦੇ ਹਨ?
ਕੀ ਤੁਹਾਨੂੰ ਪਤਾ ਕਿ ਬਾਈਬਲ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੰਦੀ ਹੈ?
ਕਈ ਲੋਕ ਬਾਈਬਲ ਨੂੰ ਨਹੀਂ ਮੰਨਦੇ। ਉਹ ਕਹਿੰਦੇ ਹਨ ਕਿ ਇਹ ਸਿਰਫ਼ ਕਥਾ-ਕਹਾਣੀਆਂ ਦੀ ਕਿਤਾਬ ਹੈ, ਜਾਂ ਇਹ ਪੁਰਾਣੀ ਹੋ ਚੁੱਕੀ ਹੈ ਜਾਂ ਇਸ ਨੂੰ ਸਮਝਣਾ ਬਹੁਤ ਔਖਾ ਹੈ। ਪਰ ਕੀ ਬਾਈਬਲ ਬਾਰੇ ਇਹ ਗੱਲਾਂ ਸੱਚ ਹਨ ਜਾਂ ਕੀ ਇਹ ਸਿਰਫ਼ ਸੁਣੀਆਂ-ਸੁਣਾਈਆਂ ਗੱਲਾਂ ਹਨ? ਕੀ ਇਹ ਹੋ ਸਕਦਾ ਕਿ ਅਜਿਹੀਆਂ ਗੱਲਾਂ ਗ਼ਲਤ ਹੋਣ?
ਮਿਸਾਲ ਲਈ, ਲੋਕ ਕਹਿੰਦੇ ਹਨ ਬਾਈਬਲ ਤਾਂ ਇਹ ਦੱਸਦੀ ਹੈ ਕਿ ਦੁਨੀਆਂ ਰੱਬ ਦੇ ਹੱਥ ਵਿਚ ਹੈ। ਪਰ ਇਹ ਕਿੱਦਾਂ ਹੋ ਸਕਦਾ ਕਿਉਂਕਿ ਦੁਨੀਆਂ ਦੇ ਹਾਲਾਤ ਤਾਂ ਵਿਗੜਦੇ ਹੀ ਜਾ ਰਹੇ ਹਨ! ਹਰ ਪਾਸੇ ਦੁੱਖ ਹੀ ਦੁੱਖ, ਬੀਮਾਰੀਆਂ ਤੇ ਮੌਤ, ਗ਼ਰੀਬੀ ਤੇ ਆਫ਼ਤਾਂ। ਕੀ ਪਿਆਰ ਕਰਨ ਵਾਲਾ ਰੱਬ ਇਨ੍ਹਾਂ ਮੁਸੀਬਤਾਂ ਲਈ ਜ਼ਿੰਮੇਵਾਰ ਹੋ ਸਕਦਾ?
ਕੀ ਤੁਸੀਂ ਇਸ ਸਵਾਲ ਦਾ ਜਵਾਬ ਜਾਣਨਾ ਚਾਹੋਗੇ? ਬਾਈਬਲ ਇਸ ਬਾਰੇ ਜੋ ਕਹਿੰਦੀ ਹੈ ਉਸ ਬਾਰੇ ਜਾਣ ਕੇ ਸ਼ਾਇਦ ਤੁਸੀਂ ਹੈਰਾਨ ਹੋਵੋ!
ਸ਼ਾਇਦ ਤੁਸੀਂ ਗੌਰ ਕੀਤਾ ਹੋਣਾ ਕਿ ਇਸ ਬਰੋਸ਼ਰ ਵਿਚ ਦਿੱਤੀ ਸਾਰੀ ਸਲਾਹ ਬਾਈਬਲ ਵਿੱਚੋਂ ਲਈ ਗਈ ਹੈ। ਯਹੋਵਾਹ ਦੇ ਗਵਾਹਾਂ ਨੂੰ ਪੱਕਾ ਯਕੀਨ ਹੈ ਕਿ ਬਾਈਬਲ ਵਿਚ ਪਾਈ ਜਾਂਦੀ ਸਲਾਹ ਭਰੋਸੇਮੰਦ ਤੇ ਸਹੀ ਹੈ। ਕਿਉਂ? ਕਿਉਂਕਿ ਬਾਈਬਲ ‘ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖੀ ਗਈ ਹੈ ਅਤੇ ਸਿਖਾਉਣ, ਤਾੜਨ ਅਤੇ ਸੁਧਾਰਨ ਲਈ ਫ਼ਾਇਦੇਮੰਦ ਹੈ।’ (2 ਤਿਮੋਥਿਉਸ 3:16, 17) ਹਾਂ, ਬਾਈਬਲ ਪੁਰਾਣੀ ਜ਼ਰੂਰ ਹੈ, ਪਰ ਤੁਸੀਂ ਆਪ ਇਸ ਦੀ ਜਾਂਚ ਕਰੋ ਅਤੇ ਦੇਖੋ ਕਿ ਇਹ ਅੱਜ ਵੀ ਸਾਡੀ ਮਦਦ ਕਰ ਸਕਦੀ ਹੈ!