Skip to content

Skip to table of contents

ਯਹੋਵਾਹ ਦਾਨੀਏਲ ਦੀ ਸੇਵਾ ਦਾ ਮੇਵਾ ਦਿੰਦਾ ਹੈ

ਯਹੋਵਾਹ ਦਾਨੀਏਲ ਦੀ ਸੇਵਾ ਦਾ ਮੇਵਾ ਦਿੰਦਾ ਹੈ

ਅਠਾਰ੍ਹਵਾਂ ਅਧਿਆਇ

ਯਹੋਵਾਹ ਦਾਨੀਏਲ ਦੀ ਸੇਵਾ ਦਾ ਮੇਵਾ ਦਿੰਦਾ ਹੈ

1, 2. (ੳ) ਇਕ ਦੌੜਾਕ ਨੂੰ ਦੌੜ ਜਿੱਤਣ ਵਾਸਤੇ ਕਿਹੜੇ ਮਹੱਤਵਪੂਰਣ ਗੁਣ ਦੀ ਜ਼ਰੂਰਤ ਹੁੰਦੀ ਹੈ? (ਅ) ਪੌਲੁਸ ਰਸੂਲ ਨੇ ਜੀਵਨ ਭਰ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਦੀ ਤੁਲਨਾ ਇਕ ਦੌੜ ਨਾਲ ਕਿਵੇਂ ਕੀਤੀ ਸੀ?

ਆਪਣੀ ਦੌੜ ਖ਼ਤਮ ਕਰਨ ਲਈ ਇਕ ਦੌੜਾਕ ਦਬੀੜਾਂ ਲਾ ਰਿਹਾ ਹੈ। ਹੁਣ ਉਸ ਦੇ ਸਾਹ ਵਿਚ ਸਾਹ ਨਹੀਂ ਰਹਿੰਦਾ, ਪਰ ਉਸ ਦੀ ਨਜ਼ਰ ਨਿਸ਼ਾਨੇ ਉੱਤੇ ਟਿਕੀ ਹੋਈ ਹੈ ਅਤੇ ਉਹ ਆਪਣੇ ਅਖ਼ੀਰਲੇ ਕੁਝ ਕਦਮਾਂ ਵਿਚ ਪੂਰੀ ਵਾਹ ਲਾ ਰਿਹਾ ਹੈ। ਸਾਰੇ ਸਰੀਰ ਨੂੰ ਤਾਣਦਿਆਂ ਉਹ ਅੰਤ ਵਿਚ ਆਪਣੇ ਨਿਸ਼ਾਨੇ ਤੇ ਪਹੁੰਚ ਜਾਂਦਾ ਹੈ! ਉਸ ਦੇ ਚਿਹਰੇ ਉੱਤੇ ਜਿੱਤ ਅਤੇ ਰਾਹਤ ਝਲਕ ਰਹੀ ਹੈ। ਦੌੜ ਵਿਚ ਅੰਤ ਤਕ ਸਹਿਣ-ਸ਼ਕਤੀ ਰੱਖਣ ਦਾ ਫਲ ਹੁਣ ਉਸ ਦੇ ਹੱਥ ਵਿਚ ਹੈ।

2ਦਾਨੀਏਲ ਦੇ ਬਾਰ੍ਹਵੇਂ ਅਧਿਆਇ ਦੀ ਸਮਾਪਤੀ ਤੇ, ਅਸੀਂ ਇਸ ਪਿਆਰੇ ਨਬੀ ਨੂੰ ਆਪਣੀ “ਦੌੜ”—ਉਸ ਦੀ ਯਹੋਵਾਹ ਪ੍ਰਤੀ ਜੀਵਨ ਭਰ ਦੀ ਸੇਵਾ—ਦੇ ਅੰਤ ਤੇ ਪਹੁੰਚਦਿਆਂ ਦੇਖਦੇ ਹਾਂ। ਮਸੀਹ ਦੇ ਜ਼ਮਾਨੇ ਤੋਂ ਪਹਿਲਾਂ ਦੇ ਯਹੋਵਾਹ ਦੇ ਸੇਵਕਾਂ ਦੀ ਨਿਹਚਾ ਦੀਆਂ ਅਨੇਕ ਉਦਾਹਰਣਾਂ ਦਾ ਬਿਆਨ ਕਰਨ ਤੋਂ ਬਾਅਦ ਪੌਲੁਸ ਰਸੂਲ ਨੇ ਲਿਖਿਆ: “ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ, ਅਸੀਂ ਵੀ ਹਰੇਕ ਭਾਰ ਅਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ। ਅਤੇ ਯਿਸੂ ਦੀ ਵੱਲ ਤੱਕਦੇ ਰਹੀਏ ਜਿਹੜਾ ਨਿਹਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ, ਜਿਹ ਨੇ ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।”—ਇਬਰਾਨੀਆਂ 12:1, 2.

3. (ੳ) ਦਾਨੀਏਲ ਨੂੰ ਕਿਸ ਚੀਜ਼ ਨੇ ‘ਸਬਰ ਨਾਲ ਦੌੜਨ’ ਲਈ ਪ੍ਰੇਰਿਤ ਕੀਤਾ ਸੀ? (ਅ) ਯਹੋਵਾਹ ਦੇ ਦੂਤ ਨੇ ਦਾਨੀਏਲ ਨੂੰ ਕਿਹੜੀਆਂ ਤਿੰਨ ਖ਼ਾਸ ਗੱਲਾਂ ਦੱਸੀਆਂ ਸਨ?

3 ਦਾਨੀਏਲ ‘ਗਵਾਹਾਂ ਦੇ ਉਸ ਵੱਡੇ ਬੱਦਲ’ ਵਿਚ ਸ਼ਾਮਲ ਸੀ। ਉਸ ਨੂੰ ਸੱਚ-ਮੁੱਚ ਹੀ ‘ਸਬਰ ਨਾਲ ਦੌੜਨਾ’ ਪਿਆ ਸੀ, ਅਤੇ ਉਹ ਪਰਮੇਸ਼ੁਰ ਲਈ ਗਹਿਰੇ ਪ੍ਰੇਮ ਤੋਂ ਪ੍ਰੇਰਿਤ ਹੋਇਆ ਸੀ। ਯਹੋਵਾਹ ਨੇ ਦਾਨੀਏਲ ਨੂੰ ਵਿਸ਼ਵ ਸ਼ਕਤੀਆਂ ਦੇ ਭਵਿੱਖ ਬਾਰੇ ਬਹੁਤ ਕੁਝ ਪ੍ਰਗਟ ਕੀਤਾ ਸੀ, ਪਰ ਹੁਣ ਉਸ ਨੇ ਉਹ ਨੂੰ ਇਹ ਨਿੱਜੀ ਤੌਰ ਤੇ ਹੌਸਲਾ-ਅਫ਼ਜ਼ਾਈ ਦਿੱਤੀ: “ਪਰ ਤੂੰ ਆਪਣੇ ਰਾਹ ਤੁਰਿਆ ਜਾਹ ਜਦੋਂ ਤੀਕਰ ਓੜਕ ਦਾ ਵੇਲਾ ਨਾ ਆਵੇ ਕਿਉਂ ਜੋ ਤੂੰ ਸੁਖ ਪਾਵੇਂਗਾ ਅਤੇ ਆਪਣੀ ਵੰਡ ਉੱਤੇ ਓੜਕ ਦੇ ਦਿਨਾਂ ਵਿੱਚ ਉੱਠ ਖਲੋਵੇਂਗਾ।” (ਦਾਨੀਏਲ 12:13) ਯਹੋਵਾਹ ਦਾ ਦੂਤ ਦਾਨੀਏਲ ਨੂੰ ਤਿੰਨ ਖ਼ਾਸ ਗੱਲਾਂ ਦੱਸ ਰਿਹਾ ਸੀ: (1) ਦਾਨੀਏਲ ਨੂੰ ‘ਓੜਕ ਦੇ ਵੇਲੇ ਤਕ ਤੁਰੀ ਜਾਣਾ’ ਚਾਹੀਦਾ ਹੈ, (2) ਉਹ “ਸੁਖ” ਪਾਵੇਗਾ, ਅਤੇ (3) ਉਹ ਭਵਿੱਖ ਵਿਚ ‘ਉੱਠ ਖਲੋਵੇਗਾ।’ ਅੱਜ ਮਸੀਹੀਆਂ ਨੂੰ ਇਹ ਸ਼ਬਦ ਜੀਵਨ ਦੀ ਦੌੜ ਦੇ ਅੰਤ ਤਕ ਦ੍ਰਿੜ੍ਹ ਰਹਿਣ ਲਈ ਕਿਵੇਂ ਹੌਸਲਾ ਦੇ ਸਕਦੇ ਹਨ?

‘ਓੜਕ ਦੇ ਵੇਲੇ ਤਕ ਤੁਰੀ ਜਾ’

4. ਯਹੋਵਾਹ ਦੇ ਦੂਤ ਦਾ ਇਹ ਕਹਿਣ ਦਾ ਮਤਲਬ ਕੀ ਸੀ ਕਿ ਤੂੰ ‘ਓੜਕ ਦੇ ਵੇਲੇ ਤਕ ਤੁਰੀ ਜਾ,’ ਅਤੇ ਇਹ ਸ਼ਾਇਦ ਦਾਨੀਏਲ ਲਈ ਕਿਉਂ ਔਖਾ ਸੀ?

4 ਦੂਤ ਦਾ ਕੀ ਮਤਲਬ ਸੀ ਜਦੋਂ ਉਸ ਨੇ ਦਾਨੀਏਲ ਨੂੰ ਕਿਹਾ ਕਿ “ਤੂੰ ਆਪਣੇ ਰਾਹ ਤੁਰਿਆ ਜਾਹ ਜਦੋਂ ਤੀਕਰ ਓੜਕ ਦਾ ਵੇਲਾ ਨਾ ਆਵੇ”? ਕਿਸ ਚੀਜ਼ ਦੇ ਓੜਕ, ਜਾਂ ਅੰਤ ਦਾ ਵੇਲਾ? ਜ਼ਾਹਰ ਹੈ ਕਿ ਉਹ ਉਸ ਦੇ ਜੀਵਨ ਦੇ ਓੜਕ ਦਾ ਹੀ ਜ਼ਿਕਰ ਕਰ ਰਿਹਾ ਸੀ ਜੋ ਪੂਰਾ ਹੋਣ ਵਾਲਾ ਸੀ, ਕਿਉਂ ਜੋ ਦਾਨੀਏਲ ਹੁਣ ਤਕਰੀਬਨ 100 ਸਾਲ ਦੀ ਉਮਰ ਦਾ ਸੀ। * ਦੂਤ ਦਾਨੀਏਲ ਨੂੰ ਮੌਤ ਤਕ ਵਫ਼ਾਦਾਰੀ ਕਾਇਮ ਰੱਖਣ ਲਈ ਪ੍ਰੇਰਣਾ ਦੇ ਰਿਹਾ ਸੀ। ਪਰ ਜ਼ਰੂਰੀ ਨਹੀਂ ਹੈ ਕਿ ਇਹ ਉਸ ਦੇ ਲਈ ਸੌਖਾ ਹੋਣਾ ਸੀ। ਦਾਨੀਏਲ ਬਾਬਲ ਦੀ ਬਰਬਾਦੀ ਦੇ ਸਮੇਂ ਦੌਰਾਨ ਜੀਉਂਦਾ ਸੀ ਅਤੇ ਉਸ ਨੇ ਯਹੂਦੀ ਜਲਾਵਤਨਾਂ ਨੂੰ ਯਹੂਦਾਹ ਅਤੇ ਯਰੂਸ਼ਲਮ ਨੂੰ ਵਾਪਸ ਜਾਂਦਿਆਂ ਦੇਖਿਆ ਸੀ। ਇਸ ਗੱਲ ਤੋਂ ਇਹ ਬਿਰਧ ਨਬੀ ਕਾਫ਼ੀ ਖ਼ੁਸ਼ ਹੋਇਆ ਹੋਣਾ। ਪਰ ਇਸ ਬਾਰੇ ਕੋਈ ਰਿਕਾਰਡ ਨਹੀਂ ਹੈ ਕਿ ਉਹ ਆਪ ਉਨ੍ਹਾਂ ਦੇ ਨਾਲ ਵਾਪਸ ਗਿਆ ਸੀ। ਉਹ ਸ਼ਾਇਦ ਉਸ ਸਮੇਂ ਬਹੁਤ ਹੀ ਬੁੱਢਾ ਅਤੇ ਕਮਜ਼ੋਰ ਸੀ। ਜਾਂ ਸ਼ਾਇਦ ਇਹ ਯਹੋਵਾਹ ਦੀ ਇੱਛਾ ਸੀ ਕਿ ਉਹ ਬਾਬਲ ਵਿਚ ਹੀ ਰਹੇ। ਜੋ ਵੀ ਸੀ, ਇਹ ਗੱਲ ਸਾਡੇ ਮਨ ਵਿਚ ਜ਼ਰੂਰ ਆਉਂਦੀ ਹੈ ਕਿ ਦਾਨੀਏਲ ਆਪਣੇ ਦੇਸ਼ ਭਾਈਆਂ ਨੂੰ ਯਹੂਦਾਹ ਵਾਪਸ ਜਾਂਦਿਆਂ ਦੇਖ ਕੇ ਸ਼ਾਇਦ ਥੋੜ੍ਹਾ-ਬਹੁਤਾ ਉਦਾਸ ਹੋਇਆ ਹੋਣਾ।

5. ਸਾਨੂੰ ਕਿਵੇਂ ਪਤਾ ਚੱਲਦਾ ਹੈ ਕਿ ਦਾਨੀਏਲ ਅੰਤ ਤਕ ਦ੍ਰਿੜ੍ਹ ਰਿਹਾ?

5 ਦਾਨੀਏਲ ਨੂੰ ਦੂਤ ਦੇ ਇਨ੍ਹਾਂ ਹਮਦਰਦੀ-ਭਰੇ ਸ਼ਬਦਾਂ ਤੋਂ ਸ਼ਾਇਦ ਬਹੁਤ ਹੌਸਲਾ ਮਿਲਿਆ ਕਿ ਤੂੰ ‘ਓੜਕ ਦੇ ਵੇਲੇ ਤਕ ਤੁਰੀ ਜਾ।’ ਸ਼ਾਇਦ ਇਹ ਸਾਨੂੰ ਕੁਝ ਛੇ ਸਦੀਆਂ ਬਾਅਦ ਕਹੇ ਗਏ ਯਿਸੂ ਮਸੀਹ ਦੇ ਸ਼ਬਦਾਂ ਦੀ ਯਾਦ ਦਿਲਾਉਣ ਕਿ “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:13) ਕੋਈ ਸ਼ੱਕ ਨਹੀਂ ਹੈ ਕਿ ਦਾਨੀਏਲ ਨੇ ਠੀਕ ਇਹੀ ਕੀਤਾ ਸੀ। ਉਹ ਅੰਤ ਤਕ ਦ੍ਰਿੜ੍ਹ ਰਿਹਾ, ਅਤੇ ਵਫ਼ਾਦਾਰੀ ਨਾਲ ਐਨ ਅਖ਼ੀਰ ਤਕ ਜੀਵਨ ਦੀ ਦੌੜ ਦੌੜਿਆ। ਇਹ ਇਕ ਕਾਰਨ ਹੋ ਸਕਦਾ ਹੈ ਕਿ ਬਾਅਦ ਵਿਚ ਪਰਮੇਸ਼ੁਰ ਦੇ ਬਚਨ ਵਿਚ ਉਸ ਬਾਰੇ ਚੰਗੀਆਂ ਗੱਲਾਂ ਕਿਉਂ ਲਿਖੀਆਂ ਗਈਆਂ ਸਨ। (ਇਬਰਾਨੀਆਂ 11:32, 33) ਦਾਨੀਏਲ ਨੂੰ ਅੰਤ ਤਕ ਦ੍ਰਿੜ੍ਹ ਰਹਿਣ ਲਈ ਕਿਸ ਚੀਜ਼ ਨੇ ਮਦਦ ਦਿੱਤੀ? ਉਸ ਦੀ ਜੀਵਨੀ ਸਾਨੂੰ ਜਵਾਬ ਦਿੰਦੀ ਹੈ।

ਪਰਮੇਸ਼ੁਰ ਦੇ ਬਚਨ ਦੇ ਵਿਦਿਆਰਥੀ ਵਜੋਂ ਦ੍ਰਿੜ੍ਹ ਰਹਿਣਾ

6. ਅਸੀਂ ਕਿਵੇਂ ਜਾਣਦੇ ਹਾਂ ਕਿ ਦਾਨੀਏਲ ਪਰਮੇਸ਼ੁਰ ਦੇ ਬਚਨ ਦਾ ਇਕ ਬਹੁਤ ਹੀ ਚੰਗਾ ਵਿਦਿਆਰਥੀ ਸੀ?

6 ਦਾਨੀਏਲ ਲਈ ਅੰਤ ਤਕ ਦ੍ਰਿੜ੍ਹ ਰਹਿਣ ਦਾ ਅਰਥ ਇਹ ਸੀ ਕਿ ਉਸ ਨੇ ਪਰਮੇਸ਼ੁਰ ਦੇ ਸੋਹਣੇ ਵਾਅਦਿਆਂ ਦਾ ਅਧਿਐਨ ਕੀਤਾ ਅਤੇ ਉਨ੍ਹਾਂ ਉੱਤੇ ਡੂੰਘਾ ਵਿਚਾਰ ਕੀਤਾ। ਅਸੀਂ ਜਾਣਦੇ ਹਾਂ ਕਿ ਦਾਨੀਏਲ ਪਰਮੇਸ਼ੁਰ ਦੇ ਬਚਨ ਦਾ ਬਹੁਤ ਹੀ ਚੰਗਾ ਵਿਦਿਆਰਥੀ ਸੀ। ਵਰਨਾ, ਉਹ ਯਿਰਮਿਯਾਹ ਨਾਲ ਕੀਤੇ ਯਹੋਵਾਹ ਦੇ ਵਾਅਦੇ ਬਾਰੇ ਕਿਵੇਂ ਜਾਣਦਾ ਕਿ ਜਲਾਵਤਨੀ ਦਾ ਸਮਾਂ 70 ਸਾਲਾਂ ਦਾ ਹੋਣਾ ਸੀ? ਦਾਨੀਏਲ ਨੇ ਖ਼ੁਦ ਲਿਖਿਆ ਕਿ “ਮੈਂ . . . ਪੋਥੀਆਂ ਵਿੱਚੋਂ ਉਨ੍ਹਾਂ ਵਰਿਹਾਂ ਦਾ ਲੇਖਾ ਜਾਣਿਆ।” (ਦਾਨੀਏਲ 9:2; ਯਿਰਮਿਯਾਹ 25:11, 12) ਸਾਨੂੰ ਕੋਈ ਸ਼ੱਕ ਨਹੀਂ ਹੈ ਕਿ ਦਾਨੀਏਲ ਨੇ ਪਰਮੇਸ਼ੁਰ ਦੇ ਬਚਨ ਦੀਆਂ ਪੋਥੀਆਂ, ਜਿਹੜੀਆਂ ਵੀ ਉਦੋਂ ਕਾਇਮ ਸਨ, ਭਾਲੀਆਂ। ਦਾਨੀਏਲ ਨੇ ਮੂਸਾ, ਦਾਊਦ, ਸੁਲੇਮਾਨ, ਯਸਾਯਾਹ, ਯਿਰਮਿਯਾਹ ਅਤੇ ਹਿਜ਼ਕੀਏਲ ਦੀਆਂ ਲਿਖਤਾਂ—ਜੋ ਵੀ ਉਸ ਨੂੰ ਉਪਲਬਧ ਸਨ—ਦਾ ਪਠਨ ਕਰਨ ਅਤੇ ਉਨ੍ਹਾਂ ਉੱਤੇ ਮਨਨ ਕਰਨ ਵਿਚ ਨਿਸ਼ਚੇ ਹੀ ਕਾਫ਼ੀ ਸੋਹਣਾ ਸਮਾਂ ਗੁਜ਼ਾਰਿਆ ਹੋਣਾ।

7. ਜਦੋਂ ਅਸੀਂ ਦਾਨੀਏਲ ਦੇ ਸਮੇਂ ਦੀ ਆਪਣੇ ਸਮੇਂ ਨਾਲ ਤੁਲਨਾ ਕਰਦੇ ਹਾਂ, ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਵਿਚ ਸਾਡੀ ਸਥਿਤੀ ਕਿਨ੍ਹਾਂ ਤਰੀਕਿਆਂ ਵਿਚ ਬਿਹਤਰ ਹੈ?

7 ਅੱਜ ਆਪਣੀ ਸਹਿਣ-ਸ਼ਕਤੀ ਨੂੰ ਵਧਾਉਣ ਲਈ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਅਤੇ ਉਸ ਵਿਚ ਰੁੱਝੇ ਰਹਿਣਾ ਜ਼ਰੂਰੀ ਹੈ। (ਰੋਮੀਆਂ 15:4-6; 1 ਤਿਮੋਥਿਉਸ 4:15) ਅਤੇ ਸਾਡੇ ਕੋਲ ਪੂਰੀ ਬਾਈਬਲ ਹੈ, ਜਿਸ ਵਿਚ ਲਿਖਤ ਰਿਕਾਰਡ ਪਾਇਆ ਜਾਂਦਾ ਹੈ ਕਿ ਦਾਨੀਏਲ ਦੀਆਂ ਕੁਝ ਭਵਿੱਖਬਾਣੀਆਂ ਸਦੀਆਂ ਬਾਅਦ ਕਿਵੇਂ ਪੂਰੀਆਂ ਹੋਈਆਂ। ਇਸ ਤੋਂ ਇਲਾਵਾ, ਅਸੀਂ ਮੁਬਾਰਕ ਲੋਕ ਹਾਂ ਜੋ ਕਿ ਦਾਨੀਏਲ 12:4 ਵਿਚ ਪੂਰਵ-ਸੂਚਿਤ ਕੀਤੇ ਗਏ “ਓੜਕ ਦੇ ਸਮੇਂ” ਦੌਰਾਨ ਰਹਿੰਦੇ ਹਾਂ। ਸਾਡੇ ਸਮੇਂ ਵਿਚ ਮਸਹ ਕੀਤੇ ਹੋਇਆਂ ਨੂੰ ਰੂਹਾਨੀ ਸਮਝ ਦਿੱਤੀ ਗਈ ਹੈ ਅਤੇ ਉਹ ਇਸ ਘੁੱਪ ਹਨੇਰੇ ਜਗਤ ਵਿਚ ਸੱਚਾਈ ਦੇ ਤਾਰਿਆਂ ਵਾਂਗ ਚਮਕਦੇ ਹਨ। ਨਤੀਜੇ ਵਜੋਂ, ਦਾਨੀਏਲ ਦੀ ਪੋਥੀ ਦੀਆਂ ਕਈ ਡੂੰਘੀਆਂ ਭਵਿੱਖਬਾਣੀਆਂ, ਜਿਨ੍ਹਾਂ ਵਿੱਚੋਂ ਕਈਆਂ ਨੇ ਦਾਨੀਏਲ ਨੂੰ ਬੌਂਦਲਾਇਆ ਸੀ, ਅੱਜ ਸਾਡੇ ਲਈ ਬਹੁਤ ਹੀ ਅਰਥ-ਭਰੀਆਂ ਹਨ। ਇਸ ਲਈ ਆਓ ਅਸੀਂ ਪਰਮੇਸ਼ੁਰ ਦੇ ਬਚਨ ਦਾ ਰੋਜ਼ਾਨਾ ਅਧਿਐਨ ਕਰੀਏ, ਅਤੇ ਇਨ੍ਹਾਂ ਕੀਮਤੀ ਸੱਚਾਈਆਂ ਦੀ ਲਾਪਰਵਾਹੀ ਨਾ ਕਰੀਏ। ਦ੍ਰਿੜ੍ਹ ਰਹਿਣ ਵਿਚ ਇਸ ਤਰ੍ਹਾਂ ਸਾਡੀ ਮਦਦ ਹੋਵੇਗੀ।

ਦਾਨੀਏਲ ਹਮੇਸ਼ਾ ਪ੍ਰਾਰਥਨਾ ਕਰਦਾ ਰਿਹਾ

8. ਦਾਨੀਏਲ ਨੇ ਪ੍ਰਾਰਥਨਾ ਦੇ ਸੰਬੰਧ ਵਿਚ ਕਿਹੜੀ ਮਿਸਾਲ ਕਾਇਮ ਕੀਤੀ?

8 ਦਾਨੀਏਲ ਨੂੰ ਪ੍ਰਾਰਥਨਾ ਤੋਂ ਵੀ ਅੰਤ ਤਕ ਦ੍ਰਿੜ੍ਹ ਰਹਿਣ ਦੀ ਸ਼ਕਤੀ ਮਿਲੀ। ਰੋਜ਼ਾਨਾ ਉਹ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਸੀ ਅਤੇ ਆਪਣੇ ਦਿਲ ਵਿਚ ਪੂਰੀ ਨਿਹਚਾ ਅਤੇ ਭਰੋਸਾ ਰੱਖ ਕੇ ਉਸ ਨਾਲ ਖੁੱਲ੍ਹ ਕੇ ਗੱਲਾਂ ਕਰਦਾ ਸੀ। ਉਹ ਜਾਣਦਾ ਸੀ ਕਿ ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। (ਜ਼ਬੂਰ 65:2. ਇਬਰਾਨੀਆਂ 11:6 ਦੀ ਤੁਲਨਾ ਕਰੋ।) ਜਦੋਂ ਇਸਰਾਏਲ ਦੇ ਬਾਗ਼ੀ ਚਾਲ-ਚਲਣ ਦੇ ਕਾਰਨ ਦਾਨੀਏਲ ਦਾ ਮਨ ਬਹੁਤ ਹੀ ਦੁਖੀ ਹੋਇਆ, ਉਸ ਨੇ ਯਹੋਵਾਹ ਸਾਮ੍ਹਣੇ ਆਪਣਾ ਦਿਲ ਹੌਲ਼ਾ ਕੀਤਾ। (ਦਾਨੀਏਲ 9:4-19) ਜਦੋਂ ਦਾਰਾ ਨੇ ਹੁਕਮ ਦਿੱਤਾ ਕਿ 30 ਦਿਨਾਂ ਲਈ ਕੇਵਲ ਉਸ ਨੂੰ ਹੀ ਬੇਨਤੀ ਕੀਤੀ ਜਾਵੇ, ਦਾਨੀਏਲ ਫਿਰ ਵੀ ਯਹੋਵਾਹ ਪਰਮੇਸ਼ੁਰ ਨੂੰ ਬੇਨਤੀ ਕਰਨ ਤੋਂ ਨਹੀਂ ਹਟਿਆ। (ਦਾਨੀਏਲ 6:10) ਕੀ ਅਸੀਂ ਇਸ ਗੱਲ ਉੱਤੇ ਗੌਰ ਕਰ ਕੇ ਹੈਰਾਨ ਨਹੀਂ ਹੁੰਦੇ ਕਿ ਇਹ ਵਫ਼ਾਦਾਰ ਬਿਰਧ ਮਨੁੱਖ ਪ੍ਰਾਰਥਨਾ ਦੀ ਬਹੁਮੁੱਲੀ ਸਹੂਲਤ ਨੂੰ ਤਿਆਗਣ ਦੀ ਥਾਂ, ਸ਼ੇਰਾਂ ਦੇ ਘੁਰੇ ਵਿਚ ਜਾਣ ਤੋਂ ਨਹੀਂ ਡਰਿਆ? ਇਸ ਬਾਰੇ ਕੋਈ ਸ਼ੱਕ ਨਹੀਂ ਹੋ ਸਕਦਾ ਕਿ ਦਾਨੀਏਲ ਮਰਦੇ ਦਮ ਤਕ ਯਹੋਵਾਹ ਨੂੰ ਰੋਜ਼ਾਨਾ ਦਿਲੋਂ ਪ੍ਰਾਰਥਨਾ ਕਰਦਾ ਰਿਹਾ।

9. ਸਾਨੂੰ ਪ੍ਰਾਰਥਨਾ ਦੀ ਸਹੂਲਤ ਦੀ ਲਾਪਰਵਾਹੀ ਕਦੇ ਵੀ ਕਿਉਂ ਨਹੀਂ ਕਰਨੀ ਚਾਹੀਦੀ?

9 ਪ੍ਰਾਰਥਨਾ ਕੋਈ ਗੁੰਝਲਦਾਰ ਰੀਤ-ਰਿਵਾਜ ਨਹੀਂ ਹੈ। ਅਸੀਂ ਅਸਲ ਵਿਚ ਜਦੋਂ ਮਰਜ਼ੀ, ਜਾਂ ਜਿੱਥੇ ਮਰਜ਼ੀ, ਉੱਚੀ ਜਾਂ ਚੁੱਪ-ਚਾਪ ਪ੍ਰਾਰਥਨਾ ਕਰ ਸਕਦੇ ਹਾਂ। ਸਾਨੂੰ ਇਸ ਕੀਮਤੀ ਸਹੂਲਤ ਦੀ ਕਦੇ ਵੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਬਾਈਬਲ ਪ੍ਰਾਰਥਨਾ ਦਾ ਸੰਬੰਧ ਸਹਿਣ-ਸ਼ਕਤੀ, ਦ੍ਰਿੜ੍ਹਤਾ, ਅਤੇ ਰੂਹਾਨੀ ਤੌਰ ਤੇ ਜਾਗਦੇ ਰਹਿਣ ਨਾਲ ਜੋੜਦੀ ਹੈ। (ਲੂਕਾ 18:1; ਰੋਮੀਆਂ 12:12; ਅਫ਼ਸੀਆਂ 6:18; ਕੁਲੁੱਸੀਆਂ 4:2) ਕੀ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਾਡੇ ਕੋਲ ਵਿਸ਼ਵ ਦੇ ਸਰਬਉੱਚ ਵਿਅਕਤੀ ਨਾਲ ਗੱਲ-ਬਾਤ ਕਰਨ ਲਈ ਖੁੱਲ੍ਹਾ ਅਤੇ ਸੌਖਿਆਂ ਹੀ ਉਪਲਬਧ ਰਾਹ ਹੈ? ਅਤੇ ਉਹ ਸਾਡੀ ਪ੍ਰਾਰਥਨਾ ਜ਼ਰੂਰ ਸੁਣਦਾ ਹੈ! ਉਹ ਮੌਕਾ ਯਾਦ ਕਰੋ ਜਦੋਂ ਦਾਨੀਏਲ ਨੇ ਪ੍ਰਾਰਥਨਾ ਕੀਤੀ, ਅਤੇ ਯਹੋਵਾਹ ਨੇ ਜਵਾਬ ਵਜੋਂ ਇਕ ਦੂਤ ਨੂੰ ਭੇਜਿਆ। ਦਾਨੀਏਲ ਪ੍ਰਾਰਥਨਾ ਕਰ ਹੀ ਰਿਹਾ ਸੀ ਜਦ ਦੂਤ ਉੱਥੇ ਪਹੁੰਚਿਆ! (ਦਾਨੀਏਲ 9:20, 21) ਮਨ ਲਿਆ ਕਿ ਅਸੀਂ ਅਜਿਹੇ ਸਮੇਂ ਦੌਰਾਨ ਨਹੀਂ ਰਹਿ ਰਹੇ ਜਦੋਂ ਅਜਿਹੀਆਂ ਦੂਤਮਈ ਮੁਲਾਕਾਤਾਂ ਹੁੰਦੀਆਂ ਹਨ, ਪਰ ਯਹੋਵਾਹ ਬਿਲਕੁਲ ਨਹੀਂ ਬਦਲਿਆ! (ਮਲਾਕੀ 3:6) ਠੀਕ ਜਿਵੇਂ ਉਸ ਨੇ ਦਾਨੀਏਲ ਦੀ ਪ੍ਰਾਰਥਨਾ ਸੁਣੀ ਸੀ, ਉਹ ਸਾਡੀ ਵੀ ਸੁਣੇਗਾ। ਅਤੇ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਅਸੀਂ ਯਹੋਵਾਹ ਦੇ ਨਜ਼ਦੀਕ ਜਾਵਾਂਗੇ ਜਿਸ ਤੋਂ ਅਜਿਹਾ ਬੰਧਨ ਕਾਇਮ ਹੋਵੇਗਾ ਜੋ ਦਾਨੀਏਲ ਵਾਂਗ, ਸਾਡੀ ਵੀ ਅੰਤ ਤਕ ਦ੍ਰਿੜ੍ਹ ਰਹਿਣ ਲਈ ਮਦਦ ਕਰੇਗਾ।

ਪਰਮੇਸ਼ੁਰ ਦੇ ਬਚਨ ਦੇ ਅਧਿਆਪਕ ਵਜੋਂ ਦ੍ਰਿੜ੍ਹ ਰਹਿਣਾ

10. ਦਾਨੀਏਲ ਲਈ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਸਿਖਾਉਣੀ ਮਹੱਤਵਪੂਰਣ ਕਿਉਂ ਸੀ?

10 ਦਾਨੀਏਲ ਨੇ ਇਕ ਹੋਰ ਭਾਵ ਵਿਚ ‘ਓੜਕ ਦੇ ਵੇਲੇ ਤਕ ਤੁਰੀ ਜਾਣਾ’ ਸੀ। ਉਸ ਨੂੰ ਸੱਚਾਈ ਦੇ ਅਧਿਆਪਕ ਵਜੋਂ ਦ੍ਰਿੜ੍ਹ ਰਹਿਣਾ ਪਿਆ। ਉਹ ਕਦੇ ਨਹੀਂ ਭੁੱਲਿਆ ਕਿ ਉਹ ਉਨ੍ਹਾਂ ਚੁਣੇ ਹੋਏ ਲੋਕਾਂ ਵਿੱਚੋਂ ਸੀ ਜਿਨ੍ਹਾਂ ਬਾਰੇ ਸ਼ਾਸਤਰ ਨੇ ਕਿਹਾ ਸੀ ਕਿ “ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਨਾਲੇ ਮੇਰਾ ਦਾਸ ਜਿਹ ਨੂੰ ਮੈਂ ਚੁਣਿਆ।” (ਯਸਾਯਾਹ 43:10) ਦਾਨੀਏਲ ਨੇ ਉਸ ਕੰਮ ਨੂੰ ਪੂਰਾ ਕਰਨ ਲਈ ਆਪਣੀ ਹਿੰਮਤ ਅਨੁਸਾਰ ਸਭ ਕੁਝ ਕੀਤਾ। ਇਹ ਸੰਭਵ ਹੈ ਕਿ ਉਹ ਬਾਬਲ ਵਿਚ ਆਪਣੇ ਜਲਾਵਤਨ ਲੋਕਾਂ ਨੂੰ ਸਿੱਖਿਆ ਦਿੰਦਾ ਹੁੰਦਾ ਸੀ। ਹਨਨਯਾਹ, ਮੀਸ਼ਾਏਲ, ਅਤੇ ਅਜ਼ਰਯਾਹ, ਅਰਥਾਤ “ਉਸ ਦੇ [ਤਿੰਨਾਂ] ਸਾਥੀਆਂ” ਦੇ ਨਾਲ ਸੰਬੰਧ ਦੇ ਜ਼ਿਕਰ ਤੋਂ ਇਲਾਵਾ, ਅਸੀਂ ਉਸ ਦੇ ਸੰਗੀ ਯਹੂਦੀਆਂ ਨਾਲ ਮਿਲਵਰਤਨ ਬਾਰੇ ਘੱਟ ਹੀ ਜਾਣਦੇ ਹਾਂ। (ਦਾਨੀਏਲ 1:7; 2:13, 17, 18) ਨਿਸ਼ਚੇ ਹੀ ਉਨ੍ਹਾਂ ਦੀ ਆਪਸੀ ਗਹਿਰੀ ਮਿੱਤਰਤਾ ਨੇ ਦ੍ਰਿੜ੍ਹ ਰਹਿਣ ਵਿਚ ਉਨ੍ਹਾਂ ਨੂੰ ਕਾਫ਼ੀ ਮਦਦ ਦਿੱਤੀ। (ਕਹਾਉਤਾਂ 17:17) ਦਾਨੀਏਲ ਆਪਣੇ ਮਿੱਤਰਾਂ ਨੂੰ ਬਹੁਤ ਕੁਝ ਸਿਖਾ ਸਕਦਾ ਸੀ ਕਿਉਂਕਿ ਯਹੋਵਾਹ ਨੇ ਉਸ ਨੂੰ ਵਿਸ਼ੇਸ਼ ਸਮਝ ਦਿੱਤੀ ਹੋਈ ਸੀ। (ਦਾਨੀਏਲ 1:17) ਪਰ ਉਸ ਕੋਲ ਸਿੱਖਿਆ ਦੇਣ ਦਾ ਹੋਰ ਕੰਮ ਵੀ ਸੀ।

11. (ੳ) ਦਾਨੀਏਲ ਦਾ ਕੰਮ ਕਿਸ ਤਰ੍ਹਾਂ ਨਿਰਾਲਾ ਸੀ? (ਅ) ਦਾਨੀਏਲ ਆਪਣਾ ਅਨੋਖਾ ਕੰਮ ਪੂਰਾ ਕਰਨ ਵਿਚ ਕਿੰਨਾ ਕੁ ਸਫ਼ਲ ਹੋਇਆ ਸੀ?

11 ਦਾਨੀਏਲ ਨੂੰ ਉੱਚੀ ਪਦਵੀ ਵਾਲੇ ਗ਼ੈਰ-ਯਹੂਦੀ ਵਿਅਕਤੀਆਂ ਨੂੰ ਗਵਾਹੀ ਦੇਣ ਦਾ ਹੋਰ ਕਿਸੇ ਵੀ ਨਬੀ ਨਾਲੋਂ ਜ਼ਿਆਦਾ ਮੌਕਾ ਮਿਲਿਆ ਸੀ। ਭਾਵੇਂ ਕਿ ਉਸ ਨੂੰ ਅਕਸਰ ਅਜਿਹੇ ਸੰਦੇਸ਼ ਦੇਣੇ ਪੈਂਦੇ ਸਨ ਜੋ ਕਿ ਹਾਕਮਾਂ ਨੂੰ ਬੁਰੇ ਲੱਗਦੇ ਸਨ, ਫਿਰ ਵੀ ਉਸ ਨੇ ਇਨ੍ਹਾਂ ਨਾਲ ਕਦੇ ਵੀ ਅਜਿਹਾ ਸਲੂਕ ਨਹੀਂ ਕੀਤਾ ਜਿਵੇਂ ਕਿ ਉਹ ਘਿਣਾਉਣੇ ਜਾਂ ਉਸ ਨਾਲੋਂ ਘਟੀਆ ਸਨ। ਉਹ ਉਨ੍ਹਾਂ ਨਾਲ ਆਦਰ ਅਤੇ ਚੰਗੇ ਢੰਗ ਨਾਲ ਬੋਲਿਆ। ਉਨ੍ਹਾਂ ਵਿਚ ਚਲਾਕ ਮਨਸਬਦਾਰਾਂ ਵਰਗੇ ਮਨੁੱਖ ਸਨ, ਜੋ ਦਾਨੀਏਲ ਨੂੰ ਮਰਵਾਉਣਾ ਚਾਹੁੰਦੇ ਸਨ। ਪਰ ਦੂਜੇ ਹਾਕਮ ਉਸ ਦੀ ਇੱਜ਼ਤ ਕਰਨ ਲੱਗ ਪਏ ਸਨ। ਕਿਉਂਕਿ ਯਹੋਵਾਹ ਨੇ ਦਾਨੀਏਲ ਨੂੰ ਉਨ੍ਹਾਂ ਗੁਪਤ ਗੱਲਾਂ ਦੇ ਅਰਥ ਸਮਝਾਉਣ ਦੇ ਯੋਗ ਬਣਾਇਆ ਸੀ, ਜਿਨ੍ਹਾਂ ਦੇ ਅਰਥ ਰਾਜਿਆਂ ਅਤੇ ਗਿਆਨੀਆਂ ਨੂੰ ਵੀ ਨਹੀਂ ਸਮਝ ਪੈਂਦੇ ਸਨ, ਦਾਨੀਏਲ ਨਬੀ ਬਹੁਤ ਹੀ ਪ੍ਰਸਿੱਧ ਹੋ ਗਿਆ ਸੀ। (ਦਾਨੀਏਲ 2:47, 48; 5:29) ਇਹ ਗੱਲ ਸੱਚ ਹੈ ਕਿ ਜਿਉਂ-ਜਿਉਂ ਉਹ ਬਿਰਧ ਹੁੰਦਾ ਗਿਆ ਉਹ ਆਪਣੀ ਜਵਾਨੀ ਦੇ ਦਿਨਾਂ ਜਿੰਨਾ ਕੰਮ ਨਹੀਂ ਕਰ ਸਕਦਾ ਸੀ। ਪਰ ਉਹ ਆਪਣੀ ਮੌਤ ਤਕ, ਆਪਣੇ ਪਿਆਰੇ ਪਰਮੇਸ਼ੁਰ ਦੇ ਇਕ ਗਵਾਹ ਵਜੋਂ ਸੇਵਾ ਕਰਨ ਲਈ ਵਫ਼ਾਦਾਰੀ ਨਾਲ ਕੋਈ-ਨ-ਕੋਈ ਤਰੀਕਾ ਭਾਲਦਾ ਰਿਹਾ।

12. (ੳ) ਮਸੀਹੀਆਂ ਵਜੋਂ ਅਸੀਂ ਸਿੱਖਿਆ ਦੇਣ ਦੇ ਕਿਹੜੇ ਕੰਮ ਕਰਦੇ ਹਾਂ? (ਅ) ਅਸੀਂ ਪੌਲੁਸ ਦੀ ਸਲਾਹ ਨੂੰ ਕਿਵੇਂ ਪੱਲੇ ਬੰਨ੍ਹ ਸਕਦੇ ਹਾਂ ਕਿ “[ਤੁਸੀਂ] ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲੋ”?

12 ਅੱਜ ਮਸੀਹੀ ਕਲੀਸਿਯਾ ਵਿਚ ਅਸੀਂ ਸ਼ਾਇਦ ਅਜਿਹੇ ਵਿਅਕਤੀ ਪਾਈਏ ਜੋ ਸਾਨੂੰ ਦ੍ਰਿੜ੍ਹ ਰਹਿਣ ਵਿਚ ਮਦਦ ਦੇਣ, ਠੀਕ ਜਿਵੇਂ ਦਾਨੀਏਲ ਅਤੇ ਉਸ ਦੇ ਤਿੰਨਾਂ ਸਾਥੀਆਂ ਨੇ ਇਕ ਦੂਜੇ ਦੀ ਮਦਦ ਕੀਤੀ ਸੀ। ਅਸੀਂ ਇਕ ਦੂਜੇ ਨੂੰ ਸਿੱਖਿਆ ਦੇ ਸਕਦੇ ਹਾਂ ਜਿਸ ਤੋਂ ‘ਰਲ ਕੇ ਆਪਸ ਵਿੱਚ ਦੋਹਾਂ ਦੀ ਨਿਸ਼ਾ’ ਹੋ ਸਕਦੀ ਹੈ। (ਰੋਮੀਆਂ 1:11, 12) ਦਾਨੀਏਲ ਵਾਂਗ, ਅਸੀਂ ਵੀ ਗ਼ੈਰ-ਨਿਹਚਾਵਾਨਾਂ ਨੂੰ ਗਵਾਹੀ ਦੇਣ ਲਈ ਜ਼ਿੰਮੇਵਾਰ ਹਾਂ। (ਮੱਤੀ 24:14; 28:19, 20) ਇਸ ਕਰਕੇ ਸਾਨੂੰ ਗਵਾਹੀ ਦੇਣ ਦੇ ਆਪਣੇ ਢੰਗ ਬਿਹਤਰ ਬਣਾਉਣੇ ਚਾਹੀਦੇ ਹਨ ਤਾਂਕਿ ਅਸੀਂ ‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰੀਏ।’ (2 ਤਿਮੋਥਿਉਸ 2:15) ਅਤੇ ਇਸ ਵਿਚ ਵੀ ਸਾਡੀ ਮਦਦ ਹੋਵੇਗੀ ਜੇਕਰ ਅਸੀਂ ਪੌਲੁਸ ਰਸੂਲ ਦੀ ਸਲਾਹ ਪੱਲੇ ਬੰਨ੍ਹੀਏ ਕਿ “[ਤੁਸੀਂ] ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲੋ।” (ਕੁਲੁੱਸੀਆਂ 4:5) ਅਜਿਹੀ ਹੋਸ਼, ਜਾਂ ਸਮਝਦਾਰੀ ਵਿਚ ਉਨ੍ਹਾਂ ਲੋਕਾਂ ਬਾਰੇ ਸੰਤੁਲਿਤ ਵਿਚਾਰ ਰੱਖਣਾ ਵੀ ਸ਼ਾਮਲ ਹੈ ਜੋ ਸਾਡੇ ਧਰਮ ਦੇ ਨਹੀਂ ਹਨ। ਅਸੀਂ ਅਜਿਹੇ ਲੋਕਾਂ ਨੂੰ ਘਟੀਆ ਅਤੇ ਆਪਣੇ ਆਪ ਨੂੰ ਬਿਹਤਰ ਨਹੀਂ ਸਮਝਦੇ। (1 ਪਤਰਸ 3:15) ਇਸ ਦੀ ਬਜਾਇ, ਅਸੀਂ ਉਨ੍ਹਾਂ ਨੂੰ ਸੱਚਾਈ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਪਰਮੇਸ਼ੁਰ ਦੇ ਬਚਨ ਨੂੰ ਚੰਗੇ ਢੰਗ ਅਤੇ ਹੁਨਰ ਨਾਲ ਵਰਤਦੇ ਹਾਂ ਤਾਂਕਿ ਉਨ੍ਹਾਂ ਦੇ ਦਿਲਾਂ ਉੱਤੇ ਪ੍ਰਭਾਵ ਪਾ ਸਕੀਏ। ਜਦੋਂ ਅਸੀਂ ਕਿਸੇ ਉੱਤੇ ਪ੍ਰਭਾਵ ਪੈਂਦਾ ਦੇਖਦੇ ਹਾਂ, ਇਹ ਸਾਨੂੰ ਕਿੰਨਾ ਖ਼ੁਸ਼ ਕਰਦਾ ਹੈ! ਅਜਿਹੀ ਖ਼ੁਸ਼ੀ ਸੱਚ-ਮੁੱਚ ਹੀ, ਦਾਨੀਏਲ ਵਾਂਗ ਅੰਤ ਤਕ ਦ੍ਰਿੜ੍ਹ ਰਹਿਣ ਵਿਚ ਸਾਡੀ ਮਦਦ ਕਰਦੀ ਹੈ।

“ਤੂੰ ਸੁਖ ਪਾਵੇਂਗਾ”

13, 14. ਕਈ ਬਾਬਲੀ ਲੋਕ ਮੌਤ ਤੋਂ ਕਿਉਂ ਡਰਦੇ ਸਨ, ਅਤੇ ਦਾਨੀਏਲ ਦਾ ਵਿਚਾਰ ਕਿਵੇਂ ਵੱਖਰਾ ਸੀ?

13 ਦੂਤ ਨੇ ਦਾਨੀਏਲ ਨੂੰ ਅੱਗੇ ਦੱਸਿਆ ਕਿ “ਤੂੰ ਸੁਖ ਪਾਵੇਂਗਾ।” (ਦਾਨੀਏਲ 12:13) ਇਨ੍ਹਾਂ ਸ਼ਬਦਾਂ ਦਾ ਕੀ ਅਰਥ ਸੀ? ਦਾਨੀਏਲ ਨੂੰ ਪਤਾ ਸੀ ਕਿ ਉਹ ਮੌਤ ਦਾ ਸਾਮ੍ਹਣਾ ਕਰ ਰਿਹਾ ਸੀ। ਮੌਤ ਆਦਮ ਤੋਂ ਲੈ ਕੇ ਸਾਡੇ ਸਮੇਂ ਤਕ ਹਰੇਕ ਮਨੁੱਖ ਦਾ ਅੰਤ ਕਰਦੀ ਆਈ ਹੈ। ਬਾਈਬਲ ਮੌਤ ਨੂੰ ਉਚਿਤ ਤੌਰ ਤੇ ਇਕ “ਵੈਰੀ” ਸੱਦਦੀ ਹੈ। (1 ਕੁਰਿੰਥੀਆਂ 15:26) ਪਰ ਉਸ ਦੇ ਆਲੇ-ਦੁਆਲੇ ਦੇ ਬਾਬਲੀ ਲੋਕਾਂ ਦੀ ਸਮਝ ਨਾਲੋਂ, ਮੌਤ ਦੇ ਬਾਰੇ ਦਾਨੀਏਲ ਦੇ ਵਿਚਾਰ ਬਹੁਤ ਹੀ ਵੱਖਰੇ ਸਨ। ਉਹ ਲੋਕ ਕੁਝ 4,000 ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਵਿਚ ਰੁੱਝੇ ਹੋਏ ਸਨ ਅਤੇ ਮੌਤ ਤੋਂ ਕਾਫ਼ੀ ਡਰਦੇ ਸਨ। ਉਹ ਮੰਨਦੇ ਸਨ ਕਿ ਦੁੱਖ ਭੋਗਣ ਵਾਲੇ ਵਿਅਕਤੀ ਜਾਂ ਹਿੰਸਾ ਨਾਲ ਮਰਨ ਵਾਲਿਆਂ ਲੋਕਾਂ ਦੀ ਮੌਤ ਤੋਂ ਬਾਅਦ, ਉਹ ਬਦਲੇਖ਼ੋਰ ਭੂਤ ਬਣ ਕੇ ਜੀਉਂਦਿਆਂ ਨੂੰ ਡਰਾਉਂਦੇ ਸਨ। ਬਾਬਲੀ ਲੋਕ ਮਨੁੱਖ ਅਤੇ ਪਸ਼ੂ ਰੂਪੀ ਡਰਾਉਣੇ ਰਾਖ਼ਸ਼ਾਂ ਨਾਲ ਭਰੇ ਹੋਏ ਭਿਆਨਕ ਪਤਾਲ ਵਿਚ ਵੀ ਵਿਸ਼ਵਾਸ ਕਰਦੇ ਸਨ।

14 ਦਾਨੀਏਲ ਦੀ ਸਮਝ ਅਨੁਸਾਰ ਮੌਤ ਇਨ੍ਹਾਂ ਚੀਜ਼ਾਂ ਨਾਲ ਕੋਈ ਵੀ ਸੰਬੰਧ ਨਹੀਂ ਰੱਖਦੀ ਸੀ। ਦਾਨੀਏਲ ਦੇ ਸਮੇਂ ਤੋਂ ਸੈਂਕੜੇ ਹੀ ਸਾਲ ਪਹਿਲਾਂ, ਰਾਜਾ ਸੁਲੇਮਾਨ ਨੂੰ ਇਹ ਕਹਿਣ ਲਈ ਈਸ਼ਵਰੀ ਤੌਰ ਤੇ ਪ੍ਰੇਰਿਤ ਕੀਤਾ ਗਿਆ ਸੀ ਕਿ “ਮੋਏ ਕੁਝ ਵੀ ਨਹੀਂ ਜਾਣਦੇ।” (ਉਪਦੇਸ਼ਕ ਦੀ ਪੋਥੀ 9:5) ਅਤੇ ਜੋ ਵਿਅਕਤੀ ਮਰ ਜਾਂਦਾ ਹੈ ਉਸ ਬਾਰੇ, ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ ਕਿ “ਉਹ ਦਾ ਸਾਹ ਨਿੱਕਲ ਜਾਵੇਗਾ, ਉਹ ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ!” (ਜ਼ਬੂਰ 146:4) ਇਸ ਲਈ ਦਾਨੀਏਲ ਜਾਣਦਾ ਸੀ ਕਿ ਦੂਤ ਦੇ ਸ਼ਬਦ ਉਸ ਬਾਰੇ ਸੱਚ ਸਿੱਧ ਹੋਣਗੇ। ਮੌਤ ਦਾ ਅਰਥ ਆਰਾਮ ਜਾਂ ਸੁੱਖ ਮਿਲਣਾ ਸੀ। ਮੌਤ ਵਿਚ ਨਾ ਕੋਈ ਵਿਚਾਰ, ਨਾ ਕੋਈ ਵੱਡੇ ਪਛਤਾਵੇ, ਨਾ ਕੋਈ ਕਸ਼ਟ, ਅਤੇ ਨਿਸ਼ਚੇ ਹੀ ਕੋਈ ਰਾਖ਼ਸ਼ ਨਹੀਂ ਹਨ। ਲਾਜ਼ਰ ਦੀ ਮੌਤ ਹੋਣ ਤੇ ਯਿਸੂ ਮਸੀਹ ਨੇ ਇਸੇ ਤਰ੍ਹਾਂ ਕਿਹਾ ਕਿ “ਸਾਡਾ ਮਿੱਤ੍ਰ ਲਾਜ਼ਰ ਸੌਂ ਗਿਆ ਹੈ।”—ਯੂਹੰਨਾ 11:11.

15. ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਕਿਵੇਂ ਚੰਗਾ ਹੋ ਸਕਦਾ ਹੈ?

15 ਇਕ ਹੋਰ ਕਾਰਨ ਉੱਤੇ ਗੌਰ ਕਰੋ ਕਿ ਦਾਨੀਏਲ ਮਰਨ ਤੋਂ ਕਿਉਂ ਨਹੀਂ ਸੀ ਡਰਦਾ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ “ਨੇਕਨਾਮੀ ਮਹਿੰਗ ਮੁੱਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।” (ਉਪਦੇਸ਼ਕ ਦੀ ਪੋਥੀ 7:1) ਮਰਨ ਦਾ ਦਿਨ, ਅਰਥਾਤ ਸੋਗ ਦਾ ਸਮਾਂ, ਜੰਮਣ ਦੇ ਖ਼ੁਸ਼ੀ-ਭਰੇ ਦਿਨ ਨਾਲੋਂ ਕਿਸ ਤਰ੍ਹਾਂ ਚੰਗਾ ਹੋ ਸਕਦਾ ਹੈ? ਇਸ ਦਾ ਜਵਾਬ “ਨੇਕਨਾਮੀ” ਵਿਚ ਹੈ। ਖਰਾ ਤੇਲ ਬਹੁਤ ਹੀ ਕੀਮਤੀ ਹੋ ਸਕਦਾ ਹੈ। ਇਕ ਵਾਰ ਲਾਜ਼ਰ ਦੀ ਭੈਣ ਮਰਿਯਮ ਨੇ ਯਿਸੂ ਦੇ ਚਰਨਾਂ ਉੱਤੇ ਅਤਰ ਵਾਲਾ ਤੇਲ ਮਲਿਆ ਜਿਸ ਦੀ ਕੀਮਤ ਤਕਰੀਬਨ ਇਕ ਸਾਲ ਦੀ ਮਜ਼ਦੂਰੀ ਸੀ! (ਯੂਹੰਨਾ 12:1-7) ਪਰ ਕੇਵਲ ਨੇਕਨਾਮੀ ਇੰਨੀ ਕੀਮਤੀ ਕਿਵੇਂ ਹੋ ਸਕਦੀ ਹੈ? ਉਪਦੇਸ਼ਕ ਦੀ ਪੋਥੀ 7:1 ਵਿਚ ਯੂਨਾਨੀ ਸੈਪਟੁਜਿੰਟ “ਇਕ ਚੰਗਾ ਨਾਂ” ਕਹਿੰਦਾ ਹੈ। ਸਿਰਫ਼ ਨਾਂ ਹੀ ਨਹੀਂ ਪਰ ਜਿਸ ਚੀਜ਼ ਨੂੰ ਉਹ ਦਰਸਾਉਂਦਾ ਹੈ ਉਹ ਕੀਮਤੀ ਹੁੰਦੀ ਹੈ। ਇਕ ਵਿਅਕਤੀ ਦੇ ਜਨਮ ਤੇ ਉਸ ਦੀ ਕੋਈ ਨੇਕਨਾਮੀ ਨਹੀਂ ਹੁੰਦੀ, ਚੰਗੀਆਂ ਕਰਨੀਆਂ ਦਾ ਕੋਈ ਰਿਕਾਰਡ ਨਹੀਂ ਹੁੰਦਾ, ਅਤੇ ਨਾ ਹੀ ਉਸ ਦੀ ਸ਼ਖ਼ਸੀਅਤ ਜਾਂ ਗੁਣਾਂ ਦੀਆਂ ਪਿਆਰੀਆਂ ਯਾਦਾਂ ਹੁੰਦੀਆਂ ਹਨ। ਪਰ ਜੀਵਨ ਦੇ ਅੰਤ ਤੇ ਉਸ ਦਾ ਨਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਦਰਸਾਉਂਦਾ ਹੈ। ਅਤੇ ਜੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਸ ਦੀ ਨੇਕਨਾਮੀ ਹੈ, ਤਾਂ ਉਹ ਕਿਸੇ ਵੀ ਭੌਤਿਕ ਧਨ-ਦੌਲਤ ਨਾਲੋਂ ਜ਼ਿਆਦਾ ਕੀਮਤੀ ਹੁੰਦੀ ਹੈ।

16. (ੳ) ਦਾਨੀਏਲ ਨੇ ਪਰਮੇਸ਼ੁਰ ਨਾਲ ਨੇਕਨਾਮੀ ਕਾਇਮ ਕਰਨ ਦੀ ਕੋਸ਼ਿਸ਼ ਕਿਵੇਂ ਕੀਤੀ ਸੀ? (ਅ) ਦਾਨੀਏਲ ਇਸ ਵਿਸ਼ਵਾਸ ਨਾਲ ਸੁੱਖ ਕਿਉਂ ਪਾ ਸਕਦਾ ਸੀ ਕਿ ਉਸ ਨੇ ਯਹੋਵਾਹ ਨਾਲ ਨੇਕਨਾਮੀ ਕਾਇਮ ਕੀਤੀ ਹੈ?

16 ਦਾਨੀਏਲ ਨੇ ਆਪਣੇ ਸਾਰੇ ਜੀਵਨ ਦੌਰਾਨ ਪਰਮੇਸ਼ੁਰ ਨਾਲ ਇਕ ਨੇਕਨਾਮੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਯਹੋਵਾਹ ਨੇ ਇਹ ਸਭ ਕੁਝ ਧਿਆਨ ਵਿਚ ਰੱਖਿਆ। ਉਸ ਨੇ ਦਾਨੀਏਲ ਉੱਤੇ ਨਿਗਾਹ ਰੱਖੀ ਅਤੇ ਉਸ ਦੇ ਦਿਲ ਨੂੰ ਪਰਖਿਆ। ਪਰਮੇਸ਼ੁਰ ਨੇ ਰਾਜਾ ਦਾਊਦ ਨਾਲ ਇਵੇਂ ਹੀ ਕੀਤਾ ਸੀ ਅਤੇ ਉਸ ਨੇ ਇਕ ਗੀਤ ਵਿਚ ਕਿਹਾ ਕਿ “ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ, ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ।” (ਜ਼ਬੂਰ 139:1, 2) ਮਨ ਲਿਆ ਕਿ ਦਾਨੀਏਲ ਸੰਪੂਰਣ ਨਹੀਂ ਸੀ। ਉਹ ਪਾਪੀ ਆਦਮ ਦੀ ਸੰਤਾਨ ਸੀ ਅਤੇ ਇਕ ਪਾਪੀ ਕੌਮ ਵਿੱਚੋਂ ਸੀ। (ਰੋਮੀਆਂ 3:23) ਪਰ ਦਾਨੀਏਲ ਨੇ ਆਪਣੇ ਪਾਪਾਂ ਤੋਂ ਤੋਬਾ ਕੀਤੀ ਅਤੇ ਉਹ ਖਰਿਆਈ ਨਾਲ ਆਪਣੇ ਪਰਮੇਸ਼ੁਰ ਦੇ ਨਾਲ-ਨਾਲ ਚੱਲਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਕਰਕੇ ਇਹ ਵਫ਼ਾਦਾਰ ਨਬੀ ਵਿਸ਼ਵਾਸ ਕਰ ਸਕਦਾ ਸੀ ਕਿ ਯਹੋਵਾਹ ਉਸ ਦੇ ਪਾਪਾਂ ਨੂੰ ਮਾਫ਼ ਕਰ ਦੇਵੇਗਾ ਅਤੇ ਉਸ ਨਾਲ ਨਾਰਾਜ਼ ਨਹੀਂ ਰਹੇਗਾ। (ਜ਼ਬੂਰ 103:10-14; ਯਸਾਯਾਹ 1:18) ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦੇ ਚੰਗਿਆਂ ਕੰਮਾਂ ਨੂੰ ਨਹੀਂ ਭੁੱਲਦਾ ਹੈ। (ਇਬਰਾਨੀਆਂ 6:10) ਇਸੇ ਰੀਤ, ਯਹੋਵਾਹ ਦੇ ਦੂਤ ਨੇ ਦਾਨੀਏਲ ਨੂੰ ਦੋ ਵਾਰ ਇਕ ‘ਅੱਤ ਪਿਆਰਾ ਮਨੁੱਖ’ ਸੱਦਿਆ। (ਦਾਨੀਏਲ 10:11, 19) ਇਸ ਦਾ ਅਰਥ ਸੀ ਕਿ ਦਾਨੀਏਲ ਪਰਮੇਸ਼ੁਰ ਦਾ ਪਿਆਰਾ ਸੀ। ਦਾਨੀਏਲ ਸੁੱਖ ਪਾ ਸਕਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਸ ਨੇ ਯਹੋਵਾਹ ਨਾਲ ਨੇਕਨਾਮੀ ਕਾਇਮ ਕੀਤੀ ਸੀ।

17. ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਨਾਲ ਨੇਕਨਾਮੀ ਕਾਇਮ ਕਰੀਏ?

17 ਸਾਡੇ ਵਿੱਚੋਂ ਹਰੇਕ ਆਪਣੇ ਆਪ ਨੂੰ ਪੁੱਛ ਸਕਦਾ ਹੈ ‘ਕੀ ਮੈਂ ਯਹੋਵਾਹ ਨਾਲ ਨੇਕਨਾਮੀ ਕਾਇਮ ਕੀਤੀ ਹੈ?’ ਅਸੀਂ ਉੱਥਲ-ਪੁੱਥਲ ਸਮਿਆਂ ਵਿਚ ਰਹਿੰਦੇ ਹਾਂ। ਇਹ ਇਕ ਨਿਰਾਸ਼ਾਜਨਕ ਵਿਚਾਰ ਨਹੀਂ ਹੈ ਪਰ ਸਾਨੂੰ ਸਾਰਿਆਂ ਨੂੰ ਇਸ ਹਕੀਕਤ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਸਾਡੇ ਵਿੱਚੋਂ ਕੋਈ ਵੀ ਕਿਸੇ ਵੀ ਵਕਤ ਮਰ ਸਕਦਾ ਹੈ। (ਉਪਦੇਸ਼ਕ ਦੀ ਪੋਥੀ 9:11) ਫਿਰ ਇਹ ਕਿੰਨਾ ਜ਼ਰੂਰੀ ਹੈ ਕਿ ਬਿਨਾਂ ਦੇਰ ਕੀਤੇ, ਸਾਡੇ ਵਿੱਚੋਂ ਹਰੇਕ ਨੂੰ ਪਰਮੇਸ਼ੁਰ ਨਾਲ ਹੁਣ ਨੇਕਨਾਮੀ ਕਾਇਮ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ। ਜੇ ਅਸੀਂ ਇਵੇਂ ਕਰਦੇ ਹਾਂ, ਤਾਂ ਸਾਨੂੰ ਮੌਤ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਇਹ ਕੇਵਲ ਨੀਂਦ ਵਾਂਗ, ਆਰਾਮ ਕਰਨ ਦੇ ਸਮਾਨ ਹੈ। ਅਤੇ ਨੀਂਦ ਵਾਂਗ ਹੀ, ਇਕ ਵਿਅਕਤੀ ਇਸ ਤੋਂ ਜਾਗ ਸਕਦਾ ਹੈ!

‘ਤੂੰ ਉੱਠ ਖਲੋਵੇਂਗਾ’

18, 19. (ੳ) ਦੂਤ ਦਾ ਕੀ ਮਤਲਬ ਸੀ ਜਦੋਂ ਉਸ ਨੇ ਪੂਰਵ-ਸੂਚਿਤ ਕੀਤਾ ਕਿ ਦਾਨੀਏਲ ਭਵਿੱਖ ਵਿਚ ‘ਉੱਠ ਖਲੋਵੇਗਾ’? (ਅ) ਦਾਨੀਏਲ ਨੂੰ ਪੁਨਰ-ਉਥਾਨ ਦੀ ਉਮੀਦ ਬਾਰੇ ਕਿਵੇਂ ਪਤਾ ਸੀ?

18 ਦਾਨੀਏਲ ਦੀ ਪੋਥੀ ਪਰਮੇਸ਼ੁਰ ਵੱਲੋਂ ਇਕ ਸਭ ਤੋਂ ਸੋਹਣੇ ਵਾਅਦੇ ਨਾਲ ਸਮਾਪਤ ਹੁੰਦੀ ਹੈ। ਯਹੋਵਾਹ ਦੇ ਦੂਤ ਨੇ ਦਾਨੀਏਲ ਨੂੰ ਦੱਸਿਆ ਕਿ ‘ਤੂੰ ਆਪਣੀ ਵੰਡ ਉੱਤੇ ਓੜਕ ਦੇ ਦਿਨਾਂ ਵਿੱਚ ਉੱਠ ਖਲੋਵੇਂਗਾ।’ ਦੂਤ ਦਾ ਕੀ ਮਤਲਬ ਸੀ? ਕਿਉਂਕਿ ਉਹ “ਸੁਖ” ਜਿਸ ਦਾ ਉਸ ਨੇ ਹੁਣੇ-ਹੁਣੇ ਜ਼ਿਕਰ ਕੀਤਾ ਸੀ ਮੌਤ ਸੀ, ਉਸ ਵਾਅਦੇ ਦਾ ਇੱਕੋ ਹੀ ਅਰਥ ਹੋ ਸਕਦਾ ਹੈ ਕਿ ਦਾਨੀਏਲ ਬਾਅਦ ਦੇ ਸਮੇਂ ਵਿਚ ‘ਉੱਠ ਖਲੋਵੇਗਾ,’ ਮਤਲਬ ਕਿ ਉਸ ਦਾ ਪੁਨਰ-ਉਥਾਨ ਹੋਵੇਗਾ। * ਅਸਲ ਵਿਚ, ਕੁਝ ਵਿਦਵਾਨਾਂ ਨੇ ਇਹ ਦਾਅਵਾ ਕੀਤਾ ਹੈ ਕਿ ਇਬਰਾਨੀ ਸ਼ਾਸਤਰ ਵਿਚ ਦਾਨੀਏਲ ਦੇ ਬਾਰ੍ਹਵੇਂ ਅਧਿਆਇ ਵਿਚ ਪੁਨਰ-ਉਥਾਨ ਦਾ ਸਭ ਤੋਂ ਪਹਿਲਾ ਸਪੱਸ਼ਟ ਜ਼ਿਕਰ ਪਾਇਆ ਜਾਂਦਾ ਹੈ। (ਦਾਨੀਏਲ 12:2) ਪਰ ਇਸ ਵਿਚ ਉਹ ਬਹੁਤ ਗ਼ਲਤ ਹਨ। ਦਾਨੀਏਲ ਪੁਨਰ-ਉਥਾਨ ਦੀ ਉਮੀਦ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ।

19 ਮਿਸਾਲ ਲਈ, ਦਾਨੀਏਲ ਬਿਨਾਂ ਸ਼ੱਕ ਇਹ ਵਾਕ ਜਾਣਦਾ ਸੀ ਜੋ ਯਸਾਯਾਹ ਨੇ ਦੋ ਸਦੀਆਂ ਪਹਿਲਾਂ ਲਿਖੇ ਸਨ ਕਿ “ਸਾਡੇ ਮਰੇ ਹੋਏ ਲੋਕ ਦੁਬਾਰਾ ਜੀ ਉੱਠਣਗੇ, ਅਤੇ ਉਹਨਾਂ ਦੇ ਮੁਰਦੇ ਸਰੀਰਾਂ ਵਿਚ ਫਿਰ ਪ੍ਰਾਣ ਆ ਜਾਣਗੇ। ਉਹ ਸਭ ਜੋ ਆਪਣੀਆਂ ਕਬਰਾਂ ਵਿਚ ਸੌਂ ਰਹੇ ਹਨ, ਉਹ ਜਾਗਣਗੇ ਅਤੇ ਖ਼ੁਸ਼ੀ ਦੇ ਗੀਤ ਗਾਉਣਗੇ। . . . ਪ੍ਰਭੂ ਉਹਨਾਂ ਸਭ ਨੂੰ, ਜੋ ਬਹੁਤ ਸਮਾਂ ਪਹਿਲਾਂ ਮਰ ਚੁੱਕੇ ਹਨ, ਨਵਾਂ ਜੀਵਨ ਦੇਵੇਗਾ।” (ਯਸਾਯਾਹ 26:19, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਤੋਂ ਬਹੁਤ ਸਮਾਂ ਪਹਿਲਾਂ, ਯਹੋਵਾਹ ਨੇ ਏਲੀਯਾਹ ਅਤੇ ਅਲੀਸ਼ਾ ਨੂੰ ਅਸਲੀ ਪੁਨਰ-ਉਥਾਨ ਕਰਨ ਲਈ ਸ਼ਕਤੀ ਦਿੱਤੀ ਸੀ। (1 ਰਾਜਿਆਂ 17:17-24; 2 ਰਾਜਿਆਂ 4:32-37) ਇਸ ਤੋਂ ਵੀ ਪਹਿਲਾਂ, ਸਮੂਏਲ ਨਬੀ ਦੀ ਮਾਤਾ ਹੰਨਾਹ ਨੇ ਕਬੂਲ ਕੀਤਾ ਸੀ ਕਿ ਯਹੋਵਾਹ ਲੋਕਾਂ ਨੂੰ ਪਤਾਲ ਜਾਂ ਕਬਰ ਵਿੱਚੋਂ ਜੀ ਉਠਾ ਸਕਦਾ ਹੈ। (1 ਸਮੂਏਲ 2:6) ਇਸ ਤੋਂ ਵੀ ਪਹਿਲਾਂ, ਵਫ਼ਾਦਾਰ ਅੱਯੂਬ ਨੇ ਇਨ੍ਹਾਂ ਸ਼ਬਦਾਂ ਨਾਲ ਆਪਣੀ ਉਮੀਦ ਪ੍ਰਗਟ ਕੀਤੀ ਕਿ “ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ? ਆਪਣੇ ਜੁੱਧ ਦੇ ਸਾਰੇ ਦਿਨ ਮੈਂ ਉਡੀਕ ਵਿੱਚ ਰਹਾਂਗਾ, ਜਦ ਤੀਕ ਮੇਰੀ ਵਾਰੀ ਨਾ ਆਵੇ। ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।”—ਅੱਯੂਬ 14:14, 15.

20, 21. (ੳ) ਦਾਨੀਏਲ ਕਿਸ ਕਿਆਮਤ ਵਿਚ ਨਿਸ਼ਚੇ ਹੀ ਵਾਪਸ ਆਵੇਗਾ? (ਅ) ਧਰਤੀ ਉੱਤੇ ਫਿਰਦੌਸ ਵਿਚ ਪੁਨਰ-ਉਥਾਨ ਸ਼ਾਇਦ ਕਿਸ ਸਿਲਸਿਲੇ ਵਿਚ ਹੋਵੇਗਾ?

20 ਅੱਯੂਬ ਦੇ ਵਾਂਗ, ਦਾਨੀਏਲ ਵੀ ਭਰੋਸਾ ਰੱਖ ਸਕਦਾ ਸੀ ਕਿ ਭਵਿੱਖ ਵਿਚ ਇਕ ਦਿਨ ਯਹੋਵਾਹ ਸੱਚ-ਮੁੱਚ ਉਸ ਨੂੰ ਮੁਰਦਿਆਂ ਵਿੱਚੋਂ ਵਾਪਸ ਜੀਉਂਦਾ ਕਰਨਾ ਚਾਹੇਗਾ। ਫਿਰ ਵੀ, ਜਦੋਂ ਉਸ ਨੇ ਇਕ ਸ਼ਕਤੀਸ਼ਾਲੀ ਦੂਤ ਨੂੰ ਇਹ ਉਮੀਦ ਦੁਹਰਾਉਂਦੇ ਹੋਏ ਸੁਣਿਆਂ, ਤਾਂ ਉਸ ਨੂੰ ਕਿੰਨਾ ਦਿਸਾਲਾ ਮਿਲਿਆ ਹੋਣਾ। ਜੀ ਹਾਂ, ਦਾਨੀਏਲ “ਧਰਮੀਆਂ ਦੀ ਕਿਆਮਤ” ਵਿਚ ਉੱਠ ਖਲੋਵੇਗਾ, ਜੋ ਕਿ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ ਹੋਵੇਗੀ। (ਲੂਕਾ 14:14) ਦਾਨੀਏਲ ਲਈ ਇਹ ਕਿਹੋ ਜਿਹਾ ਤਜਰਬਾ ਹੋਵੇਗਾ? ਪਰਮੇਸ਼ੁਰ ਦਾ ਬਚਨ ਸਾਨੂੰ ਇਸ ਬਾਰੇ ਕਾਫ਼ੀ ਕੁਝ ਦੱਸਦਾ ਹੈ।

21 ਯਹੋਵਾਹ “ਬੇਤਰਤੀਬੀ ਦਾ ਪਰਮੇਸ਼ਰ ਨਹੀਂ ਹੈ, ਸਗੋਂ ਸੁਮੇਲ ਅਤੇ ਸ਼ਾਂਤੀ ਦਾ ਹੈ।” (1 ਕੁਰਿੰਥੁਸ 14:33, ਨਵਾਂ ਅਨੁਵਾਦ) ਫਿਰ, ਇਹ ਜ਼ਾਹਰ ਹੈ ਕਿ ਧਰਤੀ ਉੱਤੇ ਫਿਰਦੌਸ ਵਿਚ ਪੁਨਰ-ਉਥਾਨ ਤਰਤੀਬ ਵਿਚ ਹੋਵੇਗਾ। ਆਰਮਾਗੇਡਨ ਤੋਂ ਬਾਅਦ ਸ਼ਾਇਦ ਕੁਝ ਸਮਾਂ ਲੰਘ ਚੁੱਕਾ ਹੋਵੇਗਾ। (ਪਰਕਾਸ਼ ਦੀ ਪੋਥੀ 16:14, 16) ਪੁਰਾਣੀ ਰੀਤੀ ਵਿਵਸਥਾ ਦੀਆਂ ਸਾਰੀਆਂ ਨਿਸ਼ਾਨੀਆਂ ਮਿਟਾਈਆਂ ਗਈਆਂ ਹੋਣਗੀਆਂ, ਅਤੇ ਕੋਈ ਸ਼ੱਕ ਨਹੀਂ ਹੈ ਕਿ ਮਰੇ ਹੋਇਆਂ ਨੂੰ ਵਾਪਸ ਜੀ ਉਠਾਏ ਜਾਣ ਤੇ ਸਵਾਗਤ ਕਰਨ ਲਈ ਤਿਆਰੀਆਂ ਵੀ ਕੀਤੀਆਂ ਹੋਣਗੀਆਂ। ਬਾਈਬਲ ਪਹਿਲਾਂ ਹੀ ਸਾਨੂੰ ਉਸ ਸਿਲਸਿਲੇ ਬਾਰੇ ਦੱਸਦੀ ਹੈ ਕਿ ਮਰੇ ਹੋਏ “ਹਰੇਕ ਆਪੋ ਆਪਣੀ ਵਾਰੀ ਸਿਰ,” ਵਾਪਸ ਆਉਣਗੇ। (1 ਕੁਰਿੰਥੀਆਂ 15:23) ਇਵੇਂ ਲੱਗਦਾ ਹੈ ਕਿ ‘ਧਰਮੀ ਅਤੇ ਕੁਧਰਮੀ ਦੋਹਾਂ ਦੇ ਜੀ ਉੱਠਣ’ ਦੇ ਸੰਬੰਧ ਵਿਚ, ਸ਼ਾਇਦ ਧਰਮੀ ਪਹਿਲਾਂ ਜੀ ਉਠਾਏ ਜਾਣਗੇ। (ਰਸੂਲਾਂ ਦੇ ਕਰਤੱਬ 24:15) ਇਸ ਤਰੀਕੇ, ਦਾਨੀਏਲ ਵਰਗੇ ਪ੍ਰਾਚੀਨ ਸਮੇਂ ਦੇ ਵਫ਼ਾਦਾਰ ਮਨੁੱਖ, ਧਰਤੀ ਦੇ ਪ੍ਰਬੰਧਕੀ ਕੰਮ-ਧੰਦਿਆਂ ਵਿਚ ਹੱਥ ਵਟਾ ਸਕਣਗੇ, ਜਿਸ ਵਿਚ ਮੁੜ ਕੇ ਜੀਉਂਦੇ ਕੀਤੇ ਗਏ ਕਰੋੜਾਂ ਹੀ “ਕੁਧਰਮੀ” ਲੋਕਾਂ ਨੂੰ ਸਿੱਖਿਆ ਦੇਣ ਦਾ ਕੰਮ ਵੀ ਸ਼ਾਮਲ ਹੋਵੇਗਾ।—ਜ਼ਬੂਰ 45:16.

22. ਉਹ ਕੁਝ ਕਿਹੜੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਦਾਨੀਏਲ ਬਿਨਾਂ ਸ਼ੱਕ ਸੁਣਨ ਲਈ ਉਤਸੁਕ ਹੋਵੇਗਾ?

22 ਇਸ ਤੋਂ ਪਹਿਲਾਂ ਕਿ ਦਾਨੀਏਲ ਅਜਿਹੀਆਂ ਜ਼ਿੰਮੇਵਾਰੀਆਂ ਸਾਂਭਣ ਲਈ ਤਿਆਰ ਹੁੰਦਾ ਹੈ, ਉਹ ਜ਼ਰੂਰ ਕੁਝ ਸਵਾਲ ਪੁੱਛੇਗਾ। ਆਖ਼ਰਕਾਰ, ਉਸ ਨੂੰ ਦਿੱਤੀਆਂ ਗਈਆਂ ਕਈ ਡੂੰਘੀਆਂ-ਡੂੰਘੀਆਂ ਭਵਿੱਖਬਾਣੀਆਂ ਬਾਰੇ ਉਸ ਨੇ ਕਿਹਾ ਸੀ ਕਿ “ਮੈਂ ਸੁਣਿਆ ਤਾਂ ਸਹੀ ਪਰ ਸਮਝਿਆ ਨਾ।” (ਦਾਨੀਏਲ 12:8) ਉਹ ਇਨ੍ਹਾਂ ਈਸ਼ਵਰੀ ਗੁਪਤ ਗੱਲਾਂ ਨੂੰ ਅੰਤ ਵਿਚ ਸਮਝ ਕੇ ਕਿੰਨਾ ਖ਼ੁਸ਼ ਹੋਵੇਗਾ! ਕੋਈ ਸ਼ੱਕ ਨਹੀਂ ਹੈ ਕਿ ਉਹ ਮਸੀਹਾ ਬਾਰੇ ਸਭ ਕੁਝ ਸੁਣਨਾ ਚਾਹੇਗਾ। ਦਾਨੀਏਲ ਵੱਡੀ ਰੀਝ ਨਾਲ ਉਸ ਦੇ ਸਮੇਂ ਤੋਂ ਲੈ ਕੇ ਸਾਡੇ ਸਮੇਂ ਤਕ ਵਿਸ਼ਵ ਸ਼ਕਤੀਆਂ ਦੇ ਉਤਾਰ-ਚੜਾਅ ਬਾਰੇ, “ਅੱਤ ਮਹਾਨ ਦੇ ਸੰਤਾਂ” ਦੀ ਪਛਾਣ ਬਾਰੇ—ਜੋ “ਓੜਕ ਦੇ ਸਮੇਂ” ਦੌਰਾਨ ਸਤਾਹਟ ਦੇ ਬਾਵਜੂਦ ਦ੍ਰਿੜ੍ਹ ਰਹੇ—ਅਤੇ ਪਰਮੇਸ਼ੁਰ ਦੇ ਮਸੀਹਾਈ ਰਾਜ ਦੁਆਰਾ ਸਾਰੀਆਂ ਮਨੁੱਖੀ ਹਕੂਮਤਾਂ ਦੀ ਅੰਤਲੀ ਤਬਾਹੀ ਬਾਰੇ ਸੁਣਨਾ ਚਾਹੇਗਾ।—ਦਾਨੀਏਲ 2:44; 7:22; 12:4.

ਫਿਰਦੌਸ ਵਿਚ ਤੁਹਾਡੀ ਅਤੇ ਦਾਨੀਏਲ ਦੀ ਵੰਡ

23, 24. (ੳ) ਉਹ ਸੰਸਾਰ ਕਿਵੇਂ ਵੱਖਰਾ ਹੋਵੇਗਾ ਜਿਸ ਵਿਚ ਦਾਨੀਏਲ ਆਪਣੇ ਆਪ ਨੂੰ ਪੁਨਰ-ਉਥਿਤ ਕੀਤਾ ਹੋਇਆ ਪਾਵੇਗਾ? (ਅ) ਕੀ ਧਰਤੀ ਉੱਤੇ ਫਿਰਦੌਸ ਵਿਚ ਦਾਨੀਏਲ ਲਈ ਇਕ ਜਗ੍ਹਾ ਹੋਵੇਗੀ, ਅਤੇ ਅਸੀਂ ਇਹ ਕਿਵੇਂ ਜਾਣਦੇ ਹਾਂ?

23 ਦਾਨੀਏਲ ਉਸ ਸੰਸਾਰ ਬਾਰੇ ਜਾਣਨਾ ਚਾਹੇਗਾ ਜਿਸ ਵਿਚ ਉਹ ਉਦੋਂ ਆਪਣੇ ਆਪ ਨੂੰ ਪਾਵੇਗਾ—ਅਜਿਹਾ ਇਕ ਸੰਸਾਰ ਜੋ ਉਸ ਦੇ ਸਮੇਂ ਤੋਂ ਬਹੁਤ ਹੀ ਵੱਖਰਾ ਹੋਵੇਗਾ। ਯੁੱਧ ਅਤੇ ਜ਼ੁਲਮ ਦਾ ਨਾਮੋ-ਨਿਸ਼ਾਨ ਵੀ ਨਹੀਂ ਰਹੇਗਾ ਜੋ ਉਸ ਦੇ ਸਮੇਂ ਦੇ ਸੰਸਾਰ ਨੂੰ ਪੀੜਿਤ ਕਰਦੇ ਸਨ। ਉਦੋਂ ਕੋਈ ਸੋਗ, ਨਾ ਬੀਮਾਰੀ ਅਤੇ ਨਾ ਮੌਤ ਹੋਵੇਗੀ। (ਯਸਾਯਾਹ 25:8; 33:24) ਪਰ ਉਦੋਂ ਸਾਰਿਆਂ ਲਈ ਚੋਖੀ ਰੋਟੀ, ਕੱਪੜਾ, ਮਕਾਨ ਅਤੇ ਸੰਤੋਖਜਨਕ ਕੰਮ-ਕਾਰ ਹੋਵੇਗਾ। (ਜ਼ਬੂਰ 72:16; ਯਸਾਯਾਹ 65:21, 22) ਮਨੁੱਖਜਾਤੀ ਦੇ ਪਰਿਵਾਰ ਵਿਚ ਮੇਲ-ਮਿਲਾਪ ਅਤੇ ਸੁੱਖ ਹੋਵੇਗਾ।

24 ਉਸ ਸੰਸਾਰ ਵਿਚ ਦਾਨੀਏਲ ਲਈ ਜ਼ਰੂਰ ਇਕ ਜਗ੍ਹਾ ਹੋਵੇਗੀ। ਦੂਤ ਨੇ ਉਸ ਨੂੰ ਦੱਸਿਆ ਸੀ ਕਿ ‘ਤੂੰ ਆਪਣੀ ਵੰਡ ਲਈ ਉੱਠ ਖਲੋਵੇਂਗਾ।’ ਇੱਥੇ ਤਰਜਮਾ ਕੀਤਾ ਹੋਇਆ ਇਬਰਾਨੀ ਸ਼ਬਦ “ਵੰਡ” ਉਹੀ ਸ਼ਬਦ ਹੈ ਜੋ ਜ਼ਮੀਨ ਦੇ ਅਸਲੀ ਪਲਾਟਾਂ ਲਈ ਵਰਤਿਆਂ ਜਾਂਦਾ ਹੈ। * ਹੋ ਸਕਦਾ ਹੈ ਕਿ ਦਾਨੀਏਲ ਹਿਜ਼ਕੀਏਲ ਦੀ ਭਵਿੱਖਬਾਣੀ ਬਾਰੇ ਜਾਣਦਾ ਸੀ ਜਿਸ ਵਿਚ ਇਸਰਾਏਲ ਦੀ ਮੁੜ-ਬਹਾਲ ਜ਼ਮੀਨ ਦੇ ਵੰਡਣ ਬਾਰੇ ਦੱਸਿਆ ਗਿਆ ਸੀ। (ਹਿਜ਼ਕੀਏਲ 47:13–48:35) ਫਿਰਦੌਸ ਵਿਚ ਇਸ ਦੀ ਪੂਰਤੀ ਬਾਰੇ ਹਿਜ਼ਕੀਏਲ ਦੀ ਭਵਿੱਖਬਾਣੀ ਕੀ ਸੰਕੇਤ ਕਰਦੀ ਹੈ? ਇਹ ਸੰਕੇਤ ਕਰਦੀ ਹੈ ਕਿ ਫਿਰਦੌਸ ਵਿਚ ਪਰਮੇਸ਼ੁਰ ਦੇ ਸਾਰੇ ਲੋਕਾਂ ਲਈ ਆਪੋ-ਆਪਣੀ ਥਾਂ ਹੋਵੇਗੀ ਅਤੇ ਧਰਤੀ ਵੀ ਬਾਤਰਤੀਬ ਅਤੇ ਸਹੀ ਤਰੀਕੇ ਵਿਚ ਵੰਡੀ ਜਾਵੇਗੀ। ਨਿਰਸੰਦੇਹ, ਫਿਰਦੌਸ ਵਿਚ ਦਾਨੀਏਲ ਦੀ ਵੰਡ ਵਿਚ ਕੇਵਲ ਜ਼ਮੀਨ ਹੀ ਨਹੀਂ ਹੋਵੇਗੀ। ਇਸ ਵਿਚ ਪਰਮੇਸ਼ੁਰ ਦਾ ਉਸ ਲਈ ਮਕਸਦ ਵੀ ਸ਼ਾਮਲ ਹੋਵੇਗਾ। ਦਾਨੀਏਲ ਨੂੰ ਆਪਣੀ ਸੇਵਾ ਦਾ ਮੇਵਾ ਜ਼ਰੂਰ ਮਿਲੇਗਾ।

25. (ੳ) ਫਿਰਦੌਸ ਵਿਚ ਜੀਵਨ ਦੀਆਂ ਕਿਹੜੀਆਂ ਕੁਝ ਸੰਭਾਵਨਾਵਾਂ ਤੁਹਾਨੂੰ ਪਸੰਦ ਹਨ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਮਨੁੱਖ ਫਿਰਦੌਸ ਵਿਚ ਹੀ ਢੁਕਦੇ ਹਨ?

25 ਪਰ ਫਿਰ, ਤੁਹਾਡੀ ਵੰਡ ਬਾਰੇ ਕੀ? ਉਹੀ ਬਰਕਤਾਂ ਤੁਹਾਨੂੰ ਵੀ ਹਾਸਲ ਹੋ ਸਕਦੀਆਂ ਹਨ। ਯਹੋਵਾਹ ਚਾਹੁੰਦਾ ਹੈ ਕਿ ਆਗਿਆਕਾਰ ਮਨੁੱਖ ਆਪਣੀ ਵੰਡ ਲਈ ‘ਉੱਠ ਖਲੋਣ,’ ਅਤੇ ਧਰਤੀ ਉੱਤੇ ਫਿਰਦੌਸ ਵਿਚ ਉਨ੍ਹਾਂ ਲਈ ਥਾਂ ਹੋਵੇ। ਇਸ ਬਾਰੇ ਜ਼ਰਾ ਸੋਚੋ! ਨਿਸ਼ਚੇ ਹੀ, ਖ਼ੁਦ ਦਾਨੀਏਲ ਨਾਲੇ ਬਾਈਬਲ ਸਮਿਆਂ ਦੇ ਦੂਜੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਨਾਲ ਮੁਲਾਕਾਤ ਕਰਨੀ ਕਿੰਨੀ ਖ਼ੁਸ਼ੀ ਦੀ ਗੱਲ ਹੋਵੇਗੀ। ਇਸ ਦੇ ਨਾਲ-ਨਾਲ, ਮਰਿਆਂ ਵਿੱਚੋਂ ਵੀ ਅਣਗਿਣਤ ਲੋਕ ਦੁਬਾਰਾ ਜੀ ਉੱਠਣਗੇ, ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੂੰ ਜਾਣਨ ਅਤੇ ਪ੍ਰੇਮ ਕਰਨ ਬਾਰੇ ਸਿੱਖਿਆ ਹਾਸਲ ਕਰਨ ਦੀ ਜ਼ਰੂਰਤ ਹੋਵੇਗੀ। ਕਲਪਨਾ ਕਰੋ ਕਿ ਤੁਸੀਂ ਆਪਣੇ ਇਸ ਜ਼ਮੀਨੀ ਘਰ ਦੀ ਦੇਖ-ਭਾਲ ਕਰ ਰਹੇ ਹੋ ਅਤੇ ਉਸ ਨੂੰ ਸਦਾ ਦਾ ਇਕ ਸੁਖੀ ਅਤੇ ਹੱਦੋਂ ਵੱਧ ਸੁੰਦਰ ਸਥਾਨ ਬਣਾਉਣ ਵਿਚ ਹੱਥ ਵਟਾ ਰਹੇ ਹੋ। ਯਹੋਵਾਹ ਦੁਆਰਾ ਸਿਖਾਏ ਜਾਣ ਬਾਰੇ ਸੋਚੋ। ਤੁਹਾਨੂੰ ਪਤਾ ਚੱਲੇਗਾ ਕਿ ਉਹ ਮਨੁੱਖਜਾਤੀ ਨੂੰ ਮੁੱਢੋਂ ਹੀ ਕਿਵੇਂ ਵੱਸਦੇ ਦੇਖਣਾ ਚਾਹੁੰਦਾ ਸੀ। (ਯਸਾਯਾਹ 11:9; ਯੂਹੰਨਾ 6:45) ਜੀ ਹਾਂ, ਫਿਰਦੌਸ ਵਿਚ ਤੁਹਾਡੇ ਲਈ ਵੀ ਇਕ ਜਗ੍ਹਾ ਹੈ। ਭਾਵੇਂ ਕਿ ਅੱਜ ਕੁਝ ਲੋਕਾਂ ਨੂੰ ਫਿਰਦੌਸ ਦਾ ਵਿਚਾਰ ਅਨੋਖਾ ਲੱਗਦਾ ਹੋਵੇ, ਯਾਦ ਰਹੇ ਕਿ ਮੁੱਢ ਤੋਂ ਯਹੋਵਾਹ ਇਹੀ ਚਾਹੁੰਦਾ ਸੀ ਕਿ ਮਨੁੱਖਜਾਤੀ ਐਸੀ ਜਗ੍ਹਾ ਵਿਚ ਰਹੇ। (ਉਤਪਤ 2:7-9) ਇਸ ਭਾਵ ਵਿਚ ਧਰਤੀ ਦੇ ਕਰੋੜਾਂ ਹੀ ਲੋਕਾਂ ਦਾ ਕੁਦਰਤੀ ਘਰ ਫਿਰਦੌਸ ਹੈ। ਉਨ੍ਹਾਂ ਲਈ ਇੱਥੇ ਹੀ ਰਹਿਣਾ ਢੁਕਦਾ ਹੈ। ਫਿਰਦੌਸ ਵਿਚ ਜਾਣਾ ਆਪਣੇ ਘਰ ਵਾਪਸ ਆਉਣ ਦੇ ਬਰਾਬਰ ਹੋਵੇਗਾ।

26. ਯਹੋਵਾਹ ਇਸ ਹਕੀਕਤ ਨੂੰ ਕਿਵੇਂ ਕਬੂਲ ਕਰਦਾ ਹੈ ਕਿ ਸਾਡੇ ਲਈ ਇਸ ਵਿਵਸਥਾ ਦੇ ਅੰਤ ਦੀ ਉਡੀਕ ਕਰਨੀ ਸੌਖੀ ਗੱਲ ਨਹੀਂ ਹੈ?

26 ਸਾਡੇ ਦਿਲ ਕਦਰਦਾਨੀ ਨਾਲ ਭਰ ਜਾਂਦੇ ਹਨ ਜਦੋਂ ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਸੋਚਦੇ ਹਾਂ, ਹੈ ਨਾ? ਕੀ ਤੁਸੀਂ ਉੱਥੇ ਨਹੀਂ ਹੋਣਾ ਚਾਹੁੰਦੇ? ਫਿਰ ਹੈਰਾਨੀ ਦੀ ਕੋਈ ਗੱਲ ਨਹੀਂ ਹੈ ਕਿ ਯਹੋਵਾਹ ਦੇ ਗਵਾਹ ਇਹ ਜਾਣਨ ਲਈ ਕਿਉਂ ਇੰਨੇ ਉਤਸੁਕ ਹਨ ਕਿ ਇਸ ਰੀਤੀ ਵਿਵਸਥਾ ਦਾ ਅੰਤ ਕਦੋਂ ਆਵੇਗਾ! ਉਡੀਕ ਕਰਨੀ ਸੌਖੀ ਗੱਲ ਨਹੀਂ ਹੈ। ਯਹੋਵਾਹ ਇਸ ਹਕੀਕਤ ਨੂੰ ਕਬੂਲ ਕਰਦਾ ਹੈ, ਕਿਉਂ ਜੋ ਉਹ ਸਾਨੂੰ ਅੰਤ ਦੀ ‘ਉਡੀਕ ਕਰਨ’ ਲਈ ਹੌਸਲਾ ਦਿੰਦਾ ਹੈ, “ਭਾਵੇਂ ਉਹ ਠਹਿਰਿਆ ਰਹੇ।” ਇਸ ਦਾ ਅਰਥ ਹੈ ਕਿ ਬੇਸ਼ੱਕ ਸਾਨੂੰ ਲੱਗਦਾ ਹੈ ਕਿ ਇਸ ਦੇ ਆਉਣ ਵਿਚ ਦੇਰ ਹੋ ਰਹੀ ਹੈ, ਪਰ ਇਸੇ ਸ਼ਾਸਤਰਵਚਨ ਵਿਚ ਸਾਨੂੰ ਯਕੀਨ ਦਿਲਾਇਆ ਜਾਂਦਾ ਹੈ ਕਿ “ਉਹ ਚਿਰ ਨਾ ਲਾਵੇਗਾ।” (ਹਬੱਕੂਕ 2:3. ਕਹਾਉਤਾਂ 13:12 ਦੀ ਤੁਲਨਾ ਕਰੋ।) ਜੀ ਹਾਂ, ਅੰਤ ਠੀਕ ਵੇਲੇ ਸਿਰ ਆਵੇਗਾ।

27. ਪਰਮੇਸ਼ੁਰ ਦੇ ਸਾਮ੍ਹਣੇ ਅਨੰਤ ਕਾਲ ਤਕ ਕਾਇਮ ਖੜ੍ਹੇ ਰਹਿਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

27 ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜਿਉਂ-ਜਿਉਂ ਅੰਤ ਨਜ਼ਦੀਕ ਆਉਂਦਾ ਹੈ? ਯਹੋਵਾਹ ਦੇ ਪਿਆਰੇ ਨਬੀ ਦਾਨੀਏਲ ਵਾਂਗ, ਵਫ਼ਾਦਾਰੀ ਨਾਲ ਦ੍ਰਿੜ੍ਹ ਰਹੋ। ਮਿਹਨਤ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰੋ। ਦਿਲੋਂ ਪ੍ਰਾਰਥਨਾ ਕਰੋ। ਸੰਗੀ ਮਸੀਹੀਆਂ ਨਾਲ ਮੁਹੱਬਤੀ ਮੇਲ-ਜੋਲ ਰੱਖੋ। ਜੋਸ਼ ਨਾਲ ਦੂਜਿਆਂ ਨੂੰ ਸੱਚਾਈ ਸਿਖਾਓ। ਜਿਉਂ-ਜਿਉਂ ਇਸ ਦੁਸ਼ਟ ਰੀਤੀ ਵਿਵਸਥਾ ਦਾ ਅੰਤ ਨਜ਼ਦੀਕ ਆਉਂਦਾ ਹੈ, ਅੱਤ ਮਹਾਨ ਦੇ ਵਫ਼ਾਦਾਰ ਸੇਵਕ ਅਤੇ ਉਸ ਦੇ ਬਚਨ ਦੇ ਪੱਕੇ ਸਮਰਥਕ ਬਣੇ ਰਹਿਣ ਲਈ ਦ੍ਰਿੜ੍ਹ ਰਹੋ। ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਜ਼ਰੂਰ ਦਿਓ! ਸਾਡੀ ਉਮੀਦ ਹੈ ਕਿ ਸਰਬਸ਼ਕਤੀਮਾਨ ਪ੍ਰਭੂ ਯਹੋਵਾਹ ਤੁਹਾਨੂੰ ਉਸ ਦੇ ਸਾਮ੍ਹਣੇ ਅਨੰਤ ਕਾਲ ਤਕ ਅਤੇ ਖ਼ੁਸ਼ੀ-ਖ਼ੁਸ਼ੀ ਕਾਇਮ ਖੜ੍ਹੇ ਰਹਿਣ ਲਈ ਸਨਮਾਨਿਤ ਕਰੇ!

[ਫੁਟਨੋਟ]

^ ਪੈਰਾ 4 ਦਾਨੀਏਲ ਨੂੰ 617 ਸਾ.ਯੁ.ਪੂ. ਵਿਚ, ਜਦੋਂ ਉਹ ਸ਼ਾਇਦ ਅਜੇ ਇਕ ਮੁੱਛ-ਫੁੱਟ ਗੱਭਰੂ ਹੀ ਸੀ, ਬਾਬਲ ਵਿਚ ਜਲਾਵਤਨ ਦੇ ਤੌਰ ਤੇ ਲਿਆਂਦਾ ਗਿਆ ਸੀ। ਉਸ ਨੂੰ ਇਹ ਦਰਸ਼ਣ ਖੋਰਸ ਦੇ ਤੀਜੇ ਸਾਲ, ਜਾਂ 536 ਸਾ.ਯੁ.ਪੂ. ਵਿਚ ਮਿਲਿਆ ਸੀ।—ਦਾਨੀਏਲ 10:1.

^ ਪੈਰਾ 18 ਬਰਾਊਨ-ਡਰਾਈਵਰ-ਬ੍ਰਿਗਜ਼ ਦਾ ਇਬਰਾਨੀ ਅਤੇ ਅੰਗ੍ਰੇਜ਼ੀ ਸ਼ਬਦ-ਕੋਸ਼ ਦੇ ਅਨੁਸਾਰ, ‘ਉੱਠਣ’ ਲਈ ਇੱਥੇ ਵਰਤਿਆ ਗਿਆ ਇਬਰਾਨੀ ਸ਼ਬਦ, “ਮੌਤ ਤੋਂ ਬਾਅਦ ਵਾਪਸ ਜੀਉਣ” ਦਾ ਜ਼ਿਕਰ ਹੈ।

^ ਪੈਰਾ 24 ਇਬਰਾਨੀ ਸ਼ਬਦ “ਵੰਡ,” “ਗੀਟੇ” ਨਾਲ ਸੰਬੰਧ ਰੱਖਦਾ ਹੈ, ਕਿਉਂਕਿ ਗੁਣੇ ਪਾਉਣ ਲਈ ਛੋਟੇ-ਛੋਟੇ ਪੱਥਰ ਵਰਤੇ ਜਾਂਦੇ ਸਨ। ਕਦੇ-ਕਦੇ ਜ਼ਮੀਨ ਵੀ ਇਸ ਤਰੀਕੇ ਵਿਚ ਵੰਡੀ ਜਾਂਦੀ ਸੀ। (ਗਿਣਤੀ 26:55, 56) ਅੰਗ੍ਰੇਜ਼ੀ ਵਿਚ ਦਾਨੀਏਲ ਦੀ ਪੋਥੀ ਬਾਰੇ ਪੁਸਤਿਕਾ ਕਹਿੰਦੀ ਹੈ ਕਿ ਇੱਥੇ ਇਸ ਸ਼ਬਦ ਦਾ ਅਰਥ ਹੈ “ਇਕ ਵਿਅਕਤੀ ਲਈ (ਪਰਮੇਸ਼ੁਰ ਦੁਆਰਾ) ਇਕ ਪਾਸੇ ਰੱਖੀ ਗਈ ਅਮਾਨਤ।”

ਅਸੀਂ ਕੀ ਸਿੱਖਿਆ?

• ਦਾਨੀਏਲ ਨੂੰ ਅੰਤ ਤਕ ਦ੍ਰਿੜ੍ਹ ਰਹਿਣ ਲਈ ਕਿਸ ਚੀਜ਼ ਨੇ ਮਦਦ ਦਿੱਤੀ?

• ਦਾਨੀਏਲ ਮਰਨ ਤੋਂ ਕਿਉਂ ਨਹੀਂ ਸੀ ਡਰਦਾ?

• ਦੂਤ ਦਾ ਵਾਅਦਾ ਕਿ ਦਾਨੀਏਲ ‘ਆਪਣੀ ਵੰਡ ਲਈ ਉੱਠ ਖਲੋਵੇਗਾ’ ਕਿਵੇਂ ਪੂਰਾ ਹੋਵੇਗਾ?

• ਤੁਹਾਨੂੰ ਨਿੱਜੀ ਤੌਰ ਤੇ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦੇਣ ਨਾਲ ਕਿਵੇਂ ਫ਼ਾਇਦਾ ਹੋਇਆ ਹੈ?

[ਸਵਾਲ]

[ਪੂਰੇ ਸਫ਼ੇ 307 ਉੱਤੇ ਤਸਵੀਰ]

[ਸਫ਼ਾ 318 ਉੱਤੇ ਤਸਵੀਰ]

ਦਾਨੀਏਲ ਦੇ ਵਾਂਗ, ਕੀ ਤੁਸੀਂ ਪਰਮੇਸ਼ੁਰ ਦੇ ਭਵਿੱਖ-ਸੂਚਕ ਸ਼ਬਦ ਵੱਲ ਧਿਆਨ ਦਿੰਦੇ ਹੋ?