ਪਾਠ 03
ਕੀ ਤੁਸੀਂ ਬਾਈਬਲ ʼਤੇ ਯਕੀਨ ਕਰ ਸਕਦੇ ਹੋ?
ਹੁਣ ਤਕ ਤੁਸੀਂ ਬਾਈਬਲ ਤੋਂ ਜਾਣਿਆ ਕਿ ਰੱਬ ਨੇ ਵਧੀਆ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ ਅਤੇ ਉਸ ਨੇ ਕਈ ਚੰਗੀਆਂ ਸਲਾਹਾਂ ਵੀ ਦਿੱਤੀਆਂ ਹਨ। ਇਹ ਸਭ ਜਾਣ ਕੇ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਹੋਣਾ। ਪਰ ਤੁਸੀਂ ਸ਼ਾਇਦ ਸੋਚੋ, ‘ਬਾਈਬਲ ਤਾਂ ਇੰਨੀ ਪੁਰਾਣੀ ਕਿਤਾਬ ਹੈ। ਕੀ ਇਸ ਦੀਆਂ ਸਲਾਹਾਂ ਅੱਜ ਮੇਰੇ ਕੰਮ ਆ ਸਕਦੀਆਂ? ਕੀ ਇਸ ਵਿਚ ਦੱਸੇ ਵਾਅਦੇ ਸੱਚ-ਮੁੱਚ ਪੂਰੇ ਹੋਣਗੇ?’ ਲੱਖਾਂ ਹੀ ਲੋਕਾਂ ਨੇ ਦੇਖਿਆ ਹੈ ਕਿ ਬਾਈਬਲ ਵਿਚ ਜੋ ਲਿਖਿਆ ਹੈ, ਉਹ ਸੱਚ ਹੈ। ਆਓ ਦੇਖੀਏ ਕਿ ਤੁਸੀਂ ਵੀ ਇਸ ʼਤੇ ਯਕੀਨ ਕਿਉਂ ਕਰ ਸਕਦੇ ਹੋ।
1. ਕੀ ਬਾਈਬਲ ਵਿਚ ਕਥਾ-ਕਹਾਣੀਆਂ ਹਨ ਜਾਂ ਸੱਚੀਆਂ ਗੱਲਾਂ?
ਬਾਈਬਲ ਵਿਚ ਕਥਾ-ਕਹਾਣੀਆਂ ਨਹੀਂ, ਸਗੋਂ “ਸੱਚਾਈ ਦੀਆਂ ਗੱਲਾਂ” ਲਿਖੀਆਂ ਹਨ। (ਉਪਦੇਸ਼ਕ ਦੀ ਕਿਤਾਬ 12:10) ਇਸ ਵਿਚ ਜਿਨ੍ਹਾਂ ਲੋਕਾਂ, ਸਮਿਆਂ, ਥਾਵਾਂ ਅਤੇ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਬਾਰੇ ਕਿਸੇ ਨੇ ਆਪਣੇ ਵੱਲੋਂ ਹੀ ਨਹੀਂ ਲਿਖ ਦਿੱਤਾ। ਇਹ ਸਾਰੀਆਂ ਗੱਲਾਂ ਸੱਚੀਆਂ ਹਨ। (ਲੂਕਾ 1:3; 3:1, 2 ਪੜ੍ਹੋ।) ਬਹੁਤ ਸਾਰੇ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਬਾਈਬਲ ਵਿਚ ਲਿਖੀਆਂ ਘਟਨਾਵਾਂ ਸੱਚੀਆਂ ਹਨ। ਇੰਨਾ ਹੀ ਨਹੀਂ, ਖੋਜਬੀਨ ਕਰਨ ਵਾਲਿਆਂ ਨੇ ਵੀ ਖੁਦਾਈ ਕਰ ਕੇ ਇਸ ਗੱਲ ਦੀ ਹਾਮੀ ਭਰੀ ਹੈ।
2. ਭਾਵੇਂ ਬਾਈਬਲ ਪੁਰਾਣੀ ਕਿਤਾਬ ਹੈ, ਪਰ ਇਹ ਅੱਜ ਵੀ ਕਿਉਂ ਭਰੋਸੇ ਦੇ ਲਾਇਕ ਹੈ?
ਬਾਈਬਲ ਵਿਚ ਧਰਤੀ ਅਤੇ ਆਕਾਸ਼ ਬਾਰੇ ਅਜਿਹੀਆਂ ਗੱਲਾਂ ਲਿਖੀਆਂ ਹਨ ਜਿਨ੍ਹਾਂ ਨੂੰ ਪੁਰਾਣੇ ਜ਼ਮਾਨੇ ਵਿਚ ਬਹੁਤ ਸਾਰੇ ਲੋਕ ਸੱਚ ਨਹੀਂ ਮੰਨਦੇ ਸਨ। ਪਰ ਵਿਗਿਆਨੀਆਂ ਦੀਆਂ ਖੋਜਾਂ ਤੋਂ ਸਾਬਤ ਹੋਇਆ ਹੈ ਕਿ ਬਾਈਬਲ ਵਿਚ ਲਿਖੀਆਂ ਗੱਲਾਂ ਬਿਲਕੁਲ ਸਹੀ ਹਨ। ਬਾਈਬਲ ਅੱਜ ਵੀ ‘ਭਰੋਸੇ ਦੇ ਲਾਇਕ ਹੈ ਅਤੇ ਹਮੇਸ਼ਾ ਰਹੇਗੀ।’—ਜ਼ਬੂਰ 111:8.
3. ਬਾਈਬਲ ਵਿਚ ਭਵਿੱਖ ਬਾਰੇ ਜੋ ਲਿਖਿਆ ਹੈ, ਉਸ ਉੱਤੇ ਅਸੀਂ ਯਕੀਨ ਕਿਉਂ ਕਰ ਸਕਦੇ ਹਾਂ?
ਰੱਬ ‘ਉਹ ਗੱਲਾਂ ਬਹੁਤ ਪਹਿਲਾਂ ਤੋਂ ਹੀ ਦੱਸ ਦਿੰਦਾ ਹੈ ਜੋ ਹਾਲੇ ਨਹੀਂ ਹੋਈਆਂ।’ (ਯਸਾਯਾਹ 46:10) ਉਸ ਨੇ ਪੁਰਾਣੇ ਜ਼ਮਾਨੇ ਵਿਚ ਕਈ ਵਾਰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਅੱਗੇ ਕੀ ਹੋਵੇਗਾ ਅਤੇ ਬਿਲਕੁਲ ਉਸੇ ਤਰ੍ਹਾਂ ਹੋਇਆ। ਉਸ ਨੇ ਸਾਡੇ ਜ਼ਮਾਨੇ ਬਾਰੇ ਵੀ ਜੋ ਦੱਸਿਆ ਸੀ, ਉਹ ਵੀ ਉਸੇ ਤਰ੍ਹਾਂ ਹੋ ਰਿਹਾ ਹੈ। ਇਸ ਪਾਠ ਵਿਚ ਅਸੀਂ ਇਸੇ ਤਰ੍ਹਾਂ ਦੀਆਂ ਕੁਝ ਭਵਿੱਖਬਾਣੀਆਂ ʼਤੇ ਗੌਰ ਕਰਾਂਗੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਾਈਬਲ ਵਿਚ ਲਿਖੀ ਇਕ-ਇਕ ਗੱਲ ਕਿਵੇਂ ਪੂਰੀ ਹੋਈ!
ਹੋਰ ਸਿੱਖੋ
ਜਾਣੋ ਕਿ ਬਾਈਬਲ ਵਿਚ ਲਿਖੀਆਂ ਕਈ ਗੱਲਾਂ ਵਿਗਿਆਨ ਦੇ ਹਿਸਾਬ ਨਾਲ ਕਿਵੇਂ ਸਹੀ ਹਨ। ਨਾਲੇ ਬਾਈਬਲ ਦੀਆਂ ਕੁਝ ਭਵਿੱਖਬਾਣੀਆਂ ʼਤੇ ਵੀ ਗੌਰ ਕਰੋ। ਇਨ੍ਹਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
4. ਵਿਗਿਆਨ ਬਾਈਬਲ ਦੀਆਂ ਗੱਲਾਂ ਨਾਲ ਸਹਿਮਤ ਹੈ
ਪੁਰਾਣੇ ਜ਼ਮਾਨੇ ਵਿਚ ਬਹੁਤ ਸਾਰੇ ਲੋਕ ਮੰਨਦੇ ਸਨ ਕਿ ਧਰਤੀ ਕਿਸੇ ਚੀਜ਼ ਉੱਤੇ ਟਿਕੀ ਹੋਈ ਹੈ। ਵੀਡੀਓ ਦੇਖੋ।
ਦੇਖੋ ਕਿ ਲਗਭਗ 3,500 ਸਾਲ ਪਹਿਲਾਂ ਬਾਈਬਲ ਵਿਚ ਧਰਤੀ ਬਾਰੇ ਕੀ ਦੱਸਿਆ ਗਿਆ ਸੀ। ਅੱਯੂਬ 26:7 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
-
ਇੱਥੇ ਧਰਤੀ ਬਾਰੇ ਕੀ ਲਿਖਿਆ ਹੈ? ਇਹ ਹੈਰਾਨੀ ਵਾਲੀ ਗੱਲ ਕਿਉਂ ਹੈ?
ਜਦੋਂ ਮੀਂਹ ਪੈਂਦਾ ਹੈ, ਤਾਂ ਪਾਣੀ ਸੂਰਜ ਦੀ ਗਰਮੀ ਨਾਲ ਭਾਫ਼ ਬਣ ਕੇ ਉੱਡ ਜਾਂਦਾ ਹੈ ਅਤੇ ਬੱਦਲ ਬਣ ਜਾਂਦਾ ਹੈ। ਫਿਰ ਇਹੀ ਪਾਣੀ ਮੀਂਹ ਬਣ ਕੇ ਧਰਤੀ ʼਤੇ ਆਉਂਦਾ ਹੈ। ਇਸ ਨੂੰ ਪਾਣੀ ਦਾ ਚੱਕਰ ਕਿਹਾ ਜਾਂਦਾ ਹੈ। ਪਰ ਬਾਈਬਲ ਵਿਚ ਇਹ ਗੱਲ ਲਿਖਵਾਏ ਜਾਣ ਤੋਂ ਤਕਰੀਬਨ 3,000 ਸਾਲਾਂ ਬਾਅਦ ਹੀ ਲੋਕਾਂ ਨੂੰ ਇਸ ਦੀ ਪੂਰੀ ਸਮਝ ਆਈ। ਅੱਯੂਬ 36:27, 28 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
-
ਬਾਈਬਲ ਵਿਚ ਪਾਣੀ ਦੇ ਚੱਕਰ ਬਾਰੇ ਬਹੁਤ ਸੌਖੇ ਤਰੀਕੇ ਨਾਲ ਸਮਝਾਇਆ ਗਿਆ ਹੈ। ਇਹ ਪੜ੍ਹ ਕੇ ਤੁਹਾਨੂੰ ਕਿੱਦਾਂ ਲੱਗਦਾ?
-
ਇਨ੍ਹਾਂ ਆਇਤਾਂ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਕੀ ਸੋਚਦੇ ਹੋ? ਕੀ ਤੁਸੀਂ ਬਾਈਬਲ ʼਤੇ ਯਕੀਨ ਕਰ ਸਕਦੇ ਹੋ?
5. ਬਾਈਬਲ ਵਿਚ ਪਹਿਲਾਂ ਤੋਂ ਹੀ ਕੁਝ ਖ਼ਾਸ ਘਟਨਾਵਾਂ ਬਾਰੇ ਦੱਸਿਆ ਗਿਆ ਸੀ
ਯਸਾਯਾਹ 44:27–45:2 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
-
ਬਾਬਲ ਸ਼ਹਿਰ ਦੇ ਨਾਸ਼ ਤੋਂ 200 ਸਾਲ ਪਹਿਲਾਂ ਹੀ ਬਾਈਬਲ ਵਿਚ ਇਸ ਬਾਰੇ ਕਿਹੜੀਆਂ ਗੱਲਾਂ ਦੱਸੀਆਂ ਗਈਆਂ ਸਨ?
a ਵਿਚ ਬਾਬਲ ਸ਼ਹਿਰ ਨੂੰ ਹਰਾ ਦਿੱਤਾ। ਬਾਬਲ ਦੇ ਆਲੇ-ਦੁਆਲੇ ਇਕ ਨਦੀ ਵਹਿੰਦੀ ਸੀ ਜਿਸ ਕਰਕੇ ਦੁਸ਼ਮਣ ਸ਼ਹਿਰ ਦੇ ਅੰਦਰ ਨਹੀਂ ਵੜ ਸਕਦੇ ਸਨ। ਖੋਰਸ ਅਤੇ ਉਸ ਦੀ ਫ਼ੌਜ ਨੇ ਇਸ ਨਦੀ ਦੇ ਪਾਣੀ ਦਾ ਰੁਖ ਬਦਲ ਦਿੱਤਾ ਅਤੇ ਪਾਣੀ ਘਟ ਗਿਆ। ਸ਼ਹਿਰ ਦੇ ਦਰਵਾਜ਼ੇ ਖੁੱਲ੍ਹੇ ਸਨ ਜਿਸ ਕਰਕੇ ਉਹ ਸੌਖਿਆਂ ਹੀ ਅੰਦਰ ਵੜ ਗਏ ਅਤੇ ਉਨ੍ਹਾਂ ਨੇ ਬਿਨਾਂ ਯੁੱਧ ਲੜੇ ਹੀ ਸ਼ਹਿਰ ʼਤੇ ਕਬਜ਼ਾ ਕਰ ਲਿਆ। ਇਸ ਗੱਲ ਨੂੰ ਹੋਇਆਂ ਅੱਜ 2,500 ਤੋਂ ਜ਼ਿਆਦਾ ਸਾਲ ਹੋ ਗਏ ਹਨ, ਪਰ ਬਾਬਲ ਅੱਜ ਵੀ ਖੰਡਰ ਹੀ ਹੈ। ਦੇਖੋ ਕਿ ਇਸ ਬਾਰੇ ਬਾਈਬਲ ਵਿਚ ਕੀ ਭਵਿੱਖਬਾਣੀ ਕੀਤੀ ਗਈ ਸੀ।
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਫ਼ਾਰਸ ਦੇ ਰਾਜਾ ਖੋਰਸ ਅਤੇ ਉਸ ਦੀ ਫ਼ੌਜ ਨੇ 539 ਈਸਵੀ ਪੂਰਵਯਸਾਯਾਹ 13:19, 20 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
-
ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ?
6. ਸਾਡੇ ਜ਼ਮਾਨੇ ਬਾਰੇ ਵੀ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ
ਬਾਈਬਲ ਕਹਿੰਦੀ ਹੈ ਕਿ ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਧਿਆਨ ਦਿਓ ਕਿ ਬਾਈਬਲ ਵਿਚ ਸਾਡੇ ਜ਼ਮਾਨੇ ਬਾਰੇ ਕੀ ਦੱਸਿਆ ਗਿਆ ਸੀ।
ਮੱਤੀ 24:6, 7 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
-
ਬਾਈਬਲ ਆਖ਼ਰੀ ਦਿਨਾਂ ਦੇ ਹਾਲਾਤਾਂ ਬਾਰੇ ਕੀ ਕਹਿੰਦੀ ਹੈ?
2 ਤਿਮੋਥਿਉਸ 3:1-5 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
-
ਬਾਈਬਲ ਮੁਤਾਬਕ ਆਖ਼ਰੀ ਦਿਨਾਂ ਦੌਰਾਨ ਲੋਕ ਕਿਹੋ ਜਿਹੇ ਹੋਣਗੇ?
-
ਤੁਸੀਂ ਅੱਜ-ਕੱਲ੍ਹ ਦੇ ਲੋਕਾਂ ਵਿਚ ਕਿਹੜੀਆਂ ਗੱਲਾਂ ਦੇਖਦੇ ਹੋ?
ਕੁਝ ਲੋਕਾਂ ਦਾ ਕਹਿਣਾ ਹੈ: “ਬਾਈਬਲ ਤਾਂ ਕਥਾ-ਕਹਾਣੀਆਂ ਦੀ ਕਿਤਾਬ ਹੈ।”
-
ਤੁਸੀਂ ਕਿਹੜੀ ਗੱਲ ਕਰਕੇ ਕਹਿ ਸਕਦੇ ਹੋ ਕਿ ਬਾਈਬਲ ਭਰੋਸੇ ਦੇ ਲਾਇਕ ਹੈ?
ਹੁਣ ਤਕ ਅਸੀਂ ਸਿੱਖਿਆ
ਇਤਿਹਾਸ, ਵਿਗਿਆਨ ਅਤੇ ਭਵਿੱਖਬਾਣੀਆਂ ਤੋਂ ਇਹ ਸਾਬਤ ਹੁੰਦਾ ਹੈ ਕਿ ਬਾਈਬਲ ʼਤੇ ਯਕੀਨ ਕੀਤਾ ਜਾ ਸਕਦਾ ਹੈ।
ਤੁਸੀਂ ਕੀ ਕਹੋਗੇ?
-
ਕੀ ਬਾਈਬਲ ਵਿਚ ਦੱਸੀਆਂ ਗੱਲਾਂ ਸੱਚੀਂ ਹੋਈਆਂ ਸਨ?
-
ਵਿਗਿਆਨ ਕਿਹੜੀਆਂ ਗੱਲਾਂ ਵਿਚ ਬਾਈਬਲ ਨਾਲ ਸਹਿਮਤ ਹੈ?
-
ਕੀ ਬਾਈਬਲ ਭਵਿੱਖ ਬਾਰੇ ਸਹੀ-ਸਹੀ ਦੱਸਦੀ ਹੈ? ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਹੈ?
ਇਹ ਵੀ ਦੇਖੋ
ਕੀ ਬਾਈਬਲ ਵਿਚ ਕੋਈ ਅਜਿਹੀ ਜਾਣਕਾਰੀ ਹੈ ਜੋ ਵਿਗਿਆਨ ਦੇ ਹਿਸਾਬ ਨਾਲ ਗ਼ਲਤ ਹੈ?
ਕੀ ਬਾਈਬਲ ਵਿਚ ‘ਆਖ਼ਰੀ ਦਿਨਾਂ’ ਬਾਰੇ ਦੱਸੀਆਂ ਗੱਲਾਂ ਅੱਜ ਪੂਰੀਆਂ ਹੋ ਰਹੀਆਂ ਹਨ?
“ਬਾਈਬਲ ਦੀਆਂ 6 ਭਵਿੱਖਬਾਣੀਆਂ ਜੋ ਅੱਜ ਪੂਰੀਆਂ ਹੋ ਰਹੀਆਂ ਹਨ” (ਪਹਿਰਾਬੁਰਜ ਲੇਖ)
ਜਾਣੋ ਕਿ ਬਾਈਬਲ ਵਿਚ ਯੂਨਾਨੀ ਸਾਮਰਾਜ ਬਾਰੇ ਕੀਤੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਈਆਂ।
ਜਾਣੋ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਪੜ੍ਹ ਕੇ ਇਕ ਆਦਮੀ ਦੀ ਸੋਚ ਕਿਵੇਂ ਬਦਲ ਗਈ।
a ਮੰਨਿਆ ਜਾਂਦਾ ਹੈ ਕਿ ਅੱਜ ਵਰਤਿਆ ਜਾਂਦਾ ਕਲੰਡਰ ਯਿਸੂ ਦੇ ਜਨਮ ਤੋਂ ਸ਼ੁਰੂ ਹੁੰਦਾ ਹੈ। ਉਸ ਦੇ ਜਨਮ ਤੋਂ ਬਾਅਦ ਦੇ ਸਾਲਾਂ ਨੂੰ ਈਸਵੀ (ਈ.) ਕਿਹਾ ਜਾਂਦਾ ਹੈ ਅਤੇ ਉਸ ਦੇ ਜਨਮ ਤੋਂ ਪਹਿਲਾਂ ਦੇ ਸਾਲਾਂ ਨੂੰ ਈਸਵੀ ਪੂਰਵ (ਈ. ਪੂ.)।