ਅਨੇਕ ਭਾਸ਼ਾਵਾਂ ਵਿਚ ਮਧੁਰ ਗੀਤ-ਸੰਗੀਤ
ਇਕ ਭਾਸ਼ਾ ਤੋਂ ਦੂਸਰੀ ਭਾਸ਼ਾ ਵਿਚ ਇਕ ਗੀਤ ਨੂੰ ਅਨੁਵਾਦ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਜਦ ਗੱਲ 135 ਗੀਤਾਂ ਦੀ ਪੂਰੀ ਕਿਤਾਬ ਨੂੰ ਅਨੁਵਾਦ ਕਰਨ ਦੀ ਆਉਂਦੀ ਹੈ, ਤਾਂ ਕਿਸੇ ਦੇ ਵੀ ਸਾਹ ਸੁੱਕ ਸਕਦੇ ਹਨ।
ਯਹੋਵਾਹ ਦੇ ਗਵਾਹਾਂ ਨੇ ਇਸ ਔਖੇ ਕੰਮ ਨੂੰ ਬਾਖੂਬੀ ਨਿਭਾਇਆ ਹੈ ਅਤੇ ਉਨ੍ਹਾਂ ਨੇ ਤਿੰਨ ਸਾਲਾਂ ਵਿਚ ਆਪਣੀ ਗੀਤਾਂ ਦੀ ਨਵੀਂ ਕਿਤਾਬ ਯਹੋਵਾਹ ਦੇ ਗੁਣ ਗਾਓ ਦਾ 116 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਹੈ। ਨਾਲੇ 55 ਹੋਰ ਭਾਸ਼ਾਵਾਂ ਵਿਚ 55 ਗੀਤਾਂ ਵਾਲੀ ਕਿਤਾਬ ਵੀ ਤਿਆਰ ਕੀਤੀ ਗਈ ਹੈ। ਕਈ ਹੋਰ ਭਾਸ਼ਾਵਾਂ ਵਿਚ ਵੀ ਇਨ੍ਹਾਂ ਗੀਤਾਂ ਦਾ ਅਨੁਵਾਦ ਕੀਤਾ ਜਾ ਰਿਹਾ ਹੈ।
ਅਨੁਵਾਦ ਦੇ ਨਾਲ-ਨਾਲ ਗੀਤਾਂ ਦੇ ਬੋਲ
ਯਹੋਵਾਹ ਦੇ ਗਵਾਹ 600 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਨੁਵਾਦ ਕਰ ਰਹੇ ਹਨ। ਇਨ੍ਹਾਂ ਵਿੱਚੋਂ ਲਗਭਗ 400 ਭਾਸ਼ਾਵਾਂ ਵਿਚ ਪ੍ਰਕਾਸ਼ਨ ਆਨ-ਲਾਈਨ ਪਾਏ ਗਏ ਹਨ। ਪਰ ਗੀਤਾਂ ਵਾਲੀ ਕਿਤਾਬ ਦਾ ਅਨੁਵਾਦ ਕਰਨਾ ਇਕ ਔਖਾ ਕੰਮ ਹੈ। ਕਿਉਂ? ਕਿਉਂਕਿ ਯਹੋਵਾਹ ਦੇ ਗੁਣ ਗਾਓ ਕਿਤਾਬ ਦੇ ਗੀਤਾਂ ਦਾ ਸੰਗੀਤ ਉਹੀ ਰਹਿੰਦਾ ਹੈ, ਜਦਕਿ ਇਸ ਦੇ ਬੋਲ ਕਈ ਭਾਸ਼ਾਵਾਂ ਵਿਚ ਅਨੁਵਾਦ ਕੀਤੇ ਗਏ ਹਨ।
ਗੀਤਾਂ ਨੂੰ ਲਿਖਣਾ ਅਤੇ ਕਿਸੇ ਮੈਗਜ਼ੀਨ ਦਾ ਅਨੁਵਾਦ ਕਰਨਾ ਦੋ ਅਲੱਗ-ਅਲੱਗ ਗੱਲਾਂ ਹਨ। ਮਿਸਾਲ ਲਈ, ਜਦ ਪਹਿਰਾਬੁਰਜ ਨੂੰ ਕਿਸੇ ਹੋਰ ਭਾਸ਼ਾ ਵਿਚ ਅਨੁਵਾਦ ਕੀਤਾ ਜਾਂਦਾ ਹੈ, ਤਾਂ ਅਨੁਵਾਦਕ ਅੰਗ੍ਰੇਜ਼ੀ ਭਾਸ਼ਾ ਦੇ ਸਾਰੇ ਵਿਚਾਰਾਂ ਨੂੰ ਦੂਜੀ ਭਾਸ਼ਾ ਵਿਚ ਐਨ ਸਹੀ-ਸਹੀ ਅਨੁਵਾਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਪਰ ਗੀਤ-ਸੰਗੀਤ ਦਾ ਅਨੁਵਾਦ ਇਕ ਵੱਖਰੀ ਚੀਜ਼ ਹੈ।
ਗੀਤਾਂ ਦਾ ਅਨੁਵਾਦ ਕਿਵੇਂ ਕੀਤਾ ਜਾਂਦਾ ਹੈ
ਗੀਤਾਂ ਨੂੰ ਅਨੁਵਾਦ ਕਰਨ ਵੇਲੇ ਅਨੁਵਾਦਕ ਕੁਝ ਵੱਖਰਾ ਤਰੀਕਾ ਅਪਣਾਉਂਦੇ ਹਨ ਤਾਂਕਿ ਗੀਤਾਂ ਦੇ ਬੋਲ ਸਹੀ, ਮਿੱਠੇ ਅਤੇ ਯਾਦ ਕਰਨੇ ਸੌਖੇ ਹੋਣ।
ਜਿਨ੍ਹਾਂ ਗੀਤਾਂ ਵਿਚ ਯਹੋਵਾਹ ਦੀ ਮਹਿਮਾ ਕੀਤੀ ਜਾਂਦੀ ਹੈ, ਉਨ੍ਹਾਂ ਦੇ ਸ਼ਬਦ ਸੌਖੇ ਹੋਣੇ ਚਾਹੀਦੇ ਹਨ ਤਾਂਕਿ ਗਾਉਣ ਵਾਲੇ ਨੂੰ ਹਰੇਕ ਵਾਕ ਸਮਝ ਆਵੇ ਅਤੇ ਉਸ ਨੂੰ ਗੀਤ ਲਿਖਣ ਦਾ ਮਕਸਦ ਵੀ ਪਤਾ ਲੱਗੇ। ਹਰ ਭਾਸ਼ਾ ਵਿਚ ਗੀਤਾਂ ਦੇ ਬੋਲ ਤੇ ਸੰਗੀਤ ਇਸ ਤਰ੍ਹਾਂ ਰਚਿਆ-ਮਿਚਿਆ ਹੋਣਾ ਚਾਹੀਦਾ ਹੈ ਕਿ ਜਿਵੇਂ ਗੀਤ ਗਾਉਣ ਵਾਲੇ ਦੇ ਆਪਣੇ ਬੋਲ ਹੋਣ।
ਅਨੁਵਾਦਕ ਇਹ ਕੰਮ ਕਿਵੇਂ ਕਰਦੇ ਹਨ? ਉਹ ਯਹੋਵਾਹ ਦੇ ਗੁਣ ਗਾਓ ਅੰਗ੍ਰੇਜ਼ੀ ਕਿਤਾਬ ਵਿੱਚੋਂ ਸ਼ਬਦ-ਬ-ਸ਼ਬਦ ਗੀਤ ਨਹੀਂ ਲਿਖਦੇ। ਅਨੁਵਾਦਕਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਉਹ ਅੰਗ੍ਰੇਜ਼ੀ ਗੀਤ ਦੇ ਜਜ਼ਬਾਤਾਂ ਅਤੇ ਗੱਲਾਂ ਨੂੰ ਮੁੱਖ ਰੱਖ ਕੇ ਗੀਤ ਦੇ ਨਵੇਂ ਬੋਲ ਲਿਖਣ। ਭਾਵੇਂ ਕਿ ਉਹ ਬਾਈਬਲ ਦੇ ਹਵਾਲਿਆਂ ਨੂੰ ਧਿਆਨ ਵਿਚ ਰੱਖਦੇ ਹਨ, ਪਰ ਉਹ ਆਪਣੀ ਭਾਸ਼ਾ ਦੇ ਸੌਖੇ ਤੇ ਯਾਦ ਰੱਖੇ ਜਾਣ ਵਾਲੇ ਲਫ਼ਜ਼ ਵਰਤਦੇ ਹਨ।
ਸਭ ਤੋਂ ਪਹਿਲਾਂ ਅੰਗ੍ਰੇਜ਼ੀ ਗੀਤ ਦੀ ਸ਼ਬਦ-ਬ-ਸ਼ਬਦ ਟ੍ਰਾਂਸਲੇਸ਼ਨ ਕੀਤੀ ਜਾਂਦੀ ਹੈ। ਫਿਰ ਗੀਤਾਂ ਦੇ ਬੋਲ ਲਿਖਣ ਵਿਚ ਮਾਹਰ ਭੈਣ-ਭਰਾ ਇਸ ਨੂੰ ਦੂਸਰੀ ਭਾਸ਼ਾ ਦੇ ਖੂਬਸੂਰਤ ਅਲਫ਼ਾਜ਼ਾਂ ਵਿਚ ਪਰੋਂਦਾ ਹੈ ਜਿਨ੍ਹਾਂ ਦਾ ਮਤਲਬ ਸਾਫ਼ ਸਮਝ ਆਉਂਦਾ ਹੈ। ਟ੍ਰਾਂਸਲੇਸ਼ਨ ਟੀਮ ਅਤੇ ਪਰੂਫ-ਰੀਡਰ ਬਾਈਬਲ ਦੀਆਂ ਆਇਤਾਂ ਦੇ ਸਹੀ ਮਤਲਬ ਨੂੰ ਬਰਕਰਾਰ ਰੱਖਦੇ ਹੋਏ ਉਸ ਗੀਤਕਾਰ ਦੇ ਗੀਤਾਂ ਨੂੰ ਜਾਂਚਦੇ ਹਨ।
ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਨੂੰ ਜਦੋਂ ਇਹ ਗੀਤਾਂ ਦੀ ਨਵੀਂ ਕਿਤਾਬ ਮਿਲੀ,ਤਾਂ ਉਹ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਏ। ਦੂਜੀਆਂ ਭਾਸ਼ਾਵਾਂ ਦੇ ਭੈਣ-ਭਰਾ ਵੀ ਇਸੇ ਗੱਲ ਦੀ ਉਡੀਕ ਕਰ ਰਹੇ ਹਨ ਕਿ ਉਨ੍ਹਾਂ ਦੀ ਭਾਸ਼ਾ ਵਿਚ ਵੀ ਇਸ ਦਾ ਅਨੁਵਾਦ ਹੋਵੇਗਾ।