ਵਾਰਵਿਕ ਵਿਚ ਯਹੋਵਾਹ ਦੇ ਗਵਾਹਾਂ ਨਾਲ ਕੰਮ ਕਰਨਾ
ਵਾਰਵਿਕ ਵਿਚ ਉਸਾਰੀ ਦਾ ਕੰਮ ਕਰਨ ਵਾਲੇ ਵਲੰਟੀਅਰਾਂ ਦਾ ਜੋਸ਼ ਦੇਖ ਕੇ ਬਹੁਤ ਸਾਰੇ ਲੋਕ ਹੈਰਾਨ ਹੁੰਦੇ ਹਨ। ਲਿਫ਼ਟਾਂ ਲਾਉਣ ਵਾਲੀ ਇਕ ਕੰਪਨੀ ਦੇ ਡਾਇਰੈਕਟਰ ਨੇ ਇਕ ਕਾਮੇ ਨੂੰ ਕਿਹਾ: “ਤੁਹਾਡੀ ਟੀਮ ਕਮਾਲ ਦਾ ਕੰਮ ਕਰ ਰਹੀ ਹੈ। ਅੱਜ ਜ਼ਿਆਦਾਤਰ ਲੋਕ ਪੈਸਿਆਂ ਤੋਂ ਬਿਨਾਂ ਕੰਮ ਨਹੀਂ ਕਰਦੇ।”
ਜਦੋਂ ਉਸ ਨੇ ਅਤੇ ਹੋਰਨਾਂ ਨੇ ਸੁਣਿਆ ਕਿ ਵਾਰਵਿਕ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦਾ ਮੁੱਖ ਦਫ਼ਤਰ ਬਣਾਉਣ ਦਾ ਕੰਮ ਮੁੱਖ ਤੌਰ ʼਤੇ ਵਲੰਟੀਅਰ ਕਰਨਗੇ, ਤਾਂ ਉਨ੍ਹਾਂ ਨੇ ਸੋਚਿਆ ਕਿ ਉਸ ਇਲਾਕੇ ਵਿਚ ਰਹਿਣ ਵਾਲੇ ਗਵਾਹ ਹੀ ਸ਼ਨੀ-ਐਤਵਾਰ ਨੂੰ ਕੰਮ ਕਰਨਗੇ। ਪਰ ਉਹ ਉਦੋਂ ਦੰਗ ਰਹਿ ਗਏ ਜਦੋਂ ਉਹ ਉਨ੍ਹਾਂ ਲੋਕਾਂ ਨੂੰ ਮਿਲੇ ਜੋ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਪਣਾ ਕੰਮ ਛੱਡ ਕੇ ਇੱਥੇ ਉਸਾਰੀ ਦਾ ਕੰਮ ਕਰਨ ਆਏ ਸਨ। ਕਈ ਕੁਝ ਮਹੀਨਿਆਂ ਲਈ ਅਤੇ ਕਈ ਕੁਝ ਸਾਲਾਂ ਲਈ ਆਏ ਸਨ।
2015 ਦੇ ਅਖ਼ੀਰ ਤਕ ਲਗਭਗ 23,000 ਵਲੰਟੀਅਰਾਂ ਨੇ ਅਮਰੀਕਾ ਦੇ ਬੈਥਲ ਪਰਿਵਾਰ ਨਾਲ ਮਿਲ ਕੇ ਕੰਮ ਕੀਤਾ। ਨਾਲੇ ਲਗਭਗ 750 ਲੋਕਾਂ ਨੇ, ਜੋ ਯਹੋਵਾਹ ਦੇ ਗਵਾਹ ਨਹੀਂ ਹਨ, ਇਸ ਕੰਮ ਵਿਚ ਮਦਦ ਕੀਤੀ ਤਾਂਕਿ ਯੋਜਨਾ ਦੇ ਮੁਤਾਬਕ ਕੰਮ ਪੂਰਾ ਕੀਤਾ ਜਾ ਸਕੇ। ਯਹੋਵਾਹ ਦੇ ਗਵਾਹਾਂ ਨਾਲ ਮਿਲ ਕੇ ਕੰਮ ਕਰਨ ਕਰਕੇ ਇਨ੍ਹਾਂ ਲੋਕਾਂ ʼਤੇ ਗਹਿਰਾ ਪ੍ਰਭਾਵ ਪਿਆ।
ਤਰੋ-ਤਾਜ਼ਾ ਕਰ ਦੇਣ ਵਾਲਾ ਮਾਹੌਲ
ਤਾਕੀਆਂ ਅਤੇ ਕੰਧਾਂ ਨੂੰ ਬਣਾਉਣ ਵਾਲੀ ਕੰਪਨੀ ਦੇ ਮੈਨੇਜਰ ਨੇ ਲਿਖਿਆ: “ਸਾਡੀ ਕੰਪਨੀ ਦੇ ਜਿਸ ਮੈਂਬਰ ਨੇ ਵੀ ਇਸ ਪ੍ਰਾਜੈਕਟ ʼਤੇ ਕੰਮ ਕੀਤਾ, ਉਹ ਇੱਥੇ ਕੰਮ ਕਰਨ ਵਾਲਿਆਂ ਦੇ ਪੇਸ਼ ਆਉਣ ਦੇ ਤਰੀਕੇ ਤੋਂ ਹੈਰਾਨ ਹੋਏ। ਇਸ ਕਰਕੇ ਸਾਡੇ ਵਿੱਚੋਂ ਕਈ ਇਸ ਪ੍ਰਾਜੈਕਟ ʼਤੇ ਕੰਮ ਕਰਨਾ ਚਾਹੁੰਦੇ ਹਨ।”
ਇਕ ਹੋਰ ਕੰਪਨੀ ਨੇ ਰਿਹਾਇਸ਼ੀ ਇਮਾਰਤਾਂ ਬਣਾਉਣ ਲਈ ਆਪਣੇ ਆਦਮੀ ਭੇਜੇ। ਜਦੋਂ ਇਸ ਕੰਪਨੀ ਦਾ ਠੇਕਾ ਖ਼ਤਮ ਹੋ ਗਿਆ, ਤਾਂ ਇਸ ਕੰਪਨੀ ਦੇ ਤਿੰਨ ਬੰਦਿਆਂ ਨੇ ਵਾਰਵਿਕ ਵਿਚ ਹੀ ਕੰਮ ਕਰਨ ਦਾ ਫ਼ੈਸਲਾ ਕੀਤਾ। ਇਸ ਲਈ ਉਨ੍ਹਾਂ ਨੇ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ ਅਤੇ ਹੋਰ ਕੰਪਨੀ ਵਿਚ ਕੰਮ ਕਰਨ ਲੱਗ ਪਏ ਜੋ ਅਜੇ ਵੀ ਇਸ ਪ੍ਰਾਜੈਕਟ ʼਤੇ ਕੰਮ ਕਰ ਰਹੀ ਸੀ।
ਗਵਾਹਾਂ ਦੇ ਚੰਗੇ ਗੁਣਾਂ ਦਾ ਕੁਝ ਕਾਮਿਆਂ ʼਤੇ ਵਧੀਆ ਅਸਰ ਪਿਆ। ਇਕ ਆਦਮੀ ਨੀਂਹਾਂ ਧਰਨ ਵਾਲੀ ਕੰਪਨੀ ਨਾਲ ਕੰਮ ਕਰਦਾ ਸੀ। ਵਾਰਵਿਕ ਵਿਚ ਕੁਝ ਮਹੀਨੇ ਕੰਮ ਕਰਨ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਦੇ ਪੇਸ਼ ਆਉਣ ਅਤੇ ਬੋਲਣ ਦੇ ਤਰੀਕੇ ਵਿਚ ਫ਼ਰਕ ਦੇਖਿਆ। ਉਸ ਨੇ ਖ਼ੁਸ਼ ਹੋ ਕੇ ਕਿਹਾ: “ਮੈਨੂੰ ਯਕੀਨ ਨਹੀਂ ਹੁੰਦਾ ਕਿ ਤੁਸੀਂ ਕਿੰਨੇ ਬਦਲ ਗਏ ਹੋ!”
“ਔਰਤਾਂ ਵੀ ਕੰਮ ਤੇ ਆਉਣਗੀਆਂ”
ਇੱਥੇ ਕੰਮ ਕਰਨ ਵਾਲਿਆਂ ਵਿਚ ਬਹੁਤ ਸਾਰੀਆਂ ਔਰਤਾਂ ਸਨ। ਉਨ੍ਹਾਂ ਨੇ ਨਾ ਸਿਰਫ਼ ਬੱਸਾਂ ਚਲਾਈਆਂ, ਕਮਰੇ ਸਾਫ਼ ਕੀਤੇ ਅਤੇ ਸੈਕਟਰੀਆਂ ਵਜੋਂ ਕੰਮ ਕੀਤਾ, ਸਗੋਂ ਟ੍ਰੈਫਿਕ ਕੰਟ੍ਰੋਲ ਕੀਤਾ, ਭਾਰੀਆਂ ਮਸ਼ੀਨਾਂ ਚਲਾਈਆਂ, ਟੈਲੀਫ਼ੋਨ, ਇੰਟਰਨੈੱਟ ਵਗੈਰਾ ਲਈ ਮੋਟੀਆਂ-ਮੋਟੀਆਂ ਤਾਰਾਂ ਪਾਈਆਂ, ਪਾਈਪਾਂ ਨੂੰ ਇੰਸੁਲੇਟ ਕੀਤਾ, ਬਣੀਆਂ-ਬਣਾਈਆਂ ਕੰਧਾਂ ਖੜ੍ਹੀਆਂ ਕੀਤੀਆਂ, ਪਲੰਬਰ ਦਾ ਕੰਮ ਕੀਤਾ ਅਤੇ ਰੇਤਾ-ਬਜਰੀ ਪਾਈ। ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ।
ਇਕ ਵਿਅਕਤੀ, ਜੋ ਯਹੋਵਾਹ ਦਾ ਗਵਾਹ ਨਹੀਂ ਹੈ, ਨੇ ਛੱਤਾਂ ਪਾਉਣ ਦਾ ਕੰਮ ਕੀਤਾ। ਉਸ ਨੇ ਦੇਖਿਆ ਕਿ ਜਦੋਂ ਪਤੀ-ਪਤਨੀ ਬੱਸਾਂ ਤੋਂ ਉੱਤਰ ਕੇ ਕੰਮ ʼਤੇ ਜਾਂਦੇ ਸਨ, ਤਾਂ ਕੁਝ ਜਣਿਆਂ ਨੇ ਇਕ-ਦੂਜੇ ਦੇ ਹੱਥ ਫੜੇ ਹੁੰਦੇ ਸਨ। ਇਹ ਗੱਲ ਉਸ ਦੇ ਦਿਲ ਨੂੰ ਛੂਹ ਗਈ। ਨਾਲੇ ਉਸ ਨੇ ਦੇਖਿਆ ਕਿ ਔਰਤਾਂ ਪੂਰੀ ਵਾਹ ਲਾ ਕੇ ਇਸ ਪ੍ਰਾਜੈਕਟ ʼਤੇ ਕੰਮ ਕਰ ਰਹੀਆਂ ਸਨ। ਉਸ ਨੇ ਕਿਹਾ: “ਇਹ ਦੇਖ ਕੇ ਪਹਿਲਾਂ-ਪਹਿਲਾਂ ਤੁਹਾਨੂੰ ਲੱਗ ਸਕਦਾ ਹੈ ਕਿ ਪਤਨੀਆਂ ਬਸ ਆਪਣੇ ਪਤੀਆਂ ਨਾਲ ਆਈਆਂ ਹਨ। ਪਰ ਜਦੋਂ ਕੰਮ ਦੀ ਗੱਲ ਆਉਂਦੀ ਹੈ, ਤਾਂ ਉਹ ਇਸ ਨੂੰ ਪੂਰਾ ਕਰ ਕੇ ਛੱਡਦੀਆਂ ਹਨ! ਮੈਂ ਪੂਰੇ ਨਿਊਯਾਰਕ ਵਿਚ ਬਹੁਤ ਸਾਰੀਆਂ ਥਾਵਾਂ ਤੇ ਉਸਾਰੀ ਦਾ ਕੰਮ ਕੀਤਾ ਹੈ, ਪਰ ਮੈਂ ਪਹਿਲਾਂ ਕਦੇ ਵੀ ਇੱਦਾਂ ਕੰਮ ਹੁੰਦਾ ਨਹੀਂ ਦੇਖਿਆ।”
2014/2015 ਦੀਆਂ ਸਰਦੀਆਂ ਵਿਚ ਹੱਡ-ਤੋੜ ਠੰਢ ਪਈ, ਇਸ ਲਈ ਸਾਰਾ ਦਿਨ ਬਾਹਰ ਕੜਾਕੇ ਦੀ ਠੰਢ ਵਿਚ ਕੰਮ ਕਰਨ ਦੀ ਬਜਾਇ ਘਰ ਰਹਿਣ ਦਾ ਦਿਲ ਕਰਦਾ ਸੀ। ਉਸਾਰੀ ਦੀ ਜਗ੍ਹਾ ਤੇ ਕੰਮ ਕਰਨ ਵਾਲਾ ਜਰਮੀ ਨਾਂ ਦਾ ਗਵਾਹ ਦੱਸਦਾ ਹੈ: “ਉਸਾਰੀ ਕੰਪਨੀ ਵਿਚ ਕੰਮ ਕਰਨ ਵਾਲਾ ਇਕ ਕਾਮਾ ਜ਼ਿਆਦਾ ਠੰਢ ਵਾਲੇ ਦਿਨਾਂ ਵਿਚ ਮੈਨੂੰ ਕਦੇ-ਕਦੇ ਪੁੱਛਦਾ ਸੀ, ‘ਕੀ ਗਵਾਹ ਔਰਤਾਂ ਕੱਲ੍ਹ ਵੀ ਕੰਮ ਕਰਨਗੀਆਂ?’
“‘ਹਾਂਜੀ।’
“‘ਜਿਹੜੀਆਂ ਬਾਹਰ ਟ੍ਰੈਫਿਕ ਕੰਟ੍ਰੋਲ ਕਰਦੀਆਂ ਉਹ ਵੀ?’
“‘ਹਾਂਜੀ।’
“ਬਾਅਦ ਵਿਚ ਉਸ ਆਦਮੀ ਨੇ ਆਪਣੇ ਕਾਮਿਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਕੰਮ ਤੇ ਆਉਣਾ ਪਵੇਗਾ ਕਿਉਂਕਿ ਗਵਾਹ ਔਰਤਾਂ ਵੀ ਕੰਮ ਤੇ ਆਉਣਗੀਆਂ!”
ਬਸ ਚਲਾਉਣ ਵਾਲਿਆਂ ਨੂੰ ਆਪਣਾ ਕੰਮ ਬਹੁਤ ਪਸੰਦ ਸੀ
35 ਤੋਂ ਜ਼ਿਆਦਾ ਬਸ ਚਲਾਉਣ ਵਾਲਿਆਂ ਨੂੰ ਪੈਸਿਆਂ ਤੇ ਰੱਖਿਆ ਗਿਆ ਸੀ ਤਾਂਕਿ ਉਹ ਵਾਰਵਿਕ ਵਿਚ ਕੰਮ ਕਰਨ ਵਾਲੇ ਕਾਮਿਆਂ ਨੂੰ ਉਸਾਰੀ ਦੀ ਜਗ੍ਹਾ ਤੇ ਅਤੇ ਉਨ੍ਹਾਂ ਦੀ ਰਹਿਣ ਦੀ ਜਗ੍ਹਾ ਤੇ ਛੱਡ ਸਕਣ।
ਇਕ ਵਾਰ ਸਵਾਰੀਆਂ ਨੂੰ ਲੈ ਜਾਣ ਤੋਂ ਪਹਿਲਾਂ ਇਕ ਡ੍ਰਾਈਵਰ ਖੜ੍ਹਾ ਹੋ ਕੇ ਉਨ੍ਹਾਂ ਨੂੰ ਕਹਿਣ ਲੱਗਾ: “ਤੁਹਾਨੂੰ ਗਵਾਹਾਂ ਨੂੰ ਕੰਮ ਤੇ ਲੈ ਕੇ ਜਾਣਾ ਤੇ ਘਰ ਛੱਡ ਕੇ ਆਉਣਾ ਮੈਨੂੰ ਬਹੁਤ ਪਸੰਦ ਹੈ। ਕਿਰਪਾ ਕਰ ਕੇ ਮੇਰੇ ਮਾਲਕ ਨੂੰ ਈ-ਮੇਲ ਕਰੋ ਕਿ ਉਹ ਮੈਨੂੰ ਇੱਥੇ ਹੀ ਕੰਮ ਤੇ ਰੱਖੇ। ਮੈਂ ਤੁਹਾਡੇ ਕੋਲੋਂ ਬਾਈਬਲ ਬਾਰੇ ਬਹੁਤ ਕੁਝ ਸਿੱਖਿਆ ਹੈ। ਤੁਹਾਨੂੰ ਮਿਲਣ ਤੋਂ ਪਹਿਲਾਂ ਮੈਨੂੰ ਨਾ ਤਾਂ ਰੱਬ ਦਾ ਨਾਂ ਪਤਾ ਸੀ ਤੇ ਨਾ ਇਹ ਪਤਾ ਸੀ ਕਿ ਧਰਤੀ ਬਾਗ਼ ਵਰਗੀ ਬਣ ਜਾਵੇਗੀ। ਹੁਣ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ। ਮੇਰੇ ਲਈ ਇਹ ਬਹੁਤ ਵਧੀਆ ਤਜਰਬਾ ਰਿਹਾ ਹੈ। ਹੁਣ ਤੋਂ ਛੁੱਟੀ ਵਾਲੇ ਦਿਨ ਤੁਸੀਂ ਮੈਨੂੰ ਕਿੰਗਡਮ ਹਾਲ ਦੇਖੋਗੇ।”
ਵਾਰਵਿਕ ਵਿਚ ਕੰਮ ਕਰਦੀ ਦਾਮਿਆਨਾ ਨਾਂ ਦੀ ਗਵਾਹ ਨੇ ਕਿਹਾ: “ਇਕ ਦਿਨ ਜਦੋਂ ਅਸੀਂ ਬਸ ਵਿਚ ਚੜ੍ਹੇ, ਤਾਂ ਬਸ ਡਰਾਈਵਰ ਨੇ ਕਿਹਾ ਕਿ ਉਹ ਸਾਨੂੰ ਕੁਝ ਕਹਿਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਉਹ ਨਿਊਯਾਰਕ ਦੀਆਂ ਅਲੱਗ-ਅਲੱਗ ਥਾਵਾਂ ਤੋਂ 4,000 ਗਵਾਹਾਂ ਨੂੰ ਲੈ ਕੇ ਅਤੇ ਛੱਡ ਕੇ ਆਉਂਦਾ ਹੈ। ‘ਲੋਕਾਂ ਵਿਚ ਥੋੜ੍ਹਾ ਬਹੁਤ ਤਾਂ ਫ਼ਰਕ ਹੁੰਦਾ ਹੀ ਹੈ, ਪਰ ਫਿਰ ਵੀ ਤੁਸੀਂ ਲੋਕ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹੋ। ਇਹ ਬਹੁਤ ਵਧੀਆ ਗੱਲ ਹੈ।’ ਉਸ ਨੇ ਇਹ ਵੀ ਕਿਹਾ ਕਿ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਬਹੁਤ ਪਸੰਦ ਹੈ।
“ਜਦੋਂ ਉਸ ਨੇ ਗੱਲ ਖ਼ਤਮ ਕੀਤੀ, ਤਾਂ ਬਸ ਵਿਚ ਬੈਠੀ ਇਕ ਯਹੋਵਾਹ ਦੀ ਗਵਾਹ ਨੇ ਕਿਹਾ: ‘ਜਦੋਂ ਅਸੀਂ ਗਾਣਾ ਗਾਉਂਦੇ ਹਾਂ, ਤਾਂ ਤੁਹਾਨੂੰ ਵਧੀਆ ਲੱਗਦਾ?’
“ਉਸ ਨੇ ਖ਼ੁਸ਼ੀ ਨਾਲ ਮੁਸਕਰਾਉਂਦੇ ਹੋਏ ਕਿਹਾ: ‘ਹਾਂਜੀ! ਕੀ ਆਪਾਂ 134 ਨੰਬਰ ਗਾਣਾ ਗਾ ਸਕਦੇ?’” a
a ਗੀਤ ਨੰ. 134 ਆਓ ਯਹੋਵਾਹ ਦੇ ਗੁਣ ਗਾਈਏ ਕਿਤਾਬ ਵਿੱਚੋਂ ਹੈ ਜਿਸ ਦਾ ਵਿਸ਼ਾ ਹੈ: “ਨਈਂ ਦੁਨੀਆਂ ਮੇਂ ਖ਼ੁਦ ਕੋ ਦੇਖੋ।” ਇਸ ਗਾਣੇ ਤੋਂ ਉਸ ਖ਼ੁਸ਼ੀ ਬਾਰੇ ਪਤਾ ਲੱਗਦਾ ਹੈ ਜੋ ਸਾਨੂੰ ਨਵੀਂ ਦੁਨੀਆਂ ਵਿਚ ਮਿਲੇਗੀ।