ਕੀ ਰੱਬ ਦਾ ਕੋਈ ਨਾਂ ਹੈ?
ਬਾਈਬਲ ਕੀ ਕਹਿੰਦੀ ਹੈ
ਸਾਰੇ ਇਨਸਾਨਾਂ ਦਾ ਆਪਣਾ ਇਕ ਨਾਂ ਹੁੰਦਾ ਹੈ। ਕੀ ਇਹ ਗੱਲ ਸੋਚਣ ਵਾਲੀ ਨਹੀਂ ਕਿ ਰੱਬ ਦਾ ਵੀ ਆਪਣਾ ਇਕ ਨਾਂ ਹੋਣਾ ਚਾਹੀਦਾ ਹੈ? ਪੱਕੇ ਦੋਸਤ ਇਕ-ਦੂਸਰੇ ਦਾ ਨਾਂ ਲੈ ਕੇ ਗੱਲ ਕਰਦੇ ਹਨ। ਕੀ ਰੱਬ ਨਾਲ ਸਾਡੀ ਦੋਸਤੀ ਵਿਚ ਵੀ ਇੱਦਾਂ ਹੀ ਨਹੀਂ ਹੋਣਾ ਚਾਹੀਦਾ?
ਬਾਈਬਲ ਵਿਚ ਰੱਬ ਨੇ ਕਿਹਾ ਹੈ: “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ।” (ਯਸਾਯਾਹ 42:8) ਭਾਵੇਂ ਕਿ ਰੱਬ ਦੇ ਕਈ ਖ਼ਿਤਾਬ ਹਨ ਜਿਵੇਂ “ਸਰਬਸ਼ਕਤੀਮਾਨ ਪਰਮੇਸ਼ੁਰ,” ‘ਸਾਰੇ ਜਹਾਨ ਦਾ ਮਾਲਕ’ ਅਤੇ “ਸਿਰਜਣਹਾਰ।” ਪਰ ਫਿਰ ਵੀ ਰੱਬ ਚਾਹੁੰਦਾ ਕਿ ਉਸ ਦੀ ਭਗਤੀ ਕਰਨ ਵਾਲੇ ਉਸ ਦਾ ਨਾਂ ਲੈਣ। ਇਸ ਤਰ੍ਹਾਂ ਕਰਕੇ ਉਹ ਉਨ੍ਹਾਂ ਦਾ ਆਦਰ ਕਰਦਾ ਹੈ।—ਉਤਪਤ 17:1; ਰਸੂਲਾਂ ਦੇ ਕੰਮ 4:24; 1 ਪਤਰਸ 4:19.
ਬਾਈਬਲ ਦੇ ਬਹੁਤ ਸਾਰੇ ਅਨੁਵਾਦਾਂ ਵਿਚ ਰੱਬ ਦਾ ਨਾਮ ਕੂਚ 6:3 ਵਿਚ ਪਾਇਆ ਗਿਆ ਹੈ। ਇੱਥੇ ਲਿਖਿਆ ਹੈ: “ਮੈਂ ਅਬਰਾਹਾਮ, ਇਸਹਾਕ, ਅਰ ਯਾਕੂਬ ਨੂੰ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਨਾਮ ਉੱਤੇ ਦਰਸ਼ਣ ਦਿੱਤਾ ਪਰ ਮੈਂ ਆਪਣੇ ਯਹੋਵਾਹ ਨਾਮ ਨਾਲ ਉਨ੍ਹਾਂ ਉੱਤੇ ਪਰਗਟ ਨਹੀਂ ਹੋਇਆ।”
ਪੰਜਾਬੀ ਵਿਚ ਰੱਬ ਦਾ ਨਾਂ ਯਹੋਵਾਹ ਹੈ ਅਤੇ ਇਹ ਨਾਂ ਸਦੀਆਂ ਤੋਂ ਲਿਆ ਜਾ ਰਿਹਾ ਹੈ। ਬਹੁਤ ਸਾਰੇ ਵਿਦਵਾਨ “ਯਾਹਵੇਹ” ਕਹਿਣਾ ਪਸੰਦ ਕਰਦੇ ਹਨ, ਪਰ “ਯਹੋਵਾਹ” ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਬਾਈਬਲ ਦਾ ਪਹਿਲਾ ਹਿੱਸਾ ਅੰਗ੍ਰੇਜ਼ੀ ਵਿਚ ਨਹੀਂ, ਬਲਕਿ ਇਬਰਾਨੀ ਵਿਚ ਲਿਖਿਆ ਗਿਆ ਸੀ। ਇਹ ਭਾਸ਼ਾ ਸੱਜੇ ਤੋਂ ਖੱਬੇ ਪੜ੍ਹੀ ਜਾਂਦੀ ਹੈ। ਇਸ ਭਾਸ਼ਾ ਵਿਚ ਰੱਬ ਦਾ ਨਾਂ ਚਾਰ ਅੱਖਰਾਂ יהוה (ਯ-ਹ-ਵ-ਹ) ਵਿਚ ਲਿਖਿਆ ਜਾਂਦਾ ਹੈ। ਅੰਗ੍ਰੇਜ਼ੀ ਵਿਚ ਆਮ ਤੌਰ ਤੇ ਇਨ੍ਹਾਂ ਚਾਰ ਇਬਰਾਨੀ ਅੱਖਰਾਂ ਨੂੰ YHWH ਲਿਖਿਆ ਜਾਂਦਾ ਹੈ। ਇਨ੍ਹਾਂ ਚਾਰ ਅੱਖਰਾਂ ਨੂੰ “ਟੈਟ੍ਰਾਗ੍ਰਾਮਟਨ” ਕਿਹਾ ਜਾਂਦਾ ਹੈ।