ਮਰੇ ਲੋਕਾਂ ਦੇ ਦੁਬਾਰਾ ਜੀਉਂਦੇ ਹੋਣ ਬਾਰੇ ਬਾਈਬਲ ਕੀ ਦੱਸਦੀ ਹੈ?
ਬਾਈਬਲ ਕਹਿੰਦੀ ਹੈ
‘ਮਰੇ ਹੋਏ ਲੋਕਾਂ ਦਾ ਜੀਉਂਦਾ ਹੋਣਾ’ ਸ਼ਬਦਾਂ ਲਈ ਬਾਈਬਲ ਵਿਚ ਯੂਨਾਨੀ ਸ਼ਬਦ ਆਨਾਸਤਾਸੀਸ ਵਰਤਿਆ ਗਿਆ ਹੈ ਜਿਸ ਦਾ ਮਤਲਬ ਹੈ “ਖੜ੍ਹਾ ਹੋਣਾ” ਜਾਂ “ਦੁਬਾਰਾ ਖੜ੍ਹਾ ਹੋਣਾ।” ਜਦੋਂ ਇਕ ਵਿਅਕਤੀ ਨੂੰ ਮਰੇ ਹੋਇਆਂ ਵਿੱਚੋਂ ਜੀ ਉਠਾਇਆ ਜਾਂਦਾ ਹੈ, ਤਾਂ ਉਹ ਬਿਲਕੁਲ ਉਸੇ ਤਰ੍ਹਾਂ ਦਾ ਹੁੰਦਾ ਹੈ ਜਿਸ ਤਰ੍ਹਾਂ ਦਾ ਉਹ ਮਰਨ ਤੋਂ ਪਹਿਲਾਂ ਹੁੰਦਾ ਸੀ।—1 ਕੁਰਿੰਥੀਆਂ 15:12, 13.
‘ਮਰੇ ਹੋਏ ਲੋਕਾਂ ਦਾ ਜੀਉਂਦਾ ਹੋਣਾ’ ਸ਼ਬਦ ਇਬਰਾਨੀ ਲਿਖਤਾਂ (ਪੁਰਾਣੇ ਨੇਮ) ਵਿਚ ਨਹੀਂ ਮਿਲਦੇ, ਪਰ ਇਹ ਸਿੱਖਿਆ ਜ਼ਰੂਰ ਪਾਈ ਜਾਂਦੀ ਹੈ। ਮਿਸਾਲ ਲਈ, ਹੋਸ਼ੇਆ ਨਬੀ ਰਾਹੀਂ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ: “ਮੈਂ ਉਨ੍ਹਾਂ ਨੂੰ ਕਬਰ ਦੇ ਮੂੰਹ ਵਿੱਚੋਂ ਕੱਢਾਂਗਾ; ਮੈਂ ਉਨ੍ਹਾਂ ਨੂੰ ਮੌਤ ਦੇ ਪੰਜੇ ਤੋਂ ਛੁਡਾਵਾਂਗਾ।”—ਹੋਸ਼ੇਆ 13:14; ਅੱਯੂਬ 14:13-15; ਯਸਾਯਾਹ 26:19; ਦਾਨੀਏਲ 12:2, 13.
ਲੋਕ ਕਿੱਥੇ ਜੀਉਂਦੇ ਕੀਤੇ ਜਾਣਗੇ? ਕੁਝ ਲੋਕ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਸਵਰਗ ਜਾਣਗੇ ਅਤੇ ਉੱਥੇ ਯਿਸੂ ਨਾਲ ਰਾਜ ਕਰਨਗੇ। (2 ਕੁਰਿੰਥੀਆਂ 5:1; ਪ੍ਰਕਾਸ਼ ਦੀ ਕਿਤਾਬ 5:9, 10) ਬਾਈਬਲ ਕਹਿੰਦੀ ਹੈ ਕਿ ਉਨ੍ਹਾਂ ਨੂੰ “ਮਰੇ ਹੋਇਆਂ ਵਿੱਚੋਂ ਪਹਿਲਾਂ ਜੀਉਂਦਾ ਕੀਤਾ ਜਾਵੇਗਾ।” ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਤੋਂ ਬਾਅਦ ਹੋਰ ਲੋਕਾਂ ਨੂੰ ਵੀ ਜੀਉਂਦਾ ਕੀਤਾ ਜਾਵੇਗਾ। (ਪ੍ਰਕਾਸ਼ ਦੀ ਕਿਤਾਬ 20:6; ਫ਼ਿਲਿੱਪੀਆਂ 3:11) ਇਨ੍ਹਾਂ ਲੋਕਾਂ ਨੂੰ ਵੱਡੀ ਗਿਣਤੀ ਵਿਚ ਇਸ ਧਰਤੀ ਉੱਤੇ ਜੀਉਂਦਾ ਕੀਤਾ ਜਾਵੇਗਾ ਤੇ ਉਹ ਹਮੇਸ਼ਾ ਲਈ ਜੀਉਣਗੇ।—ਜ਼ਬੂਰ 37:29.
ਲੋਕਾਂ ਨੂੰ ਕਿਵੇਂ ਜੀਉਂਦਾ ਕੀਤਾ ਜਾਵੇਗਾ? ਪਰਮੇਸ਼ੁਰ ਨੇ ਯਿਸੂ ਨੂੰ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰਨ ਦੀ ਤਾਕਤ ਦਿੱਤੀ ਹੈ। (ਯੂਹੰਨਾ 11:25) ਯਿਸੂ ‘ਕਬਰਾਂ ਵਿਚ ਪਏ ਸਾਰੇ ਲੋਕਾਂ’ ਨੂੰ ਜੀਉਂਦਾ ਕਰੇਗਾ ਤੇ ਉਨ੍ਹਾਂ ਦਾ ਸੁਭਾਅ, ਪਛਾਣ ਅਤੇ ਯਾਦਾਸ਼ਤ ਪਹਿਲਾਂ ਵਰਗੀ ਹੋਵੇਗੀ। (ਯੂਹੰਨਾ 5:28, 29) ਜਿਨ੍ਹਾਂ ਨੂੰ ਸਵਰਗ ਜਾਣ ਲਈ ਜੀਉਂਦਾ ਕੀਤਾ ਜਾਵੇਗਾ, ਉਨ੍ਹਾਂ ਨੂੰ ਦੂਤਾਂ ਵਰਗਾ ਸਰੀਰ ਬਖ਼ਸ਼ਿਆ ਜਾਵੇਗਾ ਅਤੇ ਜਿਨ੍ਹਾਂ ਨੂੰ ਧਰਤੀ ਉੱਤੇ ਰਹਿਣ ਲਈ ਜੀਉਂਦਾ ਕੀਤਾ ਜਾਵੇਗਾ, ਉਨ੍ਹਾਂ ਨੂੰ ਪੂਰੀ ਤਰ੍ਹਾਂ ਤੰਦਰੁਸਤ ਸਰੀਰ ਦਿੱਤਾ ਜਾਵੇਗਾ।—ਯਸਾਯਾਹ 33:24; 35:5, 6; 1 ਕੁਰਿੰਥੀਆਂ 15:42-44, 50.
ਕਿਨ੍ਹਾਂ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ? ਬਾਈਬਲ ਦੱਸਦੀ ਹੈ ਕਿ “ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ” ਕੀਤਾ ਜਾਵੇਗਾ। (ਰਸੂਲਾਂ ਦੇ ਕੰਮ 24:15) ਧਰਮੀ ਲੋਕਾਂ ਵਿਚ ਨੂਹ, ਸਾਰਾਹ ਅਤੇ ਅਬਰਾਹਾਮ ਵਰਗੇ ਵਫ਼ਾਦਾਰ ਲੋਕ ਸ਼ਾਮਲ ਹਨ। (ਉਤਪਤ 6:9; ਇਬਰਾਨੀਆਂ 11:11; ਯਾਕੂਬ 2:21) ਕੁਧਰਮੀ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਨਹੀਂ ਚੱਲੇ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਅਸੂਲਾਂ ਬਾਰੇ ਜਾਣਨ ਤੇ ਇਨ੍ਹਾਂ ਮੁਤਾਬਕ ਚੱਲਣ ਦਾ ਮੌਕਾ ਨਹੀਂ ਮਿਲਿਆ।
ਪਰ ਕੁਝ ਲੋਕ ਇੰਨੇ ਬੁਰੇ ਬਣ ਜਾਂਦੇ ਹਨ ਕਿ ਉਹ ਸੁਧਰਨਾ ਹੀ ਨਹੀਂ ਚਾਹੁੰਦੇ। ਜਦੋਂ ਇਹ ਲੋਕ ਮਰਦੇ ਹਨ, ਤਾਂ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤੇ ਜਾਣ ਦੀ ਕੋਈ ਉਮੀਦ ਨਹੀਂ ਹੁੰਦੀ। ਉਹ ਹਮੇਸ਼ਾ ਲਈ ਖ਼ਤਮ ਹੋ ਜਾਂਦੇ ਹਨ।—ਮੱਤੀ 23:33; ਇਬਰਾਨੀਆਂ 10:26, 27.
ਮਰੇ ਹੋਏ ਲੋਕਾਂ ਨੂੰ ਕਦੋਂ ਜੀਉਂਦਾ ਕੀਤਾ ਜਾਵੇਗਾ? ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਯਿਸੂ ਦੀ ਮੌਜੂਦਗੀ ਦੌਰਾਨ ਉਹ ਲੋਕ ਜੀਉਂਦੇ ਕੀਤੇ ਜਾਣਗੇ ਜਿਨ੍ਹਾਂ ਦੀ ਉਮੀਦ ਸਵਰਗ ਜਾਣ ਦੀ ਹੈ। ਇਹ ਸਮਾਂ 1914 ਵਿਚ ਸ਼ੁਰੂ ਹੋਇਆ ਜਦੋਂ ਯਿਸੂ ਨੂੰ ਸਵਰਗ ਵਿਚ ਰਾਜਾ ਬਣਾਇਆ ਗਿਆ। (1 ਕੁਰਿੰਥੀਆਂ 15:21-23) ਪਰ ਜਿਨ੍ਹਾਂ ਲੋਕਾਂ ਦੀ ਉਮੀਦ ਧਰਤੀ ਉੱਤੇ ਰਹਿਣ ਦੀ ਹੈ, ਉਨ੍ਹਾਂ ਨੂੰ ਯਿਸੂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਸੋਹਣੀ ਧਰਤੀ ਉੱਤੇ ਜੀਉਂਦਾ ਕੀਤਾ ਜਾਵੇਗਾ।—ਲੂਕਾ 23:43; ਪ੍ਰਕਾਸ਼ ਦੀ ਕਿਤਾਬ 20:6, 12, 13.
ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਮਰੇ ਹੋਏ ਲੋਕਾਂ ਨੂੰ ਜ਼ਰੂਰ ਦੁਬਾਰਾ ਜੀਉਂਦਾ ਕੀਤਾ ਜਾਵੇਗਾ? ਬਾਈਬਲ ਵਿਚ ਨੌਂ ਜਣਿਆਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਨੂੰ ਜੀਉਂਦਾ ਕੀਤਾ ਗਿਆ ਸੀ ਤੇ ਲੋਕਾਂ ਨੇ ਆਪਣੀ ਅੱਖੀਂ ਦੇਖਿਆ ਸੀ ਕਿ ਉਹ ਜੀਉਂਦੇ ਹੋਏ ਸਨ। (1 ਰਾਜਿਆਂ 17:17-24; 2 ਰਾਜਿਆਂ 4:32-37; 13:20, 21; ਲੂਕਾ 7:11-17; 8:40-56; ਯੂਹੰਨਾ 11:38-44; ਰਸੂਲਾਂ ਦੇ ਕੰਮ 9:36-42; 20:7-12; 1 ਕੁਰਿੰਥੀਆਂ 15:3-6) ਇਨ੍ਹਾਂ ਵਿੱਚੋਂ ਇਕ ਵਿਅਕਤੀ ਸੀ ਲਾਜ਼ਰ। ਉਸ ਦੇ ਜੀਉਂਦਾ ਹੋਣ ਦੀ ਘਟਨਾ ਬਹੁਤ ਖ਼ਾਸ ਅਤੇ ਮਸ਼ਹੂਰ ਹੈ ਕਿਉਂਕਿ ਉਸ ਨੂੰ ਮਰੇ ਹੋਏ ਨੂੰ ਚਾਰ ਦਿਨ ਹੋ ਗਏ ਸਨ ਤੇ ਯਿਸੂ ਨੇ ਉਸ ਨੂੰ ਲੋਕਾਂ ਦੀਆਂ ਨਜ਼ਰਾਂ ਦੇ ਸਾਮ੍ਹਣੇ ਜੀਉਂਦਾ ਕੀਤਾ ਸੀ। (ਯੂਹੰਨਾ 11:39, 42) ਜਿਹੜੇ ਲੋਕ ਯਿਸੂ ਦਾ ਵਿਰੋਧ ਕਰਦੇ ਸਨ, ਉਹ ਵੀ ਇਸ ਗੱਲ ਨੂੰ ਝੁਠਲਾ ਨਹੀਂ ਸਕੇ। ਇਸ ਲਈ ਉਨ੍ਹਾਂ ਨੇ ਯਿਸੂ ਅਤੇ ਲਾਜ਼ਰ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜੀ।—ਯੂਹੰਨਾ 11:47, 53; 12:9-11.
ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰਨ ਦੀ ਕਾਬਲੀਅਤ ਤੇ ਇੱਛਾ ਰੱਖਦਾ ਹੈ। ਪਰਮੇਸ਼ੁਰ ਨੇ ਮੌਤ ਦੀ ਨੀਂਦ ਸੁੱਤੇ ਹਰੇਕ ਵਿਅਕਤੀ ਦੀ ਇਕ-ਇਕ ਗੱਲ ਨੂੰ ਆਪਣੀ ਅਸੀਮ ਯਾਦਾਸ਼ਤ ਵਿਚ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਉਹ ਆਪਣੀ ਅਥਾਹ ਤਾਕਤ ਨਾਲ ਉਨ੍ਹਾਂ ਨੂੰ ਜੀਉਂਦਾ ਕਰੇਗਾ। (ਅੱਯੂਬ 37:23; ਮੱਤੀ 10:30; ਲੂਕਾ 20:37, 38) ਪਰਮੇਸ਼ੁਰ ਕੋਲ ਨਾ ਸਿਰਫ਼ ਲੋਕਾਂ ਨੂੰ ਜੀਉਂਦਾ ਕਰਨ ਦੀ ਤਾਕਤ ਹੈ, ਸਗੋਂ ਉਹ ਉਨ੍ਹਾਂ ਨੂੰ ਜੀਉਂਦਾ ਕਰਨਾ ਵੀ ਚਾਹੁੰਦਾ ਹੈ। ਬਾਈਬਲ ਪਰਮੇਸ਼ੁਰ ਬਾਰੇ ਕਹਿੰਦੀ ਹੈ: “ਤੂੰ ਆਪਣੇ ਹੱਥਾਂ ਦੇ ਕੰਮ ਲਈ ਤਰਸੇਂਗਾ।”—ਅੱਯੂਬ 14:15.
ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰਨ ਬਾਰੇ ਗ਼ਲਤਫ਼ਹਿਮੀਆਂ
ਗ਼ਲਤਫ਼ਹਿਮੀ: ਮੁਰਦਿਆਂ ਦੇ ਜੀ ਉੱਠਣ ਵੇਲੇ ਸਰੀਰ ਵਿਚ ਦੁਬਾਰਾ ਆਤਮਾ ਆ ਜਾਂਦੀ ਹੈ।
ਸੱਚਾਈ: ਬਾਈਬਲ ਦੱਸਦੀ ਹੈ ਕਿ ਇਨਸਾਨ ਦੇ ਸਰੀਰ ਅੰਦਰ ਆਤਮਾ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਜੋ ਮਰਨ ਤੋਂ ਬਾਅਦ ਜੀਉਂਦੀ ਰਹਿੰਦੀ ਹੈ। ਇਸ ਕਰਕੇ ਜਦੋਂ ਕੋਈ ਇਨਸਾਨ ਮਰਦਾ ਹੈ, ਤਾਂ ਉਸ ਦੀ ਹੋਂਦ ਮਿਟ ਜਾਂਦੀ ਹੈ। (ਉਪਦੇਸ਼ਕ ਦੀ ਕਿਤਾਬ 9:5, 10) ਇਸ ਲਈ ਜਦੋਂ ਕਿਸੇ ਇਨਸਾਨ ਨੂੰ ਜੀਉਂਦਾ ਕੀਤਾ ਜਾਵੇਗਾ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸ ਦੇ ਸਰੀਰ ਵਿਚ ਦੁਬਾਰਾ ਆਤਮਾ ਆ ਜਾਵੇਗੀ, ਸਗੋਂ ਉਸ ਨੂੰ ਨਵਾਂ ਸਰੀਰ ਦੇ ਕੇ ਜੀਉਂਦਾ ਕੀਤਾ ਜਾਵੇਗਾ।
ਗ਼ਲਤਫ਼ਹਿਮੀ: ਕੁਝ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਤੇ ਫਿਰ ਉਸੇ ਵੇਲੇ ਉਨ੍ਹਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ।
ਸੱਚਾਈ: ਬਾਈਬਲ ਕਹਿੰਦੀ ਹੈ ਕਿ “ਜਿਹੜੇ ਨੀਚ ਕੰਮਾਂ ਵਿਚ ਲੱਗੇ ਰਹਿੰਦੇ ਹਨ, ਉਹ ਸਜ਼ਾ ਪਾਉਣਗੇ।” (ਯੂਹੰਨਾ 5:29) ਪਰ ਲੋਕਾਂ ਦਾ ਨਿਆਂ ਇਸ ਆਧਾਰ ʼਤੇ ਨਹੀਂ ਕੀਤਾ ਜਾਵੇਗਾ ਕਿ ਉਨ੍ਹਾਂ ਨੇ ਮਰਨ ਤੋਂ ਪਹਿਲਾਂ ਕਿਹੜੇ ਕੰਮ ਕੀਤੇ ਸਨ, ਸਗੋਂ ਇਸ ਆਧਾਰ ʼਤੇ ਉਨ੍ਹਾਂ ਦਾ ਨਿਆਂ ਹੋਵੇਗਾ ਕਿ ਉਹ ਜੀਉਂਦੇ ਹੋਣ ਤੋਂ ਬਾਅਦ ਕਿਹੋ ਜਿਹੇ ਕੰਮ ਕਰਨਗੇ। ਯਿਸੂ ਨੇ ਕਿਹਾ ਸੀ: “ਮਰੇ ਹੋਏ ਲੋਕ ਪਰਮੇਸ਼ੁਰ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਜਿਹੜੇ ਉਸ ਦੀ ਗੱਲ ਵੱਲ ਧਿਆਨ ਦੇਣਗੇ, ਉਹ ਜੀਉਂਦੇ ਰਹਿਣਗੇ।” (ਯੂਹੰਨਾ 5:25) ਜਿਹੜੇ ਲੋਕ ਜੀਉਂਦੇ ਹੋਣ ਤੋਂ ਬਾਅਦ ਪਰਮੇਸ਼ੁਰ ਬਾਰੇ ਸਿੱਖੀਆਂ ਗੱਲਾਂ ਵੱਲ “ਧਿਆਨ ਦੇਣਗੇ” ਅਤੇ ਉਨ੍ਹਾਂ ਮੁਤਾਬਕ ਚੱਲਣਗੇ, ਤਾਂ ਉਨ੍ਹਾਂ ਦੇ ਨਾਂ “ਜੀਵਨ ਦੀ ਕਿਤਾਬ” ਵਿਚ ਲਿਖੇ ਜਾਣਗੇ।—ਪ੍ਰਕਾਸ਼ ਦੀ ਕਿਤਾਬ 20:12, 13.
ਗ਼ਲਤਫ਼ਹਿਮੀ: ਜੀ ਉੱਠਣ ਤੋਂ ਬਾਅਦ ਇਕ ਵਿਅਕਤੀ ਦਾ ਸਰੀਰ ਉਹੀ ਹੋਵੇਗਾ ਜੋ ਮਰਨ ਤੋਂ ਪਹਿਲਾਂ ਸੀ।
ਸੱਚਾਈ: ਜਦੋਂ ਇਕ ਵਿਅਕਤੀ ਦੀ ਮੌਤ ਹੁੰਦੀ ਹੈ, ਤਾਂ ਉਸ ਦਾ ਸਰੀਰ ਹੌਲੀ-ਹੌਲੀ ਗਲ਼-ਸੜ ਜਾਂਦਾ ਹੈ ਅਤੇ ਪੂਰੀ ਤਰ੍ਹਾਂ ਮਿੱਟੀ ਵਿਚ ਮਿਲ ਜਾਂਦਾ ਹੈ।—ਉਪਦੇਸ਼ਕ ਦੀ ਕਿਤਾਬ 3:19, 20.