ਮਰਨ ਤੋਂ ਬਾਅਦ ਇਨਸਾਨ ਨੂੰ ਕੀ ਹੁੰਦਾ ਹੈ?
ਬਾਈਬਲ ਕਹਿੰਦੀ ਹੈ
ਬਾਈਬਲ ਕਹਿੰਦੀ ਹੈ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ।” (ਉਪਦੇਸ਼ਕ ਦੀ ਪੋਥੀ 9:5; ਜ਼ਬੂਰਾਂ ਦੀ ਪੋਥੀ 146:4) ਇਸ ਲਈ ਮਰਨ ਤੋਂ ਬਾਅਦ ਸਾਡੀ ਹੋਂਦ ਖ਼ਤਮ ਹੋ ਜਾਂਦੀ ਹੈ। ਮਰ ਚੁੱਕੇ ਲੋਕ ਨਾ ਤਾਂ ਸੋਚ ਸਕਦੇ ਹਨ, ਨਾ ਕੋਈ ਕੰਮ ਕਰ ਸਕਦੇ ਹਨ ਅਤੇ ਨਾ ਹੀ ਕੁਝ ਮਹਿਸੂਸ ਕਰ ਸਕਦੇ ਹਨ।
“ਮਿੱਟੀ ਵਿੱਚ ਤੂੰ ਮੁੜ ਜਾਵੇਂਗਾ”
ਜਦੋਂ ਰੱਬ ਨੇ ਪਹਿਲੇ ਆਦਮੀ ਆਦਮ ਨਾਲ ਗੱਲ ਕੀਤੀ, ਤਾਂ ਉਸ ਨੇ ਸਮਝਾਇਆ ਕਿ ਮਰਨ ਤੋਂ ਬਾਅਦ ਇਨਸਾਨ ਨੂੰ ਕੀ ਹੁੰਦਾ ਹੈ। ਆਦਮ ਦੀ ਅਣਆਗਿਆਕਾਰੀ ਕਰਕੇ ਰੱਬ ਨੇ ਉਸ ਨੂੰ ਕਿਹਾ: “ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” (ਉਤਪਤ 3:19) ਜਦੋਂ ਤਕ ਰੱਬ ਨੇ ਆਦਮ ਨੂੰ “ਜ਼ਮੀਨ ਦੀ ਮਿੱਟੀ” ਤੋਂ ਨਹੀਂ ਬਣਾਇਆ ਸੀ, ਉਦੋਂ ਤਕ ਤਾਂ ਉਹ ਹੋਂਦ ਵਿਚ ਹੀ ਨਹੀਂ ਸੀ। (ਉਤਪਤ 2:7) ਇਸ ਲਈ ਮਰਨ ਤੋਂ ਬਾਅਦ ਆਦਮ ਮਿੱਟੀ ਵਿਚ ਮਿਲ ਗਿਆ ਅਤੇ ਉਸ ਦੀ ਹੋਂਦ ਖ਼ਤਮ ਹੋ ਗਈ।
ਅੱਜ ਜਿਹੜੇ ਲੋਕ ਮਰਦੇ ਹਨ, ਉਨ੍ਹਾਂ ਨਾਲ ਵੀ ਇਹੀ ਹੁੰਦਾ ਹੈ। ਇਨਸਾਨਾਂ ਅਤੇ ਜਾਨਵਰਾਂ ਬਾਰੇ ਬਾਈਬਲ ਵਿਚ ਲਿਖਿਆ ਹੈ: “ਸਭ ਦੇ ਸਭ ਮਿੱਟੀ ਤੋਂ ਹਨ ਅਤੇ ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ।”—ਉਪਦੇਸ਼ਕ ਦੀ ਪੋਥੀ 3:19, 20.
ਇੱਦਾਂ ਨਹੀਂ ਹੈ ਕਿ ਮਰ ਚੁੱਕੇ ਲੋਕਾਂ ਲਈ ਕੋਈ ਉਮੀਦ ਨਹੀਂ ਹੈ
ਬਾਈਬਲ ਵਿਚ ਅਕਸਰ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ ਗਈ ਹੈ। (ਜ਼ਬੂਰਾਂ ਦੀ ਪੋਥੀ 13:3; ਯੂਹੰਨਾ 11:11-14; ਰਸੂਲਾਂ ਦੇ ਕੰਮ 7:60) ਜਿਹੜਾ ਵਿਅਕਤੀ ਡੂੰਘੀ ਨੀਂਦ ਵਿਚ ਸੁੱਤਾ ਪਿਆ ਹੁੰਦਾ ਹੈ, ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ। ਇਸੇ ਤਰ੍ਹਾਂ ਮਰ ਚੁੱਕੇ ਲੋਕ ਕੁਝ ਨਹੀਂ ਜਾਣਦੇ। ਪਰ ਬਾਈਬਲ ਸਿਖਾਉਂਦੀ ਹੈ ਕਿ ਰੱਬ ਮਰ ਚੁੱਕੇ ਲੋਕਾਂ ਨੂੰ ਫਿਰ ਤੋਂ ਜੀਉਂਦਾ ਕਰੇਗਾ ਜਿੱਦਾਂ ਕਿਸੇ ਨੂੰ ਨੀਂਦ ਤੋਂ ਉਠਾਇਆ ਜਾਂਦਾ ਹੈ। (ਅੱਯੂਬ 14:13-15) ਜਿਨ੍ਹਾਂ ਲੋਕਾਂ ਨੂੰ ਰੱਬ ਦੁਬਾਰਾ ਜੀਉਂਦਾ ਕਰੇਗਾ, ਉਹ ਬਿਨਾਂ ਉਮੀਦ ਤੋਂ ਨਹੀਂ ਹਨ।