ਬਾਈਬਲ ਵਿਚ ਦੱਸੀਆਂ ਔਰਤਾਂ—ਅਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?
ਬਾਈਬਲ ਕੀ ਕਹਿੰਦੀ ਹੈ
ਅਸੀਂ ਬਾਈਬਲ ਵਿਚ ਬਹੁਤ ਸਾਰੀਆਂ ਔਰਤਾਂ ਬਾਰੇ ਪੜ੍ਹ ਸਕਦੇ ਹਾਂ ਜਿਨ੍ਹਾਂ ਦੀਆਂ ਜ਼ਿੰਦਗੀਆਂ ਤੋਂ ਅਸੀਂ ਜ਼ਰੂਰੀ ਸਬਕ ਸਿੱਖ ਸਕਦੇ ਹਾਂ। (ਰੋਮੀਆਂ 15:4; 2 ਤਿਮੋਥਿਉਸ 3:16, 17) ਇਸ ਲੇਖ ਵਿਚ ਅਸੀਂ ਕੁਝ ਔਰਤਾਂ ਬਾਰੇ ਥੋੜ੍ਹਾ-ਬਹੁਤ ਦੇਖਾਂਗੇ ਜਿਨ੍ਹਾਂ ਦਾ ਜ਼ਿਕਰ ਬਾਈਬਲ ਵਿਚ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਚੰਗੀਆਂ ਮਿਸਾਲਾਂ ਹਨ ਜਿਨ੍ਹਾਂ ਦੀ ਅਸੀਂ ਰੀਸ ਕਰ ਸਕਦੇ ਹਾਂ ਅਤੇ ਕੁਝ ਬੁਰੀਆਂ ਮਿਸਾਲਾਂ ਹਨ ਜਿਨ੍ਹਾਂ ਤੋਂ ਸਾਨੂੰ ਚੇਤਾਵਨੀ ਮਿਲਦੀ ਹੈ।—1 ਕੁਰਿੰਥੀਆਂ 10:11; ਇਬਰਾਨੀਆਂ 6:12.
ਅਬੀਗੈਲ
ਅਬੀਗੈਲ ਕੌਣ ਸੀ? ਉਹ ਨਾਬਾਲ ਦੀ ਪਤਨੀ ਸੀ ਜੋ ਅਮੀਰ ਤੇ ਕਠੋਰ ਸੁਭਾਅ ਦਾ ਸੀ। ਪਰ ਅਬੀਗੈਲ ਸਮਝਦਾਰ ਤੇ ਨਿਮਰ ਸੀ। ਉਹ ਬਹੁਤ ਸੋਹਣੀ ਸੀ ਅਤੇ ਉਸ ਵਿਚ ਅਜਿਹੇ ਗੁਣ ਸਨ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਸੀ।—1 ਸਮੂਏਲ 25:3.
ਉਸ ਨੇ ਕੀ ਕੀਤਾ ਸੀ? ਅਬੀਗੈਲ ਨੇ ਆਉਣ ਵਾਲੀ ਮੁਸੀਬਤ ਨੂੰ ਟਾਲਣ ਲਈ ਬੁੱਧ ਅਤੇ ਸਮਝਦਾਰੀ ਤੋਂ ਕੰਮ ਲਿਆ। ਉਹ ਅਤੇ ਨਾਬਾਲ ਉਸ ਇਲਾਕੇ ਵਿਚ ਰਹਿੰਦੇ ਸਨ ਜਿੱਥੇ ਦਾਊਦ ਆਪਣੀ ਜਾਨ ਬਚਾਉਣ ਲਈ ਲੁਕਿਆ ਹੋਇਆ ਸੀ। ਦਾਊਦ ਨੇ ਇਜ਼ਰਾਈਲ ਦਾ ਅਗਲਾ ਰਾਜਾ ਬਣਨਾ ਸੀ। ਜਦੋਂ ਦਾਊਦ ਅਤੇ ਉਸ ਦੇ ਆਦਮੀ ਉਸ ਇਲਾਕੇ ਵਿਚ ਸਨ, ਤਾਂ ਉਨ੍ਹਾਂ ਨੇ ਨਾਬਾਲ ਦੀਆਂ ਭੇਡਾਂ ਨੂੰ ਲੁਟੇਰਿਆਂ ਤੋਂ ਬਚਾਇਆ ਸੀ। ਪਰ ਜਦੋਂ ਦਾਊਦ ਦੇ ਭੇਜੇ ਆਦਮੀਆਂ ਨੇ ਨਾਬਾਲ ਤੋਂ ਖਾਣਾ ਮੰਗਿਆ, ਤਾਂ ਨਾਬਾਲ ਨੇ ਬਦਤਮੀਜ਼ੀ ਨਾਲ ਗੱਲ ਕਰਦਿਆਂ ਉਨ੍ਹਾਂ ਨੂੰ ਕੁਝ ਵੀ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਦਾਊਦ ਗੁੱਸੇ ਨਾਲ ਅੱਗ-ਬਬੂਲਾ ਹੋ ਗਿਆ। ਇਸ ਲਈ ਦਾਊਦ ਅਤੇ ਉਸ ਦੇ ਆਦਮੀ ਨਾਬਾਲ ਅਤੇ ਉਸ ਦੇ ਘਰਾਣੇ ਦੇ ਸਾਰੇ ਆਦਮੀਆਂ ਨੂੰ ਮਾਰਨ ਲਈ ਨਿਕਲੇ।—1 ਸਮੂਏਲ 25:10-12, 22.
ਜਦੋਂ ਅਬੀਗੈਲ ਨੇ ਸੁਣਿਆ ਕਿ ਉਸ ਦੇ ਪਤੀ ਨੇ ਕੀ ਕੀਤਾ ਸੀ, ਤਾਂ ਉਸ ਨੇ ਫਟਾਫਟ ਕਦਮ ਚੁੱਕੇ। ਉਸ ਨੇ ਆਪਣੇ ਨੌਕਰਾਂ ਨੂੰ ਦਾਊਦ ਅਤੇ ਉਸ ਦੇ ਆਦਮੀਆਂ ਲਈ ਖਾਣ-ਪੀਣ ਦੀਆਂ ਚੀਜ਼ਾਂ ਦਿੱਤੀਆਂ ਅਤੇ ਆਪ ਉਨ੍ਹਾਂ ਦੇ ਪਿੱਛੇ-ਪਿੱਛੇ ਦਾਊਦ ਤੋਂ ਦਇਆ ਦੀ ਭੀਖ ਮੰਗਣ ਲਈ ਚੱਲ ਪਈ। (1 ਸਮੂਏਲ 25:14-19, 24-31) ਜਦੋਂ ਦਾਊਦ ਨੇ ਅਬੀਗੈਲ ਦੇ ਤੋਹਫ਼ਿਆਂ ਅਤੇ ਉਸ ਦੀ ਨਿਮਰਤਾ ਨੂੰ ਦੇਖਿਆ ਤੇ ਉਸ ਦੀ ਚੰਗੀ ਸਲਾਹ ਸੁਣੀ, ਤਾਂ ਉਹ ਜਾਣ ਗਿਆ ਕਿ ਪਰਮੇਸ਼ੁਰ ਨੇ ਹੀ ਅਬੀਗੈਲ ਨੂੰ ਵਰਤ ਕੇ ਉਸ ਨੂੰ ਨਾਬਾਲ ਤੇ ਉਸ ਦੇ ਆਦਮੀਆਂ ਦੀ ਜਾਨ ਲੈਣ ਤੋਂ ਰੋਕਿਆ ਸੀ। (1 ਸਮੂਏਲ 25:32, 33) ਇਸ ਤੋਂ ਥੋੜ੍ਹੇ ਸਮੇਂ ਬਾਅਦ ਨਾਬਾਲ ਦੀ ਮੌਤ ਹੋ ਗਈ ਅਤੇ ਅਬੀਗੈਲ ਦਾਊਦ ਦੀ ਪਤਨੀ ਬਣ ਗਈ।—1 ਸਮੂਏਲ 25:37-41.
ਅਸੀਂ ਅਬੀਗੈਲ ਤੋਂ ਕੀ ਸਿੱਖ ਸਕਦੇ ਹਾਂ? ਭਾਵੇਂ ਕਿ ਅਬੀਗੈਲ ਬਹੁਤ ਸੋਹਣੀ ਅਤੇ ਅਮੀਰ ਸੀ, ਪਰ ਉਸ ਨੇ ਆਪਣੇ ਆਪ ਨੂੰ ਹੱਦੋਂ ਵੱਧ ਨਹੀਂ ਸਮਝਿਆ। ਉਹ ਸ਼ਾਂਤੀ ਕਾਇਮ ਕਰਨ ਲਈ ਦਾਊਦ ਤੋਂ ਉਸ ਗ਼ਲਤੀ ਲਈ ਵੀ ਮਾਫ਼ੀ ਮੰਗਣ ਲਈ ਤਿਆਰ ਸੀ ਜਿਸ ਦੀ ਕਸੂਰਵਾਰ ਉਹ ਨਹੀਂ ਸੀ। ਉਸ ਨੇ ਇਸ ਔਖੇ ਹਾਲਾਤ ਵਿਚ ਠੰਢੇ ਦਿਮਾਗ਼ ਨਾਲ ਸੋਚਿਆ ਅਤੇ ਸਮਝਦਾਰੀ, ਹਿੰਮਤ ਅਤੇ ਅਕਲ ਤੋਂ ਕੰਮ ਲਿਆ।
▸ ਅਬੀਗੈਲ ਬਾਰੇ ਹੋਰ ਜਾਣਕਾਰੀ ਲੈਣ ਲਈ “ਉਸ ਨੇ ਸਮਝਦਾਰੀ ਤੋਂ ਕੰਮ ਲਿਆ” ਨਾਂ ਦਾ ਲੇਖ ਦੇਖੋ।
ਦਬੋਰਾਹ
ਦਬੋਰਾਹ ਕੌਣ ਸੀ? ਉਹ ਇਕ ਨਬੀਆ ਸੀ। ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਦਬੋਰਾਹ ਰਾਹੀਂ ਆਪਣੇ ਲੋਕਾਂ ਨੂੰ ਦੱਸਦਾ ਸੀ ਕਿ ਉਹ ਉਨ੍ਹਾਂ ਤੋਂ ਕੀ ਚਾਹੁੰਦਾ ਹੈ। ਪਰਮੇਸ਼ੁਰ ਨੇ ਉਸ ਨੂੰ ਇਜ਼ਰਾਈਲੀਆਂ ਦੇ ਮਸਲੇ ਸੁਲਝਾਉਣ ਲਈ ਵੀ ਵਰਤਿਆ।—ਨਿਆਈਆਂ 4:4, 5.
ਉਸ ਨੇ ਕੀ ਕੀਤਾ ਸੀ? ਦਬੋਰਾਹ ਨਬੀਆ ਨੇ ਦਲੇਰੀ ਨਾਲ ਪਰਮੇਸ਼ੁਰ ਦੇ ਸੇਵਕਾਂ ਦਾ ਸਾਥ ਦਿੱਤਾ। ਪਰਮੇਸ਼ੁਰ ਦੀ ਹਿਦਾਇਤ ਨੂੰ ਮੰਨਦਿਆਂ ਉਸ ਨੇ ਬਾਰਾਕ ਨੂੰ ਬੁਲਾਇਆ ਕਿ ਉਹ ਕਨਾਨੀ ਦੁਸ਼ਮਣਾਂ ਦਾ ਸਾਮ੍ਹਣਾ ਕਰਨ ਲਈ ਇਜ਼ਰਾਈਲੀ ਫ਼ੌਜ ਦੀ ਅਗਵਾਈ ਕਰੇ। (ਨਿਆਈਆਂ 4:6, 7) ਜਦੋਂ ਬਾਰਾਕ ਨੇ ਦਬੋਰਾਹ ਨੂੰ ਆਪਣੇ ਨਾਲ ਜਾਣ ਲਈ ਕਿਹਾ, ਤਾਂ ਉਹ ਡਰੀ ਨਹੀਂ, ਸਗੋਂ ਉਹ ਖ਼ੁਸ਼ੀ-ਖ਼ੁਸ਼ੀ ਉਸ ਦੇ ਨਾਲ ਜਾਣ ਲਈ ਤਿਆਰ ਹੋ ਗਈ।—ਨਿਆਈਆਂ 4:8, 9.
ਜਦੋਂ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਸ਼ਾਨਦਾਰ ਜਿੱਤ ਦਿਵਾਈ, ਤਾਂ ਇਸ ਤੋਂ ਬਾਅਦ ਦਬੋਰਾਹ ਨੇ ਉਸ ਗਾਣੇ ਦਾ ਕੁਝ ਹਿੱਸਾ ਰਚਿਆ ਜੋ ਉਸ ਨੇ ਅਤੇ ਬਾਰਾਕ ਨੇ ਇਸ ਘਟਨਾ ਨੂੰ ਬਿਆਨ ਕਰਦੇ ਹੋਏ ਗਾਇਆ ਸੀ। ਉਸ ਗਾਣੇ ਵਿਚ ਉਸ ਨੇ ਇਕ ਨਿਡਰ ਔਰਤ ਯਾਏਲ ਦਾ ਜ਼ਿਕਰ ਕੀਤਾ ਜਿਸ ਨੇ ਕਨਾਨੀਆਂ ਨੂੰ ਹਰਾਉਣ ਵਿਚ ਭੂਮਿਕਾ ਨਿਭਾਈ ਸੀ।—ਨਿਆਈਆਂ, ਅਧਿਆਇ 5.
ਅਸੀਂ ਦਬੋਰਾਹ ਤੋਂ ਕੀ ਸਿੱਖ ਸਕਦੇ ਹਾਂ? ਦਬੋਰਾਹ ਨਿਰਸੁਆਰਥ ਅਤੇ ਦਲੇਰ ਔਰਤ ਸੀ। ਉਸ ਨੇ ਹੋਰਾਂ ਨੂੰ ਉਹੀ ਕੰਮ ਕਰਨ ਦੀ ਹੱਲਾਸ਼ੇਰੀ ਦਿੱਤੀ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਸੀ। ਜਦੋਂ ਉਹ ਸਹੀ ਕੰਮ ਕਰਦੇ ਸੀ, ਤਾਂ ਉਹ ਉਨ੍ਹਾਂ ਦੀ ਤਾਰੀਫ਼ ਕਰਦੀ ਹੁੰਦੀ ਸੀ।
▸ ਦਬੋਰਾਹ ਬਾਰੇ ਹੋਰ ਜਾਣਕਾਰੀ ਲੈਣ ਲਈ ‘ਮੈਂ ਇਜ਼ਰਾਈਲ ਦੀ ਮਾਂ ਬਣ ਕੇ ਉੱਠੀ।’(ਅੰਗ੍ਰੇਜ਼ੀ) ਨਾਂ ਦਾ ਲੇਖ ਦੇਖੋ।
ਦਲੀਲਾਹ
ਦਲੀਲਾਹ ਕੌਣ ਸੀ? ਇਹ ਉਹ ਔਰਤ ਸੀ ਜਿਸ ਨਾਲ ਇਜ਼ਰਾਈਲੀ ਨਿਆਂਕਾਰ ਸਮਸੂਨ ਨੂੰ ਪਿਆਰ ਹੋ ਗਿਆ ਸੀ।—ਨਿਆਈਆਂ 16:4, 5.
ਉਸ ਨੇ ਕੀ ਕੀਤਾ ਸੀ? ਉਸ ਨੇ ਸਮਸੂਨ ਨੂੰ ਧੋਖਾ ਦੇਣ ਲਈ ਫਲਿਸਤੀ ਹਾਕਮਾਂ ਤੋਂ ਪੈਸੇ ਲਏ ਸਨ। ਪਰਮੇਸ਼ੁਰ ਇਜ਼ਰਾਈਲੀਆਂ ਨੂੰ ਫਲਿਸਤੀਆਂ ਦੇ ਹੱਥੋਂ ਬਚਾਉਣ ਲਈ ਸਮਸੂਨ ਨੂੰ ਵਰਤ ਰਿਹਾ ਸੀ। ਫਲਿਸਤੀ ਉਸ ʼਤੇ ਭਾਰੀ ਨਹੀਂ ਪੈ ਸਕੇ ਕਿਉਂਕਿ ਸਮਸੂਨ ਵਿਚ ਬੇਅੰਤ ਤਾਕਤ ਸੀ। (ਨਿਆਈਆਂ 13:5) ਇਸ ਲਈ ਉਨ੍ਹਾਂ ਨੇ ਦਲੀਲਾਹ ਤੋਂ ਮਦਦ ਮੰਗੀ।
ਫਲਿਸਤੀਆਂ ਨੇ ਦਲੀਲਾਹ ਨੂੰ ਰਿਸ਼ਵਤ ਦਿੱਤੀ ਤਾਂਕਿ ਉਹ ਸਮਸੂਨ ਦੀ ਸ਼ਾਨਦਾਰ ਤਾਕਤ ਦਾ ਰਾਜ਼ ਪਤਾ ਕਰੇ। ਦਲੀਲਾਹ ਨੇ ਪੈਸੇ ਲੈ ਲਏ ਅਤੇ ਵਾਰ-ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਉਸ ਨੂੰ ਸਮਸੂਨ ਦੀ ਤਾਕਤ ਦਾ ਰਾਜ਼ ਪਤਾ ਲੱਗ ਹੀ ਗਿਆ। (ਨਿਆਈਆਂ 16:15-17) ਫਿਰ ਉਸ ਨੇ ਫਲਿਸਤੀਆਂ ਨੂੰ ਉਸ ਦਾ ਰਾਜ਼ ਦੱਸ ਦਿੱਤਾ ਅਤੇ ਉਨ੍ਹਾਂ ਨੇ ਸਮਸੂਨ ਨੂੰ ਫੜ ਕੇ ਜੇਲ੍ਹ ਵਿਚ ਸੁੱਟ ਦਿੱਤਾ।—ਨਿਆਈਆਂ 16:18-21.
ਅਸੀਂ ਦਲੀਲਾਹ ਤੋਂ ਕੀ ਸਿੱਖ ਸਕਦੇ ਹਾਂ? ਦਲੀਲਾਹ ਦੀ ਮਿਸਾਲ ਸਾਡੇ ਲਈ ਚੇਤਾਵਨੀ ਹੈ। ਉਸ ਨੂੰ ਪੈਸਿਆਂ ਦਾ ਲਾਲਚ ਸੀ ਜਿਸ ਕਰਕੇ ਉਸ ਨੇ ਯਹੋਵਾਹ ਪਰਮੇਸ਼ੁਰ ਦੇ ਸੇਵਕ ਨਾਲ ਬੇਵਫ਼ਾਈ ਕੀਤੀ, ਉਸ ਨੂੰ ਧੋਖਾ ਦਿੱਤਾ ਅਤੇ ਉਸ ਦਾ ਫ਼ਾਇਦਾ ਚੁੱਕਿਆ।
ਅਸਤਰ
ਅਸਤਰ ਕੌਣ ਸੀ? ਉਹ ਇਕ ਯਹੂਦੀ ਔਰਤ ਸੀ ਜਿਸ ਨੂੰ ਫ਼ਾਰਸ ਦੇ ਰਾਜੇ ਅਹਸ਼ਵੇਰੋਸ਼ ਨੇ ਆਪਣੀ ਰਾਣੀ ਬਣਨ ਲਈ ਚੁਣਿਆ ਸੀ।
ਉਸ ਨੇ ਕੀ ਕੀਤਾ ਸੀ? ਰਾਣੀ ਅਸਤਰ ਨੇ ਆਪਣੀ ਤਾਕਤ ਦਾ ਇਸਤੇਮਾਲ ਕਰ ਕੇ ਆਪਣੀ ਕੌਮ ਦੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਣ ਤੋਂ ਬਚਾਇਆ ਸੀ। ਉਸ ਨੂੰ ਪਤਾ ਲੱਗਾ ਕਿ ਫਾਰਸੀ ਸਾਮਰਾਜ ਵਿਚ ਰਹਿ ਰਹੇ ਸਾਰੇ ਯਹੂਦੀਆਂ ਨੂੰ ਮਾਰਨ ਦਾ ਫ਼ਰਮਾਨ ਜਾਰੀ ਕੀਤਾ ਗਿਆ ਸੀ। ਇਹ ਬੁਰੀ ਸਾਜ਼ਸ਼ ਹਾਮਾਨ ਨੇ ਘੜੀ ਸੀ ਜੋ ਉਸ ਸਮੇਂ ਦਾ ਪ੍ਰਧਾਨ ਮੰਤਰੀ ਸੀ। (ਅਸਤਰ 3:13-15; 4:1, 5) ਅਸਤਰ ਨੇ ਆਪਣੇ ਤਾਏ ਦੇ ਵੱਡੇ ਮੁੰਡੇ ਮਾਰਦਕਈ ਦੀ ਮਦਦ ਨਾਲ ਇਸ ਸਾਜ਼ਸ਼ ਬਾਰੇ ਆਪਣੇ ਪਤੀ ਰਾਜਾ ਅਹਸ਼ਵੇਰੋਸ਼ ਨੂੰ ਦੱਸਿਆ। ਇਸ ਦੇ ਲਈ ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾਈ। (ਅਸਤਰ 4:10-16; 7:1-10) ਫਿਰ ਅਹਸ਼ਵੇਰੋਸ਼ ਨੇ ਅਸਤਰ ਅਤੇ ਮਾਰਦਕਈ ਨੂੰ ਇਕ ਹੋਰ ਫ਼ਰਮਾਨ ਜਾਰੀ ਕਰਨ ਦੀ ਇਜਾਜ਼ਤ ਦੇ ਦਿੱਤੀ ਜਿਸ ਮੁਤਾਬਕ ਯਹੂਦੀ ਆਪਣੀ ਜਾਨ ਬਚਾ ਸਕਦੇ ਸਨ। ਯਹੂਦੀਆਂ ਨੇ ਆਪਣੇ ਦੁਸ਼ਮਣਾਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ।—ਅਸਤਰ 8:5-11; 9:16, 17.
ਅਸੀਂ ਅਸਤਰ ਤੋਂ ਕੀ ਸਿੱਖ ਸਕਦੇ ਹਾਂ? ਰਾਣੀ ਅਸਤਰ ਨੇ ਦਲੇਰੀ ਤੇ ਨਿਮਰਤਾ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ। (ਜ਼ਬੂਰ 31:24; ਫ਼ਿਲਿੱਪੀਆਂ 2:3) ਭਾਵੇਂ ਉਹ ਸੋਹਣੀ ਸੀ ਤੇ ਉਸ ਕੋਲ ਕਾਫ਼ੀ ਅਧਿਕਾਰ ਸੀ, ਪਰ ਫਿਰ ਵੀ ਉਸ ਨੇ ਦੂਜਿਆਂ ਤੋਂ ਸਲਾਹ ਤੇ ਮਦਦ ਮੰਗੀ। ਉਸ ਨੇ ਆਪਣੇ ਪਤੀ ਨਾਲ ਸਮਝਦਾਰੀ ਤੇ ਆਦਰ ਨਾਲ ਗੱਲ ਕਰ ਕੇ ਦਲੇਰੀ ਵੀ ਦਿਖਾਈ। ਨਾਲੇ ਜਦੋਂ ਯਹੂਦੀਆਂ ਦੀ ਜਾਨ ਖ਼ਤਰੇ ਵਿਚ ਸੀ, ਤਾਂ ਉਸ ਨੇ ਦਲੇਰੀ ਨਾਲ ਦੱਸਿਆ ਕਿ ਉਹ ਵੀ ਇਕ ਯਹੂਦਣ ਸੀ।
▸ ਅਸਤਰ ਬਾਰੇ ਹੋਰ ਜਾਣਕਾਰੀ ਲੈਣ ਲਈ “ਉਹ ਰੱਬ ਦੇ ਲੋਕਾਂ ਦੇ ਪੱਖ ਵਿਚ ਖੜ੍ਹੀ ਹੋਈ” ਅਤੇ “ਉਹ ਸਮਝਦਾਰ, ਦਲੇਰ ਅਤੇ ਨਿਰਸੁਆਰਥ ਸੀ” ਨਾਂ ਦੇ ਲੇਖ ਦੇਖੋ।
ਹੱਵਾਹ
ਹੱਵਾਹ ਕੌਣ ਸੀ? ਉਹ ਸਭ ਤੋਂ ਪਹਿਲੀ ਔਰਤ ਸੀ ਜਿਸ ਦਾ ਜ਼ਿਕਰ ਬਾਈਬਲ ਵਿਚ ਪਹਿਲੀ ਵਾਰ ਆਉਂਦਾ ਹੈ।
ਉਸ ਨੇ ਕੀ ਕੀਤਾ ਸੀ? ਹੱਵਾਹ ਨੇ ਪਰਮੇਸ਼ੁਰ ਵੱਲੋਂ ਦਿੱਤੇ ਹੁਕਮ ਦੀ ਪਾਲਣਾ ਨਹੀਂ ਕੀਤੀ ਸੀ। ਉਸ ਨੂੰ ਉਸ ਦੇ ਪਤੀ ਆਦਮ ਵਾਂਗ ਮੁਕੰਮਲ ਬਣਾਇਆ ਗਿਆ ਸੀ, ਉਸ ਨੂੰ ਆਜ਼ਾਦ ਮਰਜ਼ੀ ਦਿੱਤੀ ਗਈ ਸੀ ਅਤੇ ਆਪਣੇ ਵਿਚ ਪਰਮੇਸ਼ੁਰ ਵਰਗੇ ਗੁਣ ਪੈਦਾ ਕਰਨ ਦੀ ਕਾਬਲੀਅਤ ਨਾਲ ਬਣਾਇਆ ਗਿਆ ਸੀ, ਜਿਵੇਂ ਪਿਆਰ ਤੇ ਬੁੱਧ। (ਉਤਪਤ 1:27) ਹੱਵਾਹ ਜਾਣਦੀ ਸੀ ਕਿ ਪਰਮੇਸ਼ੁਰ ਨੇ ਆਦਮ ਨੂੰ ਕਿਹਾ ਸੀ ਕਿ ਜੇ ਉਹ ਇਕ ਦਰਖ਼ਤ ਦਾ ਫਲ ਖਾਣਗੇ, ਤਾਂ ਉਹ ਜ਼ਰੂਰ ਮਰ ਜਾਣਗੇ। ਪਰ ਉਹ ਸ਼ੈਤਾਨ ਦੇ ਧੋਖੇ ਵਿਚ ਆ ਗਈ ਕਿ ਉਹ ਨਹੀਂ ਮਰੇਗੀ। ਦਰਅਸਲ, ਉਸ ਨੂੰ ਇਹ ਯਕੀਨ ਦਿਵਾਇਆ ਗਿਆ ਕਿ ਪਰਮੇਸ਼ੁਰ ਦਾ ਕਹਿਣਾ ਨਾ ਮੰਨ ਕੇ ਉਹ ਵਧੀਆ ਜ਼ਿੰਦਗੀ ਜੀ ਸਕੇਗੀ। ਇਸ ਲਈ ਉਸ ਨੇ ਮਨ੍ਹਾ ਕੀਤੇ ਹੋਏ ਦਰਖ਼ਤ ਦਾ ਫਲ ਖਾ ਲਿਆ ਅਤੇ ਬਾਅਦ ਵਿਚ ਆਪਣੇ ਪਤੀ ਨੂੰ ਵੀ ਇਹ ਫਲ ਖਾਣ ਲਈ ਮਨਾ ਲਿਆ।—ਉਤਪਤ 3:1-6; 1 ਤਿਮੋਥਿਉਸ 2:14.
ਅਸੀਂ ਹੱਵਾਹ ਤੋਂ ਕੀ ਸਿੱਖ ਸਕਦੇ ਹਾਂ? ਹੱਵਾਹ ਦੀ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗ਼ਲਤ ਇੱਛਾਵਾਂ ਬਾਰੇ ਸੋਚਦੇ ਰਹਿਣਾ ਖ਼ਤਰਨਾਕ ਹੈ। ਉਸ ਨੇ ਪਰਮੇਸ਼ੁਰ ਵੱਲੋਂ ਦਿੱਤੇ ਹੁਕਮ ਦੇ ਖ਼ਿਲਾਫ਼ ਜਾ ਕੇ ਆਪਣੇ ਅੰਦਰ ਉਹ ਚੀਜ਼ ਪਾਉਣ ਦੀ ਗਹਿਰੀ ਇੱਛਾ ਪੈਦਾ ਕੀਤੀ ਜੋ ਉਸ ਦੀ ਨਹੀਂ ਸੀ।—ਉਤਪਤ 3:6; 1 ਯੂਹੰਨਾ 2:16.
ਹੰਨਾਹ
ਹੰਨਾਹ ਕੌਣ ਸੀ? ਉਹ ਅਲਕਾਨਾਹ ਦੀ ਪਤਨੀ ਅਤੇ ਸਮੂਏਲ ਦੀ ਮਾਂ ਸੀ ਜੋ ਬਾਅਦ ਵਿਚ ਇਜ਼ਰਾਈਲ ਦਾ ਮੰਨਿਆ-ਪ੍ਰਮੰਨਿਆ ਨਬੀ ਬਣਿਆ।—1 ਸਮੂਏਲ 1:1, 2, 4-7.
ਉਸ ਨੇ ਕੀ ਕੀਤਾ ਸੀ? ਜਦੋਂ ਹੰਨਾਹ ਬੇਔਲਾਦ ਸੀ, ਤਾਂ ਉਸ ਨੇ ਦਿਲਾਸੇ ਲਈ ਪਰਮੇਸ਼ੁਰ ਨੂੰ ਫ਼ਰਿਆਦ ਕੀਤੀ। ਉਸ ਦੇ ਪਤੀ ਅਲਕਾਨਾਹ ਦੀਆਂ ਦੋ ਪਤਨੀਆਂ ਸਨ। ਉਸ ਦੀ ਦੂਜੀ ਪਤਨੀ ਪਨਿੰਨਾਹ ਦੇ ਬੱਚੇ ਸਨ। ਪਰ ਹੰਨਾਹ ਵਿਆਹ ਤੋਂ ਕਾਫ਼ੀ ਸਾਲਾਂ ਬਾਅਦ ਵੀ ਬੇਔਲਾਦ ਸੀ। ਪਨਿੰਨਾਹ ਹਮੇਸ਼ਾ ਉਸ ਨੂੰ ਤਾਅਨੇ-ਮਿਹਣੇ ਮਾਰਦੀ ਸੀ, ਪਰ ਹੰਨਾਹ ਦਿਲਾਸਾ ਪਾਉਣ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੀ ਸੀ। ਉਸ ਨੇ ਪਰਮੇਸ਼ੁਰ ਅੱਗੇ ਸੁੱਖਣਾ ਸੁੱਖੀ ਕਿ ਜੇ ਪਰਮੇਸ਼ੁਰ ਉਸ ਨੂੰ ਇਕ ਪੁੱਤਰ ਦੇਵੇ, ਤਾਂ ਉਹ ਉਸ ਬੱਚੇ ਨੂੰ ਪਰਮੇਸ਼ੁਰ ਦੇ ਡੇਰੇ ਵਿਚ ਸੇਵਾ ਕਰਨ ਲਈ ਦੇ ਦੇਵੇਗੀ। ਇਜ਼ਰਾਈਲੀ ਭਗਤੀ ਲਈ ਤੰਬੂ ਵਰਤਦੇ ਸਨ ਜਿਸ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਸੀ।—1 ਸਮੂਏਲ 1:11.
ਪਰਮੇਸ਼ੁਰ ਨੇ ਹੰਨਾਹ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਅਤੇ ਹੰਨਾਹ ਨੇ ਸਮੂਏਲ ਨੂੰ ਜਨਮ ਦਿੱਤਾ। ਹੰਨਾਹ ਆਪਣੇ ਵਾਅਦੇ ਮੁਤਾਬਕ ਸਮੂਏਲ ਨੂੰ ਡੇਰੇ ਵਿਚ ਸੇਵਾ ਕਰਨ ਲਈ ਲੈ ਗਈ ਜਦੋਂ ਉਹ ਅਜੇ ਛੋਟਾ ਹੀ ਸੀ। (1 ਸਮੂਏਲ 1:27, 28) ਹਰ ਸਾਲ ਉਹ ਸਮੂਏਲ ਲਈ ਚੋਗਾ ਬਣਾ ਕੇ ਲਿਆਉਂਦੀ ਸੀ। ਸਮੇਂ ਦੇ ਬੀਤਣ ਨਾਲ ਪਰਮੇਸ਼ੁਰ ਦੀ ਮਿਹਰ ਨਾਲ ਹੰਨਾਹ ਦੇ ਪੰਜ ਹੋਰ ਬੱਚੇ ਹੋਏ, ਤਿੰਨ ਮੁੰਡੇ ਤੇ ਦੋ ਧੀਆਂ।—1 ਸਮੂਏਲ 2:18-21.
ਅਸੀਂ ਹੰਨਾਹ ਤੋਂ ਕੀ ਸਿੱਖ ਸਕਦੇ ਹਾਂ? ਦਿਲੋਂ ਕੀਤੀਆਂ ਪ੍ਰਾਰਥਨਾਵਾਂ ਦੀ ਮਦਦ ਨਾਲ ਹੰਨਾਹ ਮੁਸ਼ਕਲਾਂ ਨੂੰ ਸਹਿ ਸਕੀ। ਧੰਨਵਾਦ ਲਈ ਕੀਤੀ ਉਸ ਦੀ ਪ੍ਰਾਰਥਨਾ 1 ਸਮੂਏਲ 2:1-10 ਵਿਚ ਦਰਜ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਪਰਮੇਸ਼ੁਰ ʼਤੇ ਕਿੰਨੀ ਨਿਹਚਾ ਰੱਖਦੀ ਸੀ।
▸ ਹੰਨਾਹ ਬਾਰੇ ਹੋਰ ਜਾਣਕਾਰੀ ਲੈਣ ਲਈ “ਉਸ ਨੇ ਪਰਮੇਸ਼ੁਰ ਨੂੰ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀ” ਨਾਂ ਦਾ ਲੇਖ ਦੇਖੋ।
▸ ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਆਪਣੇ ਸੇਵਕਾਂ ਦੇ ਇਕ ਤੋਂ ਜ਼ਿਆਦਾ ਵਿਆਹਾਂ ਨੂੰ ਕਿਉਂ ਬਰਦਾਸ਼ਤ ਕੀਤਾ, ਇਸ ਬਾਰੇ ਜਾਣਨ ਲਈ “ਕੀ ਪਰਮੇਸ਼ੁਰ ਨੇ ਇਕ ਤੋਂ ਜ਼ਿਆਦਾ ਵਿਆਹ ਕਰਾਉਣ ਦੀ ਇਜਾਜ਼ਤ ਦਿੱਤੀ ਸੀ?” (ਅੰਗ੍ਰੇਜ਼ੀ) ਲੇਖ ਦੇਖੋ।
ਯਾਏਲ
ਯਾਏਲ ਕੌਣ ਸੀ? ਉਹ ਗ਼ੈਰ-ਇਜ਼ਰਾਈਲੀ ਹੇਬਰ ਦੀ ਪਤਨੀ ਸੀ। ਯਾਏਲ ਨੇ ਨਿਡਰਤਾ ਨਾਲ ਪਰਮੇਸ਼ੁਰ ਦੇ ਲੋਕਾਂ ਦਾ ਸਾਥ ਦਿੱਤਾ।
ਉਸ ਨੇ ਕੀ ਕੀਤਾ ਸੀ? ਜਦੋਂ ਕਨਾਨ ਦੀ ਫ਼ੌਜ ਦਾ ਮੁਖੀ ਸੀਸਰਾ ਯਾਏਲ ਦੇ ਤੰਬੂ ਕੋਲ ਆਇਆ, ਤਾਂ ਉਸ ਨੇ ਤੁਰੰਤ ਕਦਮ ਚੁੱਕਿਆ। ਸੀਸਰਾ ਇਜ਼ਰਾਈਲ ਖ਼ਿਲਾਫ਼ ਯੁੱਧ ਹਾਰ ਗਿਆ ਸੀ ਅਤੇ ਹੁਣ ਉਹ ਲੁਕਣ ਤੇ ਆਰਾਮ ਕਰਨ ਲਈ ਥਾਂ ਲੱਭ ਰਿਹਾ ਸੀ। ਯਾਏਲ ਨੇ ਉਸ ਨੂੰ ਆਪਣੇ ਤੰਬੂ ਵਿਚ ਆਉਣ ਲਈ ਕਿਹਾ। ਜਦੋਂ ਉਹ ਸੌਂ ਰਿਹਾ ਸੀ, ਤਾਂ ਯਾਏਲ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।—ਨਿਆਈਆਂ 4:17-21.
ਯਾਏਲ ਦੇ ਇਸ ਕੰਮ ਕਰਕੇ ਦਬੋਰਾਹ ਵੱਲੋਂ ਕੀਤੀ ਭਵਿੱਖਬਾਣੀ ਪੂਰੀ ਹੋਈ: “ਯਹੋਵਾਹ ਸੀਸਰਾ ਨੂੰ ਇਕ ਔਰਤ ਦੇ ਹੱਥ ਵਿਚ ਦੇ ਦੇਵੇਗਾ।” (ਨਿਆਈਆਂ 4:9) ਯਾਏਲ ਨੇ ਜੋ ਕੀਤਾ, ਉਸ ਕਰਕੇ ਉਸ ਦੀ ਤਾਰੀਫ਼ ਕੀਤੀ ਗਈ ਕਿ ਉਹ “ਸਾਰੀਆਂ ਔਰਤਾਂ ਨਾਲੋਂ ਧੰਨ ਹੈ।”—ਨਿਆਈਆਂ 5:24.
ਅਸੀਂ ਯਾਏਲ ਤੋਂ ਕੀ ਸਿੱਖ ਸਕਦੇ ਹਾਂ? ਯਾਏਲ ਨੇ ਅੱਗੇ ਹੋ ਕੇ ਕਦਮ ਚੁੱਕਿਆ ਅਤੇ ਦਲੇਰੀ ਦਿਖਾਈ। ਉਸ ਦੇ ਬਿਰਤਾਂਤ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਭਵਿੱਖਬਾਣੀ ਪੂਰੀ ਕਰਨ ਲਈ ਹਾਲਾਤਾਂ ਨੂੰ ਕਿਸੇ ਵੀ ਤਰੀਕੇ ਨਾਲ ਢਾਲ ਸਕਦਾ ਹੈ।
ਈਜ਼ਬਲ
ਈਜ਼ਬਲ ਕੌਣ ਸੀ? ਉਹ ਇਜ਼ਰਾਈਲ ਦੇ ਰਾਜੇ ਅਹਾਬ ਦੀ ਪਤਨੀ ਸੀ। ਉਹ ਗ਼ੈਰ-ਇਜ਼ਰਾਈਲੀ ਸੀ ਤੇ ਯਹੋਵਾਹ ਨੂੰ ਦੀ ਭਗਤੀ ਨਹੀਂ ਕਰਦੀ ਸੀ। ਇਸ ਦੀ ਬਜਾਇ, ਉਹ ਕਨਾਨ ਦੇ ਦੇਵਤੇ ਬਆਲ ਦੀ ਭਗਤੀ ਕਰਦੀ ਸੀ।
ਉਸ ਨੇ ਕੀ ਕੀਤਾ ਸੀ? ਰਾਣੀ ਈਜ਼ਬਲ ਰੋਹਬ ਝਾੜਨ ਵਾਲੀ, ਬੇਰਹਿਮ ਅਤੇ ਹਿੰਸਕ ਔਰਤ ਸੀ। ਉਸ ਨੇ ਲੋਕਾਂ ਨੂੰ ਬਆਲ ਦੀ ਭਗਤੀ ਕਰਨ ਦੇ ਨਾਲ-ਨਾਲ ਹਰਾਮਕਾਰੀ ਕਰਨ ਦੀ ਵੀ ਹੱਲਾਸ਼ੇਰੀ ਦਿੱਤੀ ਜੋ ਬਆਲ ਦੀ ਭਗਤੀ ਦਾ ਹਿੱਸਾ ਸੀ। ਇਸੇ ਸਮੇਂ ਦੌਰਾਨ, ਉਸ ਨੇ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਵੀ ਕੋਸ਼ਿਸ਼ ਕੀਤੀ।—1 ਰਾਜਿਆਂ 18:4, 13; 19:1-3.
ਆਪਣੀਆਂ ਸੁਆਰਥੀ ਇੱਛਾਵਾਂ ਨੂੰ ਪੂਰਾ ਕਰਨ ਲਈ ਉਸ ਨੇ ਝੂਠ ਦਾ ਸਹਾਰਾ ਲਿਆ ਤੇ ਲੋਕਾਂ ਨੂੰ ਮਰਵਾਇਆ। (1 ਰਾਜਿਆਂ 21:8-16) ਭਵਿੱਖਬਾਣੀ ਅਨੁਸਾਰ ਉਹ ਬਹੁਤ ਬੁਰੀ ਮੌਤ ਮਰੀ ਅਤੇ ਉਸ ਨੂੰ ਦਫ਼ਨਾਇਆ ਵੀ ਨਹੀਂ ਗਿਆ।—1 ਰਾਜਿਆਂ 21:23; 2 ਰਾਜਿਆਂ 9:10, 32-37.
ਅਸੀਂ ਈਜ਼ਬਲ ਤੋਂ ਕੀ ਸਿੱਖ ਸਕਦੇ ਹਾਂ? ਉਸ ਤੋਂ ਸਾਨੂੰ ਇਕ ਚੇਤਾਵਨੀ ਮਿਲਦੀ ਹੈ। ਉਹ ਨੈਤਿਕ ਤੌਰ ਤੇ ਭਰਿਸ਼ਟ ਸੀ ਅਤੇ ਕੋਈ ਵੀ ਚੀਜ਼ ਹਾਸਲ ਕਰਨ ਲਈ ਉਹ ਕੁਝ ਵੀ ਕਰਨ ਲਈ ਤਿਆਰ ਸੀ। ਇਸ ਲਈ ਉਹ ਬੇਸ਼ਰਮ, ਅਨੈਤਿਕ ਅਤੇ ਬੇਲਗਾਮ ਔਰਤ ਸੀ।
ਲੇਆਹ
ਲੇਆਹ ਕੌਣ ਸੀ? ਉਹ ਯਾਕੂਬ ਦੀ ਪਹਿਲੀ ਪਤਨੀ ਸੀ। ਉਸ ਦੀ ਛੋਟੀ ਭੈਣ ਰਾਕੇਲ ਯਾਕੂਬ ਦੀ ਦੂਜੀ ਪਤਨੀ ਸੀ।—ਉਤਪਤ 29:20-29.
ਉਸ ਨੇ ਕੀ ਕੀਤਾ ਸੀ? ਲੇਆਹ ਯਾਕੂਬ ਦੇ ਛੇ ਮੁੰਡਿਆਂ ਦੀ ਮਾਂ ਸੀ। (ਰੂਥ 4:11) ਯਾਕੂਬ ਰਾਕੇਲ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ, ਨਾ ਕਿ ਲੇਆਹ ਨਾਲ। ਪਰ ਉਨ੍ਹਾਂ ਦੇ ਪਿਤਾ ਲਾਬਾਨ ਨੇ ਰਾਕੇਲ ਦੀ ਥਾਂ ਲੇਆਹ ਦਾ ਵਿਆਹ ਕਰਾ ਦਿੱਤਾ। ਜਦੋਂ ਯਾਕੂਬ ਨੂੰ ਪਤਾ ਲੱਗਾ ਕਿ ਉਸ ਦਾ ਵਿਆਹ ਧੋਖੇ ਨਾਲ ਲੇਆਹ ਨਾਲ ਕਰ ਦਿੱਤਾ ਗਿਆ ਸੀ, ਤਾਂ ਉਸ ਨੇ ਲਾਬਾਨ ਨਾਲ ਗੱਲ ਕੀਤੀ। ਲਾਬਾਨ ਨੇ ਕਿਹਾ ਕਿ ਸਾਡੇ ਇੱਥੇ ਵੱਡੀ ਤੋਂ ਪਹਿਲਾਂ ਛੋਟੀ ਕੁੜੀ ਦਾ ਵਿਆਹ ਕਰਨ ਦਾ ਰਿਵਾਜ ਨਹੀਂ ਹੈ। ਇਕ ਹਫ਼ਤੇ ਬਾਅਦ ਯਾਕੂਬ ਨੇ ਰਾਕੇਲ ਨਾਲ ਵਿਆਹ ਕਰਾ ਲਿਆ।—ਉਤਪਤ 29:26-28.
ਯਾਕੂਬ ਲੇਆਹ ਨਾਲੋਂ ਜ਼ਿਆਦਾ ਰਾਕੇਲ ਨੂੰ ਪਿਆਰ ਕਰਦਾ ਸੀ। (ਉਤਪਤ 29:30) ਇਸ ਕਰਕੇ ਲੇਆਹ ਰਾਕੇਲ ਨਾਲ ਈਰਖਾ ਕਰਦੀ ਸੀ ਤੇ ਉਹ ਯਾਕੂਬ ਦਾ ਪਿਆਰ ਪਾਉਣ ਲਈ ਰਾਕੇਲ ਨਾਲ ਮੁਕਾਬਲਾ ਕਰਦੀ ਸੀ। ਪਰਮੇਸ਼ੁਰ ਨੇ ਲੇਆਹ ਦੀਆਂ ਭਾਵਨਾਵਾਂ ਨੂੰ ਸਮਝਿਆ ਤੇ ਉਸ ਨੂੰ ਸੱਤ ਬੱਚਿਆਂ ਨਾਲ ਨਿਵਾਜਿਆ। ਉਸ ਦੇ ਛੇ ਪੁੱਤਰ ਤੇ ਇਕ ਧੀ ਸੀ।—ਉਤਪਤ 29:31.
ਅਸੀਂ ਲੇਆਹ ਤੋਂ ਕੀ ਸਿੱਖ ਸਕਦੇ ਹਾਂ? ਲੇਆਹ ਨੇ ਪ੍ਰਾਰਥਨਾ ਕਰ ਕੇ ਪਰਮੇਸ਼ੁਰ ʼਤੇ ਆਪਣਾ ਭਰੋਸਾ ਜ਼ਾਹਰ ਕੀਤਾ ਅਤੇ ਪਰਿਵਾਰ ਵਿਚ ਮੁਸ਼ਕਲਾਂ ਹੋਣ ਦੇ ਬਾਵਜੂਦ ਉਸ ਨੂੰ ਅਹਿਸਾਸ ਸੀ ਕਿ ਪਰਮੇਸ਼ੁਰ ਉਸ ਦੀ ਮਦਦ ਕਰ ਰਿਹਾ ਸੀ। (ਉਤਪਤ 29:32-35; 30:20) ਉਸ ਦੀ ਜ਼ਿੰਦਗੀ ਤੋਂ ਪਤਾ ਲੱਗਦਾ ਹੈ ਕਿ ਇਕ ਤੋਂ ਜ਼ਿਆਦਾ ਵਿਆਹ ਕਰਾਉਣ ਨਾਲ ਮੁਸ਼ਕਲਾਂ ਹੀ ਆਉਂਦੀਆਂ ਹਨ। ਉਸ ਸਮੇਂ ਪਰਮੇਸ਼ੁਰ ਨੇ ਇਸ ਪ੍ਰਬੰਧ ਨੂੰ ਬਰਦਾਸ਼ਤ ਕੀਤਾ ਸੀ। ਪਰ ਪਰਮੇਸ਼ੁਰ ਨੇ ਮਿਆਰ ਤੈਅ ਕੀਤਾ ਸੀ ਕਿ ਇਕ ਪਤੀ ਦੀ ਇੱਕੋ ਪਤਨੀ ਹੋਣੀ ਚਾਹੀਦੀ ਹੈ।—ਮੱਤੀ 19:4-6.
▸ ਲੇਆਹ ਬਾਰੇ ਹੋਰ ਜਾਣਕਾਰੀ ਲੈਣ ਲਈ “ਦੋ ਦੁਖੀ ਭੈਣਾਂ ਜਿਨ੍ਹਾਂ ਨੇ ‘ਇਸਰਾਏਲ ਦਾ ਘਰ ਬਣਾਇਆ’” ਨਾਂ ਦਾ ਲੇਖ ਦੇਖੋ।
▸ ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਆਪਣੇ ਸੇਵਕਾਂ ਦੇ ਇਕ ਤੋਂ ਜ਼ਿਆਦਾ ਵਿਆਹਾਂ ਨੂੰ ਕਿਉਂ ਬਰਦਾਸ਼ਤ ਕੀਤਾ, ਇਸ ਬਾਰੇ ਜਾਣਨ ਲਈ “ਕੀ ਪਰਮੇਸ਼ੁਰ ਨੇ ਇਕ ਤੋਂ ਜ਼ਿਆਦਾ ਵਿਆਹ ਕਰਾਉਣ ਦੀ ਇਜਾਜ਼ਤ ਦਿੱਤੀ ਸੀ?” (ਅੰਗ੍ਰੇਜ਼ੀ) ਲੇਖ ਦੇਖੋ।
ਮਾਰਥਾ
ਮਾਰਥਾ ਕੌਣ ਸੀ? ਉਹ ਲਾਜ਼ਰ ਤੇ ਮਰੀਅਮ ਦੀ ਭੈਣ ਸੀ। ਉਹ ਤਿੰਨੇ ਜਣੇ ਯਰੂਸ਼ਲਮ ਦੇ ਨੇੜੇ ਬੈਥਨੀਆ ਨਾਂ ਦੇ ਪਿੰਡ ਵਿਚ ਰਹਿੰਦੇ ਸਨ।
ਉਸ ਨੇ ਕੀ ਕੀਤਾ ਸੀ? ਮਾਰਥਾ ਦੀ ਯਿਸੂ ਨਾਲ ਵਧੀਆ ਦੋਸਤੀ ਸੀ ਤੇ ਯਿਸੂ “ਮਾਰਥਾ, ਉਸ ਦੀ ਭੈਣ ਮਰੀਅਮ ਅਤੇ ਲਾਜ਼ਰ ਨਾਲ ਪਿਆਰ ਕਰਦਾ ਸੀ।” (ਯੂਹੰਨਾ 11:5) ਮਾਰਥਾ ਪਰਾਹੁਣਚਾਰੀ ਕਰਨ ਵਾਲੀ ਔਰਤ ਸੀ। ਜਦੋਂ ਇਕ ਵਾਰ ਯਿਸੂ ਉਨ੍ਹਾਂ ਦੇ ਘਰ ਗਿਆ, ਤਾਂ ਮਰੀਅਮ ਉਸ ਦੀਆਂ ਗੱਲਾਂ ਸੁਣਨ ਲੱਗ ਪਈ, ਪਰ ਮਾਰਥਾ ਘਰ ਦੇ ਕੰਮਾਂ ਵਿਚ ਲੱਗੀ ਰਹੀ। ਮਾਰਥਾ ਨੇ ਯਿਸੂ ਨੂੰ ਸ਼ਿਕਾਇਤ ਕੀਤੀ ਕਿ ਮਰੀਅਮ ਉਸ ਦੀ ਮਦਦ ਨਹੀਂ ਕਰ ਰਹੀ। ਯਿਸੂ ਨੇ ਪਿਆਰ ਨਾਲ ਮਾਰਥਾ ਦੀ ਸੋਚ ਨੂੰ ਸੁਧਾਰਿਆ।—ਲੂਕਾ 10:38-42.
ਜਦੋਂ ਲਾਜ਼ਰ ਬੀਮਾਰ ਸੀ, ਤਾਂ ਮਾਰਥਾ ਤੇ ਉਸ ਦੀ ਭੈਣ ਮਰੀਅਮ ਨੇ ਸੁਨੇਹਾ ਭੇਜ ਕੇ ਯਿਸੂ ਨੂੰ ਸੱਦਿਆ ਕਿਉਂਕਿ ਉਨ੍ਹਾਂ ਨੂੰ ਭਰੋਸਾ ਸੀ ਕਿ ਉਹ ਉਨ੍ਹਾਂ ਦੇ ਭਰਾ ਨੂੰ ਠੀਕ ਕਰ ਸਕਦਾ ਸੀ। (ਯੂਹੰਨਾ 11:3, 21) ਪਰ ਲਾਜ਼ਰ ਮਰ ਗਿਆ। ਮਾਰਥਾ ਤੇ ਯਿਸੂ ਵਿਚ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਮਾਰਥਾ ਨੂੰ ਪੂਰਾ ਭਰੋਸਾ ਸੀ ਕਿ ਮਰ ਚੁੱਕੇ ਲੋਕ ਦੁਬਾਰਾ ਜੀ ਉੱਠਣਗੇ ਤੇ ਯਿਸੂ ਉਸ ਦੇ ਭਰਾ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਸੀ।—ਯੂਹੰਨਾ 11:20-27.
ਅਸੀਂ ਮਾਰਥਾ ਤੋਂ ਕੀ ਸਿੱਖ ਸਕਦੇ ਹਾਂ? ਮਾਰਥਾ ਪਰਾਹੁਣਚਾਰੀ ਕਰਨ ਲਈ ਸਖ਼ਤ ਮਿਹਨਤ ਕਰਦੀ ਸੀ। ਉਸ ਨੇ ਖ਼ੁਸ਼ੀ ਨਾਲ ਤਾੜਨਾ ਨੂੰ ਸਵੀਕਾਰ ਕੀਤਾ। ਉਸ ਨੇ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਅਤੇ ਆਪਣੀ ਨਿਹਚਾ ਬਾਰੇ ਗੱਲ ਕੀਤੀ।
▸ ਮਾਰਥਾ ਬਾਰੇ ਹੋਰ ਜਾਣਕਾਰੀ ਲੈਣ ਲਈ “ਮੈਨੂੰ ਵਿਸ਼ਵਾਸ ਹੈ” ਨਾਂ ਦਾ ਲੇਖ ਦੇਖੋ।
ਮਰੀਅਮ (ਯਿਸੂ ਦੀ ਮਾਤਾ)
ਮਰੀਅਮ ਕੌਣ ਸੀ? ਉਹ ਇਕ ਯਹੂਦਣ ਸੀ। ਜਦੋਂ ਉਹ ਕੁਆਰੀ ਸੀ, ਤਾਂ ਉਹ ਚਮਤਕਾਰੀ ਤਰੀਕੇ ਨਾਲ ਗਰਭਵਤੀ ਹੋਈ ਤੇ ਉਸ ਨੇ ਪਰਮੇਸ਼ੁਰ ਦੇ ਪੁੱਤਰ ਯਿਸੂ ਨੂੰ ਜਨਮ ਦਿੱਤਾ।
ਉਸ ਨੇ ਕੀ ਕੀਤਾ ਸੀ? ਮਰੀਅਮ ਨੇ ਨਿਮਰਤਾ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ। ਉਸ ਦੀ ਯੂਸੁਫ਼ ਨਾਲ ਕੁੜਮਾਈ ਹੋ ਚੁੱਕੀ ਸੀ ਜਦੋਂ ਇਕ ਦੂਤ ਨੇ ਉਸ ਨੂੰ ਆ ਕੇ ਦੱਸਿਆ ਕਿ ਉਹ ਗਰਭਵਤੀ ਹੋਵੇਗੀ ਅਤੇ ਮਸੀਹ ਨੂੰ ਜਨਮ ਦੇਵੇਗੀ ਜਿਸ ਦੀ ਲੋਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। (ਲੂਕਾ 1:26-33) ਉਸ ਨੇ ਖ਼ੁਸ਼ੀ-ਖ਼ੁਸ਼ੀ ਇਹ ਜ਼ਿੰਮੇਵਾਰੀ ਸਵੀਕਾਰ ਕੀਤੀ। ਯਿਸੂ ਦੇ ਜਨਮ ਤੋਂ ਬਾਅਦ ਮਰੀਅਮ ਤੇ ਯੂਸੁਫ਼ ਦੇ ਚਾਰ ਮੁੰਡੇ ਅਤੇ ਦੋ ਕੁੜੀਆਂ ਹੋਈਆਂ। ਇਸ ਤੋਂ ਪਤਾ ਲੱਗਦਾ ਹੈ ਕਿ ਬਾਅਦ ਵਿਚ ਮਰੀਅਮ ਦਾ ਵਿਆਹ ਹੋ ਗਿਆ ਸੀ। (ਮੱਤੀ 13:55, 56) ਭਾਵੇਂ ਕਿ ਉਸ ਨੂੰ ਇੰਨਾ ਵੱਡਾ ਸਨਮਾਨ ਮਿਲਿਆ ਸੀ, ਪਰ ਉਸ ਨੇ ਯਿਸੂ ਦੀ ਸੇਵਕਾਈ ਦੌਰਾਨ ਤੇ ਪਹਿਲੀ ਸਦੀ ਦੀ ਮਸੀਹੀ ਮੰਡਲੀ ਵਿਚ ਹੁੰਦਿਆਂ ਕਦੇ ਵੀ ਨਹੀਂ ਚਾਹਿਆ ਕਿ ਉਸ ਦੀ ਤਾਰੀਫ਼ ਕੀਤੀ ਜਾਵੇ ਜਾਂ ਉਸ ਨਾਲ ਖ਼ਾਸ ਤਰੀਕੇ ਨਾਲ ਪੇਸ਼ ਆਇਆ ਜਾਵੇ।
ਅਸੀਂ ਮਰੀਅਮ ਤੋਂ ਕੀ ਸਿੱਖ ਸਕਦੇ ਹਾਂ? ਮਰੀਅਮ ਇਕ ਵਫ਼ਾਦਾਰ ਔਰਤ ਸੀ ਜਿਸ ਨੇ ਖ਼ੁਸ਼ੀ-ਖ਼ੁਸ਼ੀ ਗੰਭੀਰ ਜ਼ਿੰਮੇਵਾਰੀ ਨੂੰ ਸਵੀਕਾਰ ਕੀਤਾ। ਉਸ ਨੂੰ ਪਰਮੇਸ਼ੁਰ ਦੇ ਬਚਨ ਦਾ ਬਹੁਤ ਗਿਆਨ ਸੀ। ਇਕ ਅਨੁਮਾਨ ਅਨੁਸਾਰ ਲੂਕਾ 1:46-55 ਦੇ ਸ਼ਬਦ ਕਹਿਣ ਵੇਲੇ ਉਸ ਨੇ ਲਗਭਗ 20 ਆਇਤਾਂ ਇਸਤੇਮਾਲ ਕੀਤੀਆਂ।
▸ ਮਰੀਅਮ ਬਾਰੇ ਹੋਰ ਜਾਣਕਾਰੀ ਲੈਣ ਲਈ “ਮਰੀਅਮ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ” (ਅੰਗ੍ਰੇਜ਼ੀ) ਲੇਖ ਦੇਖੋ।
ਮਰੀਅਮ (ਮਾਰਥਾ ਤੇ ਲਾਜ਼ਰ ਦੀ ਭੈਣ)
ਮਰੀਅਮ ਕੌਣ ਸੀ? ਮਰੀਅਮ, ਉਸ ਦੀ ਭੈਣ ਮਾਰਥਾ ਤੇ ਉਸ ਦੇ ਭਰਾ ਲਾਜ਼ਰ ਦਾ ਯਿਸੂ ਨਾਲ ਵਧੀਆ ਦੋਸਤੀ ਸੀ।
ਉਸ ਨੇ ਕੀ ਕੀਤਾ ਸੀ? ਮਰੀਅਮ ਨੇ ਬਹੁਤ ਵਾਰ ਦਿਖਾਇਆ ਕਿ ਉਹ ਪਰਮੇਸ਼ੁਰ ਦੇ ਪੁੱਤਰ ਯਿਸੂ ਦੀ ਬਹੁਤ ਕਦਰ ਕਰਦੀ ਸੀ। ਉਸ ਨੇ ਨਿਹਚਾ ਜ਼ਾਹਰ ਕੀਤੀ ਕਿ ਯਿਸੂ ਉਸ ਦੇ ਭਰਾ ਲਾਜ਼ਰ ਨੂੰ ਮਰਨ ਤੋਂ ਬਚਾ ਸਕਦਾ ਸੀ ਅਤੇ ਉਹ ਉਸ ਵੇਲੇ ਉੱਥੇ ਹਾਜ਼ਰ ਸੀ ਜਦੋਂ ਯਿਸੂ ਨੇ ਲਾਜ਼ਰ ਨੂੰ ਜੀਉਂਦਾ ਕੀਤਾ ਸੀ। ਜਦੋਂ ਮਰੀਅਮ ਘਰ ਦੇ ਕੰਮਾਂ ਵਿਚ ਆਪਣੀ ਭੈਣ ਮਾਰਥਾ ਦੀ ਮਦਦ ਕਰਨ ਦੀ ਬਜਾਇ ਯਿਸੂ ਦੀਆਂ ਗੱਲਾਂ ਸੁਣ ਰਹੀ ਸੀ, ਤਾਂ ਮਾਰਥਾ ਨੇ ਮਰੀਅਮ ਦੀ ਸ਼ਿਕਾਇਤ ਕੀਤੀ। ਪਰ ਯਿਸੂ ਨੇ ਮਰੀਅਮ ਦੀ ਤਾਰੀਫ਼ ਕੀਤੀ ਕਿਉਂਕਿ ਉਸ ਲਈ ਪਰਮੇਸ਼ੁਰ ਦੀਆਂ ਸੱਚਾਈਆਂ ਕਿਸੇ ਵੀ ਚੀਜ਼ ਨਾਲੋਂ ਕਿਤੇ ਜ਼ਿਆਦਾ ਅਹਿਮ ਹਨ।
ਇਕ ਹੋਰ ਮੌਕੇ ਤੇ ਮਰੀਅਮ ਨੇ ਯਿਸੂ ਦੇ ਸਿਰ ਤੇ ਪੈਰਾਂ ʼਤੇ “ਬਹੁਤ ਮਹਿੰਗਾ ਖ਼ੁਸ਼ਬੂਦਾਰ ਤੇਲ” ਪਾ ਕੇ ਖੁੱਲ੍ਹ-ਦਿਲੀ ਦਿਖਾਈ। (ਮੱਤੀ 26:6, 7) ਉੱਥੇ ਹਾਜ਼ਰ ਲੋਕ ਖਿੱਝ ਗਏ ਕਿ ਮਰੀਅਮ ਨੇ ਕਿੰਨਾ ਤੇਲ ਖ਼ਰਾਬ ਕਰ ਦਿੱਤਾ। ਪਰ ਯਿਸੂ ਨੇ ਉਸ ਦੇ ਪੱਖ ਵਿਚ ਬੋਲਦਿਆਂ ਕਿਹਾ: “ਸਾਰੀ ਦੁਨੀਆਂ ਵਿਚ ਜਿੱਥੇ ਕਿਤੇ ਵੀ [ਪਰਮੇਸ਼ੁਰ ਦੇ ਰਾਜ ਦੀ] ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਇਸ ਤੀਵੀਂ ਦੀ ਯਾਦ ਵਿਚ ਇਸ ਕੰਮ ਦਾ ਵੀ ਜ਼ਿਕਰ ਕੀਤਾ ਜਾਵੇਗਾ।”—ਮੱਤੀ 24:14; 26:8-13.
ਅਸੀਂ ਮਰੀਅਮ ਤੋਂ ਕੀ ਸਿੱਖ ਸਕਦੇ ਹਾਂ? ਮਰੀਅਮ ਨੇ ਆਪਣੇ ਵਿਚ ਬਹੁਤ ਨਿਹਚਾ ਪੈਦਾ ਕੀਤੀ ਸੀ। ਉਸ ਨੇ ਘਰ ਦੇ ਕੰਮਾਂ ਨਾਲੋਂ ਪਰਮੇਸ਼ੁਰ ਦੀ ਭਗਤੀ ਨੂੰ ਪਹਿਲ ਦਿੱਤੀ। ਨਾਲੇ ਉਸ ਨੇ ਯਿਸੂ ਲਈ ਆਦਰ ਵੀ ਦਿਖਾਇਆ, ਇਸ ਦੇ ਲਈ ਚਾਹੇ ਉਸ ਨੂੰ ਜਿੰਨੇ ਮਰਜ਼ੀ ਪੈਸੇ ਕਿਉਂ ਨਹੀਂ ਖ਼ਰਚਣੇ ਪਏ।
ਮਰੀਅਮ ਮਗਦਲੀਨੀ
ਮਰੀਅਮ ਮਗਦਲੀਨੀ ਕੌਣ ਸੀ? ਉਹ ਵਫ਼ਾਦਾਰੀ ਨਾਲ ਯਿਸੂ ਦੀਆਂ ਸਿੱਖਿਆਵਾਂ ʼਤੇ ਚੱਲਦੀ ਸੀ।
ਉਸ ਨੇ ਕੀ ਕੀਤਾ ਸੀ? ਮਰੀਅਮ ਮਗਦਲੀਨੀ ਉਨ੍ਹਾਂ ਕੁਝ ਔਰਤਾਂ ਵਿੱਚੋਂ ਸੀ ਜੋ ਯਿਸੂ ਤੇ ਉਸ ਦੇ ਚੇਲਿਆਂ ਨਾਲ ਸਫ਼ਰ ਕਰਦੀਆਂ ਸਨ। ਉਸ ਨੇ ਖੁੱਲ੍ਹ-ਦਿਲੀ ਨਾਲ ਆਪਣੇ ਪੈਸਿਆਂ ਤੇ ਚੀਜ਼ਾਂ ਨਾਲ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। (ਲੂਕਾ 8:1-3) ਉਹ ਯਿਸੂ ਦੀ ਸੇਵਕਾਈ ਦੇ ਆਖ਼ਰੀ ਸਮੇਂ ਤਕ ਉਸ ਦੇ ਪਿੱਛੇ-ਪਿੱਛੇ ਚੱਲਦੀ ਰਹੀ। ਜਦੋਂ ਯਿਸੂ ਨੂੰ ਸੂਲ਼ੀ ʼਤੇ ਟੰਗਿਆ ਗਿਆ ਸੀ, ਉਦੋਂ ਵੀ ਉਹ ਉੱਥੇ ਹੀ ਸੀ। ਮਰੀਅਮ ਉਨ੍ਹਾਂ ਲੋਕਾਂ ਵਿੱਚੋਂ ਇਕ ਸੀ ਜਿਸ ਨੇ ਸਭ ਤੋਂ ਪਹਿਲਾਂ ਯਿਸੂ ਦੇ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਉਸ ਨੂੰ ਦੇਖਿਆ ਸੀ।—ਯੂਹੰਨਾ 20:11-18.
ਅਸੀਂ ਮਰੀਅਮ ਤੋਂ ਕੀ ਸਿੱਖ ਸਕਦੇ ਹਾਂ? ਮਰੀਅਮ ਮਗਦਲੀਨੀ ਨੇ ਖੁੱਲ੍ਹ-ਦਿਲੀ ਨਾਲ ਯਿਸੂ ਦੀ ਸੇਵਕਾਈ ਦਾ ਸਮਰਥਨ ਕੀਤਾ ਅਤੇ ਵਫ਼ਾਦਾਰ ਰਹੀ।
ਮਿਰੀਅਮ
ਮਿਰੀਅਮ ਕੌਣ ਸੀ? ਮਿਰੀਅਮ ਮੂਸਾ ਤੇ ਹਾਰੂਨ ਦੀ ਭੈਣ ਸੀ। ਇਹ ਪਹਿਲੀ ਔਰਤ ਹੈ ਜਿਸ ਨੂੰ ਬਾਈਬਲ ਵਿਚ ਨਬੀਆ ਕਿਹਾ ਗਿਆ ਹੈ।
ਉਸ ਨੇ ਕੀ ਕੀਤਾ ਸੀ? ਨਬੀਆ ਹੋਣ ਕਰਕੇ ਉਹ ਦੂਜਿਆਂ ਨੂੰ ਪਰਮੇਸ਼ੁਰ ਦੇ ਸੰਦੇਸ਼ ਸੁਣਾਉਂਦੀ ਸੀ। ਇਜ਼ਰਾਈਲ ਵਿਚ ਉਸ ਦਾ ਬਹੁਤ ਨਾਂ ਸੀ। ਨਾਲੇ ਜਦੋਂ ਪਰਮੇਸ਼ੁਰ ਨੇ ਲਾਲ ਸਮੁੰਦਰ ਵਿਚ ਮਿਸਰੀ ਫ਼ੌਜ ਨੂੰ ਖ਼ਤਮ ਕੀਤਾ ਸੀ, ਤਾਂ ਉਸ ਨੇ ਆਦਮੀਆਂ ਨਾਲ ਮਿਲ ਕੇ ਜਿੱਤ ਦਾ ਗੀਤ ਗਾਇਆ ਸੀ।—ਕੂਚ 15:1, 20, 21.
ਕੁਝ ਸਮੇਂ ਬਾਅਦ, ਮਿਰੀਅਮ ਤੇ ਹਾਰੂਨ ਮੂਸਾ ਦੀ ਨੁਕਤਾਚੀਨੀ ਕਰਨ ਲੱਗ ਪਏ। ਉਨ੍ਹਾਂ ਨੇ ਘਮੰਡ ਤੇ ਈਰਖਾ ਕਰਕੇ ਇੱਦਾਂ ਕੀਤਾ ਸੀ। ਪਰਮੇਸ਼ੁਰ “ਸੁਣ ਰਿਹਾ ਸੀ” ਅਤੇ ਉਸ ਨੇ ਮਿਰੀਅਮ ਤੇ ਹਾਰੂਨ ਨੂੰ ਸਖ਼ਤ ਤਾੜਨਾ ਦਿੱਤੀ। (ਗਿਣਤੀ 12:1-9) ਫਿਰ ਪਰਮੇਸ਼ੁਰ ਨੇ ਮਿਰੀਅਮ ਨੂੰ ਕੋੜ੍ਹ ਦੀ ਬੀਮਾਰੀ ਲਾ ਦਿੱਤੀ ਕਿਉਂਕਿ ਉਸ ਨੇ ਮੂਸਾ ਖ਼ਿਲਾਫ਼ ਗੱਲ ਕਰਨੀ ਸ਼ੁਰੂ ਕੀਤੀ ਸੀ। ਜਦੋਂ ਮੂਸਾ ਨੇ ਉਸ ਦੀ ਖ਼ਾਤਰ ਪਰਮੇਸ਼ੁਰ ਅੱਗੇ ਫ਼ਰਿਆਦ ਕੀਤੀ, ਤਾਂ ਪਰਮੇਸ਼ੁਰ ਨੇ ਉਸ ਨੂੰ ਠੀਕ ਕਰ ਦਿੱਤਾ। ਸੱਤ ਦਿਨ ਅਲੱਗ ਰਹਿਣ ਤੋਂ ਬਾਅਦ ਉਹ ਇਜ਼ਰਾਈਲ ਦੀ ਛਾਉਣੀ ਵਿਚ ਵਾਪਸ ਆ ਗਈ।—ਗਿਣਤੀ 12:10-15.
ਬਾਈਬਲ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਤਾੜਨਾ ਨੂੰ ਸਵੀਕਾਰ ਕੀਤਾ ਸੀ। ਸਦੀਆਂ ਬਾਅਦ, ਪਰਮੇਸ਼ੁਰ ਨੇ ਮਿਰੀਅਮ ਦੇ ਇਕ ਖ਼ਾਸ ਸਨਮਾਨ ਬਾਰੇ ਇਜ਼ਰਾਈਲੀਆਂ ਨੂੰ ਯਾਦ ਕਰਾਇਆ: “ਮੈਂ ਤੁਹਾਡੇ ਅੱਗੇ-ਅੱਗੇ ਮੂਸਾ, ਹਾਰੂਨ ਅਤੇ ਮਿਰੀਅਮ ਨੂੰ ਘੱਲਿਆ।”—ਮੀਕਾਹ 6:4.
ਅਸੀਂ ਮਿਰੀਅਮ ਤੋਂ ਕੀ ਸਿੱਖ ਸਕਦੇ ਹਾਂ? ਮਿਰੀਅਮ ਦੀ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਇਸ ਗੱਲ ਵੱਲ ਧਿਆਨ ਦਿੰਦਾ ਹੈ ਕਿ ਉਸ ਦੇ ਸੇਵਕ ਇਕ-ਦੂਜੇ ਨੂੰ ਜਾਂ ਇਕ-ਦੂਜੇ ਬਾਰੇ ਕੀ ਕਹਿੰਦੇ ਹਨ। ਨਾਲੇ ਅਸੀਂ ਇਹ ਵੀ ਸਿੱਖਦੇ ਹਾਂ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਘਮੰਡ ਤੇ ਈਰਖਾ ਨਾ ਕਰੀਏ। ਇਨ੍ਹਾਂ ਔਗੁਣਾਂ ਕਰਕੇ ਸ਼ਾਇਦ ਅਸੀਂ ਦੂਜਿਆਂ ਬਾਰੇ ਇੱਦਾਂ ਦਾ ਕੁਝ ਕਹਿ ਦੇਈਏ ਜਿਸ ਕਰਕੇ ਉਨ੍ਹਾਂ ਦਾ ਨਾਂ ਖ਼ਰਾਬ ਹੋ ਜਾਵੇ।
ਰਾਕੇਲ
ਰਾਕੇਲ ਕੌਣ ਸੀ? ਉਹ ਲਾਬਾਨ ਦੀ ਧੀ ਅਤੇ ਯਾਕੂਬ ਦੀ ਪਤਨੀ ਸੀ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ।
ਉਸ ਨੇ ਕੀ ਕੀਤਾ ਸੀ? ਰਾਕੇਲ ਦਾ ਵਿਆਹ ਯਾਕੂਬ ਨਾਲ ਹੋਇਆ ਸੀ ਤੇ ਉਸ ਨੇ ਦੋ ਮੁੰਡਿਆਂ ਨੂੰ ਜਨਮ ਦਿੱਤਾ। ਇਹ ਦੋ ਮੁੰਡੇ ਇਜ਼ਰਾਈਲ ਦੇ 12 ਗੋਤਾਂ ਵਿੱਚੋਂ ਦੋ ਗੋਤਾਂ ਦੇ ਮੁਖੀ ਬਣੇ। ਰਾਕੇਲ ਆਪਣੇ ਹੋਣ ਵਾਲੇ ਪਤੀ ਨੂੰ ਉਦੋਂ ਮਿਲੀ ਜਦੋਂ ਉਹ ਆਪਣੇ ਪਿਤਾ ਦੀਆਂ ਭੇਡਾਂ ਦੀ ਦੇਖ-ਭਾਲ ਕਰ ਰਹੀ ਸੀ। (ਉਤਪਤ 29:9, 10) ਉਹ ਆਪਣੀ ਵੱਡੀ ਭੈਣ ਲੇਆਹ ਨਾਲੋਂ ਜ਼ਿਆਦਾ “ਸੋਹਣੀ-ਸੁਨੱਖੀ” ਸੀ।—ਉਤਪਤ 29:17.
ਯਾਕੂਬ ਨੂੰ ਰਾਕੇਲ ਨਾਲ ਪਿਆਰ ਹੋ ਗਿਆ ਅਤੇ ਉਹ ਉਸ ਨਾਲ ਵਿਆਹ ਕਰਾਉਣ ਲਈ ਸੱਤ ਸਾਲ ਕੰਮ ਕਰਨ ਲਈ ਤਿਆਰ ਹੋ ਗਿਆ। (ਉਤਪਤ 29:18) ਪਰ ਲਾਬਾਨ ਨੇ ਧੋਖੇ ਨਾਲ ਯਾਕੂਬ ਦਾ ਵਿਆਹ ਪਹਿਲਾਂ ਲੇਆਹ ਨਾਲ ਕਰਵਾ ਦਿੱਤਾ ਤੇ ਫਿਰ ਉਹ ਯਾਕੂਬ ਦਾ ਵਿਆਹ ਰਾਕੇਲ ਨਾਲ ਕਰਨ ਲਈ ਮੰਨ ਗਿਆ।—ਉਤਪਤ 29:25-27.
ਯਾਕੂਬ ਲੇਆਹ ਅਤੇ ਉਸ ਦੇ ਬੱਚਿਆਂ ਨਾਲੋਂ ਜ਼ਿਆਦਾ ਪਿਆਰ ਰਾਕੇਲ ਤੇ ਉਸ ਦੇ ਦੋ ਮੁੰਡਿਆਂ ਨਾਲ ਕਰਦਾ ਸੀ। (ਉਤਪਤ 37:3; 44:20, 27-29) ਇਸ ਕਰਕੇ ਇਨ੍ਹਾਂ ਦੋਹਾਂ ਔਰਤਾਂ ਵਿਚਕਾਰ ਦੁਸ਼ਮਣੀ ਪੈਦਾ ਹੋ ਗਈ।—ਉਤਪਤ 29:30; 30:1, 15.
ਅਸੀਂ ਰਾਕੇਲ ਤੋਂ ਕੀ ਸਿੱਖ ਸਕਦੇ ਹਾਂ? ਰਾਕੇਲ ਨੇ ਪਰਿਵਾਰ ਵਿਚ ਮੁਸ਼ਕਲਾਂ ਸਹੀਆਂ, ਪਰ ਉਸ ਨੇ ਇਹ ਉਮੀਦ ਨਹੀਂ ਛੱਡੀ ਕਿ ਪਰਮੇਸ਼ੁਰ ਉਸ ਦੀਆਂ ਪ੍ਰਾਰਥਨਾਵਾਂ ਜ਼ਰੂਰ ਸੁਣੇਗਾ। (ਉਤਪਤ 30:22-24) ਉਸ ਦੀ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਇਕ ਤੋਂ ਜ਼ਿਆਦਾ ਵਿਆਹ ਕਰਨ ਨਾਲ ਪਰਿਵਾਰ ਵਿਚ ਮੁਸ਼ਕਲਾਂ ਆਉਂਦੀਆਂ ਹਨ। ਉਸ ਦੇ ਨਾਲ ਜੋ ਕੁਝ ਹੋਇਆ, ਉਸ ਤੋਂ ਪਰਮੇਸ਼ੁਰ ਦੀ ਬੁੱਧ ਦਾ ਵੀ ਪਤਾ ਲੱਗਦਾ ਹੈ ਜਿਸ ਨੇ ਸ਼ੁਰੂ ਵਿਚ ਮਿਆਰ ਤੈਅ ਕੀਤਾ ਸੀ ਕਿ ਇਕ ਪਤੀ ਦੀ ਇੱਕੋ ਪਤਨੀ ਹੋਣੀ ਚਾਹੀਦੀ ਹੈ।—ਮੱਤੀ 19:4-6.
▸ ਰਾਕੇਲ ਬਾਰੇ ਹੋਰ ਜਾਣਕਾਰੀ ਲੈਣ ਲਈ “ਦੋ ਦੁਖੀ ਭੈਣਾਂ ਜਿਨ੍ਹਾਂ ਨੇ ‘ਇਸਰਾਏਲ ਦਾ ਘਰ ਬਣਾਇਆ’” ਨਾਂ ਦਾ ਲੇਖ ਦੇਖੋ।
▸ ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਆਪਣੇ ਸੇਵਕਾਂ ਦੇ ਇਕ ਤੋਂ ਜ਼ਿਆਦਾ ਵਿਆਹਾਂ ਨੂੰ ਕਿਉਂ ਬਰਦਾਸ਼ਤ ਕੀਤਾ, ਇਸ ਬਾਰੇ ਜਾਣਨ ਲਈ “ਕੀ ਪਰਮੇਸ਼ੁਰ ਨੇ ਇਕ ਤੋਂ ਜ਼ਿਆਦਾ ਵਿਆਹ ਕਰਾਉਣ ਦੀ ਇਜਾਜ਼ਤ ਦਿੱਤੀ ਸੀ?” (ਅੰਗ੍ਰੇਜ਼ੀ) ਲੇਖ ਦੇਖੋ।
ਰਾਹਾਬ
ਰਾਹਾਬ ਕੌਣ ਸੀ? ਉਹ ਇਕ ਵੇਸਵਾ ਸੀ ਜੋ ਕਨਾਨ ਦੇਸ਼ ਦੇ ਯਰੀਹੋ ਸ਼ਹਿਰ ਵਿਚ ਰਹਿੰਦੀ ਸੀ। ਪਰ ਬਾਅਦ ਵਿਚ ਉਹ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਲੱਗ ਪਈ।
ਉਸ ਨੇ ਕੀ ਕੀਤਾ ਸੀ? ਰਾਹਾਬ ਨੇ ਆਪਣੇ ਘਰ ਦੋ ਇਜ਼ਰਾਈਲੀਆਂ ਨੂੰ ਲੁਕਾਇਆ ਸੀ ਜੋ ਦੇਸ਼ ਦੀ ਜਾਸੂਸੀ ਕਰਨ ਆਏ ਸਨ। ਉਸ ਨੇ ਇਹ ਇਸ ਲਈ ਕੀਤਾ ਸੀ ਕਿਉਂਕਿ ਉਸ ਨੇ ਸੁਣਿਆ ਸੀ ਕਿ ਕਿਵੇਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਆਪਣੇ ਲੋਕਾਂ ਨੂੰ ਮਿਸਰੀਆਂ ਦੇ ਹੱਥੋਂ ਅਤੇ ਬਾਅਦ ਵਿਚ ਅਮੋਰੀਆਂ ਦੇ ਹਮਲੇ ਤੋਂ ਬਚਾਇਆ ਸੀ।
ਰਾਹਾਬ ਨੇ ਜਾਸੂਸਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਜਦੋਂ ਇਜ਼ਰਾਈਲੀ ਯਰੀਹੋ ਨੂੰ ਨਾਸ਼ ਕਰਨ ਆਉਣ, ਤਾਂ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬਖ਼ਸ਼ ਦੇਣ। ਉਹ ਮੰਨ ਗਏ, ਪਰ ਉਨ੍ਹਾਂ ਨੇ ਕੁਝ ਸ਼ਰਤਾਂ ਰੱਖੀਆਂ: ਉਹ ਉਨ੍ਹਾਂ ਦੇ ਇੱਥੇ ਆਉਣ ਦੇ ਮਕਸਦ ਬਾਰੇ ਕਿਸੇ ਨੂੰ ਨਾ ਦੱਸੇ, ਜਦੋਂ ਇਜ਼ਰਾਈਲੀ ਹਮਲਾ ਕਰਨ, ਤਾਂ ਉਹ ਤੇ ਉਸ ਦਾ ਪਰਿਵਾਰ ਘਰ ਵਿਚ ਹੀ ਰਹਿਣ ਅਤੇ ਪਛਾਣ ਲਈ ਉਹ ਆਪਣੇ ਘਰ ਦੀ ਤਾਕੀ ʼਤੇ ਗੂੜ੍ਹੇ ਲਾਲ ਰੰਗ ਦੀ ਰੱਸੀ ਬੰਨ੍ਹੇ। ਰਾਹਾਬ ਨੇ ਹਰ ਹਿਦਾਇਤ ਮੰਨੀ ਅਤੇ ਜਦੋਂ ਇਜ਼ਰਾਈਲੀਆਂ ਨੇ ਯਰੀਹੋ ਸ਼ਹਿਰ ʼਤੇ ਕਬਜ਼ਾ ਕਰ ਲਿਆ, ਤਾਂ ਉਹ ਤੇ ਉਸ ਦਾ ਪਰਿਵਾਰ ਬਚ ਗਿਆ।
ਬਾਅਦ ਵਿਚ ਰਾਹਾਬ ਨੇ ਇਕ ਇਜ਼ਰਾਈਲੀ ਆਦਮੀ ਨਾਲ ਵਿਆਹ ਕਰਾ ਲਿਆ ਅਤੇ ਉਹ ਰਾਜਾ ਦਾਊਦ ਤੇ ਯਿਸੂ ਮਸੀਹ ਦੀ ਪੂਰਵਜ ਬਣੀ।—ਯਹੋਸ਼ੁਆ 2:1-24; 6:25; ਮੱਤੀ 1:5, 6, 16.
ਅਸੀਂ ਰਾਹਾਬ ਤੋਂ ਕੀ ਸਿੱਖ ਸਕਦੇ ਹਾਂ? ਬਾਈਬਲ ਵਿਚ ਦੱਸਿਆ ਗਿਆ ਹੈ ਕਿ ਰਾਹਾਬ ਨਿਹਚਾ ਦੀ ਇਕ ਸ਼ਾਨਦਾਰ ਮਿਸਾਲ ਹੈ। (ਇਬਰਾਨੀਆਂ 11:30, 31; ਯਾਕੂਬ 2:25) ਉਸ ਦੀ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਮਾਫ਼ ਕਰਨ ਵਾਲਾ ਅਤੇ ਨਿਰਪੱਖ ਪਰਮੇਸ਼ੁਰ ਹੈ। ਉਹ ਉਸ ʼਤੇ ਭਰੋਸਾ ਰੱਖਣ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ, ਭਾਵੇਂ ਉਹ ਕਿਸੇ ਵੀ ਪਿਛੋਕੜ ਦੇ ਕਿਉਂ ਨਾ ਹੋਣ।
▸ ਰਾਹਾਬ ਬਾਰੇ ਹੋਰ ਜਾਣਕਾਰੀ ਲੈਣ ਲਈ “ਉਸ ਨੂੰ ‘ਉਸ ਦੇ ਕੰਮਾਂ ਕਰਕੇ ਧਰਮੀ ਗਿਣਿਆ ਗਿਆ’ ਸੀ” ਨਾਂ ਦਾ ਲੇਖ ਦੇਖੋ।
ਰਿਬਕਾਹ
ਰਿਬਕਾਹ ਕੌਣ ਸੀ? ਉਹ ਇਸਹਾਕ ਦੀ ਪਤਨੀ ਅਤੇ ਜੌੜੇ ਪੁੱਤਰਾਂ ਯਾਕੂਬ ਤੇ ਏਸਾਓ ਦੀ ਮਾਂ ਸੀ।
ਉਸ ਨੇ ਕੀ ਕੀਤਾ ਸੀ? ਰਿਬਕਾਹ ਨੇ ਮੁਸ਼ਕਲ ਸਮਿਆਂ ਵਿਚ ਵੀ ਪਰਮੇਸ਼ੁਰ ਦੀ ਮਰਜ਼ੀ ਪੂਰੀ ਕੀਤੀ ਸੀ। ਜਦੋਂ ਉਹ ਖੂਹ ʼਤੇ ਪਾਣੀ ਭਰਨ ਗਈ ਸੀ, ਤਾਂ ਇਕ ਆਦਮੀ ਨੇ ਉਸ ਨੂੰ ਥੋੜ੍ਹਾ ਜਿਹਾ ਪਾਣੀ ਪਿਲਾਉਣ ਲਈ ਕਿਹਾ ਸੀ। ਰਿਬਕਾਹ ਨੇ ਛੇਤੀ ਹੀ ਉਸ ਨੂੰ ਅਤੇ ਉਸ ਦੇ ਊਠਾਂ ਨੂੰ ਵੀ ਪਾਣੀ ਪਿਲਾਇਆ। (ਉਤਪਤ 24:15-20) ਇਹ ਆਦਮੀ ਅਬਰਾਹਾਮ ਦਾ ਨੌਕਰ ਸੀ ਜੋ ਇੰਨੀ ਦੂਰ ਸਫ਼ਰ ਕਰ ਕੇ ਅਬਰਾਹਾਮ ਦੇ ਮੁੰਡੇ ਇਸਹਾਕ ਲਈ ਪਤਨੀ ਲੱਭਣ ਆਇਆ ਸੀ। (ਉਤਪਤ 24:2-4) ਨਾਲੇ ਉਸ ਨੇ ਪਰਮੇਸ਼ੁਰ ਤੋਂ ਅਸੀਸ ਲਈ ਪ੍ਰਾਰਥਨਾ ਵੀ ਕੀਤੀ ਸੀ। ਜਦੋਂ ਉਸ ਨੇ ਦੇਖਿਆ ਕਿ ਰਿਬਕਾਹ ਕਿੰਨੀ ਮਿਹਨਤੀ ਤੇ ਪਰਾਹੁਣਚਾਰੀ ਕਰਨ ਵਾਲੀ ਕੁੜੀ ਹੈ, ਤਾਂ ਉਹ ਸਮਝ ਗਿਆ ਕਿ ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ ਹੈ। ਉਹ ਜਾਣ ਗਿਆ ਕਿ ਪਰਮੇਸ਼ੁਰ ਨੇ ਰਿਬਕਾਹ ਨੂੰ ਇਸਹਾਕ ਲਈ ਚੁਣਿਆ ਸੀ।—ਉਤਪਤ 24:10-14, 21, 27.
ਜਦੋਂ ਰਿਬਕਾਹ ਨੂੰ ਪਤਾ ਲੱਗਾ ਕਿ ਉਹ ਨੌਕਰ ਕਿਉਂ ਆਇਆ ਸੀ, ਤਾਂ ਉਹ ਉਸ ਨਾਲ ਜਾਣ ਅਤੇ ਇਸਹਾਕ ਨਾਲ ਵਿਆਹ ਕਰਾਉਣ ਲਈ ਮੰਨ ਗਈ। (ਉਤਪਤ 24:57-59) ਬਾਅਦ ਵਿਚ ਰਿਬਕਾਹ ਦੇ ਦੋ ਜੌੜੇ ਮੁੰਡੇ ਹੋਏ। ਪਰਮੇਸ਼ੁਰ ਨੇ ਉਸ ਨੂੰ ਦੱਸ ਦਿੱਤਾ ਸੀ ਕਿ ਉਸ ਦਾ ਵੱਡਾ ਮੁੰਡਾ ਏਸਾਓ ਛੋਟੇ ਮੁੰਡੇ ਯਾਕੂਬ ਦੀ ਸੇਵਾ ਕਰੇਗਾ। (ਉਤਪਤ 25:23) ਜਦੋਂ ਇਸਹਾਕ ਨੇ ਆਪਣੇ ਜੇਠੇ ਮੁੰਡੇ ਏਸਾਓ ਨੂੰ ਬਰਕਤਾਂ ਦੇਣ ਦਾ ਪ੍ਰਬੰਧ ਕੀਤਾ, ਤਾਂ ਰਿਬਕਾਹ ਨੇ ਕੁਝ ਕਦਮ ਚੁੱਕੇ ਜਿਸ ਕਰਕੇ ਉਹ ਬਰਕਤ ਯਾਕੂਬ ਨੂੰ ਮਿਲ ਗਈ। ਉਸ ਨੇ ਇਹ ਪਰਮੇਸ਼ੁਰ ਦੀ ਇੱਛਾ ਅਨੁਸਾਰ ਕੀਤਾ।—ਉਤਪਤ 27:1-17.
ਅਸੀਂ ਰਿਬਕਾਹ ਤੋਂ ਕੀ ਸਿੱਖ ਸਕਦੇ ਹਾਂ? ਰਿਬਕਾਹ ਨਿਮਰ, ਮਿਹਨਤੀ ਅਤੇ ਪਰਾਹੁਣਚਾਰੀ ਕਰਨ ਵਾਲੀ ਔਰਤ ਸੀ। ਇਨ੍ਹਾਂ ਗੁਣਾਂ ਸਦਕਾ ਉਹ ਇਕ ਚੰਗੀ ਪਤਨੀ, ਮਾਂ ਅਤੇ ਸੱਚੇ ਪਰਮੇਸ਼ੁਰ ਦੀ ਭਗਤਣ ਬਣ ਸਕੀ।
▸ ਰਿਬਕਾਹ ਬਾਰੇ ਹੋਰ ਜਾਣਕਾਰੀ ਲੈਣ ਲਈ “ਮੈਂ ਜਾਣਾ ਚਾਹੁੰਦੀ ਹਾਂ” (ਅੰਗ੍ਰੇਜ਼ੀ) ਲੇਖ ਦੇਖੋ।
ਰੂਥ
ਰੂਥ ਕੌਣ ਸੀ? ਉਹ ਇਕ ਮੋਆਬਣ ਸੀ ਜਿਸ ਨੇ ਆਪਣਾ ਦੇਸ਼ ਤੇ ਆਪਣੇ ਦੇਵਤੇ ਛੱਡ ਦਿੱਤੇ ਅਤੇ ਇਜ਼ਰਾਈਲ ਦੇਸ਼ ਵਿਚ ਯਹੋਵਾਹ ਦੀ ਭਗਤੀ ਕਰਨ ਲੱਗ ਪਈ।
ਉਸ ਨੇ ਕੀ ਕੀਤਾ ਸੀ? ਰੂਥ ਆਪਣੀ ਸੱਸ ਨਾਓਮੀ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਇਜ਼ਰਾਈਲ ਵਿਚ ਕਾਲ਼ ਦੀ ਮਾਰ ਤੋਂ ਬਚਣ ਲਈ ਨਾਓਮੀ, ਉਸ ਦਾ ਪਤੀ ਤੇ ਦੋ ਮੁੰਡੇ ਮੋਆਬ ਦੇਸ਼ ਚਲੇ ਗਏ ਸਨ। ਸਮੇਂ ਦੇ ਬੀਤਣ ਨਾਲ ਉਸ ਦੇ ਮੁੰਡਿਆਂ ਨੇ ਮੋਆਬੀ ਔਰਤਾਂ ਰੂਥ ਤੇ ਆਰਪਾਹ ਨਾਲ ਵਿਆਹ ਕਰਵਾ ਲਏ। ਪਰ ਕੁਝ ਸਮੇਂ ਬਾਅਦ ਨਾਓਮੀ ਦੇ ਪਤੀ ਅਤੇ ਉਸ ਦੇ ਦੋਵਾਂ ਮੁੰਡਿਆਂ ਦੀ ਮੌਤ ਹੋ ਗਈ। ਉਹ ਤਿੰਨੇ ਜਣੀਆਂ ਵਿਧਵਾ ਹੋ ਗਈਆਂ।
ਨਾਓਮੀ ਨੇ ਇਜ਼ਰਾਈਲ ਵਾਪਸ ਆਉਣ ਦਾ ਫ਼ੈਸਲਾ ਕੀਤਾ ਜਿੱਥੇ ਕਾਲ਼ ਖ਼ਤਮ ਹੋ ਗਿਆ ਸੀ। ਰੂਥ ਤੇ ਆਰਪਾਹ ਉਸ ਦੇ ਨਾਲ ਆਉਣਾ ਚਾਹੁੰਦੀਆਂ ਸਨ। ਪਰ ਨਾਓਮੀ ਨੇ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਮੁੜ ਜਾਣ ਲਈ ਕਿਹਾ। ਆਰਪਾਹ ਨੇ ਉਸ ਦੀ ਗੱਲ ਮੰਨ ਲਈ। (ਰੂਥ 1:1-6, 15) ਪਰ ਰੂਥ ਨੇ ਆਪਣੀ ਸੱਸ ਦਾ ਸਾਥ ਨਹੀਂ ਛੱਡਿਆ। ਉਹ ਨਾਓਮੀ ਨੂੰ ਪਿਆਰ ਕਰਦੀ ਸੀ ਅਤੇ ਉਸ ਦੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੀ ਸੀ।—ਰੂਥ 1:16, 17; 2:11.
ਰੂਥ ਆਪਣੀ ਸੱਸ ਪ੍ਰਤੀ ਵਫ਼ਾਦਾਰ ਰਹੀ ਅਤੇ ਉਸ ਨੇ ਮਿਹਨਤ ਕੀਤੀ ਜਿਸ ਕਰਕੇ ਉਸ ਨੇ ਜਲਦੀ ਹੀ ਨਾਓਮੀ ਦੇ ਸ਼ਹਿਰ ਬੈਤਲਹਮ ਵਿਚ ਨੇਕਨਾਮੀ ਖੱਟੀ। ਬੋਅਜ਼ ਨਾਂ ਦਾ ਅਮੀਰ ਜ਼ਮੀਂਦਾਰ ਰੂਥ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਖੁੱਲ੍ਹ-ਦਿਲੀ ਨਾਲ ਰੂਥ ਤੇ ਨਾਓਮੀ ਨੂੰ ਖਾਣਾ ਦਿੱਤਾ। (ਰੂਥ 2:5-7, 20) ਬਾਅਦ ਵਿਚ ਰੂਥ ਦਾ ਬੋਅਜ਼ ਨਾਲ ਵਿਆਹ ਹੋ ਗਿਆ ਅਤੇ ਉਹ ਰਾਜਾ ਦਾਊਦ ਤੇ ਯਿਸੂ ਮਸੀਹ ਦੇ ਪੂਰਵਜ ਬਣੀ।—ਮੱਤੀ 1:5, 6, 16.
ਅਸੀਂ ਰੂਥ ਤੋਂ ਕੀ ਸਿੱਖ ਸਕਦੇ ਹਾਂ? ਨਾਓਮੀ ਅਤੇ ਯਹੋਵਾਹ ਲਈ ਪਿਆਰ ਹੋਣ ਕਰਕੇ ਰੂਥ ਆਪਣਾ ਘਰ ਤੇ ਪਰਿਵਾਰ ਛੱਡਣ ਲਈ ਤਿਆਰ ਸੀ। ਉਹ ਮਿਹਨਤੀ ਤੇ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੀ ਔਰਤ ਸੀ। ਨਾਲੇ ਉਹ ਮੁਸ਼ਕਲ ਘੜੀਆਂ ਵਿਚ ਵੀ ਵਫ਼ਾਦਾਰ ਰਹੀ।
▸ ਰੂਥ ਬਾਰੇ ਹੋਰ ਜਾਣਕਾਰੀ ਲੈਣ ਲਈ “ਜਿੱਥੇ ਤੂੰ ਜਾਵੇਂਗੀ ਉੱਥੇ ਹੀ ਮੈਂ ਜਾਵਾਂਗੀ” ਅਤੇ “ਸਤਵੰਤੀ ਇਸਤ੍ਰੀ” ਨਾਂ ਦੇ ਲੇਖ ਦੇਖੋ।
ਸਾਰਾਹ
ਸਾਰਾਹ ਕੌਣ ਸੀ? ਉਹ ਅਬਰਾਹਾਮ ਦੀ ਪਤਨੀ ਅਤੇ ਇਸਹਾਕ ਦੀ ਮਾਂ ਸੀ।
ਉਸ ਨੇ ਕੀ ਕੀਤਾ ਸੀ? ਉਸ ਨੇ ਊਰ ਨਾਂ ਦੇ ਅਮੀਰ ਸ਼ਹਿਰ ਵਿਚ ਆਪਣੀ ਐਸ਼ੋ-ਆਰਾਮ ਦੀ ਜ਼ਿੰਦਗੀ ਨੂੰ ਛੱਡਿਆ ਸੀ ਕਿਉਂਕਿ ਉਸ ਨੂੰ ਆਪਣੇ ਪਤੀ ਅਬਰਾਹਾਮ ਨਾਲ ਕੀਤੇ ਪਰਮੇਸ਼ੁਰ ਦੇ ਵਾਅਦਿਆਂ ʼਤੇ ਪੂਰਾ ਭਰੋਸਾ ਸੀ। ਪਰਮੇਸ਼ੁਰ ਨੇ ਅਬਰਾਹਾਮ ਨੂੰ ਊਰ ਸ਼ਹਿਰ ਛੱਡਣ ਅਤੇ ਕਨਾਨ ਦੇਸ਼ ਵਿਚ ਜਾਣ ਲਈ ਕਿਹਾ ਸੀ। ਪਰਮੇਸ਼ੁਰ ਨੇ ਉਸ ਨੂੰ ਬਰਕਤ ਦੇਣ ਅਤੇ ਉਸ ਤੋਂ ਇਕ ਵੱਡੀ ਕੌਮ ਬਣਾਉਣ ਦਾ ਵਾਅਦਾ ਕੀਤਾ ਸੀ। (ਉਤਪਤ 12:1-5) ਸਾਰਾਹ ਦੀ ਉਮਰ ਸ਼ਾਇਦ ਉਸ ਵੇਲੇ 60 ਸਾਲ ਤੋਂ ਜ਼ਿਆਦਾ ਸੀ। ਉਦੋਂ ਤੋਂ ਸਾਰਾਹ ਤੇ ਉਸ ਦਾ ਪਤੀ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਗਏ ਤੇ ਤੰਬੂਆਂ ਵਿਚ ਰਹੇ।
ਭਾਵੇਂ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਸਾਰਾਹ ਲਈ ਖ਼ਤਰਿਆਂ ਤੋਂ ਖਾਲੀ ਨਹੀਂ ਸੀ, ਪਰ ਫਿਰ ਵੀ ਉਸ ਨੇ ਪਰਮੇਸ਼ੁਰ ਦੀਆਂ ਹਿਦਾਇਤਾਂ ਮੰਨਣ ਵਿਚ ਅਬਰਾਹਾਮ ਦਾ ਸਾਥ ਦਿੱਤਾ। (ਉਤਪਤ 12:10, 15) ਕਈ ਸਾਲਾਂ ਤਕ ਸਾਰਾਹ ਬੇਔਲਾਦ ਰਹੀ ਜਿਸ ਕਰਕੇ ਉਹ ਬਹੁਤ ਦੁਖੀ ਸੀ। ਪਰ ਪਰਮੇਸ਼ੁਰ ਨੇ ਅਬਰਾਹਾਮ ਦੀ ਸੰਤਾਨ ਨੂੰ ਬਰਕਤਾਂ ਦੇਣ ਦਾ ਵਾਅਦਾ ਕੀਤਾ। (ਉਤਪਤ 12:7; 13:15; 15:18; 16:1, 2, 15) ਸਮੇਂ ਦੇ ਬੀਤਣ ਨਾਲ ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਸਾਰਾਹ ਇਕ ਬੱਚੇ ਨੂੰ ਜਨਮ ਦੇਵੇਗੀ। ਉਸ ਨੇ ਉਦੋਂ ਇਕ ਬੱਚੇ ਨੂੰ ਜਨਮ ਦਿੱਤਾ ਜਦੋਂ ਬੱਚਿਆਂ ਨੂੰ ਜਨਮ ਦੇਣ ਦੀ ਉਸ ਦੀ ਉਮਰ ਲੰਘ ਚੁੱਕੀ ਸੀ। ਉਹ 90 ਸਾਲਾਂ ਦੀ ਸੀ ਤੇ ਉਸ ਦਾ ਪਤੀ 100 ਸਾਲਾਂ ਦਾ ਸੀ। (ਉਤਪਤ 17:17; 21:2-5) ਉਨ੍ਹਾਂ ਨੇ ਬੱਚੇ ਦਾ ਨਾਂ ਇਸਹਾਕ ਰੱਖਿਆ।
ਅਸੀਂ ਸਾਰਾਹ ਤੋਂ ਕੀ ਸਿੱਖ ਸਕਦੇ ਹਾਂ? ਸਾਰਾਹ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਪਰਮੇਸ਼ੁਰ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ, ਹਾਂ, ਉਹ ਵਾਅਦੇ ਵੀ ਜਿਹੜੇ ਪੂਰੇ ਹੋਣੇ ਮੁਸ਼ਕਲ ਲੱਗਦੇ ਹਨ। (ਇਬਰਾਨੀਆਂ 11:11) ਨਾਲੇ ਉਸ ਨੇ ਇਕ ਚੰਗੀ ਪਤਨੀ ਬਣ ਕੇ ਜੋ ਮਿਸਾਲ ਰੱਖੀ ਹੈ, ਉਸ ਤੋਂ ਅਸੀਂ ਸਿੱਖਦੇ ਹਾਂ ਕਿ ਵਿਆਹੁਤਾ ਰਿਸ਼ਤੇ ਦਾ ਆਦਰ ਕਰਨਾ ਕਿੰਨਾ ਜ਼ਰੂਰੀ ਹੈ।—1 ਪਤਰਸ 3:5, 6.
▸ ਸਾਰਾਹ ਬਾਰੇ ਹੋਰ ਜਾਣਕਾਰੀ ਲੈਣ ਲਈ “ਤੂੰ ਬਹੁਤ ਸੋਹਣੀ ਹੈਂ” ਅਤੇ “ਪਰਮੇਸ਼ੁਰ ਨੇ ਉਸ ਨੂੰ ‘ਰਾਜਕੁਮਾਰੀ’ ਕਿਹਾ” (ਅੰਗ੍ਰੇਜ਼ੀ) ਲੇਖ ਦੇਖੋ।
ਸ਼ੂਲਮੀਥ ਕੁੜੀ
ਸ਼ੂਲਮੀਥ ਕੁੜੀ ਕੌਣ ਸੀ? ਉਹ ਪਿੰਡ ਦੀ ਇਕ ਸੋਹਣੀ ਕੁੜੀ ਸੀ ਅਤੇ ਬਾਈਬਲ ਦੀ ਕਿਤਾਬ ਸ੍ਰੇਸ਼ਟ ਗੀਤ ਵਿਚ ਇਹ ਕੁੜੀ ਮੁੱਖ ਪਾਤਰ ਹੈ। ਬਾਈਬਲ ਵਿਚ ਇਸ ਕੁੜੀ ਦਾ ਨਾਂ ਨਹੀਂ ਦੱਸਿਆ ਗਿਆ।
ਉਸ ਨੇ ਕੀ ਕੀਤਾ ਸੀ? ਸ਼ੂਲਮੀਥ ਕੁੜੀ ਉਸ ਚਰਵਾਹੇ ਪ੍ਰਤੀ ਵਫ਼ਾਦਾਰ ਰਹੀ ਜਿਸ ਨੂੰ ਉਹ ਪਿਆਰ ਕਰਦੀ ਸੀ। (ਸ੍ਰੇਸ਼ਟ ਗੀਤ 2:16) ਪਰ ਅਮੀਰ ਰਾਜਾ ਸੁਲੇਮਾਨ ਉਸ ਦੀ ਖ਼ੂਬਸੂਰਤੀ ਵੱਲ ਖਿੱਚਿਆ ਗਿਆ ਅਤੇ ਉਸ ਨੇ ਉਸ ਕੁੜੀ ਦਾ ਪਿਆਰ ਪਾਉਣ ਦੀ ਕੋਸ਼ਿਸ਼ ਕੀਤੀ। (ਸ੍ਰੇਸ਼ਟ ਗੀਤ 7:6) ਭਾਵੇਂ ਕਿ ਦੂਜਿਆਂ ਨੇ ਉਸ ʼਤੇ ਸੁਲੇਮਾਨ ਨੂੰ ਚੁਣਨ ਦਾ ਜ਼ੋਰ ਪਾਇਆ, ਪਰ ਉਸ ਨੇ ਇਨਕਾਰ ਕਰ ਦਿੱਤਾ। ਉਹ ਗ਼ਰੀਬ ਚਰਵਾਹੇ ਨੂੰ ਪਿਆਰ ਕਰਦੀ ਸੀ ਅਤੇ ਉਸ ਪ੍ਰਤੀ ਵਫ਼ਾਦਾਰ ਰਹੀ।—ਸ੍ਰੇਸ਼ਟ ਗੀਤ 3:5; 7:10; 8:6.
ਸ਼ੂਲਮੀਥ ਕੁੜੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਭਾਵੇਂ ਉਹ ਬਹੁਤ ਸੋਹਣੀ ਸੀ ਤੇ ਬਹੁਤ ਸਾਰੇ ਲੋਕ ਉਸ ਵੱਲ ਖਿੱਚੇ ਜਾਂਦੇ ਸਨ, ਪਰ ਉਹ ਆਪਣੇ ਆਪ ਨੂੰ ਜ਼ਿਆਦਾ ਨਹੀਂ ਸੀ ਸਮਝਦੀ। ਉਸ ਨੇ ਹਾਣੀਆਂ ਦੇ ਦਬਾਅ ਜਾਂ ਧਨ-ਦੌਲਤ ਤੇ ਸ਼ੁਹਰਤ ਕਰਕੇ ਚਰਵਾਹੇ ਨੂੰ ਪਿਆਰ ਕਰਨਾ ਨਹੀਂ ਛੱਡਿਆ। ਉਸ ਨੇ ਆਪਣੀਆਂ ਭਾਵਨਾਵਾਂ ʼਤੇ ਕਾਬੂ ਰੱਖਿਆ ਅਤੇ ਆਪਣਾ ਚਾਲ-ਚਲਣ ਸ਼ੁੱਧ ਰੱਖਿਆ।
ਲੂਤ ਦੀ ਪਤਨੀ
ਲੂਤ ਦੀ ਪਤਨੀ ਕੌਣ ਸੀ? ਬਾਈਬਲ ਵਿਚ ਉਸ ਦਾ ਨਾਂ ਨਹੀਂ ਦੱਸਿਆ ਗਿਆ। ਪਰ ਇਹ ਜ਼ਰੂਰ ਦੱਸਿਆ ਹੈ ਕਿ ਉਸ ਦੀਆਂ ਦੋ ਧੀਆਂ ਸਨ ਅਤੇ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਸਦੂਮ ਸ਼ਹਿਰ ਵਿਚ ਘਰ ਬਣਾਇਆ ਸੀ।—ਉਤਪਤ 19:1, 15.
ਉਸ ਨੇ ਕੀ ਕੀਤਾ ਸੀ? ਉਸ ਨੇ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਸੀ। ਪਰਮੇਸ਼ੁਰ ਨੇ ਸਦੂਮ ਤੇ ਨੇੜਲੇ ਸ਼ਹਿਰਾਂ ਨੂੰ ਨਾਸ਼ ਕਰਨ ਦਾ ਫ਼ੈਸਲਾ ਕੀਤਾ ਸੀ ਕਿਉਂਕਿ ਉੱਥੋਂ ਦੇ ਲੋਕ ਹਰਾਮਕਾਰੀ ਕਰਦੇ ਸਨ। ਯਹੋਵਾਹ ਸਦੂਮ ਵਿਚ ਰਹਿਣ ਵਾਲੇ ਧਰਮੀ ਲੂਤ ਅਤੇ ਉਸ ਦੇ ਪਰਿਵਾਰ ਨਾਲ ਪਿਆਰ ਕਰਦਾ ਸੀ। ਇਸ ਕਰਕੇ ਪਰਮੇਸ਼ੁਰ ਨੇ ਦੋ ਦੂਤ ਭੇਜੇ ਤਾਂਕਿ ਉਹ ਲੂਤ ਤੇ ਉਸ ਦੇ ਪਰਿਵਾਰ ਨੂੰ ਸੁਰੱਖਿਅਤ ਉਸ ਸ਼ਹਿਰ ਵਿੱਚੋਂ ਕੱਢ ਸਕਣ।—ਉਤਪਤ 18:20; 19:1, 12, 13.
ਦੂਤਾਂ ਨੇ ਲੂਤ ਦੇ ਪਰਿਵਾਰ ਨੂੰ ਉਸ ਸ਼ਹਿਰ ਵਿੱਚੋਂ ਭੱਜਣ ਅਤੇ ਪਿੱਛੇ ਨਾ ਦੇਖਣ ਲਈ ਕਿਹਾ, ਨਹੀਂ ਤਾਂ ਉਨ੍ਹਾਂ ਨੇ ਮਰ ਜਾਣਾ ਸੀ। (ਉਤਪਤ 19:17) ਲੂਤ ਦੀ ਪਤਨੀ ਨੇ “ਪਿੱਛੇ ਮੁੜ ਕੇ ਦੇਖਿਆ ਅਤੇ ਉਹ ਲੂਣ ਦਾ ਬੁੱਤ ਬਣ ਗਈ।”—ਉਤਪਤ 19:26.
ਅਸੀਂ ਲੂਤ ਦੀ ਪਤਨੀ ਤੋਂ ਕੀ ਸਿੱਖ ਸਕਦੇ ਹਾਂ? ਉਸ ਦੀ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਜੇ ਅਸੀਂ ਚੀਜ਼ਾਂ ਨੂੰ ਹੱਦੋਂ ਵੱਧ ਪਿਆਰ ਕਰਨ ਲੱਗ ਪਏ, ਤਾਂ ਹੋ ਸਕਦਾ ਹੈ ਕਿ ਅਸੀਂ ਪਰਮੇਸ਼ੁਰ ਦਾ ਕਹਿਣਾ ਨਾ ਮੰਨੀਏ। ਯਿਸੂ ਨੇ ਚੇਤਾਵਨੀ ਦੇਣ ਲਈ ਉਸ ਦੀ ਮਿਸਾਲ ਦਿੱਤੀ ਸੀ। ਉਸ ਨੇ ਕਿਹਾ: “ਲੂਤ ਦੀ ਪਤਨੀ ਨੂੰ ਯਾਦ ਰੱਖੋ!”—ਲੂਕਾ 17:32.
ਬਾਈਬਲ ਵਿਚ ਦੱਸੀਆਂ ਔਰਤਾਂ ਦੀ ਸਮਾਂ-ਰੇਖਾ
ਜਲ-ਪਰਲੋ (2370 ਈ. ਪੂ.)
ਕੂਚ (1513 ਈ. ਪੂ.)
ਇਜ਼ਰਾਈਲ ਦਾ ਪਹਿਲਾ ਰਾਜਾ (1117 ਈ. ਪੂ.)
ਯਿਸੂ ਦਾ ਬਪਤਿਸਮਾ (29 ਈ.)
ਯਿਸੂ ਦੀ ਮੌਤ (33 ਈ.)