ਬਾਈਬਲ ਕੀ ਹੈ?
ਬਾਈਬਲ ਕਹਿੰਦੀ ਹੈ
ਬਾਈਬਲ 66 ਪਵਿੱਤਰ ਕਿਤਾਬਾਂ ਦੀ ਬਣੀ ਹੋਈ ਹੈ। ਇਸ ਨੂੰ ਲਿਖਣ ਲਈ ਲਗਭਗ 1,600 ਸਾਲ ਲੱਗੇ। ਇਸ ਵਿਚ ਪਰਮੇਸ਼ੁਰ ਦਾ ਸੰਦੇਸ਼ ਯਾਨੀ “ਪਰਮੇਸ਼ੁਰ ਦਾ ਬਚਨ” ਦਰਜ ਹੈ।—1 ਥੱਸਲੁਨੀਕੀਆਂ 2:13.
ਇਸ ਲੇਖ ਵਿਚ ਦੇਖੋ
ਬਾਈਬਲ ਬਾਰੇ ਮੁੱਖ ਗੱਲਾਂ
ਬਾਈਬਲ ਨੂੰ ਕਿਸ ਨੇ ਲਿਖਿਆ ਹੈ? ਪਰਮੇਸ਼ੁਰ ਬਾਈਬਲ ਦਾ ਲਿਖਾਰੀ ਹੈ, ਪਰ ਉਸ ਨੇ ਲਗਭਗ 40 ਵੱਖੋ-ਵੱਖਰੇ ਆਦਮੀਆਂ ਰਾਹੀਂ ਇਸ ਨੂੰ ਲਿਖਵਾਇਆ। ਇਨ੍ਹਾਂ ਆਦਮੀਆਂ ਵਿੱਚੋਂ ਕੁਝ ਆਦਮੀ ਸਨ: ਮੂਸਾ, ਰਾਜਾ ਦਾਊਦ, ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ। a ਪਰਮੇਸ਼ੁਰ ਨੇ ਆਪਣੇ ਵਿਚਾਰ ਲਿਖਾਰੀਆਂ ਦੇ ਮਨਾਂ ਵਿਚ ਪਾਏ ਤਾਂਕਿ ਉਹ ਉਸ ਦੇ ਸੰਦੇਸ਼ ਨੂੰ ਲਿਖ ਸਕਣ।—2 ਤਿਮੋਥਿਉਸ 3:16.
ਮਿਸਾਲ ਲਈ: ਇਕ ਬਿਜ਼ਨਿਸਮੈਨ ਆਪਣੇ ਸੈਕਟਰੀ ਨੂੰ ਕੋਈ ਸੰਦੇਸ਼ ਲਿਖਣ ਲਈ ਕਹਿੰਦਾ ਹੈ। ਸ਼ਾਇਦ ਉਹ ਸੈਕਟਰੀ ਨੂੰ ਸੰਦੇਸ਼ ਦਾ ਨਿਚੋੜ ਹੀ ਦੱਸੇ। ਚਾਹੇ ਸੈਕਟਰੀ ਇਹ ਸੰਦੇਸ਼ ਲਿਖਦਾ ਹੈ, ਫਿਰ ਵੀ ਇਸ ਸੰਦੇਸ਼ ਦਾ ਲਿਖਾਰੀ ਬਿਜ਼ਨਿਸਮੈਨ ਨੂੰ ਹੀ ਮੰਨਿਆ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਚਾਹੇ ਪਰਮੇਸ਼ੁਰ ਨੇ ਆਪਣਾ ਸੰਦੇਸ਼ ਲਿਖਣ ਲਈ ਆਦਮੀਆਂ ਨੂੰ ਵਰਤਿਆ, ਪਰ ਬਾਈਬਲ ਦਾ ਅਸਲੀ ਲਿਖਾਰੀ ਉਹੀ ਹੈ।
“ਬਾਈਬਲ” ਸ਼ਬਦ ਦਾ ਕੀ ਮਤਲਬ ਹੈ? “ਬਾਈਬਲ” ਸ਼ਬਦ ਯੂਨਾਨੀ ਸ਼ਬਦ ਬਿਬਲੀਆ ਤੋਂ ਆਇਆ ਹੈ ਜਿਸ ਦਾ ਮਤਲਬ ਹੈ “ਛੋਟੀਆਂ-ਛੋਟੀਆਂ ਕਿਤਾਬਾਂ।” ਸਮੇਂ ਦੇ ਬੀਤਣ ਨਾਲ ਬਾਈਬਲ ਦੀਆਂ ਸਾਰੀਆਂ ਛੋਟੀਆਂ-ਛੋਟੀਆਂ ਕਿਤਾਬਾਂ ਦੇ ਸਮੂਹ ਨੂੰ ਬਿਬਲੀਆ ਕਿਹਾ ਜਾਣ ਲੱਗਾ।
ਬਾਈਬਲ ਕਦੋਂ ਲਿਖੀ ਗਈ ਸੀ? ਬਾਈਬਲ 1513 ਈਸਵੀ ਪੂਰਵ ਵਿਚ ਲਿਖਣੀ ਸ਼ੁਰੂ ਹੋਈ ਸੀ ਅਤੇ 1,600 ਤੋਂ ਵੀ ਜ਼ਿਆਦਾ ਸਾਲਾਂ ਬਾਅਦ ਲਗਭਗ 98 ਈਸਵੀ ਵਿਚ ਪੂਰੀ ਹੋਈ।
ਮੁਢਲੀ ਬਾਈਬਲ ਕਿੱਥੇ ਹੈ? ਬਾਈਬਲ ਦੀਆਂ ਕੋਈ ਵੀ ਮੁਢਲੀਆਂ ਲਿਖਤਾਂ ਨਹੀਂ ਬਚੀਆਂ ਹਨ। ਕਿਉਂ? ਕਿਉਂਕਿ ਬਾਈਬਲ ਲਿਖਾਰੀਆਂ ਨੇ ਉਸ ਸਮੇਂ ਉਪਲਬਧ ਅਜਿਹੇ ਕਾਗਜ਼ ਜਾਂ ਹੋਰ ਚੀਜ਼ਾਂ ਵਰਤੀਆਂ ਜੋ ਕੁਝ ਸਮੇਂ ਬਾਅਦ ਨਸ਼ਟ ਹੋ ਗਈਆਂ, ਜਿਵੇਂ ਕਿ ਪਪਾਇਰਸ ਅਤੇ ਚੰਮ-ਪੱਤਰ। ਪਰ ਸਦੀਆਂ ਦੌਰਾਨ ਮਾਹਰ ਗ੍ਰੰਥੀਆਂ ਨੇ ਬਹੁਤ ਧਿਆਨ ਨਾਲ ਬਾਈਬਲ ਦੀਆਂ ਨਕਲਾਂ ਤਿਆਰ ਕੀਤੀਆਂ ਅਤੇ ਵਾਰ-ਵਾਰ ਇਸ ਦੀਆਂ ਨਕਲਾਂ ਬਣਾਈਆਂ। ਇਸ ਕਰਕੇ ਭਵਿੱਖ ਵਿਚ ਵੀ ਲੋਕ ਇਸ ਨੂੰ ਪੜ੍ਹ ਸਕਦੇ ਸਨ।
“ਪੁਰਾਣਾ ਨੇਮ” ਅਤੇ “ਨਵਾਂ ਨੇਮ” ਕੀ ਹਨ? ਬਾਈਬਲ ਦੀਆਂ ਜਿਹੜੀਆਂ ਕਿਤਾਬਾਂ ਇਬਰਾਨੀ b ਭਾਸ਼ਾ ਵਿਚ ਲਿਖੀਆਂ ਗਈਆਂ, ਉਨ੍ਹਾਂ ਨੂੰ ਆਮ ਤੌਰ ਤੇ “ਪੁਰਾਣਾ ਨੇਮ” ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਇਬਰਾਨੀ ਲਿਖਤਾਂ ਵੀ ਕਿਹਾ ਜਾਂਦਾ ਹੈ। “ਨਵਾਂ ਨੇਮ” ਬਾਈਬਲ ਦੀਆਂ ਉਨ੍ਹਾਂ ਕਿਤਾਬਾਂ ਨੂੰ ਕਿਹਾ ਜਾਂਦਾ ਹੈ ਜੋ ਯੂਨਾਨੀ ਭਾਸ਼ਾ ਵਿਚ ਲਿਖੀਆਂ ਗਈਆਂ ਸਨ। ਇਨ੍ਹਾਂ ਨੂੰ ਮਸੀਹੀ ਯੂਨਾਨੀ ਲਿਖਤਾਂ ਵੀ ਕਿਹਾ ਜਾਂਦਾ ਹੈ। ਇਹ ਦੋਵੇਂ ਭਾਗ ਮਿਲ ਕੇ ਇਕ ਪੂਰੀ ਕਿਤਾਬ ਬਣਦੇ ਹਨ ਜਿਸ ਨੂੰ ਪਵਿੱਤਰ ਲਿਖਤਾਂ ਵੀ ਕਿਹਾ ਜਾਂਦਾ ਹੈ। c
ਬਾਈਬਲ ਵਿਚ ਕੀ ਕੁਝ ਹੈ? ਬਾਈਬਲ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਇਤਿਹਾਸ, ਕਾਨੂੰਨ, ਭਵਿੱਖਬਾਣੀਆਂ, ਕਵਿਤਾਵਾਂ, ਕਹਾਉਤਾਂ, ਗੀਤ ਅਤੇ ਚਿੱਠੀਆਂ ਹਨ।—“ ਬਾਈਬਲ ਦੀਆਂ ਕਿਤਾਬਾਂ ਦੀ ਲਿਸਟ” ਦੇਖੋ।
ਬਾਈਬਲ ਵਿਚ ਕੀ ਦੱਸਿਆ ਗਿਆ ਹੈ?
ਬਾਈਬਲ ਦੇ ਸ਼ੁਰੂਆਤੀ ਹਿੱਸੇ ਵਿਚ ਦੱਸਿਆ ਗਿਆ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਆਕਾਸ਼ ਅਤੇ ਧਰਤੀ ਨੂੰ ਕਿਵੇਂ ਬਣਾਇਆ। ਬਾਈਬਲ ਰਾਹੀਂ ਉਸ ਨੇ ਦੱਸਿਆ ਹੈ ਕਿ ਉਸ ਦਾ ਨਾਂ ਯਹੋਵਾਹ ਹੈ। ਉਹ ਚਾਹੁੰਦਾ ਹੈ ਕਿ ਸਾਰੇ ਇਨਸਾਨ ਉਸ ਨੂੰ ਜਾਣਨ।—ਜ਼ਬੂਰ 83:18.
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਬਾਰੇ ਝੂਠ ਫੈਲਾਏ ਗਏ ਹਨ ਅਤੇ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਉਹ ਕਿਵੇਂ ਆਪਣੇ ਨਾਂ ʼਤੇ ਲੱਗੇ ਕਲੰਕ ਨੂੰ ਮਿਟਾਵੇਗਾ।
ਬਾਈਬਲ ਤੋਂ ਪਤਾ ਲੱਗਦਾ ਹੈ ਕਿ ਇਨਸਾਨਾਂ ਅਤੇ ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ। ਇਹ ਦੱਸਦੀ ਹੈ ਕਿ ਪਰਮੇਸ਼ੁਰ ਕਿਵੇਂ ਭਵਿੱਖ ਵਿਚ ਇਨਸਾਨਾਂ ਦੇ ਦੁੱਖਾਂ ਦੇ ਸਾਰੇ ਕਾਰਨਾਂ ਨੂੰ ਮਿਟਾਵੇਗਾ।
ਬਾਈਬਲ ਵਿਚ ਰੋਜ਼ਮੱਰਾ ਦੀ ਜ਼ਿੰਦਗੀ ਲਈ ਵੀ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਦੀਆਂ ਕੁਝ ਮਿਸਾਲਾਂ ਹਨ:
ਦੂਜਿਆਂ ਨਾਲ ਚੰਗਾ ਰਿਸ਼ਤਾ ਬਣਾਈ ਰੱਖਣਾ। “ਇਸ ਲਈ, ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।”—ਮੱਤੀ 7:12.
ਮਤਲਬ: ਸਾਨੂੰ ਦੂਜਿਆਂ ਨਾਲ ਉਸੇ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ਜਿਵੇਂ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਪੇਸ਼ ਆਉਣ।
ਚਿੰਤਾ ਨਾਲ ਨਜਿੱਠਣਾ। “ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ।”—ਮੱਤੀ 6:34.
ਮਤਲਬ: ਭਵਿੱਖ ਬਾਰੇ ਹੱਦੋਂ ਵੱਧ ਚਿੰਤਾ ਕਰਨ ਦੀ ਬਜਾਇ ਚੰਗਾ ਹੋਵੇਗਾ ਕਿ ਅਸੀਂ ਸਿਰਫ਼ ਅੱਜ ਦੇ ਦਿਨ ਬਾਰੇ ਸੋਚੀਏ।
ਖ਼ੁਸ਼ਹਾਲ ਵਿਆਹੁਤਾ ਜ਼ਿੰਦਗੀ। “ਤੁਸੀਂ ਸਾਰੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨਾਲ ਕਰਦੇ ਹੋ; ਨਾਲੇ ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।”—ਅਫ਼ਸੀਆਂ 5:33.
ਮਤਲਬ: ਵਿਆਹੁਤਾ ਜ਼ਿੰਦਗੀ ਨੂੰ ਸਫ਼ਲ ਬਣਾਉਣ ਲਈ ਇਕ-ਦੂਜੇ ਲਈ ਪਿਆਰ ਅਤੇ ਆਦਰ ਹੋਣਾ ਬਹੁਤ ਜ਼ਰੂਰੀ ਹੈ।
ਕੀ ਬਾਈਬਲ ਵਿਚ ਫੇਰ-ਬਦਲ ਕੀਤੇ ਗਏ ਹਨ?
ਨਹੀਂ। ਵਿਦਵਾਨਾਂ ਨੇ ਬੜੇ ਧਿਆਨ ਨਾਲ ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਦੀ ਤੁਲਨਾ ਅੱਜ ਦੀ ਬਾਈਬਲ ਨਾਲ ਕੀਤੀ ਹੈ ਅਤੇ ਉਨ੍ਹਾਂ ਨੇ ਦੇਖਿਆ ਹੈ ਕਿ ਬਾਈਬਲ ਦਾ ਮੁਢਲਾ ਸੰਦੇਸ਼ ਬਦਲਿਆ ਨਹੀਂ ਹੈ। ਇਹ ਤਾਂ ਹੋਣਾ ਹੀ ਸੀ। ਜੇ ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦਾ ਸੰਦੇਸ਼ ਪੜ੍ਹਿਆ ਅਤੇ ਸਮਝਿਆ ਜਾਵੇ, ਤਾਂ ਕੀ ਉਹ ਇਸ ਗੱਲ ਦਾ ਵੀ ਪੂਰਾ ਧਿਆਨ ਨਹੀਂ ਰੱਖੇਗਾ ਕਿ ਉਸ ਦੇ ਸੰਦੇਸ਼ ਵਿਚ ਕੋਈ ਫੇਰ-ਬਦਲ ਨਾ ਕੀਤਾ ਜਾਵੇ? d—ਯਸਾਯਾਹ 40:8.
ਬਾਈਬਲ ਦੇ ਇੰਨੇ ਸਾਰੇ ਵੱਖੋ-ਵੱਖਰੇ ਅਨੁਵਾਦ ਕਿਉਂ ਹਨ?
ਅੱਜ ਜ਼ਿਆਦਾਤਰ ਲੋਕ ਪੁਰਾਣੇ ਜ਼ਮਾਨੇ ਦੀਆਂ ਭਾਸ਼ਾਵਾਂ ਨਹੀਂ ਸਮਝ ਸਕਦੇ। ਪਰ ਬਾਈਬਲ ਵਿਚ “ਹਰ ਕੌਮ, ਹਰ ਕਬੀਲੇ, ਹਰ ਭਾਸ਼ਾ ਬੋਲਣ ਵਾਲੇ” ਲਈ “ਖ਼ੁਸ਼ ਖ਼ਬਰੀ” ਹੈ। (ਪ੍ਰਕਾਸ਼ ਦੀ ਕਿਤਾਬ 14:6) ਇਸੇ ਕਰਕੇ ਲੋਕਾਂ ਨੂੰ ਬਾਈਬਲ ਦਾ ਅਜਿਹੀ ਭਾਸ਼ਾ ਵਿਚ ਅਨੁਵਾਦ ਚਾਹੀਦਾ ਹੈ ਜੋ ਉਹ ਸਮਝਦੇ ਹਨ। ਇਸ ਤਰ੍ਹਾਂ ਉਹ ਪਰਮੇਸ਼ੁਰ ਦੇ ਸੰਦੇਸ਼ ਨੂੰ ਪੜ੍ਹ ਅਤੇ ਚੰਗੀ ਤਰ੍ਹਾਂ ਸਮਝ ਸਕਦੇ ਹਨ।
ਬਾਈਬਲ ਦੇ ਤਿੰਨ ਤਰ੍ਹਾਂ ਦੇ ਅਨੁਵਾਦ ਹਨ:
ਇਕ ਅਜਿਹਾ ਅਨੁਵਾਦ ਜਿਸ ਵਿਚ ਜਿੰਨਾ ਹੋ ਸਕੇ ਸ਼ਬਦ-ਬ-ਸ਼ਬਦ ਅਨੁਵਾਦ ਕੀਤਾ ਜਾਂਦਾ ਹੈ।
ਇਕ ਅਜਿਹਾ ਅਨੁਵਾਦ ਜਿਸ ਵਿਚ ਮੁਢਲੀ ਭਾਸ਼ਾ ਦੇ ਸ਼ਬਦਾਂ ਦੇ ਅਰਥਾਂ ਨੂੰ ਅਨੁਵਾਦ ਕੀਤਾ ਜਾਂਦਾ ਹੈ।
ਇਕ ਅਜਿਹਾ ਅਨੁਵਾਦ ਜਿਸ ਵਿਚ ਸੌਖੇ ਸ਼ਬਦਾਂ ਵਿਚ ਕਿਸੇ ਗੱਲ ਦਾ ਸਾਰ ਦਿੱਤਾ ਜਾਂਦਾ ਹੈ। ਇਸ ਅਨੁਵਾਦ ਨੂੰ ਮਜ਼ੇਦਾਰ ਬਣਾਉਣ ਲਈ ਸ਼ਬਦਾਂ ਜਾਂ ਵਾਕਾਂ ਵਿਚ ਫੇਰ-ਬਦਲ ਕੀਤਾ ਜਾਂਦਾ ਹੈ। ਪਰ ਇਸ ਕਰਕੇ ਸ਼ਾਇਦ ਕਈ ਵਾਰ ਗੱਲਾਂ ਦਾ ਮਤਲਬ ਹੀ ਬਦਲ ਜਾਂਦਾ ਹੈ।
ਤਾਂ ਫਿਰ ਬਾਈਬਲ ਦਾ ਇਕ ਚੰਗਾ ਅਨੁਵਾਦ ਕਿਹੜਾ ਹੁੰਦਾ ਹੈ? ਅਜਿਹਾ ਅਨੁਵਾਦ ਜਿਸ ਵਿਚ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੋਵੇ ਕਿ ਇਹ ਸ਼ਾਬਦਿਕ ਹੋਣ ਦੇ ਨਾਲ-ਨਾਲ ਅੱਜ ਬੋਲੀ ਜਾਂਦੀ ਭਾਸ਼ਾ ਵਿਚ ਹੋਵੇ ਤਾਂਕਿ ਲੋਕਾਂ ਨੂੰ ਪਰਮੇਸ਼ੁਰ ਦਾ ਸੰਦੇਸ਼ ਸਹੀ-ਸਹੀ ਸਮਝ ਆਵੇ। e
ਕਿਸ ਨੇ ਇਹ ਫ਼ੈਸਲਾ ਕੀਤਾ ਕਿ ਬਾਈਬਲ ਵਿਚ ਕੀ ਕੁਝ ਲਿਖਿਆ ਜਾਣਾ ਚਾਹੀਦਾ ਹੈ?
ਬਾਈਬਲ ਦਾ ਲਿਖਾਰੀ ਹੋਣ ਕਰਕੇ ਪਰਮੇਸ਼ੁਰ ਨੇ ਹੀ ਇਹ ਫ਼ੈਸਲਾ ਕੀਤਾ ਹੈ ਕਿ ਇਸ ਵਿਚ ਕੀ ਕੁਝ ਲਿਖਿਆ ਜਾਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਉਸ ਨੇ ਪ੍ਰਾਚੀਨ ਇਜ਼ਰਾਈਲ ਕੌਮ ਨੂੰ ਚੁਣਿਆ ਤਾਂਕਿ ਉਨ੍ਹਾਂ ਨੂੰ “ਪਰਮੇਸ਼ੁਰ ਦੇ ਪਵਿੱਤਰ ਬਚਨ ਸੌਂਪੇ” ਜਾਣ। ਉਨ੍ਹਾਂ ਨੇ ਇਨ੍ਹਾਂ ਇਬਰਾਨੀ ਲਿਖਤਾਂ ਨੂੰ ਸੰਭਾਲ ਕੇ ਰੱਖਣਾ ਸੀ।—ਰੋਮੀਆਂ 3:2.
ਕੀ ਬਾਈਬਲ ਦੀਆਂ ਕੁਝ ਕਿਤਾਬਾਂ ਗੁਆਚ ਗਈਆਂ ਹਨ?
ਨਹੀਂ। ਬਾਈਬਲ ਪੂਰੀ ਹੈ, ਇਸ ਦੀ ਕੋਈ ਵੀ ਕਿਤਾਬ ਗੁਆਚੀ ਨਹੀਂ ਹੈ। ਸ਼ਾਇਦ ਕੁਝ ਲੋਕ ਦਾਅਵਾ ਕਰਨ ਕਿ ਕੁਝ ਪੁਰਾਣੀਆਂ ਕਿਤਾਬਾਂ ਨੂੰ ਲੋਕਾਂ ਤੋਂ ਲੰਬੇ ਸਮੇਂ ਲਈ ਲੁਕੋ ਕੇ ਰੱਖਿਆ ਗਿਆ ਸੀ ਜੋ ਅਸਲ ਵਿਚ ਬਾਈਬਲ ਦਾ ਹਿੱਸਾ ਹਨ। f ਪਰ ਬਾਈਬਲ ਖ਼ੁਦ ਇਸ ਗੱਲ ਦਾ ਭਰੋਸਾ ਦਿਵਾਉਂਦੀ ਹੈ ਕਿ ਕਿਹੜੀ ਕਿਤਾਬ ਇਸ ਦਾ ਹਿੱਸਾ ਹੈ ਤੇ ਕਿਹੜੀ ਨਹੀਂ। (2 ਤਿਮੋਥਿਉਸ 1:13) ਇਸ ਭਰੋਸੇ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੁਆਰਾ ਲਿਖਵਾਈਆਂ ਕਿਤਾਬਾਂ ਇਕ-ਦੂਜੇ ਨਾਲ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ। ਪਰ ਇਹ ਗੱਲ ਉਨ੍ਹਾਂ ਸਾਰੀਆਂ ਪੁਰਾਣੀਆਂ ਲਿਖਤਾਂ ਬਾਰੇ ਨਹੀਂ ਕਹੀ ਜਾ ਸਕਦੀ ਜਿਨ੍ਹਾਂ ਬਾਰੇ ਕੁਝ ਲੋਕ ਦਾਅਵਾ ਕਰਦੇ ਹਨ ਕਿ ਇਹ ਬਾਈਬਲ ਦਾ ਹਿੱਸਾ ਹਨ। g
ਬਾਈਬਲ ਵਿੱਚੋਂ ਆਇਤਾਂ ਕਿਵੇਂ ਲੱਭੀਏ?
ਬਾਈਬਲ ਦੀਆਂ ਕਿਤਾਬਾਂ ਦੀ ਲਿਸਟ
a ਬਾਈਬਲ ਦੀਆਂ ਸਾਰੀਆਂ ਕਿਤਾਬਾਂ, ਉਨ੍ਹਾਂ ਨੂੰ ਕਿਸ ਨੇ ਅਤੇ ਕਦੋਂ ਲਿਖਿਆ, ਇਹ ਜਾਣਨ ਲਈ ਕਿਰਪਾ ਕਰਕੇ “ਬਾਈਬਲ ਦੀਆਂ ਕਿਤਾਬਾਂ ਦੀ ਸੂਚੀ” ਦੇਖੋ।
b ਬਾਈਬਲ ਦਾ ਥੋੜ੍ਹਾ-ਬਹੁਤ ਹਿੱਸਾ ਅਰਾਮੀ ਭਾਸ਼ਾ ਵਿਚ ਵੀ ਲਿਖਿਆ ਗਿਆ ਸੀ। ਇਹ ਇਬਰਾਨੀ ਭਾਸ਼ਾ ਨਾਲ ਕਾਫ਼ੀ ਮਿਲਦੀ-ਜੁਲਦੀ ਭਾਸ਼ਾ ਹੈ।
c ਬਾਈਬਲ ਪੜ੍ਹਨ ਵਾਲੇ ਕਈ ਲੋਕਾਂ ਨੂੰ “ਇਬਰਾਨੀ ਲਿਖਤਾਂ” ਅਤੇ “ਮਸੀਹੀ ਯੂਨਾਨੀ ਲਿਖਤਾਂ” ਸ਼ਬਦ ਜ਼ਿਆਦਾ ਪਸੰਦ ਹਨ। ਇਨ੍ਹਾਂ ਸ਼ਬਦਾਂ ਤੋਂ ਇਹ ਨਹੀਂ ਲੱਗਦਾ ਕਿ “ਪੁਰਾਣਾ ਨੇਮ” ਪੁਰਾਣਾ ਹੋ ਗਿਆ ਹੈ ਅਤੇ “ਨਵੇਂ ਨੇਮ” ਨੇ ਇਸ ਦੀ ਥਾਂ ਲੈ ਲਈ ਹੈ।
d “ਕੀ ਬਾਈਬਲ ਦੇ ਸੰਦੇਸ਼ ਵਿਚ ਕੋਈ ਫੇਰ-ਬਦਲ ਕੀਤਾ ਗਿਆ ਹੈ?” ਨਾਂ ਦਾ ਲੇਖ ਦੇਖੋ।
e ਕਈਆਂ ਨੂੰ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਬਾਈਬਲ ਪੜ੍ਹਨੀ ਵਧੀਆ ਲੱਗਦੀ ਹੈ ਕਿਉਂਕਿ ਇਹ ਅਨੁਵਾਦ ਸਹੀ-ਸਹੀ ਅਤੇ ਪੜ੍ਹਨ ਵਿਚ ਆਸਾਨ ਹੈ। “ਕੀ ਨਵੀਂ ਦੁਨੀਆਂ ਅਨੁਵਾਦ ਸਹੀ ਹੈ?” ਨਾਂ ਦਾ ਲੇਖ ਦੇਖੋ।
f ਇਨ੍ਹਾਂ ਲਿਖਤਾਂ ਦੇ ਸਮੂਹ ਨੂੰ ਅਪੌਕ੍ਰਿਫ਼ਾ ਕਿਹਾ ਜਾਂਦਾ ਹੈ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਮੁਤਾਬਕ “[ਇਹ ਸ਼ਬਦ] ਉਨ੍ਹਾਂ ਕਿਤਾਬਾਂ ਲਈ ਵਰਤਿਆ ਜਾਂਦਾ ਹੈ ਜੋ ਬਾਈਬਲ ਦੀਆਂ ਪ੍ਰਮਾਣਿਤ ਲਿਖਤਾਂ ਦਾ ਹਿੱਸਾ ਨਹੀਂ ਹਨ।” ਕਹਿਣ ਦਾ ਮਤਲਬ ਹੈ ਕਿ ਇਹ ਉਨ੍ਹਾਂ ਕਿਤਾਬਾਂ ਦੀ ਲਿਸਟ ਵਿਚ ਸ਼ਾਮਲ ਨਹੀਂ ਹਨ ਜੋ ਬਾਈਬਲ ਦਾ ਹਿੱਸਾ ਹਨ।
g ਹੋਰ ਜਾਣਨ ਲਈ “ਅਪੌਕ੍ਰਿਫ਼ਾ ਇੰਜੀਲਾਂ—ਯਿਸੂ ਬਾਰੇ ਗੁਪਤ ਸੱਚਾਈਆਂ” (ਅੰਗ੍ਰੇਜ਼ੀ) ਨਾਂ ਦਾ ਲੇਖ ਦੇਖੋ।