ਪਰਿਵਾਰ ਦੀ ਮਦਦ ਲਈ
ਪਿਆਰ ਕਿਵੇਂ ਜ਼ਾਹਰ ਕਰੀਏ?
ਜਿੱਦਾਂ-ਜਿੱਦਾਂ ਸਾਲ ਬੀਤਦੇ ਜਾਂਦੇ ਹਨ, ਉੱਦਾਂ-ਉੱਦਾਂ ਕੁਝ ਵਿਆਹੇ ਜੋੜੇ ਇਕ-ਦੂਜੇ ਲਈ ਘੱਟ ਪਿਆਰ ਜ਼ਾਹਰ ਕਰਦੇ ਹਨ। ਜੇ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਇਸ ਤਰ੍ਹਾਂ ਹੋ ਰਿਹਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਤੁਹਾਨੂੰ ਕੀ ਪਤਾ ਹੋਣਾ ਚਾਹੀਦਾ?
ਮਜ਼ਬੂਤ ਵਿਆਹੁਤਾ ਬੰਧਨ ਲਈ ਪਿਆਰ ਜ਼ਾਹਰ ਕਰਨਾ ਜ਼ਰੂਰੀ ਹੈ। ਜਿਸ ਤਰ੍ਹਾਂ ਸਰੀਰਕ ਪੱਖੋਂ ਤੰਦਰੁਸਤ ਰਹਿਣ ਲਈ ਬਾਕਾਇਦਾ ਖਾਣਾ-ਪੀਣਾ ਜ਼ਰੂਰੀ ਹੈ, ਉਸੇ ਤਰ੍ਹਾਂ ਵਿਆਹੁਤਾ ਬੰਧਨ ਮਜ਼ਬੂਤ ਰੱਖਣ ਲਈ ਲਗਾਤਾਰ ਪਿਆਰ ਦਿਖਾਉਣਾ ਜ਼ਰੂਰੀ ਹੈ। ਵਿਆਹ ਤੋਂ ਕਈ ਸਾਲਾਂ ਬਾਅਦ ਵੀ ਪਤੀ-ਪਤਨੀ ਨੂੰ ਇਕ-ਦੂਜੇ ਨੂੰ ਅਹਿਸਾਸ ਕਰਾਉਣਾ ਚਾਹੀਦਾ ਹੈ ਕਿ ਉਹ ਆਪਣੇ ਸਾਥੀ ਨੂੰ ਪਿਆਰ ਕਰਦੇ ਅਤੇ ਉਸ ਦੀ ਪਰਵਾਹ ਕਰਦੇ ਹਨ।
ਸੱਚਾ ਪਿਆਰ ਸੁਆਰਥੀ ਨਹੀਂ ਹੁੰਦਾ। ਇਹ ਪਿਆਰ ਦੂਜੇ ਵਿਅਕਤੀ ਦੀ ਖ਼ੁਸ਼ੀ ਚਾਹੁੰਦਾ ਹੈ। ਇਸ ਲਈ ਸਿਰਫ਼ ਉਦੋਂ ਹੀ ਪਿਆਰ ਜ਼ਾਹਰ ਨਾ ਕਰੋ ਜਦੋਂ ਤੁਸੀਂ ਚਾਹੁੰਦੇ ਹੋ, ਸਗੋਂ ਇਕ ਪਰਵਾਹ ਕਰਨ ਵਾਲਾ ਸਾਥੀ ਆਪਣੇ ਸਾਥੀ ਦੀ ਪਿਆਰ ਦੀ ਲੋੜ ਨੂੰ ਸਮਝੇਗਾ ਅਤੇ ਉਸ ਲੋੜ ਨੂੰ ਪੂਰੀ ਕਰੇਗਾ।
ਆਮ ਤੌਰ ʼਤੇ ਪਤੀਆਂ ਨਾਲੋਂ ਜ਼ਿਆਦਾ ਪਤਨੀਆਂ ਚਾਹੁੰਦੀਆਂ ਹਨ ਕਿ ਉਨ੍ਹਾਂ ਨੂੰ ਪਿਆਰ ਜ਼ਾਹਰ ਕੀਤਾ ਜਾਵੇ। ਇਕ ਪਤੀ ਸ਼ਾਇਦ ਆਪਣੀ ਪਤਨੀ ਨੂੰ ਬੇਹੱਦ ਪਿਆਰ ਕਰਦਾ ਹੋਵੇ। ਪਰ ਜੇ ਉਹ ਸਿਰਫ਼ ਆਪਣੇ ਪਿਆਰ ਦਾ ਇਜ਼ਹਾਰ ਸਵੇਰੇ ਜਾਂ ਰਾਤ ਨੂੰ ਜਾਂ ਸਰੀਰਕ ਸੰਬੰਧ ਬਣਾਉਣ ਤੋਂ ਪਹਿਲਾਂ ਕਰਦਾ ਹੈ, ਤਾਂ ਉਸ ਦੀ ਪਤਨੀ ਸ਼ਾਇਦ ਸੋਚੇ ਕਿ ਪਤੀ ਸੱਚ-ਮੁੱਚ ਉਸ ਦੀ ਪਰਵਾਹ ਕਰਦਾ ਵੀ ਹੈ ਜਾਂ ਨਹੀਂ। ਇਸ ਲਈ ਵਧੀਆ ਹੋਵੇਗਾ ਕਿ ਪਤੀ-ਪਤਨੀ ਅਕਸਰ ਆਪਣਾ ਪਿਆਰ ਜ਼ਾਹਰ ਕਰਨ।
ਤੁਸੀਂ ਕੀ ਕਰ ਸਕਦੇ ਹੋ?
ਆਪਣੇ ਸ਼ਬਦਾਂ ਰਾਹੀਂ ਪਿਆਰ ਦਿਖਾਓ। “ਆਈ ਲਵ ਯੂ” ਜਾਂ “ਤੂੰ ਮੇਰੇ ਲਈ ਬਹੁਤ ਅਨਮੋਲ ਹੈ” ਵਰਗੇ ਸ਼ਬਦ ਕਹਿ ਕੇ ਤੁਸੀਂ ਦਿਖਾ ਸਕਦੇ ਹੋ ਕਿ ਤੁਹਾਡਾ ਸਾਥੀ ਤੁਹਾਡੇ ਲਈ ਬਹੁਤ ਮਾਅਨੇ ਰੱਖਦਾ ਹੈ।
ਬਾਈਬਲ ਦਾ ਅਸੂਲ: “ਜੋ ਮਨ ਵਿਚ ਹੁੰਦਾ ਹੈ, ਉਹੀ ਮੂੰਹ ʼਤੇ ਆਉਂਦਾ ਹੈ।”—ਮੱਤੀ 12:34.
ਸੁਝਾਅ: ਤੁਸੀਂ ਸਿਰਫ਼ ਬੋਲ ਕੇ ਹੀ ਨਹੀਂ, ਸਗੋਂ ਲਿਖ ਕੇ ਵੀ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ, ਜਿਵੇਂ ਕਾਰਡ, ਈ-ਮੇਲ ਜਾਂ ਮੈਸਿਜ।
ਆਪਣੇ ਕੰਮਾਂ ਰਾਹੀਂ ਪਿਆਰ ਦਿਖਾਓ। ਜੱਫੀ ਪਾ ਕੇ ਜਾਂ ਹੱਥ ਫੜ ਕੇ ਵੀ ਤੁਸੀਂ ਦਿਖਾ ਸਕਦੇ ਹੋ ਕਿ ਤੁਸੀਂ ਉਸ ਨੂੰ ਪਿਆਰ ਕਰਦੇ ਹੋ। ਛੋਹ ਕੇ, ਪਿਆਰ ਨਾਲ ਦੇਖ ਕੇ ਜਾਂ ਕਦੀ-ਕਦਾਈਂ ਤੋਹਫ਼ੇ ਦੇ ਕੇ ਵੀ ਸੱਚੀ ਪਰਵਾਹ ਦਿਖਾਈ ਜਾ ਸਕਦੀ ਹੈ। ਨਾਲੇ ਆਪਣੀ ਪਤਨੀ ਲਈ ਕੁਝ ਕੰਮ ਕਰ ਕੇ ਵੀ ਤੁਸੀਂ ਇੱਦਾਂ ਕਰ ਸਕਦੇ ਹੋ, ਜਿਵੇਂ ਤੁਸੀਂ ਸਮਾਨ ਨਾਲ ਭਰੇ ਲਿਫ਼ਾਫ਼ੇ ਚੁੱਕ ਸਕਦੇ ਹੋ, ਦਰਵਾਜ਼ਾ ਖੋਲ੍ਹ ਸਕਦੇ ਹੋ, ਭਾਂਡੇ ਧੋ ਸਕਦੇ ਹੋ, ਕੱਪੜੇ ਧੋ ਸਕਦੇ ਹੋ ਜਾਂ ਖਾਣਾ ਬਣਾ ਸਕਦੇ ਹੋ। ਬਹੁਤ ਸਾਰੀਆਂ ਪਤਨੀਆਂ ਮੰਨਦੀਆਂ ਹਨ ਕਿ ਤੁਸੀਂ ਇਹ ਕੰਮ ਕਰ ਕੇ ਸਿਰਫ਼ ਉਨ੍ਹਾਂ ਦੀ ਮਦਦ ਹੀ ਨਹੀਂ ਕਰਦੇ, ਸਗੋਂ ਆਪਣੇ ਕੰਮਾਂ ਰਾਹੀਂ ਉਨ੍ਹਾਂ ਨੂੰ ਆਪਣਾ ਪਿਆਰ ਵੀ ਦਿਖਾਉਂਦੇ ਹੋ।
ਬਾਈਬਲ ਦਾ ਅਸੂਲ: “ਆਓ ਆਪਾਂ ਗੱਲੀਂ-ਬਾਤੀਂ ਜਾਂ ਜ਼ਬਾਨੀ ਹੀ ਨਹੀਂ, ਸਗੋਂ ਦਿਲੋਂ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ ਦੇਈਏ।”—1 ਯੂਹੰਨਾ 3:18.
ਸੁਝਾਅ: ਆਪਣੇ ਸਾਥੀ ਨਾਲ ਉਸੇ ਤਰ੍ਹਾਂ ਪਿਆਰ ਨਾਲ ਪੇਸ਼ ਆਓ ਜਿੱਦਾਂ ਤੁਸੀਂ ਵਿਆਹ ਤੋਂ ਪਹਿਲਾਂ ਦੀਆਂ ਮੁਲਾਕਾਤਾਂ ਦੌਰਾਨ ਪੇਸ਼ ਆਉਂਦੇ ਸੀ।
ਇਕ-ਦੂਜੇ ਨਾਲ ਸਮਾਂ ਬਿਤਾਓ। ਇਕੱਠੇ ਸਮਾਂ ਬਿਤਾਉਣ ਨਾਲ ਵਿਆਹੁਤਾ ਬੰਧਨ ਮਜ਼ਬੂਤ ਹੁੰਦਾ ਹੈ ਅਤੇ ਤੁਹਾਡੇ ਸਾਥੀ ਨੂੰ ਯਕੀਨ ਹੁੰਦਾ ਹੈ ਕਿ ਤੁਸੀਂ ਉਸ ਦੇ ਸਾਥ ਦਾ ਆਨੰਦ ਮਾਣਦੇ ਹੋ। ਬਿਨਾਂ ਸ਼ੱਕ, ਬੱਚੇ ਹੋਣ ਕਰਕੇ ਜਾਂ ਹਰ ਰੋਜ਼ ਦੇ ਕੰਮਾਂ ਵਿਚ ਰੁੱਝੇ ਹੋਣ ਕਰਕੇ ਇਕੱਠੇ ਸਮਾਂ ਬਿਤਾਉਣਾ ਔਖਾ ਹੋ ਸਕਦਾ ਹੈ। ਤੁਸੀਂ ਦੋਨੋਂ ਜਣੇ ਕੁਝ ਅਜਿਹਾ ਕਰ ਸਕਦੇ ਹੋ ਜਿਸ ਨਾਲ ਤੁਸੀਂ ਇਕੱਠੇ ਸਮਾਂ ਬਿਤਾ ਸਕੋ, ਜਿਵੇਂ ਤੁਸੀਂ ਦੋਵੇਂ ਜਣੇ ਸੈਰ ʼਤੇ ਜਾ ਸਕਦੇ ਹੋ।
ਬਾਈਬਲ ਦਾ ਅਸੂਲ: “ਤੁਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।”—ਫ਼ਿਲਿੱਪੀਆਂ 1:10.
ਸੁਝਾਅ: ਕੁਝ ਜੋੜੇ ਜਿਹੜੇ ਕੰਮਾਂ-ਕਾਰਾਂ ਵਿਚ ਰੁੱਝੇ ਹੁੰਦੇ ਹਨ, ਉਹ ਬਾਕਾਇਦਾ ਇਕੱਠੇ ਸਮਾਂ ਬਿਤਾਉਣ ਲਈ ਅਲੱਗ ਸਮਾਂ ਰੱਖਦੇ ਹਨ, ਜਿਵੇਂ ਉਹ ਸ਼ਾਮ ਨੂੰ ਜਾਂ ਸ਼ਨੀ-ਐਤਵਾਰ ਨੂੰ ਇਕੱਠੇ ਕਿਤੇ ਬਾਹਰ ਜਾਂਦੇ ਹਨ।
ਆਪਣੇ ਸਾਥੀ ਨੂੰ ਜਾਣੋ। ਹਰ ਵਿਅਕਤੀ ਦੀ ਪਿਆਰ ਪਾਉਣ ਦੀ ਲੋੜ ਵੱਖਰੀ ਹੁੰਦੀ ਹੈ। ਇਕੱਠੇ ਬੈਠ ਕੇ ਗੱਲ ਕਰੋ ਕਿ ਤੁਸੀਂ ਕਿੱਦਾਂ ਚਾਹੁੰਦੇ ਹੋ ਕਿ ਤੁਹਾਡਾ ਸਾਥੀ ਆਪਣੇ ਪਿਆਰ ਦਾ ਇਜ਼ਹਾਰ ਕਰੇ ਅਤੇ ਕੀ ਤੁਹਾਨੂੰ ਇਕ-ਦੂਜੇ ਨੂੰ ਹੋਰ ਪਿਆਰ ਦਿਖਾਉਣ ਦੀ ਲੋੜ ਹੈ। ਫਿਰ ਆਪਣੇ ਸਾਥੀ ਦੀ ਲੋੜ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਯਾਦ ਰੱਖੋ ਕਿ ਮਜ਼ਬੂਤ ਵਿਆਹੁਤਾ ਬੰਧਨ ਲਈ ਪਿਆਰ ਜ਼ਾਹਰ ਕਰਨਾ ਜ਼ਰੂਰੀ ਹੈ।
ਬਾਈਬਲ ਦਾ ਅਸੂਲ: “ਪਿਆਰ . . . ਆਪਣੇ ਬਾਰੇ ਹੀ ਨਹੀਂ ਸੋਚਦਾ।”—1 ਕੁਰਿੰਥੀਆਂ 13:4, 5.
ਸੁਝਾਅ: ਧੱਕੇ ਨਾਲ ਪਿਆਰ ਲੈਣ ਦੀ ਬਜਾਇ ਆਪਣੇ ਆਪ ਤੋਂ ਪੁੱਛੋ, ‘ਮੈਂ ਕੀ ਕਰ ਸਕਦਾ ਹਾਂ ਕਿ ਮੇਰਾ ਸਾਥੀ ਮੈਨੂੰ ਹੋਰ ਪਿਆਰ ਕਰੇ?’