ਨੌਜਵਾਨ ਪੁੱਛਦੇ ਹਨ
ਮੇਰਾ ਕੋਈ ਦੋਸਤ ਕਿਉਂ ਨਹੀਂ ਹੈ?
ਤੁਸੀਂ ਆਨ-ਲਾਈਨ ਬੈਠੇ ਹੋ ਤੇ ਹਾਲ ਹੀ ਵਿਚ ਹੋਈ ਪਾਰਟੀ ਦੀਆਂ ਫੋਟੋਆਂ ਦੇਖ ਰਹੇ ਹੋ। ਤੁਹਾਡੇ ਸਾਰੇ ਦੋਸਤ ਪਾਰਟੀ ਵਿਚ ਗਏ ਹਨ ਤੇ ਉਹ ਬਹੁਤ ਖ਼ੁਸ਼ ਲੱਗਦੇ ਹਨ। ਪਰ ਇਕ ਜਣਾ ਪਾਰਟੀ ਵਿਚ ਨਹੀਂ ਹੈ, ਉਹ ਹੋ ਤੁਸੀਂ!
ਤੁਸੀਂ ਸੋਚਦੇ ਹੋ, ‘ਮੈਨੂੰ ਪਾਰਟੀ ਵਿਚ ਕਿਉਂ ਨਹੀਂ ਬੁਲਾਇਆ?’
ਇਹ ਸੋਚ ਕੇ ਤੁਹਾਨੂੰ ਗੁੱਸਾ ਚੜ੍ਹ ਜਾਂਦਾ ਹੈ। ਤੁਹਾਨੂੰ ਇੱਦਾਂ ਲੱਗਦਾ ਹੈ ਕਿ ਤੁਹਾਡੇ ਨਾਲ ਮਾੜੀ ਹੋਈ! ਤੁਸੀਂ ਸੋਚਦੇ ਹੋ ਕਿ ਤੁਹਾਡੀ ਦੋਸਤੀ ਕਿੰਨੀ ਕੱਚੀ ਸੀ। ਤੁਸੀਂ ਬਹੁਤ ਜ਼ਿਆਦਾ ਇਕੱਲਾਪਣ ਮਹਿਸੂਸ ਕਰਦੇ ਹੋ ਅਤੇ ਆਪਣੇ ਆਪ ਨੂੰ ਪੁੱਛਦੇ ਹੋ, ‘ਮੇਰਾ ਕੋਈ ਦੋਸਤ ਕਿਉਂ ਨਹੀਂ ਹੈ?’
ਇਕੱਲੇਪਣ ਬਾਰੇ ਸਵਾਲ
ਹਾਂ ਜਾਂ ਨਾਂਹ
ਜੇ ਮੇਰੇ ਬਹੁਤ ਸਾਰੇ ਦੋਸਤ ਹੋਣਗੇ, ਤਾਂ ਮੈਨੂੰ ਇਕੱਲਾਪਣ ਮਹਿਸੂਸ ਨਹੀਂ ਹੋਵੇਗਾ।
ਜੇ ਮੈਂ ਆਨ-ਲਾਈਨ ਦੋਸਤ ਬਣਾਵਾਂ, ਤਾਂ ਮੈਨੂੰ ਇਕੱਲਾਪਣ ਮਹਿਸੂਸ ਨਹੀਂ ਹੋਵੇਗਾ।
ਜੇ ਮੈਂ ਮੋਬਾਇਲ ʼਤੇ ਢੇਰ ਸਾਰੇ ਮੈਸਿਜ ਕਰਾਂ, ਤਾਂ ਮੈਨੂੰ ਇਕੱਲਾਪਣ ਮਹਿਸੂਸ ਨਹੀਂ ਹੋਵੇਗਾ।
ਜੇ ਮੈਂ ਦੂਸਰਿਆਂ ਲਈ ਕੁਝ ਕਰਾਂ, ਤਾਂ ਮੈਨੂੰ ਇਕੱਲਾਪਣ ਮਹਿਸੂਸ ਨਹੀਂ ਹੋਵੇਗਾ।
ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਨਾਂਹ ਹੈ।
ਕਿਉਂ?
ਦੋਸਤੀ ਅਤੇ ਇਕੱਲੇਪਣ ਬਾਰੇ ਕੁਝ ਤੱਥ
ਬਹੁਤ ਸਾਰੇ ਦੋਸਤ ਹੋਣੇ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਤੁਸੀਂ ਇਕੱਲਾਪਣ ਮਹਿਸੂਸ ਨਹੀਂ ਕਰੋਗੇ।
“ਮੈਂ ਆਪਣੇ ਦੋਸਤਾਂ ਦੀ ਪਰਵਾਹ ਕਰਦੀ ਹਾਂ, ਪਰ ਮੈਨੂੰ ਕਦੇ-ਕਦੇ ਲੱਗਦਾ ਕਿ ਉਹ ਬਦਲੇ ਵਿਚ ਮੇਰੀ ਪਰਵਾਹ ਨਹੀਂ ਕਰਦੇ। ਤੁਹਾਨੂੰ ਉਦੋਂ ਹੋਰ ਵੀ ਜ਼ਿਆਦਾ ਇਕੱਲਾਪਣ ਮਹਿਸੂਸ ਹੁੰਦਾ ਹੈ ਜਦੋਂ ਤੁਸੀਂ ਦੋਸਤਾਂ ਨਾਲ ਤਾਂ ਘਿਰੇ ਹੁੰਦੇ ਹੋ, ਪਰ ਇੱਦਾਂ ਲੱਗਦਾ ਕਿ ਕਿਸੇ ਨੂੰ ਤੁਹਾਡੀ ਕੋਈ ਲੋੜ ਨਹੀਂ ਤੇ ਕੋਈ ਵੀ ਤੁਹਾਨੂੰ ਪਿਆਰ ਨਹੀਂ ਕਰਦਾ।”—ਐਨ।
ਕੋਈ ਗਾਰੰਟੀ ਨਹੀਂ ਹੈ ਕਿ ਆਨ-ਲਾਈਨ ਦੋਸਤ ਬਣਾਉਣ ਕਰਕੇ ਤੁਹਾਨੂੰ ਕਦੇ ਵੀ ਇਕੱਲਾਪਣ ਮਹਿਸੂਸ ਨਹੀਂ ਹੋਵੇਗਾ।
“ਕਈ ਲੋਕ ਇੱਦਾਂ ਦੋਸਤ ਬਣਾਉਂਦੇ ਹਨ ਜਿੱਦਾਂ ਕੋਈ ਗੁੱਡੇ-ਗੁੱਡੀਆਂ ਇਕੱਠਾ ਕਰਦਾ ਹੈ। ਪਰ ਇਨ੍ਹਾਂ ਨੂੰ ਇਕੱਠੀਆਂ ਕਰਨ ਨਾਲ ਪਿਆਰ ਦਾ ਅਹਿਸਾਸ ਨਹੀਂ ਹੁੰਦਾ। ਜੇ ਤੁਹਾਡੇ ਵਧੀਆ ਦੋਸਤ ਨਹੀਂ ਹਨ, ਤਾਂ ਆਨ-ਲਾਈਨ ਦੋਸਤ ਬਣਾਉਣੇ ਗੁੱਡੇ-ਗੁੱਡੀਆਂ ਇਕੱਠੀਆਂ ਕਰਨ ਵਾਂਗ ਹੈ।”—ਈਲੇਨ।
ਕੋਈ ਗਾਰੰਟੀ ਨਹੀਂ ਹੈ ਕਿ ਢੇਰ ਸਾਰੇ ਮੈਸਿਜ ਕਰਨ ਨਾਲ ਤੁਹਾਨੂੰ ਕਦੇ ਵੀ ਇਕੱਲਾਪਣ ਨਹੀਂ ਲੱਗੇਗਾ।
“ਕਈ ਵਾਰ ਇਕੱਲੇ ਹੁੰਦਿਆਂ ਤੁਸੀਂ ਆਪਣਾ ਫ਼ੋਨ ਦੇਖਣ ਲੱਗ ਪੈਂਦੇ ਹੋ ਕਿ ਕਿਸੇ ਨੇ ਤੁਹਾਨੂੰ ਕੋਈ ਮੈਸਿਜ ਤਾਂ ਨਹੀਂ ਭੇਜਿਆ। ਤੁਸੀਂ ਪਹਿਲਾਂ ਹੀ ਇਕੱਲਾਪਣ ਮਹਿਸੂਸ ਕਰ ਰਹੇ ਹੁੰਦੇ ਹੋ ਅਤੇ ਜਦੋਂ ਤੁਸੀਂ ਦੇਖਦੇ ਹੋ ਕਿ ਕਿਸੇ ਨੇ ਤੁਹਾਨੂੰ ਮੈਸਿਜ ਨਹੀਂ ਭੇਜਿਆ, ਤਾਂ ਤੁਸੀਂ ਹੋਰ ਵੀ ਜ਼ਿਆਦਾ ਨਿਰਾਸ਼ ਹੋ ਜਾਂਦੇ ਹੋ!”—ਸਰੀਨਾ।
ਦੂਜਿਆਂ ਲਈ ਕੁਝ ਕਰਨਾ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਤੁਸੀਂ ਇਕੱਲਾਪਣ ਮਹਿਸੂਸ ਨਹੀਂ ਕਰੋਗੇ।
“ਮੈਂ ਆਪਣੇ ਦੋਸਤਾਂ ਲਈ ਕੁਝ-ਨਾ-ਕੁਝ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਪਰ ਮੈਂ ਦੇਖਿਆ ਹੈ ਕਿ ਉਹ ਬਦਲੇ ਵਿਚ ਮੇਰੇ ਲਈ ਕੁਝ ਨਹੀਂ ਕਰਦੇ। ਜੇ ਮੈਂ ਉਨ੍ਹਾਂ ਲਈ ਕੁਝ ਕਰਦਾ ਹਾਂ, ਤਾਂ ਮੈਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਹੈ, ਪਰ ਇਹ ਦੇਖ ਕੇ ਅਜੀਬ ਲੱਗਦਾ ਕਿ ਉਹ ਮੇਰੇ ਲਈ ਕੁਝ ਵੀ ਨਹੀਂ ਕਰਦੇ।”—ਰਿਚਰਡ।
ਮੁੱਖ ਗੱਲ: ਇਹ ਸਿਰਫ਼ ਤੁਹਾਡੀ ਸੋਚ ਹੀ ਹੈ ਕਿ ਤੁਸੀਂ ਇਕੱਲੇ ਹੋ। ਜੀਨੈਟ ਨਾਂ ਦੀ ਨੌਜਵਾਨ ਕਹਿੰਦੀ ਹੈ: “ਇਕੱਲੇਪਣ ਦੀ ਭਾਵਨਾ ਬਾਹਰੋਂ ਨਹੀਂ, ਸਗੋਂ ਅੰਦਰੋਂ ਪੈਦਾ ਹੁੰਦੀ ਹੈ।”
ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਕੱਲੇ ਹੋ ਅਤੇ ਤੁਹਾਡਾ ਕੋਈ ਦੋਸਤ ਨਹੀਂ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?
ਇਕੱਲਾਪਣ ਕਿਵੇਂ ਦੂਰ ਕਰੀਏ?
ਆਤਮ-ਵਿਸ਼ਵਾਸ ਵਧਾਓ।
“ਇਕੱਲਾਪਣ ਆਤਮ-ਵਿਸ਼ਵਾਸ ਦੀ ਕਮੀ ਕਰਕੇ ਮਹਿਸੂਸ ਹੁੰਦਾ ਹੈ। ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਦੀ ਦੋਸਤੀ ਦੇ ਕਾਬਲ ਨਹੀਂ ਹੋ, ਤਾਂ ਦੋਸਤੀ ਲਈ ਪਹਿਲ ਕਰਨੀ ਔਖੀ ਹੁੰਦੀ ਹੈ ਤੇ ਦੋਸਤ ਬਣਾਉਣੇ ਔਖੇ ਹੁੰਦੇ ਹਨ।”—ਜੀਨੈਟ।
ਬਾਈਬਲ ਕਹਿੰਦੀ ਹੈ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਗਲਾਤੀਆਂ 5:14) ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਧੀਆ ਦੋਸਤ ਹੋਣ, ਤਾਂ ਸਾਨੂੰ ਘਮੰਡੀ ਬਣੇ ਬਿਨਾਂ ਆਪਣੇ ਆਪ ਬਾਰੇ ਵਧੀਆ ਮਹਿਸੂਸ ਕਰਨ ਦੀ ਲੋੜ ਹੈ।—ਗਲਾਤੀਆਂ 6:3, 4.
ਆਪਣੇ ਆਪ ʼਤੇ ਤਰਸ ਨਾ ਖਾਓ।
“ਇਕੱਲਾਪਣ ਦਲਦਲ ਵਾਂਗ ਹੈ। ਤੁਸੀਂ ਜਿੰਨਾ ਜ਼ਿਆਦਾ ਇਸ ਦੇ ਅੰਦਰ ਧਸਦੇ ਜਾਓਗੇ, ਉੱਨਾ ਜ਼ਿਆਦਾ ਤੁਹਾਡੇ ਲਈ ਬਾਹਰ ਨਿਕਲਣਾ ਮੁਸ਼ਕਲ ਹੋਵੇਗਾ। ਤੁਸੀਂ ਜਿੰਨਾ ਜ਼ਿਆਦਾ ਆਪਣੇ ਆਪ ʼਤੇ ਤਰਸ ਖਾਓਗੇ, ਉੱਨਾ ਜ਼ਿਆਦਾ ਦੂਜੇ ਜਣੇ ਤੁਹਾਡੇ ਤੋਂ ਦੂਰ-ਦੂਰ ਭੱਜਣਗੇ। ਇਸ ਤਰ੍ਹਾਂ ਤੁਸੀਂ ਹੋਰ ਵੀ ਜ਼ਿਆਦਾ ਇਕੱਲੇ ਹੋ ਜਾਓਗੇ।—ਏਰਿਨ।
ਬਾਈਬਲ ਕਹਿੰਦੀ ਹੈ: “ਪਿਆਰ . . . ਆਪਣੇ ਬਾਰੇ ਹੀ ਨਹੀਂ ਸੋਚਦਾ।” (1 ਕੁਰਿੰਥੀਆਂ 13:4, 5) ਜਦੋਂ ਅਸੀਂ ਆਪਣੇ ਬਾਰੇ ਜ਼ਿਆਦਾ ਹੀ ਸੋਚਦੇ ਹਾਂ, ਤਾਂ ਅਸੀਂ ਦੂਸਰਿਆਂ ਨਾਲ ਹਮਦਰਦੀ ਨਹੀਂ ਕਰਦੇ ਤੇ ਦੋਸਤ ਨਹੀਂ ਬਣਾ ਪਾਉਂਦੇ। (2 ਕੁਰਿੰਥੀਆਂ 12:15) ਜਦੋਂ ਤੁਸੀਂ ਇਸ ਗੱਲ ਵੱਲ ਜ਼ਿਆਦਾ ਧਿਆਨ ਦਿਓਗੇ ਕਿ ਦੂਸਰੇ ਤੁਹਾਡੇ ਬਾਰੇ ਕੀ ਸੋਚਦੇ ਹਨ, ਤਾਂ ਤੁਸੀਂ ਨਿਰਾਸ਼ ਹੋ ਜਾਓਗੇ। “ਕੋਈ ਮੇਰੇ ਨਾਲ ਗੱਲ ਨਹੀਂ ਕਰਦਾ” ਤੇ “ਕੋਈ ਮੈਨੂੰ ਕਦੇ ਵੀ ਕਿਤੇ ਵੀ ਨਹੀਂ ਬੁਲਾਉਂਦਾ” ਵਰਗੀਆਂ ਗੱਲਾਂ ਸੋਚਣ ਨਾਲ ਤੁਸੀਂ ਸਿਰਫ਼ ਉਦੋਂ ਹੀ ਖ਼ੁਸ਼ ਹੋਵੋਗੇ ਜਦੋਂ ਦੂਜੇ ਚਾਹੁਣਗੇ। ਕੀ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਦੂਜਿਆਂ ਨੂੰ ਇਹ ਹੱਕ ਦੇ ਦਿੱਤਾ ਹੈ ਕਿ ਉਹ ਤੁਹਾਨੂੰ ਖ਼ੁਸ਼ ਕਰਨ ਜਾਂ ਨਾਰਾਜ਼?
ਕਿਸੇ ਕਰਕੇ ਆਪਣੇ ਮਿਆਰਾਂ ਤੋਂ ਨਾ ਡਿਗੋ।
“ਇਕੱਲਾਪਣ ਮਹਿਸੂਸ ਕਰਨ ਵਾਲੇ ਲੋਕ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਵੱਲ ਧਿਆਨ ਦੇਣ। ਇਸ ਕਰਕੇ ਉਹ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਕਿਹੜੇ ਲੋਕ ਉਨ੍ਹਾਂ ਵੱਲ ਧਿਆਨ ਦੇ ਰਹੇ ਹਨ। ਉਹ ਬਸ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਨੂੰ ਪਸੰਦ ਕਰਨ। ਪਰ ਕਈ ਲੋਕ ਤੁਹਾਨੂੰ ਦਿਖਾਉਣਗੇ ਕਿ ਉਹ ਤੁਹਾਨੂੰ ਪਸੰਦ ਕਰਦੇ ਹਨ, ਪਰ ਬਾਅਦ ਵਿਚ ਤੁਹਾਡਾ ਫ਼ਾਇਦਾ ਉਠਾਉਣਗੇ। ਇਸ ਕਰਕੇ ਤੁਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਇਕੱਲਾਪਣ ਮਹਿਸੂਸ ਕਰੋਗੇ।—ਬ੍ਰੀਐਨ।
ਬਾਈਬਲ ਕਹਿੰਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਜਦੋਂ ਕਿਸੇ ਵਿਅਕਤੀ ਨੂੰ ਭੁੱਖ ਲੱਗੀ ਹੁੰਦੀ ਹੈ, ਤਾਂ ਉਹ ਸਾਰਾ ਕੁਝ ਖਾ ਲੈਂਦਾ ਹੈ। ਇਸੇ ਤਰ੍ਹਾਂ ਜਿਹੜੇ ਲੋਕ ਹਰ ਵੇਲੇ ਬਸ ਇਹੀ ਸੋਚਦੇ ਰਹਿੰਦੇ ਹਾਂ ਕਿ ਉਨ੍ਹਾਂ ਦੇ ਦੋਸਤ ਬਣ ਜਾਣ, ਤਾਂ ਉਹ ਕਿਸੇ ਨੂੰ ਵੀ ਦੋਸਤ ਬਣਾ ਸਕਦੇ ਹਨ। ਅਜਿਹੇ ਲੋਕ ਚਾਲਬਾਜ਼ ਲੋਕਾਂ ਦੀ ਸੰਗਤ ਵਿਚ ਪੈ ਸਕਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸੰਗਤ ਠੀਕ ਹੈ ਅਤੇ ਉਹ ਇਸ ਤੋਂ ਵਧੀਆ ਦੋਸਤ ਬਣਾ ਹੀ ਨਹੀਂ ਸਕਦੇ ਸਨ।
ਸਿੱਟਾ: ਸਾਰਿਆਂ ਨੂੰ ਕਦੇ-ਨਾ-ਕਦੇ ਇਕੱਲਾਪਣ ਮਹਿਸੂਸ ਹੁੰਦਾ ਹੈ। ਕਈਆਂ ਨੂੰ ਜ਼ਿਆਦਾ ਇਕੱਲਾਪਣ ਲੱਗਦਾ ਹੈ ਤੇ ਕਈਆਂ ਨੂੰ ਘੱਟ। ਇਕੱਲੇਪਣ ਕਰਕੇ ਤੁਸੀਂ ਬੇਬੱਸ ਮਹਿਸੂਸ ਕਰਦੇ ਹੋ। ਅਸੀਂ ਜਿੱਦਾਂ ਦੀਆਂ ਗੱਲਾਂ ਸੋਚਦੇ ਹਾਂ, ਉਨ੍ਹਾਂ ਦਾ ਸਾਡੀਆਂ ਭਾਵਨਾਵਾਂ ʼਤੇ ਅਸਰ ਪੈਂਦਾ ਹੈ। ਸੋ ਅਸੀਂ ਆਪਣੀਆਂ ਸੋਚਾਂ ʼਤੇ ਕਾਬੂ ਪਾ ਸਕਦੇ ਹਾਂ।
ਦੂਜਿਆਂ ਤੋਂ ਹੱਦੋਂ ਵੱਧ ਆਸ ਨਾ ਰੱਖੋ। ਜੀਨੈਟ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਹਰ ਕੋਈ ਹਮੇਸ਼ਾ ਲਈ ਤੁਹਾਡਾ ਸਭ ਤੋਂ ਵਧੀਆ ਦੋਸਤ ਨਹੀਂ ਬਣਿਆ ਰਹੇਗਾ, ਪਰ ਤੁਹਾਨੂੰ ਅਜਿਹੇ ਲੋਕ ਮਿਲਣਗੇ ਜੋ ਤੁਹਾਡੀ ਪਰਵਾਹ ਕਰਨਗੇ। ਇਹੀ ਕਾਫ਼ੀ ਹੈ। ਜਦੋਂ ਦੂਜੇ ਤੁਹਾਡੀ ਪਰਵਾਹ ਕਰਨਗੇ, ਤਾਂ ਤੁਹਾਨੂੰ ਇਕੱਲਾਪਣ ਮਹਿਸੂਸ ਨਹੀਂ ਹੋਵੇਗਾ।
ਕੀ ਤੁਹਾਨੂੰ ਹੋਰ ਮਦਦ ਦੀ ਲੋੜ ਹੈ? “ ਦੋਸਤ ਬਣਾਉਣ ਤੋਂ ਡਰੋ ਨਾ” ਨਾਂ ਦੀ ਡੱਬੀ ਪੜ੍ਹੋ ਅਤੇ “ਇਕੱਲਾਪਣ ਕਿਵੇਂ ਦੂਰ ਕਰੀਏ” ਅਭਿਆਸ ਦਾ ਪੀ. ਡੀ. ਐੱਫ਼. ਡਾਊਨਲੋਡ ਕਰੋ।